Weather Alert: ਭਾਰਤ ਵਿੱਚ ਇਸ ਸਮੇਂ ਭੱਖਦੀ ਗਰਮੀ ਆਪਣਾ ਕਹਿਰ ਦਿਖਾ ਰਹੀ ਹੈ। ਜਿਸ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ। ਇਸ ਵਿਚਾਲੇ ਅਹਿਮ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਭਾਰਤ ਦੇ ਕਈ ਸੂਬਿਆਂ ਵਿਚ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ। ਵਧਦੇ ਤਾਪਮਾਨ ਦੇ ਵਿਚਕਾਰ ਅਗਲੇ ਚਾਰ ਦਿਨਾਂ ਵਿਚ ਕਈ ਇਲਾਕਿਆਂ ਵਿੱਚ ਮੀਂਹ ਅਤੇ ਤੇਜ਼ ਤੂਫਾਨ ਦੀ ਸੰਭਾਵਨਾ ਹੈ। ਅੱਜ, 29 ਅਗਸਤ ਨੂੰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ ਉਤੇ ਬਾਰਿਸ਼ ਹੋ ਸਕਦੀ ਹੈ। ਚੰਡੀਗੜ੍ਹ ਵਿੱਚ ਅੰਸ਼ਕ ਤੌਰ ‘ਤੇ ਬੱਦਲਵਾਈ ਰਹੇਗੀ, ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਇਨ੍ਹਾਂ ਜ਼ਿਲ੍ਹਿਆਂ ਵਿੱਚ ਬਦਲੇਗਾ ਮੌਸਮ
ਐਤਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਇੱਕ-ਦੋ ਥਾਵਾਂ ਉਤੇ ਮੀਂਹ ਪੈ ਸਕਦਾ ਹੈ। ਸੋਮਵਾਰ ਨੂੰ ਗੁਰਦਾਸਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਮੰਗਲਵਾਰ ਨੂੰ ਮੌਸਮ ਵਿੱਚ ਹੋਰ ਬਦਲਾਅ ਦੇਖੇ ਜਾ ਸਕਦੇ ਹਨ। ਪਠਾਨਕੋਟ ਅਤੇ ਹੁਸ਼ਿਆਰਪੁਰ ਵਿੱਚ ਕਈ ਥਾਵਾਂ ਉਤੇ ਮੀਂਹ ਪੈਣ ਦੀ ਸੰਭਾਵਨਾ ਹੈ। ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਮੋਹਾਲੀ, ਸੰਗਰੂਰ ਅਤੇ ਪਟਿਆਲਾ ਸਮੇਤ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈਣ ਦੀ ਉਮੀਦ ਹੈ। ਇਸ ਦੌਰਾਨ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ ਅਤੇ ਬਰਨਾਲਾ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।
ਦੇਸ਼ ਦੇ ਹੋਰ ਖੇਤਰਾਂ ਦੀ ਗੱਲ ਕਰੀਏ ਤਾਂ ਤਾਮਿਲਨਾਡੂ ਦੇ ਚੇਨਈ, ਚੇਂਗਲਪੱਟੂ, ਵਿੱਲੂਪੁਰਮ, ਕੁੱਡਾਲੋਰ, ਕਾਲਾਕੁਰਿਚੀ, ਤਿਰੂਚਿਰਾਪੱਲੀ, ਅਰਿਆਲੁਰ, ਪੇਰਮਬਲੂਰ, ਸ਼ਿਵਗੰਗਾ ਅਤੇ ਰਾਮਨਾਥਪੁਰਮ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਡੈਲਟਾ ਖੇਤਰ ਦੇ ਜ਼ਿਲ੍ਹਿਆਂ ਦੇ ਨਾਲ-ਨਾਲ ਪੁਡੂਚੇਰੀ ਅਤੇ ਕਰਾਈਕਲ ਵਿੱਚ ਦਿਨ ਵੇਲੇ ਹਲਕੀ ਬਾਰਿਸ਼ ਹੋ ਸਕਦੀ ਹੈ। ਹਾਲਾਂਕਿ ਰਾਜ ਭਰ ਵਿੱਚ ਵਿਆਪਕ ਬਾਰਿਸ਼ ਦੀ ਉਮੀਦ ਨਹੀਂ ਹੈ।
50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆਏਗਾ ਤੂਫ਼ਾਨ
ਆਈਐਮਡੀ ਦੇ ਅਨੁਸਾਰ, ਪੱਛਮੀ ਘਾਟਾਂ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 31 ਅਗਸਤ ਤੱਕ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗਰਜ-ਤੂਫ਼ਾਨ ਦੌਰਾਨ ਸਤਹੀ ਹਵਾ ਦੀ ਗਤੀ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਬਿਜਲੀ ਅਤੇ ਗਰਜ-ਤੂਫ਼ਾਨ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ, ਉਨ੍ਹਾਂ ਨੂੰ ਖੁੱਲ੍ਹੇ ਖੇਤਰਾਂ ਜਾਂ ਦਰੱਖਤਾਂ ਅਤੇ ਕਮਜ਼ੋਰ ਢਾਂਚਿਆਂ ਦੇ ਨੇੜੇ ਰਹਿਣ ਤੋਂ ਬਚਣ ਦੀ ਅਪੀਲ ਕੀਤੀ ਹੈ। ਮੀਂਹ ਦੀ ਸੰਭਾਵਨਾ ਦੇ ਬਾਵਜੂਦ ਗਰਮੀ ਤੋਂ ਤੁਰੰਤ ਪੂਰੀ ਰਾਹਤ ਦੀ ਉਮੀਦ ਨਹੀਂ ਹੈ; ਅਗਲੇ ਚਾਰ ਦਿਨਾਂ ਵਿੱਚ ਤਾਮਿਲਨਾਡੂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਲਗਭਗ ਤਿੰਨ ਡਿਗਰੀ ਸੈਲਸੀਅਸ ਵੱਧ ਰਹਿ ਸਕਦਾ ਹੈ।
ਇਸ ਦੌਰਾਨ ਦੱਖਣੀ ਤਾਮਿਲਨਾਡੂ ਦੇ ਤੱਟ ਤੋਂ ਦੂਰ ਮਛੇਰਿਆਂ ਲਈ ਇੱਕ ਵੱਖਰੀ ਚਿਤਾਵਨੀ ਜਾਰੀ ਕੀਤੀ ਗਈ ਹੈ। 31 ਅਗਸਤ ਤੱਕ ਸਮੁੰਦਰੀ ਖੇਤਰ ਵਿੱਚ 65 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਮਛੇਰਿਆਂ ਨੂੰ ਦੱਖਣੀ ਤਾਮਿਲਨਾਡੂ, ਮੰਨਾਰ ਦੀ ਖਾੜੀ ਅਤੇ ਨਾਲ ਲੱਗਦੇ ਕੋਮੋਰਿਨ ਸਾਗਰ ਦੇ ਤੱਟਵਰਤੀ ਪਾਣੀਆਂ ਵਿੱਚ ਜਾਣ ਤੋਂ ਰੋਕਣ ਦੀ ਸਲਾਹ ਦਿੱਤੀ ਹੈ।