Bathinda News: ਪੰਜਾਬ ਦੇ ਸ਼ਹਿਰ ਬਠਿੰਡਾ ਤੋਂ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਬਠਿੰਡਾ ਦੇ ਪਿੰਡ ਗੁਰੂਸਰ ਸੈਣੇਵਾਲਾ ‘ਚ ਬੁੱਧਵਾਰ ਨੂੰ ਲੋਕਾਂ ਵਿਚਾਲੇ ਉਸ ਸਮੇਂ ਚੀਕ-ਚਿਹਾੜਾ ਪੈ ਗਿਆ, ਜਦੋਂ ਜਾਇਦਾਦੀ ਝਗੜੇ ਨੂੰ ਲੈ ਕੇ ਹੋਈ ਤਕਰਾਰ ਅਚਾਨਕ ਖੂਨੀ ਝੜਪ ‘ਚ ਤਬਦੀਲ ਹੋ ਗਈ ਅਤੇ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਅਕਾਲੀ ਵਰਕਰ ਦਾ ਭੈਣ ਨਾਲ ਪ੍ਰਾਪਰਟੀ ਵਿਵਾਦ
ਮਿਲੀ ਜਾਣਕਾਰੀ ਅਨੁਸਾਰ ਪਿੰਡ ਨਿਵਾਸੀ ਅਤੇ ਅਕਾਲੀ ਵਰਕਰ ਟੀਟੂ ਦਾ ਆਪਣੀ ਭੈਣ ਨਾਲ ਕਾਫੀ ਸਮੇਂ ਤੋਂ ਪ੍ਰਾਪਰਟੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਟੀਟੂ ਦੀ ਭੈਣ ਨੇ ਆਪਣੀ ਜ਼ਮੀਨ ਅਤੇ ਜਾਇਦਾਦ ਆਪਣੇ ਸਹੁਰੇ ਪਰਿਵਾਰ ਦੇ ਨਾਂ ਕਰਵਾ ਦਿੱਤੀ ਸੀ, ਜੋ ਕੋਟਕਪੂਰਾ ਦੇ ਰਹਿਣ ਵਾਲੇ ਹਨ। ਬੁੱਧਵਾਰ ਨੂੰ ਕੋਟਕਪੂਰਾ ਤੋਂ ਕੁੱਝ ਲੋਕ ਕਥਿਤ ਤੌਰ ’ਤੇ ਜ਼ਮੀਨ ’ਤੇ ਕਬਜ਼ਾ ਲੈਣ ਲਈ ਪਿੰਡ ਪਹੁੰਚੇ ਸਨ।
ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਤਿੱਖੀ ਬਹਿਸ ਅਤੇ ਤਕਰਾਰ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਅਚਾਨਕ ਗੋਲੀ ਚੱਲ ਗਈ। ਚਸ਼ਮਦੀਦਾਂ ਅਨੁਸਾਰ ਫਾਇਰਿੰਗ ਤੋਂ ਬਾਅਦ ਪਿੰਡ ‘ਚ ਭੱਜਦੌੜ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀ ਲੱਗਣ ਕਾਰਨ ਟੀਟੂ ਨਾਮਕ ਵਿਅਕਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਘਟਨਾ ਤੋਂ ਬਾਅਦ ਇਲਾਕੇ ‘ਚ ਭਾਰੀ ਤਣਾਅ ਫੈਲ ਗਿਆ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।
ਆਪਸੀ ਰੰਜਿਸ਼ ਅਤੇ ਜਾਇਦਾਦੀ ਝਗੜੇ ਨਾਲ ਜੁੜਿਆ ਮਾਮਲਾ
ਸ਼ੁਰੂਆਤੀ ਜਾਂਚ ‘ਚ ਮਾਮਲਾ ਆਪਸੀ ਰੰਜਿਸ਼ ਅਤੇ ਜਾਇਦਾਦੀ ਝਗੜੇ ਨਾਲ ਜੁੜਿਆ ਮੰਨਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਇਰਿੰਗ ਕਿਸ ਨੇ ਕੀਤੀ ਅਤੇ ਘਟਨਾ ਦੇ ਪਿੱਛੇ ਅਸਲ ਕਾਰਨ ਕੀ ਹਨ, ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਲਾਕੇ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਸਬੰਧਿਤ ਲੋਕਾਂ ਤੋਂ ਪੁੱਛਗਿੱਛ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ