ਭਗਵਾਨ ਦਾਸ ਗਰਗ
ਨਥਾਣਾ, 7 ਫਰਵਰੀ
ਇੱਥੋਂ ਲਾਗਲੇ ਪਿੰਡ ਗੰਗਾ ਦੇ ਤਿੰਨ ਨੌਜਵਾਨਾਂ ਨਾਲ ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਵਾਪਰਿਆ ਹਾਦਸਾ ਸਬੰਧਿਤ ਪਰਿਵਾਰਾਂ ਅਤੇ ਪਿੰਡ ਵਾਸੀਆਂ ਲਈ ਬੁਝਾਰਤ ਬਣਿਆ ਹੋਇਆ ਹੈ। ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦੋਂਕਿ ਗੰਭੀਰ ਜ਼ਖਮੀ ਹੋਇਆ ਤੀਜਾ ਨੌਜਵਾਨ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਹੈ। ਇਸ ਹਾਦਸੇ ਦੇ ਵੇਰਵੇ ਪੁਲੀਸ ਵਲੋਂ ਵੀ ਨਹੀਂ ਦਿੱਤੇ ਗਏ। ਮ੍ਰਿਤਕਾਂ ਦੀ ਪਛਾਣ ਗੁਰਸੇਵਕ ਸਿੰਘ ਉਰਫ ਬਿੱਲਾ (27) ਅਤੇ ਗੁਰਵਿੰਦਰ ਸਿੰਘ (20) ਵਾਸੀ ਗੰਗਾ ਵਜੋਂ ਹੋਈ ਹੈ। ਇਸ ਹਾਦਸੇ ਵਿਚ ਜ਼ਖਮੀ ਵਰਿੰਦਰ ਸਿੰਘ (23) ਵੀ ਇਸ ਪਿੰਡ ਦਾ ਵਸਨੀਕ ਹੈ। ਗੁਜਰਾਤ ਵਿਚੋਂ ਫੋਨ ਰਾਹੀਂ ਸੂਚਨਾ ਮਿਲਣ ਉਪਰੰਤ ਹੀ ਇਨ੍ਹਾਂ ਪਰਿਵਾਰ ਵਾਲਿਆਂ ਨੂੰ ਆਪਣੇ ਬੱਚਿਆਂ ਨਾਲ ਵਾਪਰੇ ਦੁਖਾਂਤ ਦੀ ਜਾਣਕਾਰੀ ਮਿਲੀ। ਪੀੜਤ ਪਰਿਵਾਰ ਮ੍ਰਿਤਕ ਦੇਹਾਂ ਲਿਆਉਣ ਲਈ ਗੁਜਰਾਤ ਜਾ ਚੁੱਕੇ ਹਨ। ਗੁਰਸੇਵਕ ਸਿੰਘ ਉਰਫ ਬਿੱਲਾ ਪਿਛਲੇ ਕਈ ਮਹੀਨਿਆਂ ਤੋਂ ਗੁਜਰਾਤ ’ਚ ਕਿਸੇ ਢਾਬੇ ’ਤੇ ਕੰਮ ਕਰਦਾ ਸੀ। ਉਹ ਆਪਣੇ ਸਾਥੀ ਗੁਰਵਿੰਦਰ ਸਿੰਘ ਤੇ ਵਰਿੰਦਰ ਸਿੰਘ ਨੂੰ ਵੀ ਕਿਸੇ ਕੰਮ ’ਤੇ ਲਵਾਉਣ ਲਈ ਨਾਲ ਲੈ ਕੇ ਗਿਆ ਸੀ।