22.1 C
Patiāla
Tuesday, April 30, 2024

ਦਿੱਲੀ ਵਿੱਚ ਦੋ ਸੌ ਸੰਕਲਪ ਸਭਾਵਾਂ ਕਰੇਗੀ ‘ਆਪ’

Must read


ਨਵੀਂ ਦਿੱਲੀ, 15 ਅਪਰੈਲ

ਆਮ ਆਦਮੀ ਪਾਰਟੀ (ਆਪ) ਦਿੱਲੀ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਚਾਰ ਸੰਸਦੀ ਹਲਕਿਆਂ ਵਿੱਚ ਕੁੱਲ 200 ‘ਸੰਕਲਪ ਸਭਾ’ ਕਰਵਾਏਗੀ। ਇਸ ਦੌਰਾਨ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖ਼ਿਲਾਫ਼ ਲੋਕਾਂ ਤੋਂ ਸਮਰਥਨ ਮੰਗੇਗੀ। ਪਾਰਟੀ ਦੇ ਸੀਨੀਅਰ ਨੇਤਾ ਗੋਪਾਲ ਰਾਏ ਨੇ ਅੱਜ ਇਹ ਜਾਣਕਾਰੀ ਦਿੱਤੀ। ‘ਆਪ’ ਨੇ ਦਿੱਲੀ ’ਚ ਕਾਂਗਰਸ ਨਾਲ ਸਮਝੌਤਾ ਕੀਤਾ ਹੋਇਆ ਹੈ। ਇਸ ਤਹਿਤ ਪਾਰਟੀ ਚਾਰ ਲੋਕ ਸਭਾ ਸੀਟਾਂ ’ਤੇ ਚੋਣ ਲੜ ਰਹੀ ਹੈ ਜਦਕਿ ਕਾਂਗਰਸ ਨੇ ਤਿੰਨ ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ।

ਰਾਏ ਨੇ ਇੱਥੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ‘ਸੰਕਲਪ ਸਭਾ’ ਚਾਰ ਲੋਕ ਸਭਾ ਹਲਕਿਆਂ ਅਧੀਨ ਆਉਂਦੇ 40 ਵਿਧਾਨ ਸਭਾ ਹਲਕਿਆਂ ਵਿੱਚ ਹੋਵੇਗੀ, ਜਿਸ ਵਿੱਚ ‘ਆਪ’ ਦੇ ਸੀਨੀਅਰ ਆਗੂ ਤੇ ਮੰਤਰੀ ਹਿੱਸਾ ਲੈਣਗੇ। ‘ਆਪ’ ਮੁਤਾਬਕ ਰਾਜ ਸਭਾ ਮੈਂਬਰ ਸੰਜੈ ਸਿੰਘ ਅਤੇ ਗੋਪਾਲ ਰਾਏ ‘ਸੰਕਲਪ ਸਭਾਵਾਂ’ ਦੀ ਪ੍ਰਧਾਨਗੀ ਕਰਨਗੇ। ਪਾਰਟੀ ਮੁਤਾਬਕ ਰਾਏ ਪੂਰਬੀ ਦਿੱਲੀ ਲੋਕ ਸਭਾ ਹਲਕੇ ਦੇ ਅਧੀਨ ਵਿਸ਼ਵਾਸ ਨਗਰ ਵਿਧਾਨ ਸਭਾ ਹਲਕੇ ਵਿੱਚ ਅਜਿਹੀ ਪਹਿਲੀ ਮੀਟਿੰਗ ਕਰਨਗੇ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ ਵਿੱਚ ਕਥਿਤ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹਨ। ਦਿੱਲੀ ਦੀਆਂ ਸੱਤ ਲੋਕ ਸਭਾ ਸੀਟਾਂ ਲਈ 25 ਮਈ ਨੂੰ ਵੋਟਾਂ ਪੈਣਗੀਆਂ। -ਪੀਟੀਆਈ

ਗ੍ਰਿਫ਼ਤਾਰੀ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ: ਸੰਜੈ ਸਿੰਘ

ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਸੰਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ੍ਹ ਭੇਜ ਕੇ ਮੋਦੀ ਨੇ ਨੇਕ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮਹੀਨੇ ਦੀ ਕੈਦ ਦੌਰਾਨ ਉਹ ਆਪਣੇ ਬਾਰੇ ਬਹੁਤ ਕੁਝ ਸਮਝ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜੋ ਰਾਜਨੀਤੀ ਉਹ ਪਿਛਲੇ 30 ਸਾਲਾਂ ਤੋਂ ਕਰ ਰਹੇ ਹਨ, ਉਹ ਸਹੀ ਰਸਤੇ ’ਤੇ ਹੈ। ਉਨ੍ਹਾਂ ਕਿਹਾ, ‘ਛੇ ਮਹੀਨੇ ਜੇਲ੍ਹ ਵਿੱਚ ਰਿਹਾ। ਮੈਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਸੀ। ਜੇ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਇਹ ਮੌਕਾ ਨਾ ਦਿੱਤਾ ਹੁੰਦਾ ਤਾਂ ਮੈਂ ਆਪਣੇ ਆਪ ਨੂੰ ਮਿਲ ਨਹੀਂ ਸਕਦਾ ਸੀ। ਜਦੋਂ ਮਨੁੱਖ ਇਕੱਲਾ ਹੁੰਦਾ ਹੈ ਤਾਂ ਉਸ ਨੂੰ ਬਹੁਤ ਕੁਝ ਸੋਚਣ ਦਾ ਮੌਕਾ ਮਿਲਦਾ ਹੈ। ਮੈਂ ਪਿਛਲੇ 10 ਦਿਨਾਂ ਤੋਂ ਜੇਲ੍ਹ ਤੋਂ ਬਾਹਰ ਹਾਂ। ਮੈਂ ਸ਼ਾਂਤੀ ਨਾਲ ਸੌ ਰਿਹਾ ਹਾਂ।’ ਉਨ੍ਹਾਂ ਕਿਹਾ, ‘‘ਮੈਂ ਨੈਲਸਨ ਮੰਡੇਲਾ ਨੂੰ ਪੜ੍ਹਿਆ। ਉਸ ਦਾ ਜੀਵਨ ਕਿੰਨਾ ਸ਼ਾਨਦਾਰ ਤੇ ਇਨਕਲਾਬੀ ਸੀ। ਪੁਸਤਕਾਂ ਜ਼ਰੀਏ ਭਗਤ ਸਿੰਘ ਨਾਲ ਮੁਲਾਕਾਤ ਕੀਤੀ। ਇਸ 23 ਸਾਲਾ ਨੌਜਵਾਨ ਨੇ ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਮੈਂ ਅਸ਼ਫਾਕੁੱਲਾ, ਰਾਮ ਪ੍ਰਸਾਦ ਬਿਸਮਿਲ ਅਤੇ ਕਾਲਾ ਪਾਣੀ ਦੇ ਦਸਤਾਵੇਜ਼ ਪੜ੍ਹੇ। ਗਾਂਧੀ ਜੀ ਨੂੰ ਪੜ੍ਹਿਆ। ਮੈਨੂੰ ਅਹਿਸਾਸ ਹੋਇਆ ਕਿ ਅਸੀਂ ਸਹੀ ਰਸਤੇ ’ਤੇ ਚੱਲ ਰਹੇ ਹਾਂ। ਜੇ ਛੇ ਮਹੀਨੇ ਦੀ ਜੇਲ੍ਹ ਯਾਤਰਾ ਨਾ ਹੁੰਦੀ ਤਾਂ ਸਾਨੂੰ ਇਸ ਬਾਰੇ ਪਤਾ ਹੀ ਨਹੀਂ ਸੀ ਲੱਗਣਾ। ਮੈਨੂੰ ਇਹ ਮੌਕਾ ਦੇਣ ਲਈ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।’’



News Source link

- Advertisement -

More articles

- Advertisement -

Latest article