Monsoon Rain : ਭਾਰਤੀ ਮੌਸਮ ਵਿਭਾਗ (IMD) ਨੇ ਗੋਆ ਵਿੱਚ 5 ਜੂਨ ਤੋਂ 8 ਜੂਨ ਤੱਕ ਦਰਮਿਆਨੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੌਰਾਨ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ, ਜਿਸ ਕਰਕੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਉੱਤਰੀ ਗੋਆ ਅਤੇ ਦੱਖਣੀ ਗੋਆ ਦੋਵਾਂ ਜ਼ਿਲ੍ਹਿਆਂ ਵਿੱਚ 5 ਤੋਂ 8 ਜੂਨ ਤੱਕ ਦਰਮਿਆਨਾ ਮੀਂਹ ਪੈ ਸਕਦਾ ਹੈ। ਕੁਝ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਵੀ ਸੰਭਾਵਨਾ ਹੈ।
IMD ਨੇ ਦੱਸਿਆ ਹੈ ਕਿ ਮੀਂਹ ਦੇ ਨਾਲ-ਨਾਲ ਗਰਜ-ਚਮਕ ਅਤੇ ਬਿਜਲੀ ਲਸਕਨ ਦੀ ਸੰਭਾਵਨਾ ਵੀ ਬਣੀ ਹੋਈ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਦੋਵਾਂ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈਣ ਦੇ ਆਸਾਰ ਹਨ।
ਮਛੇਰਿਆਂ ਲਈ ਚੇਤਾਵਨੀ
IMD ਨੇ ਮਛੇਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦਿਨਾਂ ਦੌਰਾਨ ਸਮੁੰਦਰ ਵਿੱਚ ਨਾ ਜਾਣ। ਖਰਾਬ ਮੌਸਮ ਅਤੇ ਤੇਜ਼ ਹਵਾਵਾਂ ਕਾਰਨ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ, ਜਿਸ ਨਾਲ ਜਾਨ-ਮਾਲ ਦਾ ਖ਼ਤਰਾ ਵੱਧ ਸਕਦਾ ਹੈ। ਫਿਲਹਾਲ ਗੋਆ ਵਿੱਚ ਦੱਖਣ-ਪੱਛਮੀ ਮਾਨਸੂਨ ਨਹੀਂ ਪਹੁੰਚਿਆ ਹੈ। ਇਸ ਲਈ ਇਹ ਵਰਖਾ ਪ੍ਰੀ-ਮਾਨਸੂਨ (ਮਾਨਸੂਨ ਤੋਂ ਪਹਿਲਾਂ ਵਾਲਾ ਮੀਂਹ) ਮੰਨੀ ਜਾ ਰਹੀ ਹੈ।
ਖੇਤੀਬਾੜੀ ਲਈ ਲਾਭਦਾਇਕ, ਪਰ ਸ਼ਹਿਰਾਂ ਲਈ ਚੁਣੌਤੀ
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰੀ-ਮਾਨਸੂਨ ਮੀਂਹ ਖੇਤੀਬਾੜੀ ਅਤੇ ਜਲ ਭੰਡਾਰਾਂ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਹਾਲਾਂਕਿ ਸ਼ਹਿਰੀ ਇਲਾਕਿਆਂ ਵਿੱਚ ਜਲ ਭਰਾਅ ਅਤੇ ਬਿਜਲੀ ਲਸਕਣ ਦੀਆਂ ਘਟਨਾਵਾਂ ਵੱਧ ਸਕਦੀਆਂ ਹਨ। ਗੋਆ ਸਰਕਾਰ ਅਤੇ ਆਫ਼ਤ ਪ੍ਰਬੰਧਨ ਵਿਭਾਗ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਖ਼ਾਸ ਤੌਰ ‘ਤੇ ਖੁੱਲ੍ਹੇ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ, ਸੈਲਾਨੀਆਂ ਅਤੇ ਸਮੁੰਦਰੀ ਕੰਢਿਆਂ ਨੇੜੇ ਰਹਿਣ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ।
ਕੇਰਲ ਪਹੁੰਚਿਆ ਮਾਨਸੂਨ, ਹੁਣ ਗੋਆ ਵੱਲ ਵਧੇਗਾ
ਜ਼ਿਕਰਯੋਗ ਹੈ ਕਿ ਦੱਖਣ-ਪੱਛਮੀ ਮਾਨਸੂਨ 4 ਜੂਨ ਨੂੰ ਕੇਰਲ ਪਹੁੰਚ ਗਿਆ ਸੀ। ਆਮ ਤੌਰ ‘ਤੇ ਮਾਨਸੂਨ 1 ਜੂਨ ਨੂੰ ਕੇਰਲ ਵਿੱਚ ਦਾਖ਼ਲ ਹੁੰਦਾ ਹੈ, ਪਰ ਇਸ ਵਾਰ ਇਸ ਦੀ ਐਂਟਰੀ 3 ਦਿਨ ਦੇਰੀ ਨਾਲ ਹੋਈ।
ਮੌਸਮ ਵਿਭਾਗ (IMD) ਮੁਤਾਬਕ ਅਗਲੇ 2 ਤੋਂ 3 ਦਿਨਾਂ ਵਿੱਚ ਮਾਨਸੂਨ ਦੀ ਰਫ਼ਤਾਰ ਤੇਜ਼ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਮਾਨਸੂਨ ਗੋਆ ਦੇ ਪੂਰੇ ਖੇਤਰ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ, ਕਰਨਾਟਕ ਅਤੇ ਤਾਮਿਲਨਾਡੂ ਦੇ ਬਾਕੀ ਖੇਤਰਾਂ, ਬੰਗਾਲ ਦੀ ਖਾੜੀ ਦੇ ਦੱਖਣ-ਪੱਛਮੀ ਹਿੱਸੇ ਅਤੇ ਉੱਤਰ-ਪੂਰਬੀ ਰਾਜਾਂ ਦੇ ਕੁਝ ਇਲਾਕਿਆਂ ਤੱਕ ਵੀ ਪਹੁੰਚ ਸਕਦਾ ਹੈ।
BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ