ਪੱਤਰ ਪ੍ਰੇਰਕ
ਖਰੜ, 15 ਦਸੰਬਰ
ਬਿਲਡਰ ਐਸੋਸੀਏਸ਼ਨ ਅਤੇ ਆਮ ਆਦਮੀ ਘਰ ਬਚਾਓ ਮੋਰਚੇ ਦੇ ਆਗੂਆ ਵੱਲੋਂ ਅੱਜ ਇਥੇ ਇੱਕ ਮੀਟਿੰਗ ਕੀਤੀ ਗਈ। ਇਸ ਮੌਕੇ ਬਿਲਡਰ ਅਤੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਐੱਸਏਐੱਸ ਨਗਰ ਦੇ ਪ੍ਰਧਾਨ ਓਮ ਪ੍ਰਕਾਸ਼ ਥਿੰਦ ਨੇ ਸੰਬੋਧਨ ਕਰਦਿਆ ਕਿਹਾ ਕਿ ਪਿਛਲੇ ਪੌਣੇ ਤਿੰਨ ਸਾਲ ਵਿੱਚ ਖਰੜ ਮਿਊਂਸਿਪਲ ਕਮੇਟੀ ਦੇ 12 ਈਓ ਬਦਲੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਅਫਸਰਾਂ ਨੂੰ ਖਰੜ ਸ਼ਹਿਰ ਦੀਆ ਗਲੀਆਂ ਦੀ ਸਮਝ ਆਉਂਦੀ ਹੈ ਉਨੀ ਦੇਰ ਵਿੱਚ ਈਓ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਰੁਕੇ ਹੋਏ ਹਨ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਮਿੰਦਰ ਸਿੰਘ ਮਾਵੀ ਕਨਵੀਨਰ ਆਮ ਆਦਮੀ ਘਰ ਬਚਾਓ ਮੋਰਚੇ ਨੇ ਕਿਹਾ ਕਿ ਈਓ ਬਦਲਣ ਕਾਰਨ ਪਿਛਲੇ ਅੱਠ ਮਹੀਨਿਆਂ ਤੋਂ ਲੋਕਾਂ ਵੱਲੋਂ ਨਕਸ਼ੇ ਪਾਸ ਕਰਵਾਉਣ ਲਈ ਅਪਲਾਈ ਕੀਤੀਆਂ ਫਾਇਲਾਂ ਰੁਲ ਰਹੀਆ ਹਨ। ਉਨ੍ਹਾਂ ਕਿਹਾ ਕਿ ਹਰ ਨਕਸ਼ਾ ਪਾਸ ਕਰਵਾਉਣ ਲਈ ਤਿੰਨ ਵਾਰ ਫਾਈਲ ਅਪਲਾਈ ਕਰਨੀ ਪੈਂਦੀ ਹੈ। ਇਹ ਸਾਰਾ ਕਾਰਜ ਪੂਰਾ ਕਰਨ ਲਈ ਅੱਠ ਤੋਂ ਨੌਂ ਮਹੀਨੇ ਲੱਗਦੇ ਹਨ, ਜਿਸ ਵਿੱਚ ਘੱਟੋ-ਘੱਟ ਤਿੰਨ ਈਓ ਬਦਲ ਜਾਂਦੇ ਹਨ। ਨਵਾਂ ਈਓ ਆਉਣ ’ਤੇ ਘੱਟੋ-ਘੱਟ ਇੱਕ ਹਫ਼ਤਾ ਆਈਡੀ ਬਣਾਉਣ ਨੂੰ ਲੱਗ ਜਾਂਦਾ ਹੈ। ਇਸ ਮੌਕੇ ਹਾਜ਼ਰ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਖਰੜ ਮਿਊਂਸਿਪਲ ਕਮੇਟੀ ਦੇ ਈਓ ਨੂੰ ਘੱਟੋ-ਘੱਟ ਦੋ ਸਾਲ ਨਾ ਬਦਲਿਆ ਜਾਵੇ।