38.5 C
Patiāla
Saturday, April 27, 2024

ਪੰਜਾਬ ਖੇਤੀਬਾੜੀ ’ਵਰਸਿਟੀ ਵਿੱਚ ਕੌਮੀ ਯੁਵਕ ਮੇਲਾ ਅੱਜ ਤੋਂ

Must read


ਸਤਵਿੰਦਰ ਬਸਰਾ

ਲੁਧਿਆਣਾ, 27 ਮਾਰਚ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿੱਚ ਭਲਕੇ 28 ਮਾਰਚ ਤੋਂ ਸ਼ੁਰੂ ਹੋ ਰਹੇ 37ਵੇਂ ਕੌਮੀ ਯੁਵਕ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਯੁਵਕ ਮੇਲੇ ਦੇ ਉਦਘਾਟਨ ਤੋਂ ਪਹਿਲਾਂ ਵੱਖ-ਵੱਖ ਸੂਬਿਆਂ ਤੋਂ ਆਏ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਰੈਲੀ ਕੱਢੀ ਜਾਵੇਗੀ। ਇਸ ਮੌਕੇ ਪ੍ਰਸਿੱਧ ਪੰਜਾਬੀ ਗਾਇਕ ਜਸਵੀਰ ਜੱਸੀ ਤੋਂ ਇਲਾਵਾ ਭਾਰਤੀ ਯੂਨੀਵਰਸਿਟੀ ਸੰਘ ਦੇ ਸੱਭਿਆਚਾਰਕ ਮਾਮਲਿਆਂ ਦੇ ਜਨਰਲ ਸਕੱਤਰ ਪੰਕਜ ਮਿੱਤਲ ਅਤੇ ਜੁਆਇੰਟ ਸਕੱਤਰ ਬਲਜੀਤ ਸਿੰਘ ਸੇਖੋਂ ਵੀ ਸ਼ਾਮਲ ਹੋਣਗੇ। ਇਸ ਕੌਮੀ ਪੱਧਰ ਦੇ ਯੁਵਕ ਮੇਲੇ ਨੂੰ ਲੈ ਕੇ ਪੀਏਯੂ ਕੈਂਪਸ ਨੂੰ ਵਿਆਹ ਸਮਾਗਮ ਦੀ ਤਰ੍ਹਾਂ ਸਜਾਇਆ ਹੋਇਆ ਹੈ। ਮੇਲੇ ਵਿੱਚ ਸ਼ਿਰਕਤ ਕਰਨ ਵਾਲੇ ਵੱਖ ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਨਿੱਘੀ ਜੀ ਆਇਆਂ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਦੀ ਰਿਹਾਇਸ਼ ਅਤੇ ਖਾਣ-ਪੀਣ ਦੇ ਢੁਕਵੇਂ ਪ੍ਰਬੰਧ ਕੀਤੇ ਜਾ ਚੁੱਕੇ ਹਨ।

ਮੇਲੇ ਦਾ ਮੁੱਖ ਪੰਡਾਲ ਵੀ ਪੂਰੀ ਤਰ੍ਹਾਂ ਸਜਾਇਆ ਜਾ ਚੁੱਕਾ ਹੈ। ਮੇਲੇ ਦੇ ਉਦਘਾਟਨ ਮੌਕੇ ਵੱਖ ਵੱਖ ਸੂਬਿਆਂ ਦੀਆਂ 119 ਦੇ ਕਰੀਬ ਯੂਨੀਵਰਸਿਟੀਆਂ ਤੋਂ ਆਏ ਵਿਦਿਆਰਥੀ ਮੁਕਾਬਲਿਆਂ ਤੋਂ ਪਹਿਲਾਂ ਸੱਭਿਆਚਾਰਕ ਰੈਲੀ ਵਿੱਚ ਹਿੱਸਾ ਲੈਣਗੇ। ਇਹ ਰੈਲੀ ’ਵਰਸਿਟੀ ਦੇ ਥਾਪਰ ਹਾਲ ਤੋਂ ਸ਼ੁਰੂ ਹੋ ਕੇ ਵੀਸੀ ਦਫਤਰ, ਲਾਇਬ੍ਰੇਰੀ ਰੋਡ, ਖੇਡ ਮੈਦਾਨਾਂ ਨੇੜਿਓਂ ਹੁੰਦਾ ਹੋਇਆ ਓਪਨ ਏਅਰ ਥੀਏਟਰ ਤੱਕ ਪਹੁੰਚੇਗੀ। ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਇਹ ਪੀਏਯੂ ਲਈ ਮਾਣ ਵਾਲੀ ਗੱਲ ਹੈ ਕਿ ਉਸ ਨੂੰ ਕੌਮੀ ਪੱਧਰ ਦਾ ਇਹ ਸਮਾਗਮ ਕਰਵਾਉਣ ਦਾ ਮੌਕਾ ਮਿਲਿਆ ਹੈ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਮੇਲੇ ਦਾ ਉਦਘਾਟਨ 28 ਮਾਰਚ ਨੂੰ ਸ਼ਾਮ 4 ਵਜੇ ਪੀ ਏ ਯੂ ਦੇ ਓਪਨ ਏਅਰ ਥੀਏਟਰ ਵਿਚ ਹੋਵੇਗਾ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਕੱਢਿਆ ਜਾਣ ਵਾਲਾ ਸੱਭਿਆਚਾਰਕ ਮਾਰਜ ਮੁੱਖ ਆਕਰਸ਼ਨ ਦਾ ਕੇਂਦਰ ਹੋਵੇਗਾ ਕਿਉਂਕਿ ਇਸ ਵਿੱਚ ਪੂਰੇ ਭਾਰਤ ਦੇ ਅਮੀਰ ਸੱਭਿਆਚਾਰ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਮਿਲੇਗਾ। ਮੇਲੇ ’ਚ ਹਿੱਸਾ ਲੈਣ ਵਾਲਿਆਂ ਲਈ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਤਰ੍ਹਾਂ ਦੇ ਪਕਵਾਨ ਬਣਾਏ ਜਾ ਰਹੇ ਹਨ। ਯੁਵਕ ਮੇਲੇ ਦੇ ਪਹਿਲੇ ਦੋ ਦਿਨ ਵੱਖ ਵੱਖ ਮੁਕਾਬਲਿਆਂ ਤੋਂ ਬਾਅਦ 31 ਮਾਰਚ ਨੂੰ ਲੋਕ ਅਤੇ ਕਬਾਇਲੀ ਨਾਚ ਆਦਿ ਮੁਕਾਬਲੇ ਵਿੱਚ ਦਾ ਕੇਂਦਰ ਰਹਿਣਗੇ।



News Source link

- Advertisement -

More articles

- Advertisement -

Latest article