ਜੇਬੀ ਸੇਖੋਂ
ਗੜ੍ਹਸ਼ੰਕਰ, 11 ਅਗਸਤ
ਸਥਾਨਕ ਤਹਿਸੀਲ ਦੇ ਨੀਮ ਪਹਾੜੀ ਪਿੰਡ ਜੇਜੋਂ ਦੁਆਬਾ ਦੀ ਖੱਡ ਵਿੱਚ ਮੀਂਹ ਦੇ ਪਾਣੀ ਵਿਚ ਇਕ ਇਨੋਵਾ ਗੱਡੀ ਰੁੜ੍ਹ ਗਈ। ਉਕਤ ਇਨੋਵਾ ਗੱਡੀ ਵਿਚ ਇਕੋ ਪਰਿਵਾਰ ਦੇ ਦਸ ਮੈਂਬਰ ਸਵਾਰ ਸਨ ਅਤੇ ਇਹ ਕਾਰ ਸਵਾਰ ਹਿਮਾਚਲ ਪ੍ਰਦੇਸ਼ ਦੇ ਦੇਹਲਾ ਪਿੰਡ ਤੋਂ ਪੰਜਾਬ ਵਿੱਚ ਇਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਇਨੋਵਾ ਗੱਡੀ ਦੇ ਖੱਡ ਵਿੱਚ ਹੜ੍ਹ ਜਾਣ ਪਿੱਛੋਂ ਇਲਾਕੇ ਦੇ ਸਥਾਨਕ ਵਸਨੀਕਾਂ ਨੇ ਉਕਤ ਕਾਰ ਸਵਾਰਾਂ ਨੂੰ ਕੱਢਣ ਦਾ ਯਤਨ ਕੀਤਾ, ਪਰ ਮੀਂਹ ਦੇ ਤੇਜ਼ ਪਾਣੀ ਅੱਗੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਗਈ। ਜਾਣਕਾਰੀ ਅਨੁਸਾਰ ਲੋਕ ਬੜੀ ਜੱਦੋ-ਜਹਿਦ ਨਾਲ ਇਕ ਵਿਅਕਤੀ ਦੀ ਜਾਨ ਬਚਾਉਣ ਵਿਚ ਸਫ਼ਲ ਰਹੇ। ਪੁਲੀਸ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਕੀਤੇ ਯਤਨਾਂ ਨਾਲ ਕਾਰ ਸਵਾਰ 6 ਲੋਕਾਂ ਦੀਆਂ ਲਾਸ਼ਾਂ ਖੱਡ ਵਿੱਚੋਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਬਾਕੀ ਕਾਰ ਸਵਾਰਾਂ ਦੀ ਭਾਲ ਜਾਰੀ ਹੈ।