22 C
Patiāla
Thursday, May 2, 2024

ਲੁਧਿਆਣਾ ਵਿੱਚ ਗੜਿਆਂ ਤੇ ਤੇਜ਼ ਮੀਂਹ ਨਾਲ ਜਨ-ਜੀਵਨ ਪ੍ਰਭਾਵਿਤ

Must read


ਗਗਨਦੀਪ ਅਰੋੜਾ

ਲੁਧਿਆਣਾ, 1 ਫਰਵਰੀ

ਸਨਅਤੀ ਸ਼ਹਿਰ ’ਚ ਵੀਰਵਾਰ ਸਵੇਰੇ ਲੋਕਾਂ ਦੀ ਸ਼ੁਰੂਆਤ ਹੀ ਤੇਜ਼ ਮੀਂਹ ਤੇ ਗੜੇਮਾਰੀ ਦੇ ਨਾਲ ਹੋਈ। ਸ਼ਹਿਰ ਵਿੱਚ ਸਵੇਰੇ ਹੀ 30 ਐਮਐਮ ਮੀਂਹ ਤੇ ਕਈ ਇਲਾਕਿਆਂ ਵਿੱਚ ਭਾਰੀ ਗੜੇਮਾਰੀ ਹੋਈ ਜਿਸ ਤੋਂ ਬਾਅਦ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਪਾਣੀ ਨਾਲ ਭਰ ਗਈਆਂ। ਅੱਜ ਸਵੇਰੇ ਅੱਠ ਵਜੇ ਦੇ ਕਰੀਬ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ। ਇੱਕ ਵਾਰ ਤਾਂ ਪੂਰੇ ਸ਼ਹਿਰ ਵਿੱਚ ਬੱਦਲ ਛਾ ਗਏ ਤੇ ਹਨੇਰਾ ਹੋ ਗਿਆ। ਕਰੀਬ ਇੱਕ ਤੋਂ ਡੇਢ ਘੰਟਾ ਕਾਫ਼ੀ ਤੇਜ਼ ਮੀਂਹ ਪਿਆ ਜਿਸ ਕਰਕੇ ਸ਼ਹਿਰ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਮੌਸਮ ਵਿਗਿਆਨੀਆਂ ਮੁਤਾਬਕ ਇੱਕ ਫਰਵਰੀ ਨੂੰ ਇੰਨਾ ਮੀਂਹ ਪੈਣ ਦਾ ਇਹ ਨਵਾਂ ਰਿਕਾਰਡ ਦਰਜ ਕੀਤਾ ਗਿਆ ਹੈ। ਸਵੇਰ ਦਾ ਸਮਾਂ ਹੋਣ ਕਾਰਨ ਸਕੂਲ ਤੇ ਕੰਮ ’ਤੇ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਮੀਂਹ ਪੈਣ ਕਾਰਨ ਇੱਕ ਵਾਰ ਫਿਰ ਠੰਢ ਵਿੱਚ ਵਾਧਾ ਹੋਇਆ ਹੈ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਕਾਫ਼ੀ ਤੇਜ਼ ਮੀਂਹ ਪਿਆ। ਮੁੰਡੀਆਂ ਕਲਾਂ, ਸਾਹਨੇਵਾਲ, ਕੁਹਾੜਾ ਦੇ ਨੇੜੇ ਤੇੜੇ ਇਲਾਕਿਆਂ ਵਿੱਚ ਸਵੇਰੇ ਗੜੇ ਪਏ। ਇਸ ਦੇ ਨਾਲ ਹੀ ਸਨਅਤੀ ਸ਼ਹਿਰ ਦੇ ਸਾਰੇ ਹੀ ਇਲਾਕਿਆਂ ਵਿੱਚ ਮੀਂਹ ਪਿਆ। ਸ਼ਹਿਰ ਵਿੱਚ ਸਭ ਤੋਂ ਵੱਧ ਮੀਂਹ ਤੋਂ ਪ੍ਰੇਸ਼ਾਨੀ ਬੱਚਿਆਂ ਨੂੰ ਸਕੂਲ ਛੱਡਣ ਜਾਣ ਵਾਲੇ ਮਾਪਿਆਂ ਤੇ ਕੰਮ ’ਤੇ ਜਾਣ ਵਾਲੇ ਲੋਕਾਂ ਨੂੰ ਝੱਲਣੀ ਪਈ। ਸਵੇਰ ਦਾ ਸਮਾਂ ਹੋਣ ਕਾਰਨ ਸ਼ਹਿਰ ਦੀਆਂ ਕਈ ਸੜਕਾਂ ’ਤੇ ਟਰੈਫਿਕ ਜਾਮ ਲੱਗ ਗਿਆ। ਬਸਤੀ ਜੋਧੇਵਾਲ, ਚੰਡੀਗੜ੍ਹ ਰੋਡ, ਤਾਜਪੁਰ ਰੋਡ, ਰਾਹੋਂ ਰੋਡ, ਹੈਬੋਵਾਲ, ਗਿੱਲ ਰੋਡ, ਜਨਤਾ ਨਗਰ ਇਲਾਕਿਆਂ ਵਿੱਚ ਕਾਫ਼ੀ ਪਾਣੀ ਖੜ੍ਹਾ ਹੋ ਗਿਆ। ਉਧਰ, ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਾਲੇ 3 ਫਰਵਰੀ ਤੱਕ ਮੌਸਮ ਅਜਿਹਾ ਹੀ ਰਹੇਗਾ। 2 ਫਰਵਰੀ ਨੰ ਸੰਘਣੀ ਧੁੰਦ ਲਈ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ 3 ਫਰਵਰੀ ਨੂੰ ਕਈ ਥਾਵਾਂ ’ਤੇ ਮੀਂਹ ਪਵੇਗਾ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਵਾਰ ਹੈ ਕਿ ਇੱਕ ਫਰਵਰੀ ਨੂੰ 30 ਐਮਐਮ ਮੀਂਹ ਪਿਆ ਹੋਵੇ। ਇਹ ਵੀ ਆਪਣੇ ਆਪ ਵਿੱਚ ਰਿਕਾਰਡ ਹੈ।

ਗੜੇਮਾਰੀ ਨਾਲ ਫ਼ਸਲਾਂ ਦਾ ਨੁਕਸਾਨ; ਕਿਸਾਨਾਂ ਦੇ ਸਾਹ ਸੂਤੇ

ਸਮਰਾਲਾ ਦੇ ਇਕ ਖੇਤ ਵਿੱਚ ਭਰਿਆ ਪਾਣੀ।

ਸਮਰਾਲਾ (ਪੱਤਰ ਪ੍ਰੇਰਕ): ਖਰਾਬ ਹੋਏ ਮੌਸਮ ਦਰਮਿਆਨ ਅੱਜ ਇਲਾਕੇ ’ਚ ਹੋਈ ਭਾਰੀ ਬਾਰਿਸ਼ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ। ਮੀਂਹ ਅਤੇ ਗੜੇਮਾਰੀ ਦੇ ਚਲਦੇ ਜਿੱਥੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ, ਉੱਥੇ ਹੀ ਗੜਿਆਂ ਦੀ ਮਾਰ ਨੇ ਅੱਧ ਪੱਕੀ ਖੜ੍ਹੀ ਕਣਕ ਦੀ ਫ਼ਸਲ ਸਮੇਤ ਹਰੇ ਚਾਰੇ, ਸਬਜ਼ੀਆਂ ਤੇ ਆਲੂ ਦੀ ਫ਼ਸਲ ਨੂੰ ਨੁਕਸਾਉਣ ਪਹੁੰਚਾਇਆ। ਮੌਸਮ ਵਿਭਾਗ ਵੱਲੋਂ ਹਾਲੇ ਅਗਲੇ ਕੁਝ ਦਿਨ ਹੋਰ ਮੌਸਮ ਖਰਾਬ ਰਹਿਣ ਅਤੇ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟ ਕੀਤੇ ਜਾਣ ’ਤੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਉਨ੍ਹਾਂ ਨੂੰ ਫ਼ਸਲਾਂ ਦੇ ਹੋਰ ਨੁਕਸਾਨ ਦਾ ਖਦਸ਼ਾ ਖੜ੍ਹਾ ਹੋ ਗਿਆ ਹੈ। ਇਸ ਇਲਾਕੇ ਦੇ ਪਿੰਡ ਰਾਜੇਵਾਲ, ਮਾਣਕੀ, ਉਟਾਲਾਂ, ਖੀਰਨੀਆਂ, ਮੁਸ਼ਕਾਬਾਦ, ਸਿਹਾਲਾ, ਸੇਹ, ਸਲੌਦੀ, ਪੂਰਬਾ, ਬਾਲਿਓ, ਊਰਨਾ, ਭਗਵਾਨਪੁਰਾ, ਹਰਿਓ, ਟੋਡਰਪੁਰ, ਮੱਲਮਾਜਰਾ, ਸਰਵਰਪੁਰ, ਝਾੜ ਸਾਹਿਬ ਆਦਿ ਸਮੇਤ ਹੋਰ ਦਰਜਨਾਂ ਪਿੰਡਾਂ ਅੰਦਰ ਅਗੇਤੀ ਕਣਕ ਦੀ ਫ਼ਸਲ ਦੇ ਨੁਕਸਾਨੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਕਈ ਪਿੰਡਾਂ ਵਿੱਚ ਸਰ੍ਹੋਂ ਦੀ ਫ਼ਸਲ ਵੀ ਅੱਜ ਹੋਈ ਗੜੇਮਾਰੀ ਦੇ ਨੁਕਸਾਨ ਹੇਠ ਆ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੂਰਬਾ ਨੇ ਦੱਸਿਆ ਕਿ ਗੜੇਮਾਰੀ ਨੇ ਉਨ੍ਹਾਂ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ। ਗੜਿਆਂ ਨੇ ਕਣਕ ਦੀਆਂ ਬਲੀਆਂ ਪੂਰੀ ਤਰ੍ਹਾਂ ਝਾੜ ਦਿੱਤੀਆਂ ਹਨ ਅਤੇ ਖੇਤਾਂ ’ਚ ਫ਼ਸਲ ਦਾ ਇੱਕ ਦਾਣਾ ਵੀ ਬਚਣ ਦੀ ਉਮੀਦ ਨਹੀਂ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਬਦਲੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਣ ਲਈ ਫੌਰਨ ਕਦਮ ਚੁੱਕੇ ਜਾਣ।



News Source link

- Advertisement -

More articles

- Advertisement -

Latest article