Water Shortage : ਸੰਯੁਕਤ ਰਾਜ ਅਮਰੀਕਾ ਦੇ ਸਮੁੰਦਰੀ ਸ਼ਹਿਰ ਪਾਰਪਸ ਕ੍ਰਿਸਟੀ ‘ਚ ਇਸ ਸਮੇਂ ਕੁਦਰਤੀ ਅਤੇ ਉਦਯੋਗਿਕ ਜਲ ਸੰਕਟ ਖੜ੍ਹਾ ਹੋ ਗਿਆ ਹੈ। ਟੈਕਸਾਸ ਰਾਜ ਵਿੱਚ ਸਥਿਤ ਇਸ ਸ਼ਹਿਰ ਦੀ ਆਬਾਦੀ 3 ਲੱਖ ਤੋਂ ਵੱਧ ਹੈ ਅਤੇ ਹੁਣ ਇਹ ਗੰਭੀਰ ਜਲ ਕਮੀ ਦਾ ਸਾਹਮਣਾ ਕਰ ਰਿਹਾ ਹੈ। ਮਾਹਿਰਾਂ ਅਤੇ ਵਾਤਾਵਰਣ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਇਹ ਅਮਰੀਕਾ ਦਾ ਪਹਿਲਾ ਅਜਿਹਾ ਸ਼ਹਿਰ ਬਣ ਸਕਦਾ ਹੈ ਜਿੱਥੇ ਪੀਣ ਵਾਲਾ ਪਾਣੀ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ। ਜਲਵਾਯੂ ਪਰਿਵਰਤਨ ਅਤੇ ਵੱਡੇ ਉਦਯੋਗਾਂ ਵੱਲੋਂ ਹੋ ਰਹੀ ਬੇਹੱਦ ਪਾਣੀ ਦੀ ਖਪਤ ਨੇ ਹਾਲਾਤ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।
ਕੋਰਪਸ ਕ੍ਰਿਸਟੀ ‘ਤੇ ਮੰਡਰਾ ਰਿਹਾ ‘ਜ਼ੀਰੋ ਵਾਟਰ’ ਦਾ ਖਤਰਾ
ਵਾਤਾਵਰਣ ਵਿਗਿਆਨੀਆਂ ਦੇ ਅਨੁਸਾਰ ਸ਼ਹਿਰ ਦੇ ਜਲਾਸ਼ਿਆਂ ਅਤੇ ਹੋਰ ਪਾਣੀ ਸਰੋਤਾਂ ਵਿੱਚ ਹੁਣ ਸਿਰਫ਼ ਇੱਕ ਸਾਲ ਦੀ ਲੋੜ ਜਿਤਨਾ ਹੀ ਪਾਣੀ ਬਚਿਆ ਹੈ। ਹਾਲਾਂਕਿ ਹਾਲ ਹੀ ਵਿੱਚ ਹੋਈ ਕੁਝ ਬਾਰਿਸ਼ ਨਾਲ ਥੋੜ੍ਹੀ ਰਾਹਤ ਮਿਲੀ ਹੈ ਪਰ ਮੁੱਖ ਝੀਲਾਂ ਅਤੇ ਜਲਾਸ਼ਿਆਂ ਦਾ ਪਾਣੀ ਅਜੇ ਵੀ ਬਹੁਤ ਘੱਟ ਪੱਧਰ ‘ਤੇ ਹੈ। ਜੇਕਰ ਆਉਣ ਵਾਲੇ ਮਹੀਨਿਆਂ ਵਿੱਚ ਨਵੇਂ ਪਾਣੀ ਦੇ ਸਰੋਤ ਤਿਆਰ ਨਾ ਕੀਤੇ ਗਏ ਤਾਂ 3 ਲੱਖ ਤੋਂ ਵੱਧ ਲੋਕਾਂ ਲਈ ਪੀਣ ਵਾਲੇ ਪਾਣੀ ਦਾ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ ਅਤੇ ਇਹ ਸ਼ਹਿਰ ਅਮਰੀਕਾ ਦਾ ਪਹਿਲਾ ‘ਪਾਣੀ ਰਹਿਤ’ ਇਲਾਕਾ ਬਣ ਸਕਦਾ ਹੈ।
ਉਦਯੋਗਾਂ ਦੀ ਬੇਹੱਦ ਖਪਤ ਬਣੀ ਵੱਡੀ ਵਜ੍ਹਾ
ਸ਼ਹਿਰ ਵਿੱਚ ਤੇਜ਼ੀ ਨਾਲ ਵਧ ਰਹੇ ਉਦਯੋਗ ਅਤੇ ਆਬਾਦੀ ਪਾਣੀ ਸੰਕਟ ਨੂੰ ਹੋਰ ਗੰਭੀਰ ਬਣਾ ਰਹੇ ਹਨ। ਕੋਰਪਸ ਕ੍ਰਿਸਟੀ ਵਿੱਚ ਸਥਿਤ ਵੱਡੇ ਪੈਟਰੋਕੈਮੀਕਲ ਅਤੇ ਪਲਾਸਟਿਕ ਨਿਰਮਾਣ ਪਲਾਂਟ ਹਰ ਰੋਜ਼ ਕਰੋੜਾਂ ਲੀਟਰ ਪਾਣੀ ਵਰਤ ਰਹੇ ਹਨ। ਸਾਲ 2022 ਵਿੱਚ ਸ਼ੁਰੂ ਹੋਏ ਇੱਕ ਵੱਡੇ ਪਲਾਸਟਿਕ ਕੈਮੀਕਲ ਪਲਾਂਟ ਵਿੱਚ ਸਿਰਫ਼ ਕੂਲਿੰਗ ਲਈ ਹੀ ਹਰ ਰੋਜ਼ ਇੰਨਾ ਪਾਣੀ ਵਰਤਿਆ ਜਾਂਦਾ ਹੈ, ਜਿੰਨਾ ਪੂਰੇ ਸ਼ਹਿਰ ਦੇ ਲੋਕ ਮਿਲ ਕੇ ਵਰਤਦੇ ਹਨ। ਉਦਯੋਗਾਂ ਅਤੇ ਆਮ ਲੋਕਾਂ ਦੀ ਲੋੜ ਵਿਚਲਾ ਇਹ ਅਸੰਤੁਲਨ ਪਾਣੀ ਦੇ ਸਰੋਤਾਂ ਨੂੰ ਤੇਜ਼ੀ ਨਾਲ ਖਾਲੀ ਕਰ ਰਿਹਾ ਹੈ।
ਡਿਸੈਲੀਨੇਸ਼ਨ ਪ੍ਰੋਜੈਕਟ ਵਿੱਚ ਲਗਾਤਾਰ ਦੇਰੀ
ਪਾਣੀ ਦੀ ਕਮੀ ਦੂਰ ਕਰਨ ਲਈ ਸਥਾਨਕ ਪ੍ਰਸ਼ਾਸਨ ਨੇ ਸਮੁੰਦਰ ਦੇ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਲਈ ਡਿਸੈਲੀਨੇਸ਼ਨ ਪਲਾਂਟ ਬਣਾਉਣ ਦੀ ਯੋਜਨਾ ਤਿਆਰ ਕੀਤੀ ਸੀ। ਇਸ ਦਾ ਮਕਸਦ ਹਰ ਰੋਜ਼ ਕਰੋੜਾਂ ਲੀਟਰ ਪੀਣ ਯੋਗ ਪਾਣੀ ਤਿਆਰ ਕਰਨਾ ਸੀ ਪਰ ਬਜਟ ਦੀ ਕਮੀ, ਵਾਤਾਵਰਣੀ ਮਨਜ਼ੂਰੀਆਂ ਅਤੇ ਸਥਾਨਕ ਵਿਰੋਧ ਕਾਰਨ ਇਹ ਪ੍ਰੋਜੈਕਟ ਅਜੇ ਤੱਕ ਸ਼ੁਰੂ ਨਹੀਂ ਹੋ ਸਕਿਆ। ਇਸ ਦੇਰੀ ਨੇ ਸੰਕਟ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।
ਐਮਰਜੈਂਸੀ ਕਦਮ ਅਤੇ ਲੋਕਾਂ ‘ਤੇ ਪਾਬੰਦੀਆਂ
ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਗਰ ਪ੍ਰਸ਼ਾਸਨ ਨੇ ਕਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਹਨ। ਘਰਾਂ ਦੇ ਲਾਨ ਜਾਂ ਬਾਗਾਂ ਨੂੰ ਪਾਣੀ ਦੇਣਾ ਅਤੇ ਗੱਡੀਆਂ ਧੋਣ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਜਲਾਸ਼ਿਆਂ ਵਿੱਚ ਪਾਣੀ ਹੋਰ ਘਟਿਆ ਤਾਂ ਨਲਾਂ ਰਾਹੀਂ ਪਾਣੀ ਦੀ ਸਪਲਾਈ ਵੀ ਸਮੇਂ-ਬੱਧ ਕੀਤੀ ਜਾ ਸਕਦੀ ਹੈ ਅਤੇ ਐਮਰਜੈਂਸੀ ਕਟੌਤੀ ਲਾਗੂ ਹੋ ਸਕਦੀ ਹੈ। ਲੋਕਾਂ ਨੂੰ ਹਰ ਬੂੰਦ ਪਾਣੀ ਸੋਚ-ਸਮਝ ਕੇ ਵਰਤਣ ਦੀ ਅਪੀਲ ਕੀਤੀ ਜਾ ਰਹੀ ਹੈ।
ਸਥਾਈ ਹੱਲ ਕੀ ਹੋ ਸਕਦੇ ਹਨ?
ਇਸ ਸੰਕਟ ਤੋਂ ਨਿਕਲਣ ਲਈ ਪ੍ਰਸ਼ਾਸਨ ਡੂੰਘੇ ਭੂਜਲ ਕੂਆਂ ਤੋਂ ਪਾਣੀ ਕੱਢਣ, ਉਦਯੋਗਾਂ ਵਿੱਚ ਰੀਸਾਈਕਲ ਕੀਤੇ ਗਏ ਗੰਦੇ ਪਾਣੀ ਦੀ ਵਰਤੋਂ ਵਧਾਉਣ ਅਤੇ ਵੱਡੇ ਡਿਸੈਲੀਨੇਸ਼ਨ ਪਲਾਂਟਾਂ ਦੇ ਨਿਰਮਾਣ ਨੂੰ ਤੇਜ਼ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ, ਇਨ੍ਹਾਂ ਯੋਜਨਾਵਾਂ ਨੂੰ ਅਮਲ ਵਿੱਚ ਲਿਆਉਣ ਲਈ ਅਰਬਾਂ ਡਾਲਰ ਦੀ ਲਾਗਤ ਅਤੇ ਕਈ ਸਾਲਾਂ ਦਾ ਸਮਾਂ ਲੱਗ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸੰਕਟ ਸਿਰਫ਼ ਅਮਰੀਕਾ ਲਈ ਨਹੀਂ, ਸਗੋਂ ਪੂਰੀ ਦੁਨੀਆ ਲਈ ਵੱਧਦੀ ਆਬਾਦੀ ਅਤੇ ਜਲਵਾਯੂ ਪਰਿਵਰਤਨ ਦੇ ਖਤਰੇ ਦੀ ਇੱਕ ਵੱਡੀ ਚੇਤਾਵਨੀ ਹੈ।