45.6 C
Patiāla
Sunday, May 19, 2024

ਪੋਹ ਦੀ ਠੰਢ ਤੇ ਸੀਤ ਲਹਿਰ ਨੇ ਲੋਕਾਂ ਨੂੰ ਕਾਂਬਾ ਛੇੜਿਆ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 9 ਜਨਵਰੀ

ਪੋਹ ਮਹੀਨੇ ’ਚ ਠੰਢ, ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਕੜਾਕੇ ਦੀ ਠੰਢ ’ਚ ਚੱਲ ਰਹੀ ਸੀਤ ਲਹਿਰ ਨੇ ਲੋਕਾਂ ਨੂੰ ਕੰਬਣੀ ਛੇੜ ਰੱਖੀ ਹੈ ਅਤੇ ਲੋਕਾਂ ਦਾ ਘਰਾਂ ’ਚੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਪਿਛਲੇ ਕਈ ਦਿਨਾਂ ਤੋਂ ਅਸਮਾਨ ਵਿੱਚ ਬੱਦਲ ਵੀ ਛਾਏ ਹੋਏ ਹਨ ਜਿਸ ਕਾਰਨ ਸੂਰਜ ਦੇਵਤਾ ‘ਈਦ ਦਾ ਚੰਦ’ ਬਣ ਕੇ ਰਹਿ ਗਿਆ ਹੈ। ਠੰਢ ਦੇ ਮੌਸਮ ਦੀ ਮਾਰ ਝੱਲ ਰਹੇ ਲੋਕਾਂ ਨੂੰ ਇੱਕ ਹਫ਼ਤੇ ਤੋਂ ਵੀ ਵੱਧ ਸਮੇਂ ਤੋਂ ਸੂਰਜ ਦੇਵਤਾ ਦੇ ਦਰਸ਼ਨ ਨਸੀਬ ਨਹੀਂ ਹੋ ਰਹੇ। ਸੰਘਣੀ ਧੁੰਦ ਕਾਰਨ ਸੜਕਾਂ ਉਪਰ ਆਵਾਜਾਈ ਦੌਰਾਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਦਿਨ ਚੜ੍ਹਦਿਆਂ ਹੀ ਅਸਮਾਨ ’ਚ ਬੱਦਲ ਛਾਏ ਹੋਏ ਸਨ। ਰਾਤ ਨੂੰ ਪੈਂਦਾ ਕੋਰਾ ਮੀਂਹ ਦਾ ਭੁਲੇਖਾ ਪਾਉਂਦਾ ਹੈ। ਧੁੰਦ ਕਾਰਨ ਸੜਕਾਂ ਉਪਰ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਵਾਹਨ ਚਾਲਕ ਹੌਲੀ ਰਫ਼ਤਾਰ ਨਾਲ ਆਪਣੀ ਮੰਜ਼ਿਲ ਵੱਲ ਵਧਣ ਲਈ ਮਜਬੂਰ ਹਨ। ਸ਼ਹਿਰਾਂ ’ਚ ਦੁਕਾਨਦਾਰ ਅਤੇ ਪਿੰਡਾਂ ਦੀਆਂ ਸੱਥਾਂ ’ਚ ਲੋਕ ਧੂਣੀਆਂ ਬਾਲ ਕੇ ਠੰਢ ਤੋਂ ਬਚਦੇ ਨਜ਼ਰ ਆਉਂਦੇ ਹਨ।

ਰੋਜ਼ਾਨਾ ਕੰਮਕਾਰ ’ਤੇ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਢ ਤੋਂ ਬਚਣ ਲਈ ਲੋਕਾਂ ਵੱਲੋਂ ਜਿਥੇ ਗਰਮ ਕੱਪੜਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ ਉੱਥੇ ਲੋਕ ਘਰਾਂ ਵਿੱਚ ਹੀਟਰ ਬਾਲ ਰਹੇ ਹਨ। ਮਜ਼ਦੂਰ ਵਰਗ ਨੂੰ ਮੌਜੂਦਾ ਮੌਸਮ ਦੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਕੜਾਕੇ ਦੀ ਠੰਢ ਵਿੱਚ ਕੰਮਕਾਰ ਕਰਨ ਵਿਚ ਮੁਸ਼ਕਲ ਆਉਂਦੀ ਹੈ। ਪਸ਼ੂ ਪਾਲਕਾਂ ਨੂੰ ਵੀ ਪਸ਼ੂਆਂ ਦੀ ਸਾਂਭ ਸੰਭਾਲ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਠੰਢ ਕਣਕ ਦੀ ਫਸਲ ਲਈ ਕਾਫ਼ੀ ਲਾਹੇਵੰਦ ਮੰਨੀ ਜਾ ਰਹੀ ਹੈ। ਠੰਢ ਕਾਰਨ ਗਰਮ ਕੱਪੜਿਆਂ ਦੀ ਵੀ ਵਿਕਰੀ ਵਧੀ ਹੈ ਜਿਸ ਤੋਂ ਕੱਪੜੇ ਦੇ ਵਪਾਰੀ ਖੁਸ਼ ਹਨ। ਅਗਲੇ ਦਿਨਾਂ ਦੌਰਾਨ ਵੀ ਕੜਾਕੇ ਦੀ ਠੰਢ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।



News Source link

- Advertisement -

More articles

- Advertisement -

Latest article