38 C
Patiāla
Friday, May 3, 2024

ਹਫ਼ਤਾ ਪਹਿਲਾਂ ਸ਼ੁਰੂ ਕੀਤੇ ਐਲੀਵੇਟਿਡ ਪੁਲ ਦੀ ਸਲੈਬ ਡਿੱਗੀ

Must read


ਗਗਨਦੀਪ ਅਰੋੜਾ

ਲੁਧਿਆਣਾ, 19 ਫਰਵਰੀ

ਕੁੱਝ ਦਿਨ ਪਹਿਲਾਂ ਹੀ ਸ਼ੁਰੂ ਕੀਤੇ ਗਏ ਫਿਰੋਜ਼ਪੁਰ ਰੋਡ ਚੁੰਗੀ ਤੋਂ ਲੈ ਕੇ ਬੱਸ ਅੱਡੇ ਤੱਕ ਬਣਾਏ ਗਏ ਫਲਾਈਓਵਰ ਦੀ ਵਾਲ ਸਲੈਬ ਲੰਘੀ ਰਾਤ ਟੁੱਟ ਕੇ ਥੱਲੇ ਡਿੱਗ ਗਈ। ਬਚਾਅ ਇਹ ਰਿਹਾ ਕਿ ਹਾਦਸਾ ਦੇਰ ਰਾਤ ਵਾਪਰਿਆ ਤੇ ਉਸ ਵੇਲੇ ਸੜਕ ’ਤੇ ਕੋਈ ਟਰੈਫਿਕ ਨਹੀਂ ਸੀ। ਜੇਕਰ ਇਹ ਸਲੈਬ ਦਿਨ ਵੇਲੇ ਟੁੱਟਦੀ ਤਾਂ 500 ਕਿੱਲੋ ਦੀ ਇਸ ਸਲੈਬ ਹੇਠ ਆ ਕੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਐਲੀਵੇਟਿਡ ਪੁਲ ਤੋਂ ਵਾਲ ਸਲੈਬ ਡਿੱਗਣ ਦੀ ਸੂਚਨਾ ਮਿਲਦੇ ਹੀ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਅਧਿਕਾਰੀਆਂ ਨਾਲ ਮੌਕੇ ’ਤੇ ਪੁੱਜੇ। ਉਨ੍ਹਾਂ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਕੌਮੀ ਸ਼ਾਹਰਾਹ ਅਥਾਰਿਟੀ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਸੱਦ ਲਿਆ। ਉਨ੍ਹਾਂ ਇਸ ਸਬੰਧੀ ਜਾਂਚ ਦੇ ਹੁਕਮ ਜਾਰੀ ਕੀਤੇ ਅਤੇ ਨਾਲੋ ਨਾਲ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਪੁਲ ਬਣਾਉਣ ਵਾਲੀ ਕੰਪਨੀ ਦੀ ਅਦਾਇਗੀ ਰੋਕਣ ਲਈ ਕਿਹਾ। ਇੱਥੋਂ ਤੱਕ ਕਿ ਐੱਨਐੱਚਏਆਈ ਦੇ ਅਧਿਕਾਰੀਆਂ ਦਾ ਵੀ ਇਹੀ ਕਹਿਣਾ ਹੈ ਕਿ ਵਾਲ ਸਲੈਬ ਕਿਸੇ ਵੀ ਹਾਲਤ ’ਚ ਨਹੀਂ ਡਿੱਗਣੀ ਚਾਹੀਦੀ ਸੀ। ਜੇਕਰ ਇਹ ਡਿੱਗੀ ਹੈ ਤਾਂ ਕਾਫ਼ੀ ਗੰਭੀਰ ਮਸਲਾ ਹੈ। ਐੱਨਐੱਚਏਆਈ ਦੇ ਅੀਧਕਾਰੀਆਂ ਨੇ ਵੀ ਪੂਰੇ ਪੁਲ ਦੇ ਦੋਵੇਂ ਪਾਸੇ ਦੀਆਂ ਵਾਲ ਸਲੈਬਾਂ ਚੈੱਕ ਕਰਨ ਦੇ ਹੁਕਮ ਜਾਰੀ ਕੀਤੇ ਹਨ ਤਾਂ ਜੋ ਜੇਕਰ ਕਿਸੇ ਹੋਰ ਵਾਲ ਸਲੈਬ ’ਚ ਹਲਕੀ ਜਿਹੀ ਵੀ ਕਮੀ ਨਜ਼ਰ ਆਵੇ ਤਾਂ ਉਸ ਨੂੰ ਤੁਰੰਤ ਠੀਕ ਕਰਵਾਇਆ ਜਾ ਸਕੇ।

ਆਮ ਆਦਮੀ ਪਾਰਟੀ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਅੱਜ ਸਵੇਰੇ ਹੀ ਐੱਨਐੱਚਏਆਈ ਦੇ ਅਧਿਕਾਰੀਆਂ ਨਾਲ ਭਾਰਤ ਨਗਰ ਚੌਕ ਵਿੱਚ ਉਸ ਜਗ੍ਹਾ ’ਤੇ ਪੁੱਜੇ, ਜਿੱਥੇ ਉੱਪਰੋਂ ਇਹ ਸਲੈਬ ਡਿੱਗੀ ਸੀ। ਉਨ੍ਹਾਂ ਪੂਰੇ ਐਲੀਵੇਟਿਡ ਪ੍ਰਾਜੈਕਟ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਪੁਲ ਦੀ ਉਸਾਰੀ ਕਰਨ ਵਾਲੀ ਕੰਪਨੀ ਦਾ ਬਿਓਰਾ ਮੰਗਿਆ। ਉਨ੍ਹਾਂ ਕਿਹਾ ਕਿ ਐਲੀਵੇਟਿਡ ਪੁਲ ਬਣਾਉਣ ਵਾਲੇ ਠੇਕੇਦਾਰ ਦੇ ਖਿਲਾਫ਼ ਐਕਸ਼ਨ ਲਿਆ ਜਾਵੇਗਾ। ਪੁਲ ’ਤੇ ਵਰਤੇ ਗਏ ਮਟੀਰੀਅਲ ਦੀ ਜਾਂਚ ਕਰਵਾਈ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਵਰਤਿਆ ਗਿਆ ਹੈ। ਵਿਧਾਇਕ ਨੇ ਕਿਹਾ ਕਿ ਐੱਨਐੱਚਏਆਈ ਦੇ ਪ੍ਰਾਜੈਕਟ ਹੈੱਡ ਡਾਇਰੈਕਟਰ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਗਈ ਹੈ ਅਤੇ ਅਧਿਕਾਰੀਆਂ ਨੂੰ ਆਖਿਆ ਗਿਆ ਹੈ ਕਿ 756 ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਦਾ ਸੱਤ ਦਿਨਾਂ ’ਚ ਹੀ ਨੁਕਸਾਨ ਹੋਣ ਲੱਗਿਆ ਹੈ। ਗੋਗੀ ਨੇ ਕਿਹਾ ਕਿ ਜੇਕਰ ਹਾਲੇ ਪੁਲ ਦਾ ਕੰਮ ਅਧੂਰਾ ਹੈ ਤਾਂ ਉਸ ਨੂੰ ਚਲਾਉਣਾ ਨਹੀਂ ਚਾਹੀਦਾ ਸੀ। ਜੇਕਰ ਲੱਗਿਆ ਕਿ ਪੁਲ ਅਸੁਰੱਖਿਅਤ ਹੈ ਤਾਂ ਇਸ ਨੂੰ ਬੰਦ ਕਰਵਾਇਆ ਜਾਵੇਗਾ।

ਪੁਲ ਦੇ ਦੋਵੇਂ ਪਾਸੇ ਦੀਆਂ ਸਲੈਬਾਂ ਦੀ ਜਾਂਚ ਕਰਵਾਈ ਜਾਵੇਗੀ: ਪ੍ਰਾਜੈਕਟ ਡਾਇਰੈਕਟਰ

ਕੌਮੀ ਸ਼ਾਹਰਾਹ ਅਥਾਰਿਟੀ ਦੇ ਪ੍ਰਾਜੈਕਟ ਹੈੱਡ ਅਸ਼ੋਕ ਕੁਮਾਰ ਨੇ ਕਿਹਾ ਕਿ ਪੁਲ ਦੇ ਦੋਵੇਂ ਪਾਸੇ ਦੀਆਂ ਸਲੈਬਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਪੂਰਾ ਪੁਲ ਇੱਕ ਵਾਰ ਚੈੱਕ ਕਰਵਾਇਆ ਜਾਵੇਗਾ ਤਾਂ ਜੋ ਖਾਮੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਠੀਕ ਕਰਵਾਇਆ ਜਾ ਸਕੇ।



News Source link

- Advertisement -

More articles

- Advertisement -

Latest article