Accident News: ਤੜਕ ਸਵੇਰੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਾਣਕਾਰੀ ਲਈ ਦੱਸ ਦੇਈਏ ਕਿ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਰਾਂਚੀ-ਪਟਨਾ ਹਾਈਵੇਅ ‘ਤੇ ਸ਼ਨੀਵਾਰ ਦੇਰ ਰਾਤ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਐਨਐਚ-33 ‘ਤੇ ਪੰਕੀ ਖੇਤਰ ਵਿੱਚ ਤੜਕੇ 2 ਵਜੇ ਦੇ ਕਰੀਬ ਇੱਕ ਸਕਾਰਪੀਓ ਦੇ ਦੂਜੇ ਵਾਹਨ ਨਾਲ ਟਕਰਾਉਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਕਾਬਕ, ਪਰਿਵਾਰ ਰਾਜਰੱਪਾ ਮੰਦਰ ਵਿੱਚ ਮੱਥਾ ਟੇਕਣ ਲਈ ਨਿਕਲਿਆ। ਉਨ੍ਹਾਂ ਨੂੰ ਸ਼ਾਇਦ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਖੁਸ਼ੀ ਮਨਾਉਣ ਲਈ ਸ਼ੁਰੂ ਕੀਤੀ ਗਈ ਇਹ ਯਾਤਰਾ ਇੱਕ ਵੱਡੇ ਦੁਖਾਂਤ ਵਿੱਚ ਬਦਲ ਜਾਵੇਗੀ। ਝਾਰਖੰਡ ਦੇ ਰਾਮਗੜ੍ਹ ਵਿੱਚ NH-33 ‘ਤੇ, ਉਨ੍ਹਾਂ ਦੀ ‘ਸਕਾਰਪੀਓ’ ਗੱਡੀ ਇੱਕ ਅਣਪਛਾਤੇ ਵਾਹਨ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਚਾਰ ਬੱਚੇ, ਚਾਰ ਔਰਤਾਂ ਅਤੇ ਪੰਜ ਮਰਦ ਸ਼ਾਮਲ ਸਨ। ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪੀਐਮਓ ਨੇ ਇਹ ਜਾਣਕਾਰੀ ਐਕਸ ‘ਤੇ ਪੋਸਟ ਕੀਤੀ ਹੈ।
ਪੀਐਮ ਮੋਦੀ ਨੇ ਕਿਹਾ ਕਿ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਵਿੱਚ ਵਾਪਰੀ ਦੁਖਦਾਈ ਘਟਨਾ ਬਾਰੇ ਜਾਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। “ਦੁੱਖ ਦੀ ਇਸ ਘੜੀ ਵਿੱਚ, ਮੈਂ ਦੁਖੀ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ,” ਉਨ੍ਹਾਂ ਅੱਗੇ ਕਿਹਾ ਕਿ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਪੀਐਮਐਨਆਰਐਫ ਤੋਂ 2 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਮਿਲੇਗੀ, ਅਤੇ ਜ਼ਖਮੀਆਂ ਨੂੰ 50,000 ਰੁਪਏ ਮਿਲਣਗੇ।
ਇੱਕੋ ਪਰਿਵਾਰ ਦੇ 13 ਮੈਂਬਰਾਂ ਦੀ ਮੌਤ
ਪੀੜਤ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਬੇਨ ਥਾਣਾ ਖੇਤਰ ਅਧੀਨ ਆਉਂਦੇ ਜੰਘੋਰੋ ਪਿੰਡ ਦੇ ਰਹਿਣ ਵਾਲੇ ਸਨ। ਪਰਿਵਾਰ ਰਾਜਰੱਪਾ ਮੰਦਰ ਜਾ ਰਿਹਾ ਸੀ ਕਿਉਂਕਿ ਵਿਵੇਕ ਕੁਮਾਰ ਦੀ ਪਤਨੀ ਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਮਿਲੀ ਸੀ। ਵਿਵੇਕ ਕੁਮਾਰ ਇੱਕ ਨਿੱਜੀ ਸਕੂਲ ਚਲਾਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨੂੰ ਛੱਡ ਕੇ, ਸਕਾਰਪੀਓ ਵਿੱਚ ਸਵਾਰ ਬਾਕੀ ਸਾਰੇ ਲੋਕ ਇੱਕੋ ਪਰਿਵਾਰ ਦੇ ਸਨ।
DC ਅਤੇ SP ਮੌਕੇ ‘ਤੇ ਪਹੁੰਚੇ
ਘਟਨਾ ਦੀ ਸੂਚਨਾ ਮਿਲਦਿਆਂ ਹੀ ਕੁਜੂ ਆਊਟਪੋਸਟ (OP) ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਰਾਮਗੜ੍ਹ ਸਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ 13 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਰਾਮਗੜ੍ਹ ਦੇ ਡਿਪਟੀ ਕਮਿਸ਼ਨਰ (DC) ਰਿਤੂਰਾਜ ਅਤੇ ਪੁਲਿਸ ਸੁਪਰਡੈਂਟ (SP), ਹੋਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਸਮੇਤ, ਸਥਿਤੀ ਦਾ ਜਾਇਜ਼ਾ ਲੈਣ ਅਤੇ ਜ਼ਰੂਰੀ ਨਿਰਦੇਸ਼ ਦੇਣ ਲਈ ਮੌਕੇ ‘ਤੇ ਪਹੁੰਚੇ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਦੌਰਾਨ, ਪ੍ਰਸ਼ਾਸਨ ਬਿਹਾਰ ਤੋਂ ਪੀੜਤਾਂ ਦੇ ਰਿਸ਼ਤੇਦਾਰਾਂ ਦੇ ਪਹੁੰਚਣ ਦੀ ਉਡੀਕ ਕਰ ਰਿਹਾ ਹੈ।
ਕੁਝ ਘੰਟੇ ਪਹਿਲਾਂ ਵੀ ਇੱਕ ਹੋਰ ਹਾਦਸਾ ਵਾਪਰਿਆ
ਪਾਂਕੀ ਨੇੜੇ ਜਿਸ ਥਾਂ ‘ਤੇ ਇਹ ਭਿਆਨਕ ਹਾਦਸਾ ਵਾਪਰਿਆ, ਉੱਥੇ ਹੀ ਸ਼ਨੀਵਾਰ ਦੇਰ ਸ਼ਾਮ ਇੱਕ ਹੋਰ ਹਾਦਸਾ ਵੀ ਵਾਪਰਿਆ ਸੀ। ਮੋਟਰਸਾਈਕਲ ‘ਤੇ ਸਵਾਰ ਇੱਕ ਪਿਓ-ਧੀ ਦੀ ਇੱਕ ਕੰਟੇਨਰ ਟਰੱਕ ਦੀ ਟੱਕਰ ਨਾਲ ਮੌਤ ਹੋ ਗਈ ਸੀ। ਉਸ ਘਟਨਾ ਤੋਂ ਬਾਅਦ, ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ NH-33 ਚਾਰ-ਲੇਨ ਹਾਈਵੇਅ ਨੂੰ ਕਈ ਘੰਟਿਆਂ ਤੱਕ ਜਾਮ ਕਰ ਦਿੱਤਾ ਸੀ। ਉਸੇ ਥਾਂ ਤੋਂ ਕੁਝ ਦੂਰੀ ‘ਤੇ, ਬੀਤੀ ਦੇਰ ਰਾਤ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।