ਗਗਨਦੀਪ ਅਰੋੜਾ
ਲੁਧਿਆਣਾ, 3 ਮਾਰਚ
ਹਲਕਾ ਪੱਛਮੀ ’ਚ ਜ਼ਿਮਨੀ ਚੋਣਾਂ ਲਈ ਐਲਾਨੇ ਗਏ ‘ਆਪ’ ਉਮੀਦਵਾਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨਾਲ ਮੁਲਾਕਾਤ ਕਰ ਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਵਾਲੰਟੀਅਰਾਂ ਨੂੰ ਏਕਾ ਬਣਾ ਕੇ ਰੱਖਣ ਲਈ ਕਿਹਾ ਹੈ। ਆਪ ਉਮੀਦਵਾਰ ਸੰਜੀਵ ਅਰੋੜਾ ਨੇ ਮੁੱਖ ਮੰਤਰੀ ਨਾਲ ਮੀਟਿੰਗ ਦੀ ਫੋਟੋ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਉਸ ਤੋਂ ਬਾਅਦ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨੇ ਰਾਜ ਸਭਾ ਮੈਂਬਰ ਨਾਲ ਸਨਅਤਾਂ ਲਈ ਕੀਤੇ ਫੈਸਲਿਆਂ ਲਈ ਰੱਖੀ ਪੱਤਰਕਾਰ ਮਿਲਣੀ ਕੀਤੀ।
‘ਆਪ’ ਨੇ ਆਪਣਾ ਪੂਰਾ ਧਿਆਨ ਲੁਧਿਆਣਾ ਪੱਛਮੀ ਹਲਕੇ ਵਿੱਚ ਹੋਣ ਵਾਲੀ ਉਪ ਚੋਣ ’ਤੇ ਲਗਾ ਦਿੱਤਾ ਹੈ। ਭਾਵੇਂ ਹਾਲੇ ਤੱਕ ਉਪ ਚੋਣ ਲਈ ਕੋਈ ਤਰੀਕ ਤੈਅ ਨਹੀਂ ਕੀਤੀ ਗਈ ਹੈ ਪਰ ‘ਆਪ’ ਪੰਜਾਬ ਨੇ ਇਸ ਸੀਟ ਨੂੰ ਕਿਸੇ ਵੀ ਕੀਮਤ ’ਤੇ ਜਿੱਤਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਹਲਕੇ ਤੋਂ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਵੀ ਚੋਣ ਲੜਨ ਦੇ ਇਛੁੱਕ ਸਨ, ਉਨ੍ਹਾਂ ਨੇ ‘ਆਪ’ ਲੀਡਰਸ਼ਿਪ ਦੇ ਦਿੱਤੇ ਸੁਨੇਹਿਆਂ ’ਤੇ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ ਪਰ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮਜ਼ਬੂਤ ਉਮੀਦਵਾਰ ਸਮਝਦੇ ਹੋਏ ਆਪ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸੇ ਮਾਮਲੇ ਵਿੱਚ ਆਪ ਦੇ ਵਾਲੰਟੀਅਰਾਂ ਨੂੰ ਸੁਨੇਹਾ ਦੇਣ ਦੇ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਪਹਿਲਾਂ ਪੱਛਮੀ ਹਲਕੇ ਤੋਂ ‘ਆਪ’ ਉਮੀਦਵਾਰ ਸੰਜੀਵ ਅਰੋੜਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਪਿੱਠ ਥਪਥਪਾਈ। ਮੁੱਖ ਮੰਤਰੀ ਨਾਲ ਮੁਲਾਕਾਤ ਤੋਂ ਪਹਿਲਾਂ ‘ਆਪ’ ਦੇ ਰਾਜ ਸਭਾ ਮੈਂਬਰ ਨੇ ਵੀ ਸੋਸ਼ਲ ਮੀਡੀਆ ’ਤੇ ਪੋਸਟ ਕਰਦਿਆਂ ਲਿਖਿਆ ਸੀ ਕਿ ਸਨਅਤਕਾਰਾਂ ਲਈ ਉਨ੍ਹਾਂ ਨੇ ਮੁੱਖ ਮੰਤਰੀ ਸਾਹਮਣੇ ਕਈ ਮੰਗਾਂ ਚੁੱਕੀਆਂ ਸਨ, ਜਿਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।
ਪੱਛਮੀ ਹਲਕੇ ਦੀ ਸੀਟ ‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਾਰਨ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ। ਸੰਜੀਵ ਅਰੋੜਾ ਖੁਦ ਕਾਰੋਬਾਰੀ ਹਨ, ਇਸ ਕਰਕੇ ਅੱਜ ਸਨਅਤਕਾਰਾਂ ਲਈ ਕੀਤੇ ਗਏ ਐਲਾਨ ਵਿੱਚ ਵੀ ਕੈਬਨਿਟ ਮੰਤਰੀ ਤਰੁਣਪ੍ਰੀਤ ਸੌਂਦ ਨਾਲ ਸੰਜੀਵ ਅਰੋੜਾ ਨਜ਼ਰ ਆਏ।