39 C
Patiāla
Saturday, April 27, 2024

ਭੂੰਦੜੀ ’ਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਪੱਕਾ ਮੋਰਚਾ ਸ਼ੁਰੂ

Must read


ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 28 ਮਾਰਚ

ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਨੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੇ ਹੋਏ ਐਲਾਨ ਮੁਤਾਬਕ ਅੱਜ ਭੂੰਦੜੀ ਵਿੱਚ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਇਸ ’ਚ ਇਲਾਕੇ ’ਚੋਂ ਔਰਤਾਂ ਨੇ ਵੀ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਪੱਕਾ ਮੋਰਚਾ ਲਾਉਣ ਤੋਂ ਪਹਿਲਾਂ ਭੂੰਦੜੀ ਬਾਜ਼ਾਰ ’ਚ ਰੋਸ ਮਾਰਚ ਕੀਤਾ ਗਿਆ। ਮੋਰਚੇ ’ਚ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ), ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਮਹਿਲਾ ਮੰਡਲ ਭੂੰਦੜੀ, ਪੰਜਾਬ ਲੋਕ ਸੱਭਿਆਚਾਰਕ ਮੰਚ ਤੋਂ ਇਲਾਵਾ ਯੂਥ ਕਲੱਬਾਂ ਅਤੇ ਲੋਕ ਗੁਰਦੁਆਰਾ ਕਮੇਟੀ ਨੇ ਭਾਗ ਲਿਆ। ਲੋਕ ਕਲਾ ਮੰਚ ਮੁੱਲਾਂਪੁਰ ਦੇ ਨਿਰਦੇਸ਼ਕ ਸੁਰਿੰਦਰ ਸ਼ਰਮਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਫਲਸਫੇ ’ਤੇ ਆਧਾਰਿਤ ਨਾਟਕ ‘ਬੁੱਤ ਜਾਗ ਪਿਆ’ ਖੇਡਿਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਸੁਖਦੇਵ ਸਿੰਘ, ਗੁਰਜੀਤ ਸਿੰਘ, ਅਵਤਾਰ ਸਿੰਘ, ਤੇਜਿੰਦਰ ਸਿੰਘ, ਕੋਮਲ ਸਿੰਘ, ਜਗਤਾਰ ਸਿੰਘ, ਹਰਦੀਪ ਸਿੰਘ ਨੇ ਕਿਹਾ ਕਿ ਇਲਾਕੇ ਦੇ ਵਾਤਾਵਰਣ, ਪਾਣੀ ਅਤੇ ਹਵਾ ਨੂੰ ਇਸ ਫੈਕਟਰੀ ਤੋਂ ਖ਼ਤਰਾ ਹੈ। ਇਸ ਤੋਂ ਲੋਕਾਂ ਨੂੰ ਬਚਾਉਣ ਲਈ ਇਹ ਸੰਘਰਸ਼ ਵਿੱਢਿਆ ਗਿਆ ਹੈ ਅਤੇ ਫੈਕਟਰੀ ਬੰਦ ਕਰਵਾ ਕੇ ਹੀ ਇਹ ਧਰਨਾ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਫੈਕਟਰੀ ਲਾਉਣ ਦੇ ਵਿਰੁੱਧ ਨਹੀਂ ਪਰ ਜਿਹੜੀ ਫੈਕਟਰੀ ਲੋਕਾਂ ਦੀ ਜਾਨ ਮਾਲ ਲਈ ਖ਼ਤਰਾ ਹੋਵੇ, ਉਹ ਨਹੀਂ ਲੱਗ ਸਕਦੀ। ਪ੍ਰਸ਼ਾਸਨ ਵੱਲੋਂ ਐੱਸਡੀਐੱਮ ਗੁਰਬੀਰ ਸਿੰਘ ਕੋਹਲੀ ਨੇ ਫੈਕਟਰੀ ਦੇ ਹੱਕ ’ਚ ਦਲੀਲਾਂ ਦਿੱਤੀਆਂ, ਜੋ ਹਰਦੀਪ ਸਿੰਘ ਕਾਉਂਕੇ, ਡਾ. ਸੁਖਦੇਵ ਭੂੰਦੜੀ ਅਤੇ ਦਰਸ਼ਨ ਸਿੰਘ ਵੀਰਮੀ ਨੇ ਰੱਦ ਕਰ ਦਿੱਤੀਆਂ। ਇਸ ਤੋਂ ਬਾਅਦ ਪੱਕੇ ਤੌਰ ’ਤੇ ਧਰਨਾ ਜਾਰੀ ਰੱਖਣ ਦਾ ਪ੍ਰਣ ਕੀਤਾ ਗਿਆ। ਧਰਨੇ ’ਚ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਣ, ਕੰਵਲਜੀਤ ਖੰਨਾ, ਇੰਦਰਜੀਤ ਧਾਲੀਵਾਲ, ਕਮਿੱਕਰ ਸਿੰਘ, ਪ੍ਰੇਮ ਸਿੰਘ, ਬਲਦੇਵ ਸਿੰਘ ਰਸੂਲਪੁਰ, ਜਸਵੰਤ ਸਿੰਘ ਭੱਟੀਆਂ, ਗੁਰਦਿਆਲ ਸਿੰਘ, ਕਲਪਨਾ, ਸੰਜੂ ਆਦਿ ਹਾਜ਼ਰ ਸਨ।



News Source link

- Advertisement -

More articles

- Advertisement -

Latest article