Cabinet Minister Road Accident: ਸਿਆਸੀ ਜਗਤ ਤੋਂ ਬੁਰੀ ਖਬਰ ਸਾਹਮਣੇ ਆਈ ਹੈ, ਜਿਸ ਕਾਰਨ ਆਮ ਜਨਤਾ ਦੇ ਨਾਲ-ਨਾਲ ਸਿਆਸਤਦਾਨਾਂ ਵਿਚਾਲੇ ਚਿੰਤਾ ਦੀ ਲਹਿਰ ਹੈ। ਦੱਸ ਦੇਈਏ ਕਿ ਹਰਿਆਣਾ ਦੇ ਕੈਬਨਿਟ ਮੰਤਰੀ ਕ੍ਰਿਸ਼ਨ ਲਾਲ ਪਵਾਰ ਸ਼ੁੱਕਰਵਾਰ ਨੂੰ ਪਾਣੀਪਤ ਵਿੱਚ ਇੱਕ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋ ਗਏ। ਜੀ.ਟੀ. ਰੋਡ ‘ਤੇ ਮੰਤਰੀ ਪਵਾਰ ਦੇ ਕਾਫ਼ਲੇ ਵਿੱਚ ਸ਼ਾਮਲ ਗੱਡੀਆਂ ਅਚਾਨਕ ਆਪਸ ਵਿੱਚ ਟਕਰਾ ਗਈਆਂ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਪਵਾਰ ਦੀ ਇਨੋਵਾ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਪਿਚਕ ਗਿਆ। ਹਾਦਸੇ ਤੋਂ ਤੁਰੰਤ ਬਾਅਦ ਸੁਰੱਖਿਆ ਕਰਮਚਾਰੀਆਂ ਅਤੇ ਰਾਹਗੀਰਾਂ ਨੇ ਮੰਤਰੀ ਨੂੰ ਗੱਡੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।
ਕਈ ਸਿਆਸਤਦਾਨ ਪਹੁੰਚੇ ਹਸਪਤਾਲ, ਡਰਾਈਵਰ ਵਿਰੁੱਧ ਕੇਸ ਦਰਜ
ਜਾਣਕਾਰੀ ਮੁਤਾਬਕ ਹਾਦਸੇ ਦੀ ਖ਼ਬਰ ਮਿਲਦੇ ਹੀ ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬੜੌਲੀ, ਸ਼ਹਿਰੀ ਵਿਧਾਇਕ ਪ੍ਰਮੋਦ ਵਿਜ, ਡੀ.ਸੀ. ਵੀਰੇਂਦਰ ਦਹੀਆ ਅਤੇ ਐੱਸ.ਪੀ. ਭੂਪੇਂਦਰ ਸਿੰਘ ਸਮੇਤ ਕਈ ਹੋਰ ਆਗੂ ਅਤੇ ਅਧਿਕਾਰੀ ਹਸਪਤਾਲ ਪਹੁੰਚੇ। ਸ਼ਾਮ ਦੇ ਸਮੇਂ ਮਸ਼ਹੂਰ ਹਰਿਆਣਵੀ ਗਾਇਕ ਮਾਸੂਮ ਸ਼ਰਮਾ ਵੀ ਮੰਤਰੀ ਪਵਾਰ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ। ਐੱਸ.ਪੀ. ਭੂਪੇਂਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਾਦਸੇ ਲਈ ਜ਼ਿੰਮੇਵਾਰ ਸਵਿਫਟ ਡਿਜ਼ਾਇਰ ਕਾਰ ਦੇ ਡਰਾਈਵਰ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਮੰਤਰੀ ਪਵਾਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਦੱਸ ਦੇਈਏ ਕਿ 8 ਮਈ ਨੂੰ ਦੇਰ ਸ਼ਾਮ 8 ਵਜੇ ਮੰਤਰੀ ਪਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਪ੍ਰਮਾਤਮਾ ਦੀ ਮਿਹਰ ਅਤੇ ਤੁਹਾਡੇ ਵਰਗੇ ਮੇਰੇ ਪਰਿਵਾਰਕ ਮੈਂਬਰਾਂ ਦੀਆਂ ਦੁਆਵਾਂ ਸਦਕਾ, ਮੈਂ ਅਤੇ ਮੇਰੇ ਸਾਥੀ ਇਸ ਵੱਡੇ ਹਾਦਸੇ ਤੋਂ ਬਾਅਦ ਵੀ ਠੀਕ ਹਾਂ। ਮੈਨੂੰ ਕੁੱਝ ਸੱਟਾਂ ਲੱਗੀਆਂ ਹਨ ਅਤੇ ਡਾਕਟਰਾਂ ਨੇ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ਹੈ।”
ਇੰਝ ਆਪਸ ਵਿੱਚ ਟਕਰਾਈਆਂ ਸਾਰੀਆਂ ਗੱਡੀਆਂ
ਪੰਚਾਇਤ ਮੰਤਰੀ ਪਵਾਰ ਸ਼ੁੱਕਰਵਾਰ ਨੂੰ ਚੰਡੀਗੜ੍ਹ ਤੋਂ ਪਾਣੀਪਤ ਪਰਤ ਰਹੇ ਸਨ। ਸ਼ਾਮ 4 ਵਜੇ ਦੇ ਕਰੀਬ ਜਦੋਂ ਉਨ੍ਹਾਂ ਦਾ ਕਾਫ਼ਲਾ ਨੈਸ਼ਨਲ ਹਾਈਵੇਅ-44 ‘ਤੇ ਟੋਲ ਪਲਾਜ਼ਾ ਤੋਂ ਪਹਿਲਾਂ ਬਾਬਰਪੁਰ ਟ੍ਰੈਫਿਕ ਥਾਣੇ ਦੇ ਨੇੜੇ ਪਹੁੰਚਿਆ, ਤਾਂ ਕਾਫ਼ਲੇ ਦੇ ਅੱਗੇ ਚੱਲ ਰਹੀ ਦਿੱਲੀ ਨੰਬਰ ਦੀ ਇੱਕ ਪ੍ਰਾਈਵੇਟ ਗੱਡੀ ਅਚਾਨਕ CIA-1 ਵਾਲੇ ਰੋਡ ਵੱਲ ਮੁੜ ਗਈ। ਇਸ ਕਾਰਨ ਪਿੱਛੇ ਆਪਣੀ ਨਿਰਧਾਰਿਤ ਰਫ਼ਤਾਰ ਵਿੱਚ ਆ ਰਹੀ ਮੰਤਰੀ ਦੀ ਪਾਇਲਟ ਗੱਡੀ ਉਸ ਕਾਰ ਨਾਲ ਜਾ ਟਕਰਾਈ।
ਪਾਇਲਟ ਗੱਡੀ ਦੇ ਟਕਰਾਉਣ ਤੋਂ ਬਾਅਦ, ਕਾਫ਼ਲੇ ਵਿੱਚ ਪਿੱਛੇ ਆ ਰਹੀਆਂ ਸਾਰੀਆਂ ਗੱਡੀਆਂ ਇੱਕ-ਇੱਕ ਕਰਕੇ ਆਪਸ ਵਿੱਚ ਭਿੜ ਗਈਆਂ। ਇਸ ਦੌਰਾਨ ਮੰਤਰੀ ਦੀ ਇਨੋਵਾ ਗੱਡੀ ਵੀ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਦੇ ਸਾਰੇ ਏਅਰਬੈਗ ਖੁੱਲ੍ਹ ਜਾਣ ਕਾਰਨ ਮੰਤਰੀ ਅਤੇ ਹੋਰ ਸਾਥੀਆਂ ਦਾ ਬਚਾਅ ਹੋ ਗਿਆ। ਹਾਲਾਂਕਿ, ਹਾਦਸੇ ਵਿੱਚ ਉਨ੍ਹਾਂ ਨੂੰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਦੂਜੀ ਗੱਡੀ ਰਾਹੀਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।
ਹੋਰ ਪੜ੍ਹੋ