24.2 C
Patiāla
Monday, April 29, 2024

ਹਾਏ ਵੋਟਾਂ

Must read


ਕਰਮਜੀਤ ਕੌਰ

ਸਵੇਰ ਦੀ ਤਾਈ ਮੇਲੋ ਖਿੱਝੀ-ਖਿੱਝੀ ਜਿਹੀ ਲੱਗ ਰਹੀ ਸੀ। ਤਾਇਆ ਮਾਘ ਸਿੰਘ ਪਹੁ ਫੁਟਾਲੇ ਦਾ ਵੋਟਾਂ ਵਾਲਿਆਂ ਨਾਲ ਗਿਆ ਅਜੇ ਤੱਕ ਨਹੀਂ ਸੀ ਬਹੁੜਿਆ। ਤਾਏ ਮਾਘ ਸਿੰਘ ਦਾ ਕੋਈ ਥਹੁ-ਪਤਾ ਨਹੀਂ ਸੀ। ਤਾਈ ਮੇਲੋ ਆਪਣਾ ਗੁੱਸਾ ਨਿੱਕੇ ਬਾਲਾਂ ’ਤੇ ਕੱਢ ਰਹੀ ਸੀ। ਇਹ ਤਾਂ ਭਲਾ ਹੋਵੇ ਬੱਚਿਆਂ ਦਾ ਜਿਨ੍ਹਾਂ ਨੇ ਟੇਪ ਰਿਕਾਰਡਰ ’ਤੇ ਉੱਚੀ ਆਵਾਜ਼ ਵਿੱਚ ਗਾਣੇ ਲਗਾ ਦਿੱਤੇ। ਗਾਣਿਆਂ ਦੀ ਆਵਾਜ਼ ਸੁਣ ਕੇ ਤਾਏ ਮਾਘ ਸਿੰਘ ਦੀ ਅੱਖ ਖੁੱਲ੍ਹ ਗਈ ਜਿਹੜਾ ਸਿਖਰ ਦੁਪਹਿਰੇ ਵੀ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਤਾਈ ਮੇਲੋ ਤੋਂ ਡਰਦਾ ਅਛੋਪਲੇ ਜਿਹੇ ਉੱਪਰ ਚੁਬਾਰੇ ਵਿੱਚ ਜਾ ਕੇ ਪੈ ਗਿਆ ਸੀ। ਇੱਕ ਘਰ ਦੀ ਕੱਢੀ ਦਾ ਨਸ਼ਾ ਤੇ ਉੱਪਰੋਂ ਸੰਗੀਤ ਦੀ ਲੋਰ ’ਚ ਮਾਘ ਸਿੰਘ ਝੂਮਣ ਲੱਗ ਪਿਆ। ਇੰਨੇ ਟੇਪ ਰਿਕਾਰਡਰ ’ਤੇ ਗਾਣਾ ਚੱਲ ਪਿਆ ਅਖੇ… ‘‘ਮੈਂ ਨਾਗਿਨ ਤੂੰ ਸਪੇਰਾ…’’। ਬਸ ਫਿਰ ਕੀ ਸੀ ਬੀਨ ਦੀ ਆਵਾਜ਼ ਸੁਣ ਤਾਇਆ ਮਾਘ ਸਿੰਘ ਇਉਂ ਕੀਲਿਆ ਗਿਆ ਜਿਵੇਂ ਸੱਪ ਕੀਲਿਆ ਜਾਂਦਾ ਹੈ। ਦੋਵੇਂ ਹੱਥਾਂ ਨਾਲ ਸੱਪ ਦੀ ਛਜਲੀ ਜਿਹੀ ਬਣਾ, ਡੰਗ ਮਾਰਨ ਦਾ ਸਾਂਗ ਕਰਦਾ ਤਾਇਆ ਪੌੜੀਆਂ ਤੋਂ ਇਉਂ ਉਤਰਿਆ ਜਿਵੇਂ ਸੱਪ ਮੇਲ੍ਹਦਾ ਹੁੰਦਾ ਹੈ। ਬਸ ਫਿਰ ਕੀ ਸੀ, ਫੜ ਲਿਆ ਤਾਈ ਮੇਲੋ ਨੇ ਤੇ ਕਰ ਦਿੱਤਾ ਪਟਾਰੀ ’ਚ ਬੰਦ। ਨਾਲੇ ਗਰਜ ਕੇ ਤਾਏ ਨੂੰ ਕਹਿੰਦੀ, ‘‘ਨਾ ਹੁਣ ਨਿਕਲੀਂ ਤੂੰ ਬਾਹਰ, ਨਿਉਲਾ ਬਣ ਕੇ ਨਿਗਲ ਜਾਊਂ ਵੱਡਿਆ ਨਾਗਾ। ਆਹ ਸਰਪੰਚੀ ਦੀਆਂ ਵੋਟਾਂ ਕਾਹਦੀਆਂ ਆਗੀਆਂ ਜਾਨ ਲੈਣੀ ਕਰ ਛੱਡੀ ਐ।’’ ਭਖੀ-ਭਖਾਈ ਤਾਈ ਗੁਰਵਿੰਦਰ ਨੂੰ ਗਾਲ੍ਹਾਂ ਕੱਢਣ ਲੱਗ ਪਈ… ‘‘ਵੇ ਗੁਰਵਿੰਦਰਾ! ਵੇ ਸਵੇਰ ਦਾ ਫਿਰਦੈਂ ਆਵਦੇ ਕੁਝ ਲੱਗਦਿਆਂ ਦੇ ਪਿੱਛੇ ਧੱਕੇ ਖਾਂਦਾ। ਨਾ ਤੈਨੂੰ ਭੋਰਾ ਸੰਗ ਸ਼ਰਮ ਹੈ ਕਿ ਨਹੀਂ! ਸਾਰਾ ਦਿਨ ਆਹ ਵੋਟਾਂ ਆਲਿਆਂ ਮਗਰ ਹਰਲ-ਹਰਲ ਕਰਦਾ ਫਿਰਦਾ ਰਹਿੰਨੈ। ਦੋ ਘੜੀ ਘਰੇ ਵੀ ਬਹਿ ਜਾਇਆ ਕਰ ਟਿਕ ਕੇ।’’
ਘਰ ’ਚੋਂ ਖੜਕਾ-ਦੜਕਾ ਜਿਹਾ ਸੁਣ ਕੇ ਗੁਆਂਢਣ ਤਾਰੋ ਘਰ ਦੀ ਵਿਚਾਲੜੀ ਛੋਟੀ ਜਿਹੀ ਕੰਧ ਤੋਂ ਉੱਪਰ ਗਲ ਕੱਢਦੀ ਬਿੜਕ ਜਿਹੀ ਲੈਣ ਲੱਗੀ। ਗੁੱਸੇ ਵਿੱਚ ਲੋਹੇ-ਲਾਖੀ ਹੋਈ ਤਾਈ ਮੇਲੋ ਵੀ ਗੁਆਂਢਣ ਕੋਲ ਜਾ ਖੜ੍ਹੀ। ਆਪਣਾ ਗੁੱਸਾ ਕੱਢਦੀ ਹੋਈ ਨੇ ਤਾਰੋ ਨੂੰ ਕਿਹਾ, ‘‘ਆਹ ਵੋਟਾਂ ਆਲਿਆਂ ਨੇ ਤਾਂ ਤਪਾ ਰੱਖਿਐ। ਪਤਾ ਨੀ ਕਿੱਦੇਂ ਖਹਿੜਾ ਛੁੱਟੂ ਇਨ੍ਹਾਂ ਤੋਂ। ਜਣਾ-ਖਣਾ ਈ ਸਰਪੰਚੀ ਲਈ ਖੜ੍ਹਾ ਹੋ ਜਾਂਦੈ।’’ ਫਿਰ ਤਾਈ ਮੇਲੋ ਨੇ ਗੁਆਂਢਣ ਰੱਜੋ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਕਹਿਣਾ ਸ਼ੁਰੂ ਕੀਤਾ, ‘‘ਆਹ ਤੋਤੇ ਕੀ ਰੱਜੋ ਈ ਦੇਖ ਲੈ, ਪਤਾ ਨ੍ਹੀਂ ਕੀ ਸੋਚ ਕੇ ਆਪਣੇ ਖਸਮ ਨੂੰ ਸਰਪੰਚੀ ਦੀਆਂ ਵੋਟਾਂ ’ਚ ਖੜਾ ਕਰਵਾਤਾ। ਬਈ ਤੋਤੇ ਨੇ ਕਦੇ ਡੱਕਾ ਤਾਂ ਤੋੜ ਕੇ ਦੂਹਰਾ ਨ੍ਹੀਂ ਕੀਤਾ। ਕੋਈ ਕੰਮ-ਕਾਜ ਉਹਨੂੰ ਕਰਨਾ ਨ੍ਹੀਂ ਆਉਂਦਾ ਚੱਜ ਨਾਲ। ਦੋ ਕਿੱਲੇ ਪੈਲੀ ’ਚ ਖੇਤੀ ਵੀ ਨ੍ਹੀਂ ਕਰਨੀ ਆਈ ਅਜੇ ਚੱਜ ਨਾਲ। ਜਿਵੇਂ ਕੋਈ ਅਣਜਾਣ ਬੁੜ੍ਹੀ ਪੰਜੀਰੀ ਰਲਾਉਣ ਦਾ ਸਮਾਨ ਪੁੱਛਦੀ ਹੁੰਦੀ ਐ… ਕੁੜੇ ਖਵਨੀ ਕਿੰਨਾ-ਕਿੰਨਾ, ਕੀ-ਕੀ ਤੇ ਕਿਵੇਂ-ਕਿਵੇਂ ਸਮਾਨ ਪਾ ਕੇ ਬਣਦੀ ਹੁੰਦੀ ਐ ਜੈ ਵੱਢੀ ਦੀ। ਇਉਂ ਹਰ ਵਾਰ ਤੋਤਾ ਉਲਝ ਜਾਂਦੈ, ਅਖੇ, ਪਹਿਲਾਂ ਜ਼ਮੀਨ ਵਾਹਾਂ ਕਿ ਬੀਜ ਬੀਜਾਂ। ਉੱਤੋਂ ਤੋਤੇ ਨੂੰ ਚੋਣ ਨਿਸ਼ਾਨ ਇਹੋ ਜਿਹਾ ਦੇ ਦਿੱਤਾ ‘ਚੂਰੀ’। ਰੱਬ ਈ ਜਾਣੇ ਭਾਈ ਇਸ ਤੋਤੇ ਨੂੰ ਕਿਹੜਾ ਚੂਰੀ ਪਾਊ।’’
‘‘ਨੀ ਛੱਡ ਪਰ੍ਹੇ, ਫੋਟ! ਆਪਾਂ ਨੂੰ ਕੀ ਭਾਅ ਤੋਤੇ ਦੀ ਚੂਰੀ ਦਾ। ਭੈਣੇ ਤੂੰ ਰਾਮ-ਰਾਮ ਕਰ।’’ ਨਾਲ ਦੀ ਗੁਆਂਢਣ ਤਾਰੋ ਨੇ ਉਸ ਨੂੰ ਤਾੜਦਿਆਂ ਕਿਹਾ ਤੇ ਮਲਕੜੇ ਜਿਹੇ ਅੱਗੇ ਗੱਲ ਸ਼ੁਰੂ ਕਰਨ ਲਈ ਕਹਿੰਦੀ, ‘‘ਊਂ ਭੈਣੇ ਇੱਕ ਗੱਲ ਐ, ਤੂੰ ਵੋਟ ਕੀਹਨੂੰ ਪਾਏਂਗੀ?’’ ਫਿਰ ਆਪ ਹੀ ਜਵਾਬ ਦਿੰਦਿਆਂ ਆਖਣ ਲੱਗੀ, ‘‘ਆਹ ਤੋਤੇ-ਤੂਤੇ ਨੂੰ ਤਾਂ ਨ੍ਹੀਂ ਪਾਉਂਦੇ ਵੋਟ। ਇਹਨੇ ਭਲਾ ਕੀ ਕਰਨੈ ਜਿੱਤ ਕੇ! ਓਹ ਕੈਲੇ ਕਾ ਬੀਹਲਾ ਮੋਟੀ ਸਾਮੀ ਐ। ਉਰ੍ਹੇ ਹੋ ਕੰਨ ਕਰ ਮੇਰੇ ਕੰਨੀਂ।’’ ਤਾਈ ਮੇਲੋ ਨੇ ਆਪਣਾ ਸੱਜਾ ਕੰਨ ਝੱਟ ਉਹਦੇ ਅੱਗੇ ਕਰ ਦਿੱਤਾ। ‘‘ਭੈਣੇ, ਇੱਕ ਵੋਟ ਦੇ ਮਗਰ ਪੰਜ ਹਜਾਰ ਦਿੰਦੈ, ਸੁੱਖ ਨਾਲ ਛੇ ਵੋਟਾਂ ਨੇ ਥੋਡੇ ਘਰੇ। ਪੰਜ ਛੀਆ ਤੀਹ ਹਜਾਰ ਹੋਗੇ…। ਚੁੱਪ ਕਰਕੇ ਪੈਸੇ ਫੜ ਤੇ ਵੋਟ ਪਾ ਦੇ। ਫੇਰ ਕੀਹਨੇ ਪੁੱਛਣੈ।’’ ਤਾਈ ਮੇਲੋ ਨੇ ਵੀ ਹਾਂ ’ਚ ਹਾਂ ਮਿਲਾਈ ਤੇ ਗੁਆਂਢਣ ਤਾਰੋ ਨੇ ਆਪਣੇ ਆਪ ਨੂੰ ਸਿਆਣੀ ਸਮਝਦਿਆਂ ਸ਼ਾਬਾਸ਼ ਦਿੱਤੀ।
ਦੂਰੋਂ ਕੰਨ ਪਾੜਵੇਂ ਸਪੀਕਰਾਂ ਦੀ ਆਵਾਜ਼ ਗਲੀ ਮੁਹੱਲੇ ਗੂੰਜ ਉੱਠੀ। ਜਿੱਧਰ ਜਾਓ ਇਉਂ ਲੱਗਦਾ ਸੀ ਜਿਵੇਂ ਹੋਰ ਹੀ ਦੁਨੀਆ ਵਿੱਚ ਪਹੁੰਚ ਗਏ ਹੋਈਏ। ਜਿਹੜੇ ਆਪਣੇ ਆਪ ਨੂੰ ਧਨਾਢ ਸਮਝਣ ਵਾਲੇ ਕਦੇ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੇ, ਉਹ ਦੋਵੇਂ ਹੱਥਾਂ ਵਿੱਚ ਸਾਡੇ ਵਰਗੇ ਹਮਾਤੜਾਂ ਦੇ ਹੱਥ ਰੱਖ ਇਉਂ ਪਿਆਰ ਨਾਲ ਮਿਲਦੇ ਜਿਵੇਂ ਪਤਾ ਨਹੀਂ ਕਿੰਨੀ ਕੁ ਡੂੰਘੀ ਸਾਂਝ ਹੋਵੇ। ਆਪਣੀਆਂ ਜੇਬ੍ਹਾਂ ’ਚੋਂ ਰੁਮਾਲ ਕੱਢ ਨਿੱਕੇ ਨਿਆਣਿਆਂ ਦੀਆਂ ਨਲੀਆਂ ਪੂੰਝਣ ਤੱਕ ਜਾਂਦੇ। ਭਾਸ਼ਣਾਂ ਵਿੱਚ ਬੜੇ ਵੱਡੇ-ਵੱਡੇ ਵਾਅਦੇ ਕਰਦੇ, ‘‘ਐਤਕੀਂ ਪਿੰਡਾਂ ਦੀਆਂ ਗਲੀਆਂ ਪੱਕੀਆਂ ਕਰਾ ਦੇਣੀਆਂ; ਥੋਡੇ ਬੱਚਿਆਂ ਨੂੰ ਸ਼ੁੱਧ ਤੇ ਸਾਫ਼ ਪਾਣੀ ਮਿਲੂਗਾ ਪੀਣ ਨੂੰ; ਸਕੂਲ ਹਸਪਤਾਲ ਖੋਲ੍ਹ ਦਿਆਂਗੇ; ਤੇ ਭਾਈ ਥੋਡੀ ਦਵਾ-ਦਾਰੂ ਮੁਫ਼ਤ ’ਚ ਹੁੰਦੀ ਰਹੇ, ਆਹ ਚੱਕੋ ਡਿਸਪੈਂਸਰੀ ’ਤੇ ਵੀ ਲਾ ਤੀ ਮੋਹਰ। ਲਓ ਹੁਣ ਸ਼ੇਰੋ ਸਾਡੇ ਚੋਣ ਨਿਸ਼ਾਨ ’ਤੇ ਵੀ ਲਾ ਦਿਓ ਮੋਹਰ। ਮੇਰੇ ਵੀਰੋ ਭੈਣੋ, ਮੈਨੂੰ ਕਾਮਯਾਬ ਕਰੋ। ਓ ਭਾਈ ਬੀਬੀਓ, ਨਾਲੇ ਥੋਡੀ ਵੀ ਸਮੱਸਿਆ ਹੱਲ ਕਰ ਦਿਆਂਗੇ। ਆਹ ਜਿਹੜੀ ਪੀ ਲੀ ਅੱਜ ਤੱਕ ਪੀ ਲੀ ਮੇਰੇ ਵੀਰਾਂ ਨੇ। ਮੈਨੂੰ ਸਰਪੰਚ ਬਣਨ ਦਿਓ। ਫਿਰ ਇਹ ਠੇਕੇ ਵੀ ਚਕਾ ਦਿਆਂਗੇ।’’ ਬੀਬੀਆਂ ਨੇ ਫੋਕੀ ਜਿਹੀ ਹਾਸੀ ਹੱਸਦਿਆਂ ਤਾੜੀਆਂ ਮਾਰੀਆਂ। ਠੇਕੇ ਚੁੱਕਣ ਦੀ ਗੱਲ ਸੁਣ ਕੇ ਇੱਕ ਅਮਲੀ ਉੱਠ ਖੜ੍ਹਾ ਹੋਇਆ, ਕਹਿੰਦਾ, ‘‘ਆਏਂ ਕਿਵੇਂ ਠੇਕੇ ਚੱਕ ਦਿਉਂਗੇ! ਯਾਰ, ਤੂੰ ਬੰਦਾ ਠੀਕ ਐਂ ਅਸੀਂ ਤੇਰੇ ਵਾਸਤੇ ਜੁੱਤੇ ਘਸਾਤੇ ਤੇ ਵੋਟਾਂ ਮੰਗਣ ਦੀ ਕਸਰ ਨ੍ਹੀਂ ਛੱਡੀ ਲੋਕਾਂ ਤੋਂ ਤੇ ਤੂੰ ਸਾਡਾ ਹੁੱਕਾ ਪਾਣੀ ਬੰਦ ਕਰੀਂ ਜਾਨੈ।’’ ਲੜਖੜਾਉਂਦਾ ਅਮਲੀ ਮਸਾਂ ਡਿੱਗਦਾ-ਡਿੱਗਦਾ ਬਚਿਆ।
ਇੱਧਰੋਂ ਤਾਰੋ ਤੇ ਮੇਲੋ ਆਪਣੀ ਤੀਜੀ ਗੁਆਂਢਣ ਸ਼ਿੰਦਰ ਦੇ ਘਰ ਵੀ ਪਹੁੰਚ ਗਈਆਂ ਆਪਣੀ ਸਿਆਣਪ ਦਾ ਢਿੰਡੋਰਾ ਪਿੱਟਣ। ਅੱਗੋਂ ਸ਼ਿੰਦਰ ਪੰਜਾਬੀ ਦੀ ਅਧਿਆਪਕਾ ਸੀ। ਉਹ ਉਨ੍ਹਾਂ ਦੇ ਗਲ ਪੈ ਗਈ, ‘‘ਦੇਖਿਓ ਕਿਤੇ ਵੋਟ ਨਾ ਵੇਚ ਬੈਠਿਓ। ਵੋਟ ਵੇਚਤੀ ਕਿ ਜ਼ਮੀਰ ਵੇਚਤੀ ਇੱਕੋ ਈ ਗੱਲ ਐ। ਦੇਖਿਓ ਕਿਤੇ ਚੰਦ ਕੁ ਨੋਟਾਂ ਪਿੱਛੇ ਪਿੰਡ ਦੀ ਸ਼ੁੱਧ ਹਵਾ ਪੰਜ ਸਾਲ ਲਈ ਗਹਿਣੇ ਨਾ ਰੱਖ ਦਿਓ। ਨੋਟ ਨੂੰ ਵੋਟ ਨਾ ਪਾਓ ਸਗੋਂ ਚੰਗੇ ਚਰਿੱਤਰ ਨੂੰ ਵੋਟ ਪਾਓ ਜਿਹੜਾ ਪਿੰਡ ਦੀ ਵਜ੍ਹਾ ਸੁਧਾਰ ਦੇਵੇ।’’ ਇਹ ਗੱਲ ਸੁਣ ਦੋਵੇਂ ਗੁਆਂਢਣਾਂ ਆਪਣੀ ਸਿਆਣਪ ਦਾ ਪਟਾਰਾ ਚੁੱਕ ਘਰ ਨੂੰ ਤੁਰ ਪਈਆਂ।
ਵੋਟਾਂ ਦੀ ਚਹਿਲ-ਪਹਿਲ ਨਵੇਂ ਰੰਗ ਬੰਨ੍ਹ ਰਹੀ ਸੀ। ਪਤਾ ਨਹੀਂ ਇਹ ਨਵਾਂ ਰੰਗ ਕਿਸ ਚੀਜ਼ ਵੱਲ ਸੰਕੇਤ ਕਰਦਾ ਸੀ। ਇੱਕ ਵਾਰ ਬਾਬੇ ਕੇ ਅਮਲੀ ਤੋਂ ਕਿਸੇ ਨੇ ਸਵਾਲ ਪੁੱਛਿਆ ਸੀ ਕਿ ਇਸ ਦੁਨੀਆ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਕਿਹੜੀ ਹੈ। ਉਸ ਵੇਲੇ ਅਮਲੀ ਨੂੰ ਜਵਾਬ ਨਹੀਂ ਸੀ ਪਤਾ ਪਰ ਅੱਜ ਸ਼ਰਾਬ ਦੇ ਨਸ਼ੇ ਵਿੱਚ ਬੋਲ ਰਿਹਾ ਸੀ। ਅਖੇ, ‘‘ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਮੇਰੇ ਭਾਅ ਦੀ ਇਹ ਐ ਬਈ ਲੋਕ ਦੇਖ ਕਿਵੇਂ ਸ਼ਰਾਬ ਦੇ ਜ਼ਹਿਰੀਲੇ ਕੁੰਡ ’ਚ ਛਾਲ ਮਾਰਨ ਲਈ ਧੱਕਮ-ਧੱਕਾ ਕਰ ਰਹੇ ਨੇ। ਜ਼ਹਿਰ ਨੀ ਕਦੇ ਅੰਮ੍ਰਿਤ ਬਣਦਾ। ਜੇ ਲਾਲਚ ’ਚ ਆ ਕੇ ਗ਼ਲਤ ਬੰਦਾ ਚੁਣ ਲਿਆ ਫੇਰ ਦੇਖੀ ਜਾਇਓ ਪੰਜ ਸਾਲ।’’ ਕਹਿੰਦਾ ਕਹਿੰਦਾ ਅਮਲੀ ਕੰਧ ਨਾਲ ਲੱਗ ਕੇ ਥਾਈਂ ਸੌਂ ਗਿਆ।
ਸੰਪਰਕ: 70099-23030
* * *

ਰੱਬ ਨੂੰ ਫ਼ਿਕਰ ਏ

ਜਗਜੀਤ ਸਿੰਘ ਦਿਲਾ ਰਾਮ

‘‘ਚੱਲ ਦੋਵਾਂ ਦਾ ਨਾ ਸਹੀ, ਇੱਕ ਮੁੰਡੇ ਦਾ ਈ ਕਰ ਦੇ। ਨੀ ਮੀਤੋ! ਕੁੜੀ ਪੱਕੀ ਏ ਕਨੇਡਾ। ਨਾਲੇ ਅਗਲੇ ਕਹਿੰਦੇ ਐ ਬਈ ਮੁੰਡਾ ਈ ਮੁੰਡਾ ਚਾਹੀਦੈ ਖ਼ਰਚਾ ਸਾਡਾ। ਬਸ ਇੱਕੋ ਮੰਗ ਐ ਉਨ੍ਹਾਂ ਦੀ ਬਈ ਕੋਈ ਐਬ ਨਾ ਹੋਵੇ ਤੇ ਸੁੱਖ ਨਾਲ ਤੇਰੇ ਤਾਂ ਦੋਵੇਂ ਮੁੰਡੇ ਈ ਬੜੇ ਬੀਬੇ ਨੇ। ਇੱਕ ਰੱਖ ਲੈ। ਇੱਕ ਤੋਰ ਦੇ। ਕੁਝ ਨ੍ਹੀਂ ਹੁੰਦਾ। ਮੁੰਡੇ ਦੀ ਜ਼ਿੰਦਗੀ ਬਣ ਜੂ।’’ ਤਾਈ ਬੰਸੋ ਨੇ ਬਿਨਾਂ ਰੁਕਿਆਂ ਕਿੰਨਾ ਹੀ ਕੁਝ ਕਹਿ ਦਿੱਤਾ।
ਬੇਬੇ ਇੱਕ ਟੱਕ ਵੇਖੀ ਤੇ ਸੁਣੀ ਜਾ ਰਹੀ ਸੀ। ਤਾਈ ਦੇ ਚੁੱਪ ਹੁੰਦਿਆਂ ਹੀ ਬੋਲੀ, ‘‘ਵੇਖ ਬੰਸੋ ਭਾਵੇਂ ਅਗਲੇ ਕੁਝ ਵੀ ਆਖਣ। ਮੈਂ ਤਾਂ ਸੌ ਦੀ ਇੱਕ ਆਖਦੀ ਆਂ ਬਈ ਮੁੰਡਾ ਤਾਂ ਕੀ, ਮੈਂ ਤਾਂ ਉਹਦਾ ਵਾਲ ਪੁੱਟ ਕੇ ਨ੍ਹੀਂ ਦਿੰਦੀ। ਖਸਮਾਂ ਨੂੰ ਖਾਵੇ ਪੈਸਾ… ਹਿੱਕ ’ਤੇ ਥੋੜ੍ਹੀ ਰੱਖ ਕੇ ਲੈ ਜਾਣੈ। ਨਾ ਭਾਈ ਮੇਰਾ ਕੋਰਾ ਜਵਾਬ ਸਮਝ ਤੇ ਤੂੰ ਵਾਰ ਵਾਰ ਬਾਹਰ ਦੀਆਂ ਕੁੜੀਆਂ ਦੀ ਦੱਸ ਨਾ ਪਾਇਆ ਕਰ।
ਰੱਬ ਨੂੰ ਫ਼ਿਕਰ ਏ ਮੇਰੇ ਪੁੱਤਾਂ ਦਾ ਜਿੱਥੇ ਸੰਯੋਗ ਹੋਏ ਆਪੇ ਜੁੜ ਜਾਣਗੇ।’’
‘‘ਚੰਗਾ ਗੁਰਮੀਤ ਕੁਰੇ ਜਿਵੇਂ ਤੈਨੂੰ ਚੰਗਾ ਲੱਗੇ। ਤੇਰੇ ਤਾਂ ਕੰਨ ’ਤੇ ਜੂੰ ਨ੍ਹੀਂ ਸਰਕਦੀ। ਲੋਕੀਂ ਤਰਸਦੇ ਨੇ ਇਹੋ ਜਿਹੇ ਰਿਸ਼ਤਿਆਂ ਨੂੰ ਤੇ ਤੂੰ ਕੰਨ ਨ੍ਹੀਂ ਧਰਦੀ…। ਚੱਲ ਜਿਵੇਂ ਚੰਗਾ ਲੱਗੇ ਕਰ ਲੈ। ਚੱਲ ਮਨਾ ਚੱਲੀਏ ਘਰ। ਕਰੀਏ ਕੋਈ ਆਹਰ ਪਾਹਰ ਘਰ ਦਾ।’’ ਇਹ ਕਹਿੰਦਿਆਂ ਤਾਈ ਪੀੜ੍ਹੀ ’ਤੋਂ ਖੂੰਡੀ ਆਸਰੇ ਉੱਠੀ ਤੇ ਤੁਰ ਗਈ। ਬੇਬੇ ਬੈਠੀ ਬੋਲੀ ਜਾ ਰਹੀ ਸੀ, ‘‘ਹੂੰ…! ਬਗਾਨਿਆਂ ਲਈ ਨ੍ਹੀਂ ਵੱਡੇ ਕੀਤੇ ਪੁੱਤ। ਏਥੇ ਰਹਿਣਗੇ ਪੰਜਾਬ ਦੇ ਜਾਏ। ਥੋੜ੍ਹੀ ਖਾ ਲਵਾਂਗੇ ਪਰ ਇੱਕੋ ਈ ਅਰਦਾਸ ਏ ਵਾਹਗੁਰੂ! ਰੱਖੀਂ ਪੰਜਾਬ ਵਿੱਚ ਹੀ। ਇਹ ਨਾ ਵਿਛੜੇ ਮੇਰੇ ਪੁੱਤਾਂ ਤੋਂ ਤੇ ਨਾ ਹੀ ਵਿਛੜਨ ਮਾਵਾਂ ਦੇ ਪੁੱਤ।’’ ਇਹ ਬੋਲਦੀ ਬੇਬੇ ਸਾਗ ਘੋਟਣ ਲੱਗ ਪਈ।
ਸੰਪਰਕ: 99147-01060

The post ਹਾਏ ਵੋਟਾਂ appeared first on Punjabi Tribune.



News Source link

- Advertisement -

More articles

- Advertisement -

Latest article