35.6 C
Patiāla
Friday, May 3, 2024

ਝੱਖੜ ਤੇ ਗੜਿਆਂ ਨਾਲ ਪੰਜਾਬ ’ਚ ਵੱਡਾ ਫ਼ਸਲੀ ਨੁਕਸਾਨ

Must read


ਚਰਨਜੀਤ ਭੁੱਲਰ

ਚੰਡੀਗੜ੍ਹ, 19 ਅਪਰੈਲ

ਪੰਜਾਬ ਵਿਚ ਵਾਢੀ ਦੇ ਜ਼ੋਰ ਫੜਦਿਆਂ ਹੀ ਅੱਜ ਪਏ ਤੇਜ਼ ਮੀਂਹ ਤੇ ਗੜੇਮਾਰੀ ਨੇ ਦਸ ਜ਼ਿਲ੍ਹਿਆਂ ਵਿਚ ਫ਼ਸਲੀ ਨੁਕਸਾਨ ਕੀਤਾ ਹੈ। ਝੱਖੜ ਨਾਲ ਫ਼ਸਲਾਂ ਵਿਛਣ ਦੀਆਂ ਵੀ ਰਿਪੋਰਟਾਂ ਹਨ ਅਤੇ ਵਾਢੀ ਦੇ ਕੰਮ ਨੂੰ ਯੱਕਦਮ ਬਰੇਕ ਲੱਗ ਗਈ ਹੈ। ਪਿਛਲੇ ਸਾਲ ਵੀ ਪੰਜਾਬ ਵਿਚ ਵਾਢੀ ਦੇ ਇਸੇ ਦਿਨ ਹੀ ਝੱਖੜ ਦੇ ਨਾਲ ਮੀਂਹ ਪਿਆ ਸੀ। ਠੀਕ ਇੱਕ ਸਾਲ ਬਾਅਦ ਗੜਿਆਂ ਨੇ ਕਿਸਾਨਾਂ ਦੀਆਂ ਫ਼ਸਲ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਖ਼ਰੀਦ ਕੇਂਦਰਾਂ ਵਿਚ ਅੱਜ 3.61 ਲੱਖ ਮੀਟਰਿਕ ਟਨ ਕਣਕ ਪੁੱਜੀ ਸੀ ਅਤੇ ਸੈਂਕੜੇ ਖ਼ਰੀਦ ਕੇਂਦਰਾਂ ਵਿਚ ਪਈ ਫ਼ਸਲ ਭਿੱਜ ਗਈ ਹੈ।

ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਚੰਡੀਗੜ੍ਹ ਵਿਚ ਅੱਜ ਮੌਸਮ ਦਾ ਮਿਜ਼ਾਜ ਇਕਦਮ ਬਦਲ ਗਿਆ ਅਤੇ ਗਰਜ ਤੇ ਚਮਕ ਨਾਲ ਤੇਜ਼ ਬਾਰਸ਼ ਹੋਈ। ਅੱਜ ਦੁਪਹਿਰ ਮਗਰੋਂ ਹੀ ਬੱਦਲ ਛਾ ਗਏ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਹੋਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਾਰਸ਼ ਪੈਣ ਦੀ ਭਵਿੱਖਬਾਣੀ ਕੀਤੀ ਹੈ। ਲੰਘੇ ਦਿਨ ਤੋਂ ਬੱਦਲਵਾਈ ਬਣੀ ਹੋਈ ਸੀ ਅਤੇ ਕਿਸਾਨਾਂ ਨੇ ਮੌਸਮ ਦੇ ਡਰੋਂ ਵਾਢੀ ਇਕਦਮ ਤੇਜ਼ ਕਰ ਦਿੱਤੀ ਸੀ ਜਿਸ ਕਰਕੇ ਫ਼ਸਲ ਵਿਚ ਨਮੀ ਦੀ ਮਾਤਰਾ ਵੀ ਜ਼ਿਆਦਾ ਆ ਰਹੀ ਸੀ। ਅੱਜ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ।

ਪੰਜਾਬ ਵਿਚ ਮੁੱਖ ਸੜਕਾਂ ਅਤੇ ਨਹਿਰਾਂ ’ਤੇ ਵੱਡੀ ਗਿਣਤੀ ਵਿਚ ਦਰੱਖਤ ਵੀ ਡਿੱਗੇ ਹਨ। ਪਟਿਆਲਾ ਸਰਹਿੰਦ ਸੜਕ ’ਤੇ ਝੱਖੜ ਕਾਰਨ ਦੋ ਗੱਡੀਆਂ ’ਤੇ ਦਰੱਖ਼ਤ ਡਿੱਗ ਪਏ ਅਤੇ ਸੜਕੀ ਆਵਾਜਾਈ ਕੁੱਝ ਸਮਾਂ ਜਾਮ ਰਹੀ। ਜੈਤੋ ਕੋਟਕਪੂਰਾ ਸੜਕ ’ਤੇ ਇੱਕ ਪ੍ਰਾਈਵੇਟ ਬੱਸ ਅਤੇ ਟਰੈਕਟਰ ’ਤੇ ਦਰਜਨ ਦੇ ਕਰੀਬ ਬਿਜਲੀ ਦੇ ਖੰਭੇ ਡਿੱਗ ਪਏ। ਬਾਰਸ਼ ਕਾਰਨ ਅੱਜ ਬਿਜਲੀ ਦੀ ਮੰਗ ਵਿਚ ਕਮੀ ਆ ਗਈ ਹੈ ਜਦੋਂ ਕਿ ਪਿਛਲੇ ਦਿਨਾਂ ਵਿਚ ਬਿਜਲੀ ਦੀ ਮੰਗ 8500 ਮੈਗਾਵਾਟ ਨੂੰ ਛੂਹ ਗਈ ਸੀ। ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ, ਬਠਿੰਡਾ, ਫ਼ਰੀਦਕੋਟ, ਫ਼ਤਿਹਗੜ੍ਹ ਸਾਹਿਬ, ਜਲੰਧਰ, ਮਾਨਸਾ, ਲੁਧਿਆਣਾ, ਮੋਗਾ, ਸੰਗਰੂਰ ਅਤੇ ਪਟਿਆਲਾ ਵਿਚ ਕਿਤੇ ਜ਼ਿਆਦਾ ਅਤੇ ਕਿਤੇ ਮਾਮੂਲੀ ਗੜੇਮਾਰੀ ਹੋਈ ਹੈ। ਇਸੇ ਤਰ੍ਹਾਂ ਬਰਨਾਲਾ, ਫ਼ਿਰੋਜ਼ਪੁਰ, ਕਪੂਰਥਲਾ ਤੇ ਰੂਪਨਗਰ ਵਿਚ ਬਾਰਸ਼ ਹੋਈ ਹੈ। ਬਾਰਸ਼ ਤੋਂ ਅੱਜ ਫ਼ਾਜ਼ਿਲਕਾ, ਤਰਨ ਤਾਰਨ, ਨਵਾਂ ਸ਼ਹਿਰ, ਹੁਸ਼ਿਆਰਪੁਰ ਤੇ ਪਠਾਨਕੋਟ ਜ਼ਿਲ੍ਹਿਆਂ ਦਾ ਬਚਾਅ ਰਿਹਾ ਹੈ। ਮੋਗਾ ਜ਼ਿਲ੍ਹੇ ਵਿਚ ਗੜੇਮਾਰੀ ਕਾਰਨ 25 ਫ਼ੀਸਦੀ ਤੋਂ ਜ਼ਿਆਦਾ ਝਾੜ ਦਾ ਨੁਕਸਾਨ ਹੋ ਸਕਦਾ ਹੈ ਜਦੋਂ ਕਿ ਬਠਿੰਡਾ ਜ਼ਿਲ੍ਹੇ ਵਿਚ 15 ਫ਼ੀਸਦੀ ਝਾੜ ਪ੍ਰਭਾਵਿਤ ਹੋ ਸਕਦਾ ਹੈ। ਰਾਜਪੁਰਾ ਦੇ ਇਲਾਕੇ ਵਿਚ ਵੀ ਗੜੇਮਾਰੀ ਨੇ ਫ਼ਸਲੀ ਨੁਕਸਾਨ ਕੀਤਾ ਹੈ। ਮੀਂਹ ਤੇ ਗੜੇਮਾਰੀ ਕਰਕੇ ਵਾਢੀ ਦਾ ਕੰਮ ਜਿੱਥੇ ਹੁਣ ਕੁਝ ਦਿਨ ਪੱਛੜ ਜਾਵੇਗਾ, ਉੱਥੇ ਵਿਛੀਆਂ ਫ਼ਸਲਾਂ ਦੀ ਕਟਾਈ ਦੇ ਲਾਗਤ ਖ਼ਰਚੇ ਵਧ ਜਾਣਗੇ। ਕਿਸਾਨਾਂ ਨੂੰ ਕਣਕ ਦਾ ਝਾੜ ਪ੍ਰਭਾਵਿਤ ਹੋਣ ਦਾ ਡਰ ਬਣ ਗਿਆ ਹੈ। ਪੰਜਾਬ ਦੀਆਂ ਮੰਡੀਆਂ ਵਿਚ ਐਤਕੀਂ 132 ਲੱਖ ਮੀਟਰਿਕ ਟਨ ਫ਼ਸਲ ਆਉਣ ਦਾ ਅਨੁਮਾਨ ਸੀ ਅਤੇ 161 ਲੱਖ ਮੀਟਰਿਕ ਟਨ ਪੈਦਾਵਾਰ ਦੀ ਆਸ ਸੀ। ਮੰਡੀਆਂ ਵਿਚ ਖ਼ਰੀਦ ਦਾ ਕੰਮ ਪਹਿਲਾਂ ਹੀ ਸੁਸਤ ਰਫ਼ਤਾਰ ਚੱਲ ਰਿਹਾ ਸੀ ਅਤੇ ਹੁਣ ਬਾਰਸ਼ ਦੀ ਝੰਬੀ ਫ਼ਸਲ ਕਿਸਾਨਾਂ ਨੂੰ ਮੰਡੀਆਂ ਵਿਚ ਖੱਜਲ ਖ਼ੁਆਰ ਵੀ ਕਰ ਸਕਦੀ ਹੈ। ਨਾਭਾ, ਭਾਦਸੋਂ ਤੇ ਅਮਲੋਹ ਇਲਾਕੇ ਵਿਚ ਭਾਰੀ ਝੱਖੜ ਆਇਆ ਹੈ। ਫ਼ਿਰੋਜ਼ਪੁਰ ਤੇ ਜ਼ਿਲ੍ਹਾ ਮੋਗਾ ਦੇ ਸੈਂਕੜੇ ਪਿੰਡਾਂ ਵਿਚ ਗੜੇ ਪਏ ਹਨ। ਸਮਾਣਾ ਇਲਾਕੇ ਦੇ ਪਿੰਡ ਤਲਵੰਡੀ ਮਲਿਕ ਸਮੇਤ ਦਰਜਨਾਂ ਪਿੰਡਾਂ ਵਿਚ ਗੜੇ ਪੈਣ ਦੀਆਂ ਰਿਪੋਰਟਾਂ ਹਨ। ਸੰਗਰੂਰ ਜ਼ਿਲ੍ਹੇ ਵਿਚ ਭਾਰੀ ਮੀਂਹ ਪਿਆ ਹੈ ਅਤੇ ਬਰਨਾਲਾ ਜ਼ਿਲ੍ਹੇ ਵਿਚ ਕਈ ਥਾਵਾਂ ’ਤੇ ਗੜੇਮਾਰੀ ਹੋਈ ਹੈ। ਫਗਵਾੜਾ ਵਿਚ ਤੂਫ਼ਾਨ ਆਇਆ ਹੈ ਜਦੋਂ ਕਿ ਮੋਗਾ ਦੇ ਪਿੰਡ ਸਿੰਘੇਵਾਲਾ ਦੀ ਮੰਡੀ ਵਿਚ ਫ਼ਸਲ ਭਿੱਜ ਗਈ ਹੈ। ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਤੇ ਹੋਰ ਪਿੰਡਾਂ ਵਿਚ ਗੜੇਮਾਰੀ ਹੋਈ ਹੈ। ਮਲੇਰਕੋਟਲਾ ਦੇ ਅਮਰਗੜ੍ਹ ਦੇ ਪਿੰਡਾਂ ਵਿਚ ਗੜੇਮਾਰੀ ਹੋਈ ਹੈ। ਫ਼ਿਰੋਜ਼ਪੁਰ ਦੇ ਪਿੰਡ ਮੁਦਕੀ ਦੇ ਖ਼ਰੀਦ ਕੇਂਦਰ ਵਿਚ ਫ਼ਸਲ ਭਿੱਜ ਗਈ ਹੈ। ਕਪੂਰਥਲਾ ਜ਼ਿਲ੍ਹੇ ਵਿਚ ਮੱਕੀ ਦੀ ਫ਼ਸਲ ਵੀ ਪ੍ਰਭਾਵਿਤ ਹੋਈ ਹੈ। ਅੱਜ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਸੰਬੋਧਨ ਕਰ ਰਹੇ ਸਨ ਤਾਂ ਉਦੋਂ ਹੀ ਤੇਜ਼ ਝੱਖੜ ਆ ਗਿਆ।

ਫ਼ਸਲ ਦੇ ਹਰ ਦਾਣੇ ਦੇ ਨੁਕਸਾਨ ਦੀ ਭਰਪਾਈ ਕਰਾਂਗੇ: ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਚ ਬਾਰਸ਼ ਤੇ ਗੜੇਮਾਰੀ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਉਨ੍ਹਾਂ ਇਸ ਆਫ਼ਤ ਮੌਕੇ ਕਿਸਾਨੀ ਨਾਲ ਖੜ੍ਹਨ ਦਾ ਅਹਿਦ ਲੈਂਦਿਆਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੇ ਇੱਕ ਇੱਕ ਦਾਣੇ ਦੇ ਨੁਕਸਾਨ ਦੀ ਪੂਰਤੀ ਕਰਾਂਗੇ। ਉਨ੍ਹਾਂ ਕਿਹਾ ਕਿ ਭਾਵੇਂ ਮੀਂਹ, ਝੱਖੜ, ਹਨੇਰੀ, ਤੂਫ਼ਾਨ ਜਾਂ ਕੋਈ ਵੀ ਕੁਦਰਤੀ ਆਫ਼ਤ ਆਵੇ, ਇਸ ਔਖ ਦੀ ਘੜੀ ਵਿਚ ਕਿਸਾਨਾਂ ਦੇ ਨਾਲ ਖੜ੍ਹਾਂਗਾ।ਮੁੱਖ ਮੰਤਰੀ ਨੇ ਕਿਹਾ ਕਿ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਹੈ ਪਰ ਪੰਜਾਬ ਸਰਕਾਰ ਕਿਸਾਨਾਂ ਨਾਲ ਖੜ੍ਹੇਗੀ।

ਫ਼ੀਲਡ ’ਚੋਂ ਰਿਪੋਰਟ ਮੰਗੀ ਹੈ: ਡਾਇਰੈਕਟਰ

ਖੇਤੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਬਾਰਸ਼ ਤੇ ਗੜੇਮਾਰੀ ਨਾਲ ਹੋਏ ਨੁਕਸਾਨ ਵਾਰੇ ਜ਼ਿਲ੍ਹਾ ਖੇਤੀ ਅਫ਼ਸਰਾਂ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਦੱਸਿਆ ਕਿ ਬਾਰਸ਼ ਕਰਕੇ ਵਾਢੀ ਦਾ ਕੰਮ ਲੇਟ ਹੋਵੇਗਾ ਪ੍ਰੰਤੂ ਝਾੜ ’ਤੇ ਕੋਈ ਬਹੁਤਾ ਅਸਰ ਨਹੀਂ ਪਵੇਗਾ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਸਿਰਫ਼ 8 ਫ਼ੀਸਦੀ ਵਾਢੀ ਹੀ ਹੋਈ ਸੀ।



News Source link

- Advertisement -

More articles

- Advertisement -

Latest article