44.8 C
Patiāla
Friday, May 17, 2024

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ…

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਮੈਂ ਉਮਰਦਰਾਜ਼ ਨਹੀਂ। ਨਾ ਹੀ ਥੱਕਿਆ ਤੇ ਹਾਰਿਆ ਹਾਂ। ਨਾ ਹੀ ਹਤਾਸ਼, ਉਦਾਸ ਤੇ ਨਿਰਾਸ਼ ਹਾਂ। ਮੈਂ ਸੁਪਨੇ ਲੈਣ ਤੋਂ ਉਕਤਾਇਆ ਨਹੀਂ ਅਤੇ ਨਾ ਹੀ ਮੈਂ ਆਪਣੇ ਆਪ ਤੋਂ ਅਜੇ ਬੇਮੁਖ ਹੋਇਆ ਹਾਂ। ਨਾ ਹੀ ਮੇਰੇ ਅੰਗ ਸਿਥਲ ਹੋਏ ਹਨ ਅਤੇ ਨਾ ਹੀ ਮੇਰੇ ਨੈਣਾਂ ਦੀ ਲੋਅ ਮੱਧਮ ਹੋਈ ਹੈ। ਨਾ ਹੀ ਸੋਚ ਦੇ ਸਰਵਰ ਵਿੱਚ ਹਲਚਲ ਮਰੀ ਹੈ।

ਹਾਲੇ ਤਾਂ ਮੈਂ ਵਿਹੜੇ ਦੀ ਛੱਪੜੀ ਵਿੱਚ ਕਾਗਜ਼ ਦੀਆਂ ਬੇੜੀਆਂ ਤਾਰਨੀਆਂ ਨੇ। ਕੋਠੇ ਦੀ ਛੱਤ ’ਤੇ ਪਤੰਗ ਚੜ੍ਹਾਉਣਾ ਏ। ਕੱਚੀ ਪੱਕੀ ਦੇ ਆੜੀਆਂ ਨਾਲ ਦਿਲਲਗੀਆਂ ਕਰਨੀਆਂ ਨੇ। ਆਟੇ ਦੀਆਂ ਚਿੜੀਆਂ ਨੂੰ ਸੂਹੇ ਸੁਪਨਿਆਂ ਦੀ ਚੋਗ ਪਾਉਣੀ ਹੈ ਅਤੇ ਮਨ ਦੀਆਂ ਬੇਫ਼ਿਕਰੀਆਂ ਨੂੰ ਆਪਣੀ ਰੂਹ-ਰੇਜ਼ਤਾ ਦੇ ਨਾਮ ਕਰਨਾ ਹੈ।

ਹਾਲੇ ਤਾਂ ਮੈਂ ਮਨ ਦੇ ਬਿਰਖ਼ ’ਤੇ ਉੱਗੀਆਂ ਬੇਲੋੜੀਆਂ ਟਾਹਣੀਆਂ ਨੂੰ ਛਾਂਗਣਾ ਹੈ, ਇਸ ਦੀ ਧਰਾਤਲ ਨੂੰ ਗੋਡਣਾ, ਸੰਵਾਰਨਾ ਹੈ ਅਤੇ ਇਸ ਦੀਆਂ ਜੜ੍ਹਾਂ ਵਿੱਚ ਉਦਮ, ਹੱਠ, ਹੌਸਲੇ ਅਤੇ ਹੰਭਲੇ ਦੀ ਖਾਦ ਪਾਉਣੀ ਹੈ। ਰੂਹ ਦੀ ਧਰਤ ’ਤੇ ਸੁਖਨ ਤੇ ਸੁਹਜ ਦੀਆਂ ਕਲਮਾਂ ਲਾਉਣੀਆਂ ਹਨ। ਹਾਲੇ ਤਾਂ ਮੈਂ ਅੰਬਰ ਦੀ ਜੂਹ ਵਿੱਚ ਜਗਦੇ ਤਾਰਿਆਂ ਨੂੰ ਮੱਥੇ ਵਿੱਚ ਧਰਨਾ ਹੈ, ਤਾਰਿਆਂ ਦੀਆਂ ਖਿੱਤੀਆਂ ਨੂੰ ਨਵੇਂ ਆਕਾਰ ਤੇ ਅਰਥ ਦੇਣੇ ਹਨ। ਇਨ੍ਹਾਂ ਦੀਆਂ ਰਿਸ਼ਮਾਂ ਵਿੱਚ ਖ਼ੁਦ ਨੂੰ ਓਤਪੋਤ ਕਰਨਾ ਹੈ। ਸਮੁੱਚੇ ਅੰਬਰ ਨੂੰ ਕਲਾਵੇ ਵਿੱਚ ਲੈਣਾ ਹੈ। ਇਸ ਦੀ ਸਲੇਟ ਬਣਾ ਕੇ ਸਫ਼ਰ ਦੇ ਪੂਰਨੇ ਪਾਉਣੇ ਨੇ।

ਹਾਲੇ ਤਾਂ ਮੈਂ ਹਵਾ ਸੰਗ ਗੁਣਗੁਣਾਉਣਾ ਹੈ, ਇਸ ਦੀ ਛੋਹ ਨਾਲ ਖ਼ੁਦ ਨੂੰ ਲਰਜ਼ਾਉਣਾ ਹੈ ਅਤੇ ਇਸ ’ਤੇ ਲਿਖੇ ਹੋਏ ਅੱਖਰਾਂ ਨੂੰ ਆਪਣੇ ਅੰਤਰੀਵ ਵਿੱਚ ਉਤਾਰਨਾ ਹੈ। ਵਗਦੀ ਪੌਣ ਦੇ ਪਰਾਂ ’ਤੇ ਸੁਗੰਧੀਆਂ ਦੇ ਸਿਰਨਾਵੇਂ ਉਕਾਰਨੇ ਹਨ। ਇਸ ਰਾਹੀਂ ਪ੍ਰਦੇਸ ਵਿੱਚ ਰਹਿੰਦੇ ਮਿੱਤਰ-ਪਿਆਰਿਆਂ ਨੂੰ ਜਲਦੀ ਮਿਲਣ ਲਈ ਸੁਨੇਹੇ ਭੇਜਣੇ ਹਨ ਜਿਨ੍ਹਾਂ ਨੂੰ ਮਿਲਿਆਂ ਮੁੱਦਤਾਂ ਹੋ ਗਈਆਂ ਹਨ।

ਹਾਲੇ ਤਾਂ ਮੈਂ ਬਿਜੜਿਆਂ ਦੇ ਆਲ੍ਹਣੇ ਦੀ ਕਲਾਕਾਰੀ ਨੂੰ ਨਵੇਂ ਅਰਥ ਦੇਣੇ ਅਤੇ ਇਨ੍ਹਾਂ ਵਿੱਚ ਹੁੰਦੀ ਚੋਹਲ-ਮੁਹਲ ਨੂੰ ਸ਼ਬਦਾਂ ਦੇ ਹਵਾਲੇ ਕਰਨਾ ਹੈ। ਬੋਟਾਂ ਨਾਲ ਲਾਡ ਲਡਾਉਂਦਿਆਂ ਪਰਿੰਦਿਆਂ ਨੂੰ ਦੇਖਣਾ ਹੈ ਅਤੇ ਉਸ ਪਲ ਨੂੰ ਦੀਦਿਆਂ ਵਿੱਚ ਕੈਦ ਕਰਨਾ ਹੈ ਜਦੋਂ ਪੰਛੀ ਆਪਣੇ ਬੋਟ ਨੂੰ ਆਪਣੇ ਹਿੱਸੇ ਦੀ ਚੋਗ ਉਸ ਦੇ ਮੂੰਹ ਵਿੱਚ ਪਾਉਂਦਾ ਹੈ। ਸ਼ਾਮ-ਸਵੇਰੇ ਪੰਛੀਆਂ ਦੀ ਸੰਗੀਤਕ ਮਹਿਫ਼ਲ ਨੂੰ ਸੁਣਨਾ ਅਤੇ ਪਤਾ ਕਰਨਾ ਕਿ ਉਹ ਕਿਹੜੇ ਪਾਠ ਦੀ ਅਰਾਧਨਾ ਵਿੱਚ ਖ਼ੁਦ ਨੂੰ ਰੂਹ-ਰੰਗਾ ਕਰਦੇ ਹਨ।

ਹਾਲੇ ਤਾਂ ਮੈਂ ਕਲੀਆਂ ਤੋਂ ਫੁੱਲ ਬਣਨ ਦੀ ਪੂਰੀ ਪ੍ਰੀਕਿਰਿਆ ਨੂੰ ਚਿਤਾਰਨਾ ਹੈ। ਇਸ ਵਿੱਚ ਸਮੋਏ ਰੰਗਾਂ ਤੇ ਮਹਿਕਾਂ ਨੂੰ ਆਪਣੇ ਸਮੁੱਚ ਦੇ ਨਾਮ ਕਰਨਾ ਅਤੇ ਫੁੱਲ ਵਰਗਾ ਬਣਨ ਦਾ ਤਹੱਈਆ ਕਰਨਾ ਹੈ। ਫੁੱਲਾਂ ’ਤੇ ਮੰਡਰਾਉਂਦੀਆਂ ਤਿਤਲੀਆਂ ਨਾਲ ਗੁਫ਼ਤਗੂ ਕਰਨੀ ਹੈ ਅਤੇ ਭੌਰਿਆਂ ਦੇ ਸੰਗੀਤ ਵਿੱਚ ਖ਼ੁਦ ਨੂੰ ਸੁਰਬੱਧ ਕਰਨਾ ਹੈ।

ਹਾਲੇ ਤਾਂ ਮੈਂ ਬੋਲਾਂ ਵਿੱਚ ਉੱਗੀ ਕੁੜੱਤਣ ਨੂੰ ਮਿਠਾਸ ਦੀ ਗੁੜਤੀ ਦੇਣੀ ਹੈ। ਬੋਦੀ ਹੋ ਗਈ ਸਮਾਜਿਕ ਬਣਤਰ ਨੂੰ ਬਿਆਨ ਕਰਨਾ ਹੈ, ਸਬੰਧਾਂ ਦੀ ਟੁੱਟ ਭੱਜ ਨੂੰ ਸ਼ਬਦ ਦੇਣੇ ਹਨ ਅਤੇ ਤਿੜਕ ਗਏ ਰਿਸ਼ਤਿਆਂ ਦੀ ਸੰਜੀਵਤਾ ਤੇ ਸਦੀਵਤਾ ਲਈ ਕੁਝ ਨਿੱਗਰ ਅਤੇ ਨਿਵੇਕਲਾ ਕਰਨ ਦਾ ਇਰਾਦਾ ਹੈ।

ਹਾਲੇ ਤਾਂ ਮੈਂ ਖੇਤਾਂ ਵਿੱਚ ਪੈ ਰਹੀਆਂ ਵੱਟਾਂ ਨੂੰ ਢਾਹੁਣਾ ਹੈ, ਪੁੱਟੀਆਂ ਜਾ ਰਹੀਆਂ ਕਬਰਾਂ ਨੂੰ ਪੂਰਨਾ ਹੈ। ਆੜਾਂ ਵਿੱਚ ਵਗ ਰਹੀ ਰੱਤ ਨੂੰ ਨਿਰਮਲ ਪਾਣੀਆਂ ਦਾ ਰੂਪ ਦੇਣਾ ਹੈ। ਕਿਆਰਿਆਂ ਵਿੱਚ ਹੋ ਰਹੇ ਕਤਲਾਂ ਦੀ ਕਰੂਰਤਾ ਨੂੰ ਖ਼ਤਮ ਕਰਨਾ ਹੈ ਅਤੇ ਵਾਹਣਾਂ ਵਿੱਚ ਖੁਦਕੁਸ਼ੀਆਂ ਦੀ ਹੋ ਰਹੀ ਬਿਜਾਈ ਨੂੰ ਰੋਕਣਾ ਹੈ।

ਹਾਲੇ ਤਾਂ ਮੈਂ ਮਨ ਦੀ ਪ੍ਰਦਖਣਾ ਕਰਨੀ ਹੈ। ਇਸ ਵਿੱਚ ਪਏ ਕੂੜ-ਕਬਾੜੇ ਨੂੰ ਹੂੰਝਣਾ ਏ। ਇਸ ਵਿੱਚ ਉਸਰੀਆਂ ਮਨਸੂਈ ਵਲਗਣਾਂ ਨੂੰ ਢਾਅ ਕੇ, ਇਸ ਦੀ ਸਮੁੱਚਤਾ ਨੂੰ ਖੁੱਲ੍ਹੇਪਣ ਦਾ ਨਾਮ ਦੇਣਾ ਅਤੇ ਇਸ ਵਿੱਚ ਧੁੱਪ ਦੀ ਨਿਰੰਤਰ ਆਵਾਜਾਈ ਨੂੰ ਯਕੀਨੀ ਬਣਾਉਣਾ ਹੈ।

ਹਾਲੇ ਤਾਂ ਮੈਂ ਹਰਫ਼ਾਂ ਦੀ ਜੂਹ ਵਿੱਚ ਜੋਗੀ ਵਾਲਾ ਹੋਕਰਾ ਲਾਉਣਾ ਹੈ। ਸ਼ਬਦਾਂ ਵਿੱਚ ਅਰਥਾਂ ਦੇ ਦੀਵੇ ਜਗਾਉਣੇ ਹਨ ਅਤੇ ਖ਼ੁਦ ਨੂੰ ਕੋਰੇ ਵਰਕਿਆਂ ’ਤੇ ਫੈਲੀ ਅਜਿਹੀ ਇਬਾਰਤ ਦੇ ਸਪੁਰਦ ਕਰਨਾ ਹੈ ਜੋ ਕਦੇ ਇਬਾਦਤ ਬਣਨ ਦੇ ਕਾਬਲ ਹੋ ਸਕੇ। ਸ਼ਬਦ ਜਿਉਂਦੇ ਰਹਿਣ ਤਾਂ ਬੰਦੇ ਦੇ ਜਾਣ ਤੋਂ ਬਾਅਦ ਵੀ ਉਹ ਕੁਝ ਚਿਰ ਲਈ ਆਪਣੀ ਲਿਖਤ ਵਿੱਚ ਜਿਉਂਦੇ ਹੋਣ ਦਾ ਭਰਮ ਤਾਂ ਪਾਲ ਹੀ ਸਕਦਾ ਹੈ।

ਹਾਲੇ ਤਾਂ ਮੈਂ ਨਵੇਂ ਦਿਸਹੱਦਿਆਂ ਦੀ ਤਲਾਸ਼ ਵਿੱਚ ਆਪਣੇ ਪੈਰਾਂ ਦੇ ਨਾਵੇਂ ਸਫ਼ਰ ਕਰਨਾ ਏ। ਪਗਡੰਡੀ ਨੂੰ ਪੈਹੇ ਬਣਾਉਣਾ ਏ ਅਤੇ ਅਛੂਹ ਮੰਜ਼ਿਲਾਂ ਦੀ ਨਿਸ਼ਾਨਦੇਹੀ ਨੂੰ ਪ੍ਰਾਪਤੀ ਦੀ ਤਾਸੀਰ ਦਾ ਨਾਮ ਦੇਣਾ ਹੈ ਕਿਉਂਕਿ ਕਿਸੇ ਵੀ ਜੀਵਨੀ ਪੜਾਅ ’ਤੇ ਕੋਈ ਵੀ ਪ੍ਰਾਪਤੀ ਕਦੇ ਵੀ ਅਸੰਭਵ ਨਹੀਂ ਹੁੰਦੀ। ਸੁਪਨੇ ਲੈਣ ਤੋਂ ਮਨ ਨੂੰ ਵਰਜਣਾ, ਦਰਅਸਲ ਮਨ ਦੀ ਪ੍ਰਫੂੱਲਤਾ ਦੀ ਮੌਤ ਹੁੰਦੀ ਹੈ

ਹਾਲੇ ਤਾਂ ਮੈਂ ਆਪਣੇ ਸੱਖਣੇ ਦੀਦਿਆਂ ਵਿੱਚ ਰਾਂਗਲਾ ਸੁਪਨਈ ਸੰਸਾਰ ਸਿਰਜਣਾ ਹੈ। ਸੂਹੇ ਰੰਗਾਂ ਨੂੰ ਜੀਵਨ-ਜਾਚ ਦੇ ਨਾਮ ਕਰਨਾ ਹੈ। ਫੁੱਲਾਂ ਦੀ ਸੁਗੰਧਤ ਆਬੋ-ਹਵਾ ਵਿੱਚ ਲਬਰੇਜ਼ ਕਰਨਾ ਹੈ। ਆਪਣੇ ਤੋਂ ਬੇਮੁਖ ਹੋਈ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਵਾਪਸ ਆਉਣ ਲਈ ਹਾਕ ਮਾਰਨੀ ਏ ਅਤੇ ਅਲਮਸਤੀ ਦੇ ਆਲਮ ਵਿੱਚ ਜੀਵਨ ਦੇ ਉਨ੍ਹਾਂ ਪਲਾਂ ਨੂੰ ਮਾਣਨਾ ਏ ਜਿਨ੍ਹਾਂ ਦੀ ਮਹਿਰੂਮਤਾ ਅਕਸਰ ਹੀ ਮਨ ਦੇ ਕੋਨੇ ਵਿੱਚ ਚੀਸ ਪੈਦਾ ਕਰਦੀ ਏ।

ਹਾਲੇ ਤਾਂ ਮੈਂ ਸੋਚ ਦੀ ਰੱਕੜਤਾ ਨੂੰ ਪਾਣੀ ਲਾਉਣਾ ਏ, ਵੱਤਰ ਆਉਣ ’ਤੇ ਵਾਹੁਣਾ ਏ। ਫਿਰ ਇਸ ਵਿੱਚ ਸੁੱਚੇ ਵਿਚਾਰਾਂ ਦੀ ਫ਼ਸਲ ਬੀਜਣੀ ਹੈ ਅਤੇ ਕੂੜ, ਕਪਟ, ਲਾਲਚ, ਕਮੀਨਗੀ ਤੇ ਨਕਾਰਾਤਮਕਤਾ ਨਾਲ ਭਰੇ ਹੋਏ ਮਨਾਂ ਦੇ ਭੜੌਲਿਆਂ ਨੂੰ ਬੰਦਿਆਈ ਭਰੇ ਬੋਹਲਾਂ ਦੀ ਸੁਗਾਤ ਅਰਪਿਤ ਕਰਨੀ ਏ।

ਹਾਲੇ ਤਾਂ ਮੈਂ ਕਮਰਿਆਂ ਵਿੱਚ ਪਸਰੀ ਮਾਤਮੀ ਸੁੰਨ ਨੂੰ ਪਿਆਰੀ ਗੁਫ਼ਤਗੂ ਦਾ ਵਰਦਾਨ ਦੇਣਾ ਹੈ। ਘਰ ’ਚ ਤਣੇ ਹੋਏ ਪਰਦਿਆਂ ਨੂੰ ਲੀਰੋ-ਲੀਰ ਕਰਕੇ ਧੁੱਪ ਨੂੰ ਅੰਦਰ ਆਉਣ ਦੀ ਆਗਿਆ ਦੇਣੀ ਹੈ। ਬੰਦ ਰੌਸ਼ਨਦਾਨਾਂ ਤੇ ਖਿੜਕੀਆਂ ਨੂੰ ਹਵਾ ਦੀ ਰਾਜ਼ਦਾਨ ਬਣਾਉਣਾ ਏ। ਚੌਂਕੇ ਵਿੱਚ ਉੱਗੀ ਹੋਈ ਉਦਾਸੀ ਨੂੰ ਉਖਾੜਨਾ ਏ ਅਤੇ ਸੁੱਕੇ ਦਰਾਂ ਨੂੰ ਥਿੰਦਿਆਈ ਬਖ਼ਸ਼ਣੀ ਏ। ਘਰ ਨੂੰ ਘਰ ਦੇ ਅਰਥ ਦੇਣੇ ਨੇ।

ਹਾਲੇ ਤਾਂ ਮੈਂ ਆਪਣੇ ਰੁੱਸੇ ਹੋਏ ਮਿੱਤਰਾਂ ਦੇ ਗਿਲੇ-ਸ਼ਿਕਵੇ ਦੂਰ ਕਰਨੇ, ਮੋਹ-ਗਲਵੱਕੜੀ ਵਿੱਚ ਪਰਤ ਆਉਣ ਲਈ ਮਨਾਉਣਾ ਏ। ਤੁਰ ਗਏ ਪਿੱਤਰਾਂ ਦੀ ਯਾਦ ਵਿੱਚ ਖ਼ੁਦ ਨੂੰ ਹੰਝੂਆਂ ਨਾਲ ਧੋਣਾ ਵੀ ਏ ਅਤੇ ਉਨ੍ਹਾਂ ਦੀਆਂ ਨਿਆਮਤਾਂ ਨੂੰ ਸ਼ੁਕਰਗੁਜ਼ਾਰੀ ਦਾ ਨਾਮ ਵੀ ਦੇਣਾ ਹੈ ਕਿਉਂਕਿ ਅਸੀਂ ਜੋ ਕੁਝ ਵੀ ਹਾਂ ਆਪਣੇ ਬਜ਼ੁਰਗਾਂ ਸਦਕਾ ਹਾਂ। ਉਨ੍ਹਾਂ ਦੀ ਹੋਂਦ ਨਾਲ ਹੀ ਸਾਡੀ ਹੋਂਦ ਜੁੜੀ ਹੁੰਦੀ ਏ। ਹਾਲੇ ਤਾਂ ਮਾਪਿਆਂ ਦੇ ਸੁਪਨਿਆਂ ਦੀ ਤਾਮੀਰਦਾਰੀ ਕਰਨੀ ਹੈ। ਹਾਲੇ ਤਾਂ ਮੈਂ ਬੜਾ ਕੁਝ ਕਰਨਾ ਹੈ। ਹਾਲੇ ਤਾਂ ਮੈਂ ਆਪਣੇ ਆਪ ਨੂੰ ਮਿਲਣਾ ਹੈ।

ਹਾਲੇ ਤਾਂ ਮੈਂ ਨਿੱਕੇ ਨਿੱਕੇ ਦਾਇਰਿਆਂ ਵਿੱਚੋਂ ਬਾਹਰ ਨਿਕਲਣਾ ਹੈ, ਮਨ ਦੀ ਸੰਕੀਰਨਤਾ ਨੂੰ ਉਚੇਰੀ ਉਡਾਣ ਦੇਣੀ ਹੈ ਤਾਂ ਕਿ ਉਹ ਖੁੱਲ੍ਹੇ ਅੰਬਰ ਦੀ ਹਾਣੀ ਹੋ ਸਕੇ। ਕੱਟੜਤਾ ਦੀਆਂ ਜੰਜ਼ੀਰਾਂ ਨੂੰ ਤੋੜਨਾ ਹੈ ਅਤੇ ਸਿਮਟੀ ਸੰਵੇਦਨਾ ਨੂੰ ਸਮੁੰਦਰੀ ਵਿਸ਼ਾਲਤਾ ਜੇਹੀ ਕਰਮਯੋਗਣ ਬਣਾਉਣਾ ਹੈ।

ਹਾਲੇ ਤਾਂ ਮੈਂ ਖੂਹ ਨੂੰ ਜਾਂਦਿਆਂ, ਪਹਿਆਂ ਦੀ ਧੁੱਧਲ ਉਡਾਉਣੀ ਹੈ। ਮੰਡ ਵਿੱਚ ਪਸ਼ੂ ਚਾਰਦਿਆਂ ਬਿਆਸ ਵਿੱਚ ਫਿਰ ਤੋਂ ਤਾਰੀਆਂ ਲਾਉਣੀਆਂ ਨੇ। ਢੀਮਾਂ ਮਾਰ ਕੇ ਗੁਆਂਢੀਆਂ ਦੇ ਅੰਬ ਦੇ ਬੂਟੇ ਤੋਂ ਅੰਬ ਤੋੜ ਕੇ ਚੂਪਣੇ ਨੇ। ਵਗਦੀ ਆੜ ਵਿੱਚੋਂ ਗੰਢੇ ਦੀ ਭੂਕ ਨਾਲ ਪਾਣੀ ਪੀਣਾ ਹੈ ਅਤੇ ਵੱਟ ’ਤੇ ਉੱਗੇ ਘਾਹ ਨਾਲ ਪੂੰਝ ਕੇ ਗਾਜਰਾਂ ਖਾਣੀਆਂ ਨੇ।

ਹਾਲੇ ਤਾਂ ਮੈਂ ਪੁਰਾਣੀਆਂ ਤੇ ਜ਼ਰਜ਼ਰੀ ਹੋ ਗਈਆਂ ਚਿੱਠੀਆਂ ਦੇ ਸਿਰਨਾਵਿਆਂ ਵਿੱਚੋਂ ਵਿਸਰੇ ਸੱਜਣਾਂ ਦੇ ਮੁਹਾਂਦਰੇ ਨੂੰ ਕਿਆਸਣਾ ਏ ਅਤੇ ਉਨ੍ਹਾਂ ਸੰਗ ਬਿਤਾਏ ਹਰ ਪਲ ਨੂੰ ਦੁਬਾਰਾ ਜਿਉਣਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ। ਹਾਲੇ ਤਾਂ ਮੈਂ ਕੰਧ ਦੇ ਉੱਖੜੇ ਹੋਏ ਪਲੱਸਤਰਾਂ ਅਤੇ ਲਿਓੜਾਂ ’ਚੋਂ ਕਿਰਦੀ ਮਿੱਟੀ ਦੀ ਗਾਥਾ ਲਿਖਣੀ ਹੈ। ਬਾਪ ਦੀ ਪਾਟੀ ਪੱਗ ਵਿੱਚੋਂ ਝਾਕਦੀ ਜਟੂਰੀ ਨੂੰ ਮੁਖ਼ਾਤਬ ਹੋਣਾ ਹੈ। ਉਸ ਦੇ ਪੈਰਾਂ ਦੀਆਂ ਬਿਆਈਆਂ ਵਿੱਚ ਝਾਕਦੇ ਜੀਵਨ ਸੰਘਰਸ਼ ਨੂੰ ਪੜ੍ਹਨਾ ਹੈ। ਮਾਂ ਦੀਆਂ ਚੁੰਨੀਆਂ ਅੱਖਾਂ ਵਿੱਚ ਲੋਅ ਧਰਨੀ ਹੈ। ਪੁੱਤਾਂ ਨੂੰ ਉਡੀਕਦੇ ਦਰਾਂ ’ਤੇ ਮੁੜ ਪਰਤ ਆਉਣ ਦੀ ਦਸਤਕ ਦੇਣੀ ਹੈ। ਬੁੱਢੇ ਘਰ ਦੇ ਬੰਦ ਦਰਾਂ ’ਤੇ ਤੇਲ ਚੋਣਾ ਤੇ ਪਾਣੀ ਡੋਲ੍ਹਣਾ ਹੈ। ਘਰ ਦੀ ਉਦਾਸੀ ਨੂੰ ਜੀਵਨੀ ਹਾਸੀ ਵਿੱਚ ਬਦਲਣਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।

ਹਾਲੇ ਤਾਂ ਮੈਂ ਮੁਨਕਰੀ ਹੰਢਾਉਂਦੇ ਸੁਪਨਿਆਂ ਦੀ ਪੁਨਰ-ਸੁਰਜੀਤੀ ਕਰਨੀ ਹੈ। ਆਪਣੇ ਹਿੱਸੇ ਦਾ ਅੰਬਰ ਤਲਾਸ਼ਣਾ ਹੈ। ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਖ਼ੁਸ਼-ਆਮਦੀਦ ਕਹਿਣਾ ਹੈ। ਰੂਹ ਦੀ ਕਸ਼ੀਦਗੀ ਵਿੱਚੋਂ ਸੁਖਨਤਾ ਅਤੇ ਸਹਿਜਤਾ ਨੂੰ ਨਿਚੋੜ ਕੇ ਪੀਣਾ ਹੈ ਅਤੇ ਰੂਹ-ਰੰਗਤਾ ਸੰਗ ਜਿਉਣਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।

ਹਾਲੇ ਤਾਂ ਮੈਂ ਮੁੜਕੇ ਦੇ ਮੋਤੀਆਂ ਦੀ ਵਰਣਮਾਲਾ ਬਣਾਉਣੀ ਹੈ। ਕਾਮੇ ਦੇ ਪਿੰਡੇ ਵਿੱਚੋਂ ਆਉਂਦੀ ਮਹਿਕ ਦੀ ਤਵਾਰੀਖ਼ ਲਿਖਣੀ ਹੈ। ਭੁੱਖੇ ਢਿੱਡਾਂ ਦੀ ਵਿਲਕਣੀ ਨੂੰ ਲਿਖਤ ਦਾ ਹਿੱਸਾ ਬਣਾਉਣਾ ਹੈ। ਕੁੱਖ ਵਿੱਚ ਕਤਲ ਹੋਈਆਂ ਧੀਆਂ ਦੇ ਕੀਰਨਿਆਂ ਨੂੰ ਲਲਕਾਰ ਵਿੱਚ ਬਦਲਣਾ ਹੈ ਅਤੇ ਤੇਲ ਪਾ ਕੇ ਸਾੜੀਆਂ ਨੂੰਹਾਂ ਦੀ ਚੀਖ਼ ਨੂੰ ਸਹੁਰਿਆਂ ਦੀ ਹਿੱਕ ਵਿੱਚ ਖੁੱਭਿਆ ਖੰਜਰ ਬਣਾਉਣਾ ਹੈ।

ਹਾਲੇ ਤਾਂ ਮੈਂ ਆਪਣਿਆਂ ਦੀ ਬੇਹੁਦਗੀ ਨੂੰ ਉਲਥਾਉਣਾ ਹੈ ਅਤੇ ਆਪਣਿਆਂ ਵੱਲੋਂ ਆਪਣਿਆਂ ਦੇ ਕੀਤੇ ਕਤਲਾਂ ਦਾ ਹਿਸਾਬ-ਕਿਤਾਬ ਲਾਉਣਾ ਹੈ। ਗੁੰਮ ਹੋਈ ਅਪਣੱਤ ਦਾ ਮਰਸੀਆ ਲਿਖਣਾ ਅਤੇ ਪਿਆਰ ਦੇ ਨਾਮ ’ਤੇ ਹੋਈ ਧੋਖਾਧੜੀ ਨੂੰ ਤੋਲਣਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।

ਹਾਲੇ ਤਾਂ ਮੈਂ ਨੌਜਵਾਨਾਂ ਦੇ ਤਿੜਕੇ ਸੁਪਨਿਆਂ ਦੀ ਚੀਸ ਨੂੰ ਰੋਹ ਦਾ ਹੋਕਰਾ ਬਣਾ ਕੇ ਰਾਜ ਦਰਬਾਰ ਦੇ ਗਲਿਆਰਿਆਂ ਵਿੱਚ ਜੋਗੀ ਵਾਲੀ ਫੇਰੀ ਲਾਉਣੀ ਹੈ। ਧੀਆਂ-ਧਿਆਣੀਆਂ ਨੂੰ ਭਾਈ ਭਾਗੋ ਵਰਗੀ ਲਲਕਾਰ ਬਣਨ ਲਈ ਉਤਸ਼ਾਹਿਤ ਕਰਨਾ ਏ। ਉਨ੍ਹਾਂ ਦੀ ਸੋਚ ਵਿੱਚ ਇਹ ਸੱਚ ਧਰਨਾ ਏ ਕਿ ਕੋਈ ਵੀ ਅੰਬਰ ਉਨ੍ਹਾਂ ਲਈ ਵੱਡਾ ਨਹੀਂ ਅਤੇ ਹਰ ਸੁਪਨਾ ਉਨ੍ਹਾਂ ਦਾ ਸੱਚ ਬਣਨ ਲਈ ਕਾਹਲਾ ਹੈ।

ਹਾਲੇ ਤਾਂ ਮੈਂ ਬਜ਼ੁਰਗ ਘਰਾਂ ਵਿੱਚ ਰੁਲਦੇ ਬੁੱਢੇ ਮਾਪਿਆਂ ਦੀ ਤ੍ਰਾਸਦੀ ਨੂੰ ਕੋਰੇ ਵਰਕਿਆਂ ’ਤੇ ਲਿਖਣਾ ਹੈ। ਔਲਾਦ ਦੀ ਬੇਹਯਾਈ ਨੂੰ ਬੇਪਰਦ ਕਰਨਾ ਹੈ। ਪ੍ਰਦੇਸੀ ਮੋਢਾ ਉਡੀਕਦੀ ਅਰਥੀ ਨੂੰ ਸਿਵਿਆਂ ਵਿੱਚ ਧਰ ਕੇ ਅੱਗ ਦੇ ਹਵਾਲੇ ਕਰਨਾ ਹੈ। ਜਿਊਂਦੇ ਜੀਅ ਮਰ ਗਏ ਆਪਣਿਆਂ ਦਾ ਫਾਤਿਹਾ ਪੜ੍ਹ ਕੇ ਜੱਗ ਨੂੰ ਸੁਣਾਉਣਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।

ਹਾਲੇ ਤਾਂ ਮੈਂ ਜ਼ਿੰਦਗੀ ਨੂੰ ਜ਼ਿੰਦਾਦਿਲੀ ਦਾ ਨਾਮ ਦੇਣਾ ਹੈ। ਹਾਲੇ ਤਾਂ ਮੈਂ ਦੱਸਣਾ ਹੈ ਕਿ ਉਮਰ ਸਾਲਾਂ ’ਚ ਨਹੀਂ ਮਿਣੀ ਜਾਂਦੀ। ਇਹ ਤਾਂ ਜਿਉਣ ਜੋਗੇ ਪਲਾਂ ਦਾ ਨਾਮ ਹੁੰਦੀ ਹੈ, ਕਰਮਯੋਗਤਾ ਵਿੱਚੋਂ ਉੱਗੇ ਸੂਰਜਾਂ ਦਾ ਨਾਮਕਰਨ ਹੁੰਦੀ ਹੈ ਜਿਨ੍ਹਾਂ ਨੇ ਕਈ ਸਦੀਆਂ ਤੀਕ ਰੌਸ਼ਨੀ ਦਾ ਵਣਜ ਕਰਦੇ ਰਹਿਣਾ ਹੁੰਦੈ। ਜਿਊਂਦੇ ਜੀਅ ਮਰਨ ਦਾ ਨਾਮ ਨਹੀਂ ਜੀਵਨ ਸਗੋਂ ਮਰ ਕੇ ਜਿਊਂਦੇ ਹੋਣ ਦੀ ਨਿਸ਼ਾਨੀ ਹੁੰਦੀ ਹੈ ਜ਼ਿੰਦਗੀ।

ਹਾਲੇ ਤਾਂ ਮੈਂ ਕਲਮਕਾਰੀ ਦੇ ਗੁਰ ਸਿੱਖਣੇ ਨੇ ਅਤੇ ਫਿਰ ਕਲਮਕਾਰੀ ਦਾ ਯੁੱਗ ਸਿਰਜਣ ਲਈ ਨਿਮਾਣਾ ਜਿਹਾ ਕਰਮਵੇਤਾ ਬਣਨਾ ਹੈ। ਹਾਲੇ ਤਾਂ ਮੈਂ ਮਨ ਦੀਆਂ ਉਨ੍ਹਾਂ ਪਰਤਾਂ ਨੂੰ ਫਰੋਲਣਾ ਹੈ ਜਿਨ੍ਹਾਂ ਤੋਂ ਮੈਂ ਖ਼ੁਦ ਹੀ ਬੇਮੁਖ ਹਾਂ। ਜੀਵਨ ਦੇ ਵੱਖ-ਵੱਖ ਪੜਾਵਾਂ ਦੀ ਨਿਸ਼ਾਨਦੇਹੀ ਕਰਨੀ ਹੈ। ਰਿਸ਼ਤਿਆਂ ਦੀ ਵਰਣਵੰਡ ਨੂੰ ਨਕਾਰਨਾ ਹੈ। ਮਨੁੱਖੀ ਵਿਵਹਾਰ ਅਤੇ ਵਰਤਾਰਿਆਂ ਦਾ ਵਰਗੀਕਰਨ ਕਰਨਾ ਹੈ।

ਹਾਲੇ ਤਾਂ ਮੈਂ ਪੱਤੜੜਾਂ ਦੇ ਵਿਹੜੇ ਬਹਾਰਾਂ ਦੀ ਸੱਦ ਲਾਉਣੀ ਹੈ। ਮਾਯੂਸ ਹੋਏ ਵਕਤ ਨੂੰ ਸੰਦਲੀ ਰੁੱਤ ਦਾ ਲਿਬਾਸ ਅਰਪਿਤ ਕਰਨਾ ਹੈ। ਅੱਧ-ਖਿੜੀਆਂ ਕਲੀਆਂ ਨੂੰ ਖਿੜ ਕੇ ਮਹਿਕਾਂ ਤੇ ਰੰਗ ਵੰਡਣ ਲਈ ਪ੍ਰੇਰਿਤ ਕਰਨਾ ਹੈ। ਬਾਗ਼ ਦੀ ਵੈਰਾਨਗੀ ਦੇ ਨਾਮ ਹਰਿਆਵਲ ਕਰਨੀ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ।

ਹਾਲੇ ਤਾਂ ਮੈਂ ਆਪਣੇ ਹਿੱਸੇ ਦੀ ਜ਼ਿੰਦਗੀ ਨੂੰ ਜਿਉਣਾ ਹੈ। ਉਨ੍ਹਾਂ ਪਲਾਂ ਨੂੰ ਮਾਣਨਾ ਹੈ ਜਿਸ ਦੀ ਮੁਨਕਰੀ ਨੇ ਮੈਨੁੰ ਖ਼ੁਦ ਦਾ ਮੁਥਾਜੀ ਬਣਾ ਛੱਡਿਆ। ਗਲਵੱਕੜੀਆਂ ਦੇ ਮੌਸਮ ਨੂੰ ਬਰੂਹਾਂ ’ਤੇ ਉਤਾਰਨਾ ਹੈ। ਸੁੰਨੇ ਬਨੇਰਿਆਂ ’ਤੇ ਮੋਹ ਦੇ ਚਿਰਾਗ ਜਗਾਉਣੇ ਨੇ। ਹਾਲੇ ਤਾਂ ਮੈਂ ਆਪਣੇ ਅੰਦਰ ਉਤਰਨਾ ਹੈ। ਆਪਣੇ ਆਪ ਨੂੰ ਮਿਲਣਾ ਹੈ ਕਿਉਂਕਿ ਆਪਣੇ ਆਪ ਨੂੰ ਮਿਲਣ ਲਈ ਕਈ ਵਾਰ ਉਮਰ ਹੀ ਬੀਤ ਜਾਂਦੀ ਹੈ ਅਤੇ ਬਹੁਤੀ ਵਾਰ ਅਸੀਂ ਖ਼ੁਦ ਨੂੰ ਮਿਲਿਆਂ ਬਗੈਰ ਹੀ ਆਖ਼ਰੀ ਸਫ਼ਰ ’ਤੇ ਤੁਰ ਪੈਂਦੇ ਹਾਂ। ਦਰਅਸਲ, ਆਪੇ ਨੂੰ ਮਿਲ ਕੇ ਹੀ ਅਸੀਂ ਸੰਪੂਰਨਤਾ ਦੇ ਰਾਹੀ ਬਣਦੇ ਹਾਂ। ਆਪੇ ਨੂੰ ਜਾਗਣ ਤੇ ਜਗਾਉਣ ਦੇ ਕਾਬਲ ਹੁੰਦੇ ਹਾਂ ਜੋ ਸਾਥੋਂ ਹੀ ਮੁਨਕਰ ਹੋਇਆ ਹੁੰਦਾ। ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ ਹੈ। ਹਾਲੇ ਤਾਂ ਮੈਂ ਬਹੁਤ ਕੁਝ ਕਰਨਾ ਹੈ। ਹਾਲੇ ਤਾਂ ਮੈਂ ਖ਼ੁਦ ਨੂੰ ਮਿਲਣਾ ਹੈ।



News Source link
#ਹਲ #ਤ #ਮ #ਸਫ਼ਰ #ਤ #ਤਰਨ

- Advertisement -

More articles

- Advertisement -

Latest article