41.2 C
Patiāla
Friday, May 17, 2024

ਸ਼ਰੀਕ

Must read


ਬਰਜਿੰਦਰ ਕੌਰ ਬਿਸਰਾਓ

ਪ੍ਰੀਤਮ ਸਿੰਹੁ ਨੇ ਆਪਣੇ ਵੱਡੇ ਪੁੱਤ ਗੁਰਬੀਰ ਨੂੰ ਉਹ ਪੜ੍ਹਾਈ ਕਰਵਾਈ ਸੀ ਜੋ ਉਨ੍ਹਾਂ ਦੇ ਪਿੰਡ ਦੇ ਕਿਸੇ ਮੁੰਡੇ ਨੇ ਨਹੀਂ ਕੀਤੀ ਸੀ। ਪੜ੍ਹਾਈ ਪੂਰੀ ਕਰ ਕੇ ਮੁੰਡਾ ਸਰਕਾਰੀ ਅਫਸਰ ਲੱਗ ਗਿਆ। ਕਬੀਲਦਾਰੀ ਵੱਡੀ ਸੀ। ਉਸ ਤੋਂ ਛੋਟੇ ਦੋ ਮੁੰਡੇ ਅਤੇ ਦੋ ਕੁੜੀਆਂ ਸਨ। ਉਹ ਵੀ ਸਾਰੇ ਪੜ੍ਹਦੇ ਸਨ। ਪਰ ਵੱਡੇ ਮੁੰਡੇ ਦੀ ਨੌਕਰੀ ਨੂੰ ਵੇਖ ਕੇ ਪ੍ਰੀਤਮ ਸਿੰਹੁ ਦੇ ਛੋਟੇ ਭਰਾ ਜੀਤ ਦੇ ਮਨ ਵਿੱਚ ਬੜਾ ਸਾੜਾ ਉੱਠਦਾ ਤੇ ਉਹ ਗੁਰਬੀਰ ਕੋਲ ਉਸ ਦੇ ਮਾਪਿਆਂ ਦੀ ਬੁਰਾਈ ਕਰਦਾ ਹੀ ਰਹਿੰਦਾ ਸੀ। ਨਾ ਤਾਂ ਗੁਰਬੀਰ ਨੇ ਕਦੇ ਘਰ ਦੱਸਿਆ ਸੀ ਤੇ ਨਾ ਪ੍ਰੀਤਮ ਸਿੰਹੁ ਹੋਰਾਂ ਦੇ ਮਨ ਵਿੱਚ ਕੋਈ ਪਾਪ ਸੀ ਕਿ ਉਹ ਉਸ ਨੂੰ ਆਪਣੇ ਭਰਾ ਨਾਲ ਬੋਲਣ ਵਰਤਣ ਤੋਂ ਰੋਕਦੇ। ਉਂਜ ਵੀ ਪ੍ਰੀਤਮ ਸਿੰਹੁ ਆਪਣੇ ਪਰਿਵਾਰ ਨਾਲ ਪਿੰਡ ਰਹਿੰਦਾ ਸੀ ਅਤੇ ਜੀਤ ਪਿੰਡ ਨੇੜੇ ਪੈਂਦੇ ਕਸਬੇ ਵਿੱਚ ਛੋਟਾ ਜਿਹਾ ਮਕੈਨਿਕ ਸੀ ਤੇ ਇੱਕ ਦੁਕਾਨ ਕਿਰਾਏ ’ਤੇ ਲੈ ਕੇ ਕੰਮ ਕਰਦਾ ਸੀ।

ਪ੍ਰੀਤਮ ਸਿੰਹੁ ਨੂੰ ਉਸ ਦੇ ਇੱਕ ਦੋਸਤ ਨੇ ਵੱਡੇ ਮੁੰਡੇ ਦੇ ਰਿਸ਼ਤੇ ਲਈ ਆਪਣੀ ਪੜ੍ਹੀ-ਲਿਖੀ ਭਤੀਜੀ ਦੀ ਦੱਸ ਪਾਈ ਤਾਂ ਉਨ੍ਹਾਂ ਨੇ ਝਟਪਟ ਰਿਸ਼ਤੇ ਲਈ ਹਾਂ ਕਰ ਦਿੱਤੀ। ਰਿਸ਼ਤਾ ਪੱਕਾ ਹੁੰਦਿਆਂ ਹੀ ਜੀਤ ਦੇ ਸੀਨੇ ਅੱਗ ਲੱਗ ਗਈ। ਉਸ ਨੇ ਪਹਿਲਾਂ ਗੁਰਬੀਰ ਨੂੰ ਆਪਣੇ ਘਰ ਬੁਲਾ ਕੇ ਆਖਣਾ ਸ਼ੁਰੂ ਕੀਤਾ, ‘‘ਗੁਰਬੀਰ… ਪੁੱਤ ਤੂੰ ਅਨੋਭਲ ਕਿੱਥੇ ਫਸ ਗਿਆ! ਤੇਰੇ ਲਈ ਤਾਂ ਤੇਰੀ ਚਾਚੀ ਆਪਣੀ ਭਤੀਜੀ ਦਾ ਰਿਸ਼ਤਾ ਕਰਵਾਉਣ ਦਾ ਸੋਚੀ ਬੈਠੀ ਸੀ। ਇਹ ਤਾਂ ਆਪਣੇ ਭਾਈ ਨਾਲ ਵੀ ਵਾਅਦਾ ਕਰੀ ਬੈਠੀ ਸੀ। ਤੇਰੇ ਪਿਓ ਨੇ ਤਾਂ ਸਹੁਰਿਆਂ ’ਚ ਮੇਰਾ ਨੱਕ ਵਢਾ ਦਿੱਤਾ…!’’

‘‘ਨਹੀਂ ਚਾਚਾ ਜੀ… ਮੈਂ ਹੀ ਵੱਧ ਪੜ੍ਹੀ-ਲਿਖੀ ਕੁੜੀ ਨਾਲ ਵਿਆਹ ਕਰਵਾਉਣ ਲਈ ਅੜਿਆ ਹੋਇਆ ਸੀ ਕਿਉਂਕਿ ਮੈਂ ਨੌਕਰੀ ਵਾਲੀ ਕੁੜੀ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਸੀ। ਪ੍ਰੀਤੀ ਪੜ੍ਹੀ ਲਿਖੀ ਵੀ ਐ ਤੇ ਸਰਕਾਰੀ ਨੌਕਰੀ ਵੀ ਕਰਦੀ ਐ…!’’

ਸਰਕਾਰੀ ਨੌਕਰੀ ਦਾ ਨਾਂ ਲੈ ਕੇ ਜਿਵੇਂ ਉਸ ਨੇ ਜੀਤ ਅਤੇ ਉਸ ਦੀ ਘਰਵਾਲੀ ਦੇ ਕਾਲਜੇ ਵਿੱਚ ਛੁਰਾ ਹੀ ਮਾਰ ਦਿੱਤਾ ਹੋਵੇ। ਜੀਤ ਨੇ ਅਗਾਂਹ ਦੀ ਅਗਾਂਹ ਜਾਣ-ਪਛਾਣ ਕੱਢ ਕੁੜੀ ਵਾਲਿਆਂ ਦੇ ਘਰ ਤੱਕ ਪਹੁੰਚ ਕਰ ਕੇ ਰਿਸ਼ਤਾ ਛੁਡਵਾਉਣ ਦੀ ਕੋਈ ਕਸਰ ਨਾ ਛੱਡੀ ਪਰ ਰਿਸ਼ਤਾ ਸਿਰੇ ਚੜ੍ਹ ਹੀ ਗਿਆ। ਆਖ਼ਰ ਸਾਲ ਬਾਅਦ ਪ੍ਰੀਤਮ ਸਿੰਹੁ ਨੇ ਬੜਾ ਖ਼ਰਚਾ ਕਰ ਕੇ ਧੂਮਧਾਮ ਨਾਲ ਵਿਆਹ ਕੀਤਾ। ਵਹੁਟੀ ਨੇ ਨੌਕਰੀ ਨੂੰ ਜਾਣਾ ਜਾਂ ਆਉਣਾ ਹੁੰਦਾ ਤਾਂ ਗੁਰਬੀਰ ਸਕੂਟਰ ’ਤੇ ਨਾਲ ਸ਼ਹਿਰ ਤੱਕ ਲੈ ਜਾਂਦਾ ਤੇ ਅੱਗੋਂ ਬੱਸ ਚੜ੍ਹਾ ਦਿੰਦਾ। ਇਸੇ ਤਰ੍ਹਾਂ ਵਹੁਟੀ ਸ਼ਾਮ ਨੂੰ ਗੁਰਬੀਰ ਤੋਂ ਥੋੜ੍ਹਾ ਜਿਹਾ ਪਹਿਲਾਂ ਆ ਜਾਂਦੀ ਤਾਂ ਉੱਥੇ ਅੱਡੇ ’ਤੇ ਖੜ੍ਹ ਕੇ ਇੰਤਜ਼ਾਰ ਕਰਦੀ ਤੇ ਗੁਰਬੀਰ ਦੇ ਆਉਂਦੇ ਹੀ ਸਕੂਟਰ ’ਤੇ ਇਕੱਠੇ ਘਰ ਆ ਜਾਂਦੇ। ਜਿਉਂ ਹੀ ਜੀਤ ਨੂੰ ਪਤਾ ਲੱਗਿਆ ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਘਰ ਲੈ ਜਾਣਾ। ਫਿਰ ਹੌਲੀ ਹੌਲੀ ਜੀਤ ਦੀ ਘਰਵਾਲੀ ਨੇ ਵਹੁਟੀ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ।

‘‘ਪ੍ਰੀਤੀ… ਦੱਸ ਥੋਨੂੰ ਐਨੇ ਧੱਕੇ ਖਾਣ ਦੀ ਕੀ ਲੋੜ ਪਈ ਐ…! ਤੁਸੀਂ ਸੁੱਖ ਨਾਲ ਦੋਵੇਂ ਜੀ ਥੱਬਾ ਨੋਟਾਂ ਦਾ ਕਮਾਉਂਦੇ ਓ। ਨਾ ਤੂੰ ਸ਼ਾਮ ਨੂੰ ਥੱਕੀ ਹੋਈ ਪਿੰਡ ਐਡੇ ਟੱਬਰ ਦੇ ਚੌਣੇ ਦੇ ਭਾਂਡੇ ਮਾਂਜਣ ਜਾਂਦੀ ਐਂ? ਐਥੇ ਕਮਰਾ ਕਿਰਾਏ ’ਤੇ ਲੈ ਕੇ ਦੋਵੇਂ ਜੀ ਐਸ਼ ਕਰੋ… (ਚਲਾਕੀ ਨਾਲ ਬੋਲਦੀ ਹੋਈ ਆਖਣ ਲੱਗੀ) ਹੁਣ ਗੁਰਬੀਰ ਕੋਲ ਨਾ ਇਹ ਗੱਲ ਕਰਦੀਂ… ਬਈ ਚਾਚੀ ਆਏਂ ਕਹਿੰਦੀ ਸੀ। ਮੈਨੂੰ ਤਾਂ ਤੂੰ ਆਪਣੀ ਰਾਣੀ ਵਰਗੀ ਲੱਗੀ ਤੇ ਨਿਆਣੀ ਜਿਹੀ ’ਤੇ ਤਰਸ ਆ ਗਿਆ। ਮੈਂ ਤਾਂ ਭਾਈ ਤੇਰੇ ਭਲੇ ਦੀ ਗੱਲ ਕੀਤੀ ਐ। ਜੇ ਤੇਰੀ ਸੱਸ ਨੂੰ ਪਤਾ ਲੱਗ ਗਿਆ… ਖਾਹਮਖਾਹ ਦੋਵਾਂ ਦੇ ਜੂੰਡੇ ਪੱਟੂ… ਉਹ ਤਾਂ ਹੈ ਵੀ ਬਹੁਤ ਲੜਾਕੀ…!’’ ‘‘ਨਹੀਂ ਚਾਚੀ ਜੀ, ਮੈਂ ਇਸ ਤਰ੍ਹਾਂ ਦੀ ਨਹੀਂ ਜੋ ਗੱਲ ਇਧਰ ਉਧਰ ਕਰਾਂ…। ਮੈਨੂੰ ਨਹੀਂ ਪਤਾ ਤੁਸੀਂ ਮੇਰੇ ਭਲੇ ਦੀ ਗੱਲ ਕੀਤੀ ਐ…!’’ ਗੁਰਬੀਰ ਦੀ ਵਹੁਟੀ ਬੋਲੀ।

ਜੀਤ ਤੇ ਉਸ ਦੀ ਘਰਵਾਲੀ ਨੇ ਪ੍ਰੀਤਮ ਸਿੰਹੁ ਦੇ ਘਰ ਵਿੱਚ ਤੀਲ੍ਹੀ ਸੁੱਟ ਦਿੱਤੀ ਸੀ। ਉਹੀ ਗੱਲ ਹੋਈ ਜੋ ਉਹ ਚਾਹੁੰਦੇ ਸਨ। ਪ੍ਰੀਤੀ ਨੇ ਆਨੀ ਬਹਾਨੀ ਆਪਣੀ ਸੱਸ ਨਾਲ ਲੜਨਾ… ਛੋਟੀਆਂ ਨਣਦਾਂ ’ਤੇ ਕਦੇ ਕੋਈ ਤੇ ਕਦੇ ਕੋਈ ਚੀਜ਼ ਚੋਰੀ ਕਰਨ ਦੀਆਂ ਤੁਹਮਤਾਂ ਲਾਉਣੀਆਂ। ਘਰ ਵਿੱਚ ਕਲੇਸ਼ ਰਹਿਣ ਲੱਗਾ ਤੇ ਆਖ਼ਰ ਵਹੁਟੀ ਨੇ ਮੁੰਡੇ ਨੂੰ ਆਖ ਹੀ ਦਿੱਤਾ ਕਿ ਉਸ ਨੇ ਤਾਂ ਸ਼ਹਿਰ ਹੀ ਰਹਿਣਾ ਹੈ।

ਜੀਤ ਆਪਣੀ ਚਾਲ ਵਿੱਚ ਕਾਮਯਾਬ ਹੋ ਗਿਆ ਸੀ। ਆਪਣੇ ਕੋਲ ਹੀ ਘਰ ਕਿਰਾਏ ’ਤੇ ਲੈ ਦਿੱਤਾ। ਪ੍ਰੀਤਮ ਸਿੰਹੁ ਦੇ ਪੁੱਤ ਨੂੰਹ ਆਪਣਾ ਦਾਜ ਦਾ ਸਾਰਾ ਸਮਾਨ ਟਰੱਕ ਭਰ ਕੇ ਲੈ ਗਏ। ਪਿੰਡ ਦੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ, ਕੋਈ ਮਜ਼ਾਕ ਉਡਾਉਂਦਾ ਤੇ ਕੋਈ ਹਮਦਰਦੀ ਦਿਖਾਉਂਦਾ। ਵਿਆਹ ਨੂੰ ਤਾਂ ਹਾਲੇ ਦੋ ਮਹੀਨੇ ਵੀ ਨਹੀਂ ਹੋਏ ਸਨ। ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਹੋਈਆਂ।

ਗੁਰਬੀਰ ਤੇ ਉਸ ਦੀ ਵਹੁਟੀ ਪ੍ਰੀਤੀ ਨੇ ਪਿੰਡ ਬਿਲਕੁਲ ਆਉਣਾ ਛੱਡ ਦਿੱਤਾ ਸੀ। ਜੀਤ ਦੇ ਇਸ਼ਾਰਿਆਂ ’ਤੇ ਨੱਚਦੇ ਤੇ ਆਪਣੇ ਪਰਿਵਾਰ ਨੂੰ ਟਿੱਚ ਜਾਣਦੇ।

ਸਾਲ ਕੁ ਬਾਅਦ ਉਨ੍ਹਾਂ ਦੇ ਘਰ ਪੁੱਤਰ ਨੇ ਜਨਮ ਲਿਆ। ਜੀਤ ਚਾਹੇ ਉਨ੍ਹਾਂ ਦਾ ਵੱਡਾ ਹਮਦਰਦ ਬਣਦਾ ਸੀ ਪਰ ਉਨ੍ਹਾਂ ਦੇ ਘਰ ਬੱਚਾ ਹੋਣ ਨਾਲ ਵਾਧਾ ਤਾਂ ਪ੍ਰੀਤਮ ਦੀ ਕੁੱਲ ਦਾ ਹੋਇਆ ਸੀ। ਉਸ ਨੂੰ ਹੁਣ ਮਨ ਹੀ ਮਨ ਵਿੱਚ ਪ੍ਰੀਤਮ ਦੀ ਅੰਸ਼ ਨੂੰ ਵੇਖ ਕੇ ਸਾੜਾ ਹੁੰਦਾ। ਗੁਰਬੀਰ ਤੇ ਉਸ ਦੀ ਪਤਨੀ ਨੇ ਕਾਰ ਵੀ ਖ਼ਰੀਦ ਲਈ ਸੀ। ਜਦ ਪ੍ਰੀਤਮ ਸਿੰਹੁ ਦੇ ਨੂੰਹ ਪੁੱਤ ਤੇ ਪੋਤਾ ਕਾਰ ਵਿੱਚ ਜਾਂਦੇ ਤਾਂ ਉਸ ਦੇ ਸੀਨੇ ਅੱਗ ਲੱਗ ਜਾਂਦੀ। ਉਸ ਨੇ ਇੱਕ ਦਿਨ ਗੁਰਬੀਰ ਨੂੰ ਆਖਿਆ, ‘‘ਪੁੱਤ… ਤੁਸੀਂ ਦੋਵੇਂ ਜੀਅ ਐਨੀਆਂ ਕਮਾਈਆਂ ਕਰਦੇ ਹੋ। ਕਾਰ ਤੁਹਾਡੀ ਘਰ ਦੀ ਹੈ। ਜਾ ਕੇ ਪਹਾੜਾਂ ਵਿੱਚ ਹੀ ਘੁੰਮ ਆਇਆ ਕਰੋ ਕਦੇ…!’’

‘‘ਚਾਚਾ ਜੀ… ਨਿਆਣਾ ਛੋਟਾ ਕਰਕੇ ਨਹੀਂ ਜਾਈਦਾ…।’’ ਗੁਰਬੀਰ ਨੇ ਆਖਿਆ।

‘‘ਲੈ… ਨਿਆਣੇ ਨੂੰ ਤੁਸੀਂ ਗੋਦੀ ਚੁੱਕ ਕੇ ਤੁਰਨਾ ਕਿਤੇ… ਫਿਰ ਘਰ ਦੀ ਗੱਡੀ ਦਾ ਕੀ ਫ਼ਾਇਦਾ ਹੋਇਆ…?’’ ਗੁਰਬੀਰ ਦੀ ਵਹੁਟੀ ਨੇ ਘਰ ਆ ਕੇ ਗੁਰਬੀਰ ਨੂੰ ਆਖਿਆ, ‘‘ਚਾਚਾ ਜੀ ਕਿੰਨੇ ਸਿਆਣੇ ਨੇ…। ਆਪਣੇ ਦਿਮਾਗ਼ ਵਿੱਚ ਇਹ ਗੱਲ ਆਈ ਓ ਨਹੀਂ। ਆਪਣੀਆਂ ਛੁੱਟੀਆਂ ਤਾਂ ਹਾਲੇ ਬਚਦੀਆਂ ਨੇ…। ਇਸੇ ਐਤਵਾਰ ਤੋਂ ਛੁੱਟੀ ਭਰ ਕੇ ਆਪਾਂ ਇੱਕ ਹਫ਼ਤਾ ਘੁੰਮ ਕੇ ਆਉਂਦੇ ਆਂ!’’

ਉਨ੍ਹਾਂ ਨੇ ਐਤਵਾਰ ਨੂੰ ਘੁੰਮਣ ਜਾਣ ਦੀ ਤਿਆਰੀ ਸ਼ੁਰੂ ਕਰ ਲਈ। ਜੀਤ ਕਾਰ ਨੂੰ ਚੈੱਕ ਕਰਨ ਲੈ ਗਿਆ ਤਾਂ ਕਿ ਲੰਬੇ ਸਫ਼ਰ ’ਤੇ ਕੋਈ ਖਰਾਬੀ ਨਾ ਕਰੇ।

ਗੁਰਬੀਰ ਤੇ ਪ੍ਰੀਤੀ ਆਪਣੇ ਨਿੱਕੇ ਬੱਚੇ ਸਮੇਤ ਘੁੰਮਣ ਨਿਕਲ ਗਏ। ਹਫ਼ਤਾ ਬਾਹਰ ਘੁੰਮ ਕੇ ਵਾਪਸ ਆਏ ਤਾਂ ਜੀਤ ਦਾ ਰੰਗ ਉੱਡ ਗਿਆ ਕਿ ਉਹ ਸਹੀ ਸਲਾਮਤ ਕਿਵੇਂ ਵਾਪਸ ਆ ਗਏ। ਹੁਣ ਗੁਰਬੀਰ ਤੇ ਉਸ ਦੀ ਵਹੁਟੀ ਨੇ ਪਿੰਡ ਪਰਿਵਾਰ ਨਾਲ ਰਹਿਣ ਦਾ ਫ਼ੈਸਲਾ ਕਰ ਲਿਆ ਸੀ। ਜੀਤ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦੀ ਬਾਜ਼ੀ ਉਲਟੀ ਕਿਵੇਂ ਪੈ ਗਈ। ਓਧਰ ਪ੍ਰੀਤਮ ਸਿੰਹੁ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦੇ ਬੱਚਿਆਂ ਨੂੰ ਪਰਮਾਤਮਾ ਨੇ ਕਿਵੇਂ ਸੁਮੱਤ ਬਖ਼ਸ਼ ਦਿੱਤੀ ਜੋ ਉਨ੍ਹਾਂ ਨੇ ਘਰ ਵੱਲ ਨੂੰ ਮੂੰਹ ਕਰ ਲਿਆ। ਇੱਕ ਦਿਨ ਸਾਰਾ ਪਰਿਵਾਰ ਇਕੱਠੇ ਬੈਠੇ ਗੱਲਾਂਬਾਤਾਂ ਕਰ ਰਹੇ ਸਨ ਤਾਂ ਪ੍ਰੀਤਮ ਸਿੰਹੁ ਨੇ ਗੁਰਬੀਰ ਨੂੰ ਘਰ ਵਾਪਸ ਪਰਤਣ ਦਾ ਕਾਰਨ ਪੁੱਛ ਹੀ ਲਿਆ। ਗੁਰਬੀਰ ਤੇ ਉਸ ਦੀ ਵਹੁਟੀ ਨੇ ਦੱਸਿਆ, ‘‘ਚਾਚੇ ਨੇ ਸਾਡੀ ਕਾਰ ਦੇ ਬ੍ਰੇਕ ਢਿੱਲੇ ਕਰ ਕੇ ਵਿੱਚ ਤੀਲ੍ਹੀਆਂ ਫਸਾ ਦਿੱਤੀਆਂ ਸਨ… ਜਿਉਂ ਜਿਉਂ ਅਸੀਂ ਜਾਈ ਜਾਂਦੇ… ਤੀਲ੍ਹੀਆਂ ਨਿਕਲ ਕੇ ਤਿਉਂ ਤਿਉਂ ਬਰੇਕਾਂ ਨੇ ਪਹਾੜਾਂ ਵਿੱਚ ਕੰਟਰੋਲ ਤੋਂ ਬਾਹਰ ਹੋ ਜਾਣਾ ਸੀ। ਇਹ ਤਾਂ ਕੁਦਰਤੀ ਮੇਰੇ ਦਿਮਾਗ਼ ਵਿੱਚ ਆਇਆ ਕਿ ਕਿਸੇ ਹੋਰ ਮਕੈਨਿਕ ਨੂੰ ਵਿਖਾ ਲਵਾਂ। ਉਸ ਮਕੈਨਿਕ ਨੇ ਤੀਲ੍ਹੀਆਂ ਕੱਢ ਕੇ ਵਿਖਾਈਆਂ ਕਿ ਤੁਹਾਨੂੰ ਮਾਰਨ ਦੀ ਕਿਸੇ ਨੇ ਸਾਜ਼ਿਸ਼ ਘੜੀ ਹੋਈ ਸੀ। ਅਸੀਂ ਉਸੇ ਸਮੇਂ ਸਮਝ ਗਏ ਕਿ ਜੇ ਅਸੀਂ ਹੋਰ ਇਸ ਕੋਲ ਰਹੇ ਤਾਂ ਇਸ ਨੇ ਸ਼ਰੀਕਾਂ ਵਾਲੀ ਕੋਈ ਹੋਰ ਕੋਝੀ ਚਾਲ ਖੇਡ ਜਾਣੀ ਹੈ। ਅਸੀਂ ਉਦੋਂ ਹੀ ਫ਼ੈਸਲਾ ਕਰ ਲਿਆ ਸੀ ਕਿ ਅਸੀਂ ਆਪਣੇ ਪਰਿਵਾਰ ਨਾਲ ਰਹਾਂਗੇ….!’’ ਸਾਰੇ ਜੀਤ ਦੀ ਸ਼ਰੀਕਾਂ ਵਾਲੀ ਚਾਲ ਦੀ ਗੱਲ ਸੁਣ ਕੇ ਹੱਕੇ ਬੱਕੇ ਰਹਿ ਗਏ।

ਸੰਪਰਕ: 99889-01324

* * *

ਸੁਪਨਾ ਨਹੀਂ, ਹਕੀਕਤ ਸੀ

ਰਾਜਿੰਦਰ ਸਿੰਘ ਰਾਜਨ

ਸ਼ਹਿਰ ਦਾ ਨਾਮੀ ਹਲਵਾਈ ਰੁਲਦੂ ਹਰ ਕਿਸੇ ਨਾਲ ਮਿੱਠਾ ਬੋਲਣ, ਹੱਕ-ਹਲਾਲ ਦੀ ਕਮਾਈ ਕਰਨ ਅਤੇ ਪਰਮਾਤਮਾ ਵਿੱਚ ਪੂਰਨ ਭਰੋਸਾ ਰੱਖਣ ਵਾਲਾ ਇਨਸਾਲ ਸੀ। ਜਿਹੜਾ ਵਿਅਕਤੀ ਇੱਕ ਵਾਰ ਦੁਕਾਨ ’ਤੇ ਆ ਜਾਂਦਾ, ਉਸ ਦੇ ਇਨ੍ਹਾਂ ਗੁਣਾਂ ਕਾਰਨ ਮੁੜ ਦੂਜੇ ਪਾਸੇ ਧਿਆਨ ਨਾ ਕਰਦਾ। ਪਰਾਤ ਵਾਲੀ ਬਰਫ਼ੀ, ਗਰਮ ਗਰਮ ਚਾਸ਼ਣੀ ਵਾਲੇ ਰਸਗੁੱਲੇ ਅਤੇ ਛੋਟੇ ਛੋਟੇ ਖ਼ਸਤਾ ਸਮੋਸੇ ਦੇਖ ਕੇ ਬਦੋ-ਬਦੀ ਮੂੰਹ ਵਿੱਚ ਪਾਣੀ ਆ ਜਾਂਦਾ। ਬਾਅਦ ਦੁਪਹਿਰ 4 ਵਜੇ ਮਗਰੋਂ ਤੱਕ ਲੱਭਿਆਂ ਨਾ ਲੱਭਦੀਆਂ ਇਹ ਚੀਜ਼ਾਂ।

ਰੁਲਦੂ ਹਲਵਾਈ ਦਾ ਇਕਲੌਤਾ ਪੁੱਤਰ ਬੂਟੀ ਰਾਮ ਪੜ੍ਹਨ ਵਿੱਚ ਅੱਵਲ ਦਰਜੇ ਦਾ ਸੀ। ਉਹ ਆਪਣੇ ਪੁੱਤਰ ਨੂੰ ਅਫਸਰ ਦੇਖਣਾ ਚਾਹੁੰਦਾ ਸੀ ਜਿਸ ਕਾਰਨ ਉਸ ਨੂੰ ਵੱਧ ਤੋਂ ਵੱਧ ਪੜ੍ਹਨ ਦੀ ਸਲਾਹ ਦਿਆ ਕਰਦਾ। ਉਸ ਦਾ ਬੇਟਾ ਬੂਟੀ ਰਾਮ ਇਸ ਗੱਲ ਦੇ ਬਾਵਜੂਦ ਪੜ੍ਹਨ ਦੇ ਨਾਲ ਨਾਲ ਬਾਪ ਨਾਲ ਹੱਥ ਵਟਾਉਣਾ ਆਪਣਾ ਕਰਤੱਵ ਸਮਝਦਾ ਸੀ। ਬੂਟੀ ਰਾਮ ਚੰਗੇ ਨੰਬਰ ਲੈ ਕੇ ਬੀ.ਏ. ਕਰ ਗਿਆ। ਬੈਂਕ ਵਿੱਚ ਪ੍ਰੋਬੇਸ਼ਨਰੀ ਅਫਸਰ (ਪੀ.ਓ.) ਦਾ ਟੈਸਟ ਪਾਸ ਕਰ ਕੇ ਸਹਾਇਕ ਬੈਂਕ ਮੈਨੇਜਰ ਤਾਇਨਾਤ ਹੋ ਗਿਆ। ਘਰ ਵਿੱਚ ਖ਼ੁਸ਼ੀ ਦਾ ਮਾਹੌਲ। ਰੂਲਦੂ ਹਲਵਾਈ ਤੇ ਉਸ ਦੀ ਪਤਨੀ ਰਾਣੀ ਫੁੱਲੇ ਨਹੀਂ ਸੀ ਸਮਾਅ ਰਹੇ। ਗਲੀ ਮੁਹੱਲੇ ਵਿੱਚ ਵੀ ਰੁਲਦੂ ਰਾਮ ਦੀਆਂ ਨੇਕਨੀਤੀਆਂ ਦੇ ਚਰਚੇ ਛਿੜੇ ਕਿ ਇਹ ਹੈ ਹੱਕ ਹਲਾਲ ਦੀ ਕਮਾਈ।

ਬੂਟੀ ਰਾਮ ਆਪਣੇ ਪਿਤਾ ਰੁਲਦੂ ਹਲਵਾਈ ਦਾ ਚੰਗਾ ਸੰਸਕਾਰੀ ਬੱਚਾ ਸੀ। ਉਸ ਨੂੰ ਬੈਂਕ ਵਿੱਚ ਨੌਕਰੀ ਮਿਲਣ ਨਾਲ ਚੰਗੇ ਰਿਸ਼ਤੇ ਆਉਣ ਲੱਗੇ। ਕਿਸੇ ਵਿਚੋਲੇ ਰਾਹੀਂ ਰੁਲਦੂ ਹਲਵਾਈ, ਉਸ ਦੀ ਪਤਨੀ ਰਾਣੀ ਤੇ ਉਨ੍ਹਾਂ ਦਾ ਬੇਟਾ ਬੂਟੀ ਰਾਮ ਲੜਕੀ ਵਾਲਿਆਂ ਦੇ ਘਰ ਦੇਖਣ ਲਈ ਪਹੁੰਚ ਗਏ। ਤਿੰਨਾਂ ਨੂੰ ਲੜਕੀ ਪਸੰਦ ਆ ਗਈ। ਜਦੋਂ ਰੁਲਦੂ ਹਲਵਾਈ ਨੇ ਲੜਕੀ ਦੇ ਪਿਤਾ ਨੂੰ ਬਾਕੀ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਰਿਵਾਰ ਵਿੱਚ ਮੇਰੀ ਪਤਨੀ ਅਤੇ ਚਾਰ ਧੀਆਂ ਹਨ। ਇਹ ਸੁਣ ਕੇ ਬੂਟੀ ਰਾਮ ਦੀ ਮਾਂ ਰਾਣੀ ਦੇ ਹਾਵ-ਭਾਵ ਬਦਲਦੇ ਦੇਖ ਲੜਕੀ ਦਾ ਪਿਤਾ ਹੱਥ ਜੋੜ ਕੇ ਰੁਲਦੂ ਨੂੰ ਕਹਿਣ ਲੱਗਾ, ‘‘ਮੇਰੀਆਂ ਚਾਰ ਧੀਆਂ ਹੋਣ ਕਾਰਨ ਹਰ ਬੰਦਾ ਨਾਂਹ ਕਰ ਕੇ ਚਲਿਆ ਜਾਂਦਾ ਹੈ।’’ ਰੁਲਦੂ ਹਲਵਾਈ ਉਸ ਦੀ ਗੱਲ ਸੁਣ ਕੇ ਫੱਟ ਬੋਲਿਆ, ‘‘ਅੱਛਾ! ਜੇ ਇਹ ਗੱਲ ਹੈ ਤਾਂ ਇਹ ਰਿਸ਼ਤਾ ਪੱਕਾ ਸਮਝ ਤੇ ਬੂਟੀ ਰਾਮ ਦਾ ਮੂੰਹ ਮਿੱਠਾ ਕਰ।’’ ਦਿਆਨਤਦਾਰੀ ਦਾ ਇਹ ਵੀ ਇੱਕ ਪਹਿਲੂ ਸੀ ਰੁਲਦੂ ਰਾਮ ਦਾ। ਮੈਨੇਜਰ ਬੂਟੀ ਰਾਮ ਦਾ ਵਿਆਹ ਬਹੁਤ ਸਾਦੇ ਢੰਗ ਨਾਲ ਕੀਤਾ ਗਿਆ। ਸਮੇਂ ਦੀ ਰਫ਼ਤਾਰ ਨਾਲ ਜ਼ਿੰਦਗੀ ਦੇ ਸਫ਼ਰ ਵਿੱਚ ਰੁਲਦੂ ਹਲਵਾਈ ਤੇ ਉਸ ਦੀ ਪਤਨੀ ਰਾਣੀ ਨੂੰ ਦੋ ਪੋਤਰਿਆਂ ਦੇ ਮੂੰਹ ਦੇਖਣੇ ਨਸੀਬ ਹੋਏ। ਬੈਂਕ ਵਿੱਚ ਵਧੀਆ ਸੇਵਾਵਾਂ ਸਦਕਾ ਬੂਟੀ ਰਾਮ ਮੁੱਖ ਪ੍ਰਬੰਧਕ ਤੇ ਫਿਰ ਚੀਫ ਮੈਨੇਜਰ ਬਣਿਆ। ਘਰ ਵਿੱਚ ਖ਼ੁਸ਼ੀਆਂ ਸਨ।

ਕੁਝ ਸਾਲਾਂ ਬਾਅਦ ਰੁਲਦੂ ਹਲਵਾਈ ਦੀ ਪਤਨੀ ਰਾਣੀ ਦਿਲ ਦੇ ਦੌਰੇ ਨਾਲ ਚੱਲ ਵੱਸੀ। ਘਰ ਵਿੱਚ ਮਾਤਮ ਛਾਇਆ ਰਿਹਾ। ਪੂਰੇ ਇੱਕ ਸਾਲ ਬਾਅਦ ਮਾਮੂਲੀ ਬੁਖਾਰ ਕਾਰਨ ਰੁਲਦੂ ਹਲਵਾਈ ਰੱਬ ਨੂੰ ਪਿਆਰਾ ਹੋ ਗਿਆ। ਦੇਖਦੇ ਹੀ ਦੇਖਦੇ ਦੁਕਾਨ ਨੂੰ ਤਾਲੇ ਲੱਗ ਗਏ। ਸ਼ਹਿਰ ਵਿੱਚ ਪਰਾਤ ਵਾਲੀ ਬਰਫ਼ੀ, ਗਰਮ ਗਰਮ ਚਾਸ਼ਣੀ ਵਾਲੇ ਰਸਗੁੱਲੇ ਅਤੇ ਛੋਟੇ ਛੋਟੇ ਖਸਤਾ ਸਮੋਸਿਆਂ ਤੋਂ ਲੋਕ ਵਾਂਝੇ ਹੋ ਗਏ।

… … …

ਜਦੋਂ ਖੁੱਲ੍ਹੀ ਜੀਪ ਵਿੱਚ ਫੁੱਲਾਂ ਦੇ ਹਾਰਾਂ ਨਾਲ ਲੱਦਿਆ ਬੂਟੀ ਰਾਮ ਸੇਵਾਮੁਕਤੀ ਵਾਲੀ ਸ਼ਾਮ ਸਕੇ-ਸਬੰਧੀਆਂ ਤੇ ਦੋਸਤਾਂ ਨਾਲ ਆਪਣੇ ਘਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਲੋਕ ਖੜ੍ਹ ਖੜ੍ਹ ਦੇਖਣ। ਉਸ ਦੇ ਘਰ ਦਾ ਗੇਟ ਅਤੇ ਨਾਲ ਦਾ ਖਾਲੀ ਪਲਾਟ ਵਧੀਆ ਤੰਬੂ-ਕਨਾਤਾਂ ਨਾਲ ਸਜਾਇਆ ਹੋਇਆ ਸੀ। ਵੱਖ ਵੱਖ ਤਰ੍ਹਾਂ ਦੇ ਪਕਵਾਨ, ਤੱਤੇ-ਠੰਢੇ ਤੇ ਮਠਿਆਈਆਂ ਦਾ ਆਨੰਦ ਲੈਂਦੇ ਕਰੀਬੀ। ਘਰ ਪੁੱਜਿਆ ਸੇਵਾਮੁਕਤ ਚੀਫ ਮੈਨੇਜਰ ਬੂਟੀ ਰਾਮ ਲੋਕਾਂ ਦੀ ਵਾਹ-ਵਾਹ ਖੱਟ ਅਤੇ ਵਧਾਈਆਂ ਕਬੂਲ ਰਿਹਾ ਸੀ। ਉਸ ਦੇ ਘਰ ਦਾ ਇੱਕ ਕਮਰਾ ਤਾਂ ਸਕੇ-ਸਬੰਧੀਆਂ ਅਤੇ ਦੋਸਤਾਂ ਵੱਲੋਂ ਲਿਆਂਦੇ ਤੋਹਫ਼ਿਆਂ ਨਾਲ ਹੀ ਭਰ ਗਿਆ। ਘਰ ਵਿੱਚ ਪੂਰੇ ਚਾਅ ਜਿਵੇਂ ਜੰਞ ਢੁਕੀ ਹੋਵੇ। ਡੀਜੇ ਵਾਲੇ ਦੇ ਕਮਾਲ ਨੇ ਸਭ ਨੂੰ ਝੂਮਣ ਲਾ ਦਿੱਤਾ। ਖ਼ੂਬ ਰੌਣਕਾਂ ਲੱਗੀਆਂ।

ਬੂਟੀ ਰਾਮ ਦੀ ਪਤਨੀ ਸਤੋ ਦੇਵੀ ਅਤੇ ਉਨ੍ਹਾਂ ਦੇ ਦੋ ਬੇਟੇ ਬਿੱਟੂ ਤੇ ਪੱਪੂ ਵੀ ਲੋਕਾਂ ਦੀ ਆਉ ਭਗਤ ਵਿੱਚ ਲੱਗੇ ਸਨ। ਬਿੱਟੂ ਤੇ ਪੱਪੂ ਬੀਟੈੱਕ ਕਰ ਕੇ ਵੀ ਆਮ ਨੌਜੁਆਨਾਂ ਵਾਂਗ ਬੇਰੁਜ਼ਗਾਰੀ ਦੀ ਚੱਕੀ ਵਿੱਚ ਪੀੜੇ ਜਾ ਰਹੇ ਸਨ।

ਸੇਵਾਮੁਕਤੀ ਸਮਾਗਮ ਦੀ ਸਮਾਪਤੀ ਮਗਰੋਂ ਬੂਟੀ ਰਾਮ ਰਾਤ ਨੂੰ ਲੇਟਣ ਸਮੇਂ ਸੋਚ ਰਿਹਾ ਸੀ ਜਿਵੇਂ ਉਹ ਵੀ ਹੁਣ ਆਪਣੇ ਬੱਚਿਆਂ ਵਾਂਗ ਬੇਰੁਜ਼ਗਾਰ ਹੋਵੇ ਅਤੇ ਲੱਖਾਂ ਰੁਪਏ ਖਰਚ ਕੇ ਪੜ੍ਹਾਉਣ ਦੇ ਬਾਵਜੂਦ ਬੇਰੁਜ਼ਗਾਰ ਰਹਿ ਗਏ ਪੁੱਤਰਾਂ ਦੇ ਅਧੂਰੇ ਕਾਰਜ ਕਿਵੇਂ ਕਰਨੇ ਹਨ। ਉਹ ਇਹ ਵੀ ਸੋਚ ਰਿਹਾ ਸੀ ਕਿ ਉਹ ਵੀ ਦਿਨ ਸਨ ਜਦੋਂ ਸ਼ਹਿਰ ਅੰਦਰ ਉਸ ਦੇ ਪਿਤਾ ਦੇ ਨਾਮ ਦੀ ਤੂਤੀ ਬੋਲਦੀ ਸੀ। ਇਹ ਸੋਚਦੇ ਬੂਟੀ ਰਾਮ ਦੀ ਅੱਖ ਲੱਗ ਗਈ। ਉਸ ਨੂੰ ਸੁਪਨਾ ਆਇਆ ਜਿਵੇਂ ਉਸ ਦਾ ਪਿਤਾ ਰੁਲਦੂ ਹਲਵਾਈ ਆਖ ਰਿਹਾ ਹੈ ਕਿ ਉਸ ਦੀ ਦੁਕਾਨ ਕਈ ਸਾਲਾਂ ਤੋਂ ਬੰਦ ਪਈ ਹੈ; ਸੇਵਾਮੁਕਤੀ ’ਤੇ ਮਿਲਿਆ ਸਾਰਾ ਪੈਸਾ ਉਸ ’ਤੇ ਲਗਾ ਕੇ ਵਧੀਆ ਦਿੱਖ ਵਾਲੀ ਸਵੀਟ ਸ਼ਾਪ ਖੋਲ੍ਹ ਲਵੇ।

ਦਿਨ ਚੜ੍ਹਦੇ ਹੀ ਬੂਟੀ ਰਾਮ ਨੇ ਆਪਣੀ ਪਤਨੀ, ਦੋਵੇਂ ਪੁੱਤਰਾਂ ਨੂੰ ਉਠਾਇਆ ਕੇ ਆਪਣੇ ਮਨ ਦੀ ਗੱਲ ਸਾਂਝੀ ਕੀਤੀ। ਸਾਰਿਆਂ ਨੇ ਇਸ ਵਿਚਾਰ ਨਾਲ ਸਹਿਮਤੀ ਜਤਾਈ। ਸਾਰੇ ਜਣਿਆਂ ਨੇ ਨਾਸ਼ਤਾ ਕਰਨ ਉਪਰੰਤ ਰੁਲਦੂ ਹਲਵਾਈ ਦੀ ਤਸਵੀਰ ਨੂੰ ਮੱਥਾ ਟੇਕਿਆ ਤੇ ਨਿਕਲ ਤੁਰੇ ਬੰਦ ਪਈ ਦੁਕਾਨ ਵੱਲ। ਦੁਕਾਨ ’ਤੇ ਪਹੁੰਚੇ ਤਾਂ ਆਲੇ-ਦੁਆਲੇ ਦੇ ਦੁਕਾਨਦਾਰਾਂ ਨੂੰ ਜਿਵੇਂ ਸੱਪ ਸੁੰਘ ਗਿਆ ਹੋਵੇ। ਵਿੱਚੋਂ ਇੱਕਾ-ਦੁੱਕਾ ਨੇ ‘ਸ਼ੁਕਰ ਹੈ, ਤੁਸੀਂ ਵੀ ਦੁਕਾਨ ਖੋਲ੍ਹੀ!’ ਕਹਿ ਕੇ ਖ਼ੁਸ਼ੀ ਸਾਂਝੀ ਕੀਤੀ।

ਕੁਝ ਮਹੀਨਿਆਂ ਵਿੱਚ ਯੋਜਨਾਬੱਧ ਤਰੀਕੇ ਨਾਲ ਖ਼ੂਬਸੂਰਤ ਦੁਕਾਨ ਤਿਆਰ ਕਰ ਕੇ ਉਸ ਵਿੱਚ ਰੁਲਦੂ ਹਲਵਾਈ ਦੀ ਤਸਵੀਰ ਲਗਾ ਕੇ ਫੁੱਲਾਂ ਦੇ ਹਾਰ ਅਰਪਣ ਕਰਦਿਆਂ ਦੁਕਾਨ ਦਾ ਮਹੂਰਤ ਕਰ ਦਿੱਤਾ। ਨਵੀਂ ਦਿੱਖ ਵਾਲੀ ਦੁਕਾਨ ‘ਰੁਲਦੂ ਸਵੀਟਸ’ ’ਤੇ ਲੱਗੇ ਕਾਰੀਗਰਾਂ ਦੀ ਮਦਦ ਨਾਲ ਬੂਟੀ ਰਾਮ ਨੇ ਆਪਣੇ ਪਿਤਾ ਤੋਂ ਸਿੱਖੇ ਗੁਰ ਅਨੁਸਾਰ ਪਰਾਤ ਵਾਲੀ ਬਰਫ਼ੀ, ਗਰਮ ਗਰਮ ਚਾਸ਼ਣੀ ਵਾਲੇ ਰਸਗੁੱਲੇ, ਛੋਟੇ ਛੋਟੇ ਖਸਤਾ ਸਮੋਸੇ ਅਤੇ ਹੋਰ ਅਨੇਕਾਂ ਮਠਿਆਈਆਂ ਤਿਆਰ ਕਰ ਕੇ ਦੁਕਾਨ ਵਧੀਆ ਢੰਗ ਨਾਲ ਸਜਾ ਦਿੱਤੀ। ਸ਼ਹਿਰ ਵਿੱਚ ਇਹ ਦੁਕਾਨ ਖੁੱਲ੍ਹਣ ਦੀ ਚਰਚਾ ਛਿੜੀ ਤਾਂ ਦੁਕਾਨ ’ਤੇ ਲੋਕਾਂ ਦਾ ਤਾਂਤਾ ਲੱਗਣ ਲੱਗਾ। ਕੁਝ ਹੀ ਮਹੀਨਿਆਂ ਵਿੱਚ ਸ਼ਹਿਰ ਵਾਸੀਆਂ ਦੀ ਭੀੜ ਉਮੜਦੀ ਦੇਖਦਿਆਂ ਉਨ੍ਹਾਂ ਨੇ ਦੁਕਾਨ ਦਾ ਪਸਾਰ ਹੋਰ ਕਰ ਲਿਆ ਗਿਆ। ਬੂਟੀ ਰਾਮ, ਉਸ ਦੀ ਪਤਨੀ, ਦੋ ਪੁੱਤਰਾਂ ਸਮੇਤ ਤਕਰੀਬਨ ਦਰਜਨ ਮੁਲਾਜ਼ਮ ਦੁਕਾਨ ਵਿੱਚ ਕੰਮ ਕਰਦੇ। ਦੁਕਾਨ ਦੇ ਵਾਰੇ ਨਿਆਰੇ ਹੋਏ ਤੇ ਬੂਟੀ ਰਾਮ ਦੇ ਦੋਵੇਂ ਪੁੱਤਰਾਂ ਬਿੱਟੂ ਤੇ ਪੱਪੂ ਦਾ ਨਾਂ ਵੀ ਆਪਣੇ ਦਾਦੇ ਵਾਂਗ ਮਸ਼ਹੂਰ ਹੋ ਗਿਆ। ਹੁਣ ਉਨ੍ਹਾਂ ਦੋਵਾਂ ਲਈ ਰਿਸ਼ਤੇ ਵੀ ਆਉਣ ਲੱਗੇ ਤੇ ਦੋਵਾਂ ਦੇ ਵਿਆਹ ਸ਼ਾਨੋ-ਸ਼ੌਕਤ ਨਾਲ ਕੀਤੇ ਗਏ।

ਬੂਟੀ ਰਾਮ ਹਰ ਰੋਜ਼ ਦੀ ਤਰ੍ਹਾਂ ਆਪਣੇ ਇਸ਼ਟ ਅਤੇ ਪਿਤਾ ਦੀ ਤਸਵੀਰ ਮੂਹਰੇ ਮੱਥਾ ਟੇਕਣ ਉਪਰੰਤ ਘਰ ਦੇ ਬਗੀਚੇ ਵਿੱਚ ਤੜਕਸਾਰ ਸੈਰ ਕਰਦਾ ਕਰਦਿਆਂ ਆਪਣੇ ਬਾਪ ਦੇ ਆਏ ਸੁਪਨੇ ਨੂੰ ਯਾਦ ਕਰਦਾ ਸੋਚ ਰਿਹਾ ਸੀ ਕਿ ਉਹ ‘ਸੁਪਨਾ ਨਹੀਂ ਹਕੀਕਤ’ ਸੀ ਜਿਸ ਨੇ ਅੱਜ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਬੁਲੰਦੀਆਂ ’ਤੇ ਲਿਆ ਖੜ੍ਹਾ ਕੀਤਾ ਹੈ।

ਸੰਪਰਕ: 94174-27656



News Source link
#ਸਰਕ

- Advertisement -

More articles

- Advertisement -

Latest article