20.6 C
Patiāla
Tuesday, April 30, 2024

ਪਾਠਕਾਂ ਦੇ ਖ਼ਤ

Must read


ਸਕੂਲ ਸਿੱਖਿਆ ਸੁਧਾਰ

‘ਵੱਡੇ ਸੁਧਾਰ ਮੰਗਦੀ ਸਕੂਲ ਸਿੱਖਿਆ’ (23 ਜਨਵਰੀ, ਲੋਕ ਸੰਵਾਦ) ਦੇ ਸਿਰਲੇਖ ਹੇਠ ਸੁੱਚਾ ਸਿੰਘ ਖੱਟਡ਼ਾ ਨੇ ਪੰਜਾਬ ਦੇ ਸਕੂਲਾਂ ਵਿਚ ਘਾਟਾਂ ਦਾ ਜ਼ਿਕਰ ਕੀਤਾ ਹੈ। ਇਸ ਤੋਂ ਵੀ ਵੱਧ ਧਿਆਨ ਅਧਿਆਪਕ ਸਿਖਲਾਈ ਸੰਸਥਾਵਾਂ ਵੱਲ ਦੇਣ ਦੀ ਲੋਡ਼ ਹੈ। ਅੱਜ ਪੰਜਾਬ ਦੀਆਂ ਸਾਰੀਆਂ ਹੀ ਸਿੱਖਿਆ ਸੰਸਥਾਵਾਂ ਅਧਿਆਪਕ ਵਿਹੂਣੀਆਂ ਹਨ ਅਤੇ ਪ੍ਰਾਈਵੇਟ ਸੰਸਥਾਵਾਂ ਦਾ ਤਾਂ ਸਰਕਾਰੀ ਤੋਂ ਵੀ ਮਾਡ਼ਾ ਹਾਲ ਹੈ। ਝੰਗਡ਼ ਭੈਣੀ ਦਾ ਸਕੂਲ ਬਿਨਾ ਪ੍ਰਿੰਸੀਪਲ ਅਤੇ ਲੈਕਚਰਾਰਾਂ ਤੋਂ ਚੱਲ ਰਿਹਾ ਹੈ, ਦੀ ਖ਼ਬਰ ਵਾਂਗ ਲਗਭੱਗ 50 ਫ਼ੀਸਦੀ ਸਕੂਲ ਬਿਨਾਂ ਪ੍ਰਿੰਸੀਪਲ-ਹੈੱਡਮਾਸਟਰ ਤੋਂ ਚੱਲ ਰਹੇ ਹਨ। ਸੋ, ਜੇਕਰ ਸਰਕਾਰ ਸੱਚਮੁੱਚ ਸਿੱਖਿਆ ਸੁਧਾਰ ਚਾਹੁੰਦੀ ਹੈ ਤਾਂ ਸਿੱਖਿਆ ਸੰਸਥਾਵਾਂ ਵਿਚ ਪੂਰਾ ਸਟਾਫ਼ ਅਤੇ ਹਰ ਸਕੂਲ ਵਿਚ ਪੱਕਾ ਪ੍ਰਿੰਸੀਪਲ/ਹੈੱਡਮਾਸਟਰ ਪਹਿਲ ਦੇ ਆਧਾਰ ’ਤੇ ਨਿਯੁਕਤ ਕਰੇ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ


(2)

23 ਜਨਵਰੀ ਦੇ ਲੋਕ ਸੰਵਾਦ ਪੰਨੇ ਉੱਤੇ ਸੁੱਚਾ ਸਿੰਘ ਖੱਟਡ਼ਾ ਨੇ ਆਪਣੇ ਲੇਖ ‘ਵੱਡੇ ਸੁਧਾਰ ਮੰਗਦੀ ਸਕੂਲ ਸਿੱਖਿਆ’ ਵਿਚ ਸੁਧਾਰਾਂ ਬਾਰੇ ਚਾਨਣਾ ਪਾਇਆ ਲੇਕਿਨ ਇਨ੍ਹਾਂ ਵਿਚ ਮਾਪਿਆਂ ਅਤੇ ਵਿਦਿਆਰਥੀ ਦੀ ਆਪਣੀ ਜ਼ਿੰਮੇਵਾਰੀ ਦਾ ਕਿਤੇ ਵਰਨਣ ਨਹੀਂ ਕੀਤਾ ਗਿਆ। ਕੇਂਦਰੀ ਵਿਦਿਆਲਿਆ ਵਿਚ ਦੋ ਵਾਰ ਫੇਲ੍ਹ ਹੋਇਆ ਵਿਦਿਆਰਥੀ ਸਕੂਲ ਵਿਚ ਤੀਸਰੇ ਸਾਲ ਦਾਖ਼ਲਾ ਨਹੀਂ ਲੈ ਸਕਦਾ, ਇਸਦਾ ਮਤਲਬ ਹੈ ਕਿ ਮਾਪਿਆਂ ਅਤੇ ਵਿਦਿਆਰਥੀਆਂ ਦੀ ਆਪਣੀ ਕੋਈ ਜ਼ਿੰਮੇਵਾਰੀ ਵੀ ਹੈ। ਇਸ ਤੋਂ ਪਹਿਲਾਂ 18 ਜਨਵਰੀ ਦੇ ਨਜ਼ਰੀਆ ਪੰਨੇ ’ਤੇ ਰਿਟਾਇਰਡ ਲੈਫਟੀਨੈਂਟ ਜਨਰਲ ਐੱਸ ਐੱਸ ਮਹਿਤਾ ਨੇ ਨੈਸ਼ਨਲ ਡਿਫੈਂਸ ਅਕੈਡਮੀ ਨੂੰ ਉੱਚੀਆਂ ਕਦਰਾਂ-ਕੀਮਤਾਂ ਵਾਲੇ ਯੋਧਿਆਂ ਦੀ ਨਰਸਰੀ ਦੇ ਵੇਰਵੇ ਦਿੱਤੇ ਹਨ ਲੇਕਿਨ ਅਪਰੇਸ਼ਨ ਬਲਿਊ ਸਟਾਰ (ਸਾਕਾ ਨੀਲਾ ਤਾਰਾ) ਤੋਂ ਬਚਿਆ ਵੀ ਜਾ ਸਕਦਾ ਸੀ। ਉਸ ਵੇਲੇ ਪੰਜਾਬ ਦੇ ਗਵਰਨਰ ਪਾਂਡੇ ਜੋ ਰਾਜਨੀਤੀ ਆਧਾਰਿਤ ਦੀ ਬਜਾਇ ਰਿਟਾਇਰਡ ਆਈਸੀਐੱਸ ਅਧਿਕਾਰੀ ਸਨ, ਨੇ ਫ਼ੈਸਲੇ ਖਿਲਾਫ਼ ਅਸਤੀਫਾ ਦੇ ਦਿੱਤਾ ਸੀ।
ਪ੍ਰਿੰ. ਗੁਰਮੁਖ ਸਿੰਘ ਪੋਹੀਡ਼ (ਲੁਧਿਆਣਾ)


ਮੌਸਮੀ ਤਬਦੀਲੀਆਂ

22 ਜਨਵਰੀ ਦਾ ਸੰਪਾਦਕੀ ‘ਮੌਸਮ ਦੀ ਜੰਗ’ ਕਈ ਪੱਖਾਂ ਤੋਂ ਮਹੱਤਵਪੂਰਨ ਹੈ। ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਤਣਾਅ ਦੇ ਨਾਲ ਨਾਲ ਮੌਸਮੀ ਤਬਦੀਲੀਆਂ ਨੂੰ ਲੈ ਕੇ ਦੂਸ਼ਣਬਾਜ਼ੀ ਸ਼ੁਰੂ ਹੋ ਗਈ ਹੈ। ਭਾਰਤ ਦੇ ਰੱਖਿਆ ਮੰਤਰੀ ਨੇ ਹਾਲ ਹੀ ਵਿਚ ਹਿਮਾਲਿਆਈ ਸਰਹੱਦੀ ਖੇਤਰਾਂ ਵਿਚ ਆ ਰਹੀਆਂ ਜਲਵਾਯੂ ਤਬਦੀਲੀਆਂ ਲਈ ਚੀਨ ਦਾ ਨਾਂ ਲਏ ਬਿਨਾਂ ਉਸ ਨੂੰ ਜ਼ਿੰਮੇਵਾਰ ਆਖਿਆ ਹੈ। ਉਂਝ ਇਸ ਗੱਲੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਭਾਰਤ ਵਾਲੇ ਪਾਸੇ ਵਿਕਾਸ ਦੇ ਨਾਂ ’ਤੇ ਪਹਾਡ਼ੀ ਖੇਤਰਾਂ ਵਿਚ ਕੁਦਰਤੀ ਸੋਮਿਆਂ ਦਾ ਵੱਡੀ ਪੱਧਰ ’ਤੇ ਘਾਣ ਹੋਇਆ ਹੈ ਜਿਸ ਕਾਰਨ ਸਿੱਕਮ, ਉਤਰਾਖੰਡ, ਲੱਦਾਖ, ਹਿਮਾਚਲ ਪ੍ਰਦੇਸ਼ ਆਦਿ ਵਿਚ ਕੁਦਰਤੀ ਆਫ਼ਤਾਂ ਨੇ ਸਿਰ ਚੁੱਕਿਆ ਹੈ। ਇਨ੍ਹਾਂ ਆਫ਼ਤਾਂ ਨਾਲ ਹੋਏ ਨੁਕਸਾਨ ਦੀ ਨੇਡ਼ਲੇ ਭਵਿੱਖ ਵਿਚ ਭਰਪਾਈ ਹੋਣੀ ਕਾਫ਼ੀ ਮੁਸ਼ਕਿਲ ਹੈ। ਇਸ ਪ੍ਰਸੰਗ ਵਿਚ ਆਪਣੇ ਗੁਆਂਢੀ ਮੁਲਕਾਂ ’ਤੇ ਦੋਸ਼ ਲਾਉਣ ਦੀ ਬਜਾਇ ਸਾਨੂੰ ਆਪਣੀਆਂ ਵਿਕਾਸ ਯੋਜਨਾਵਾਂ ਨੂੰ ਵਾਤਾਵਰਨ ਦੀ ਕਸਵੱਟੀ ਉੱਪਰ ਪਰਖਣ ਅਤੇ ਮੁਲਾਂਕਣ ਦੀ ਲੋਡ਼ ਹੈ।
ਸੁਖਮੰਦਰ ਸਿੰਘ ਤੂਰ, ਖੋਸਾ ਪਾਂਡੋ (ਮੋਗਾ)


ਸੰਸਾਰ ਪੱਧਰੀ ਟਕਰਾਅ

19 ਜਨਵਰੀ ਦੇ ਸੰਪਾਦਕੀ ‘ਇਰਾਨ-ਪਾਕਿਸਤਾਨ ਟਕਰਾਅ’ ਵਿਚ ਇਰਾਨ ਅਤੇ ਪਾਕਿਸਤਾਂਨ ਵਿਚ ਹੋ ਰਹੀ ਦਹਿਸ਼ਤਗਰਦੀ ਬਾਰੇ ਖੁਲਾਸਾ ਤਾਂ ਹੈ ਪਰ ਇਸ ਟਕਰਾਅ ਦੇ ਵਿਦੇਸ਼ੀ ਸਬੰਧ ਬਾਰੇ ਕੁਝ ਨਹੀਂ ਕਿਹਾ ਗਿਆ। ਦੁਨੀਆ ਦੇ ਬਦਲ ਰਹੇ ਹਾਲਾਤ ਜਿਨ੍ਹਾਂ ਕਰ ਕੇ ਰੂਸ-ਯੂਕਰੇਨ ਜੰਗ, ਇਜ਼ਰਾਈਲ ਵੱਲੋਂ ਫਲਸਤੀਨੀਆਂ ਦਾ ਕਤਲੇਆਮ, ਲਾਲ ਸਾਗਰ ਵਿਚ ਵਿਗਡ਼ ਰਹੇ ਹਾਲਾਤ ਤੇ ਹੁਣ ਇਰਾਨ-ਪਾਕਿਸਤਾਨ ਟਕਰਾਅ, ਇਹ ਸਭ ਕਿਸੇ ਖ਼ਾਸ ਦਿਸ਼ਾ ਵੱਲ ਇਸ਼ਾਰਾ ਤਾਂ ਨਹੀਂ ਕਰ ਰਿਹਾ? ਇਹ ਸਭ ਕਿਤੇ ਬਹੁ-ਧਰੁਵੀ ਸੰਸਾਰ, ਅਮਰੀਕਾ ਦੀਆਂ ਚੋਣਾਂ, ਸਾਮਰਾਜੀਆਂ ਦੀ ਖਹਿ ਦਾ ਕਾਰਨ ਤਾਂ ਨਹੀਂ? ਇਸ ਬਾਰੇ ਵਿਚਾਰਨਾ ਬਣਦਾ ਹੈ।
ਖੁਸ਼ਵੰਤ ਹਨੀ, ਪਟਿਆਲਾ


ਗੀਤਕਾਰ ਸਫ਼ਰੀ

ਅਸ਼ੋਕ ਬਾਂਸਲ ਨੇ 20 ਜਨਵਰੀ ਵਾਲੇ ਸਤਰੰਗ ਪੰਨੇ ’ਤੇ ਗੀਤਕਾਰ ਚਰਨ ਸਿੰਘ ਸਫ਼ਰੀ ਬਾਰੇ ਪਾਠਕਾਂ ਨੂੰ ਜਾਣੂ ਕਰਵਾਇਆ ਹੈ। ਉਨ੍ਹਾਂ ਦਾ ਗੀਤ ‘ਗੁਰੂ ਨਾਨਕ ਸਭ ਦਾ ਪਿਆਰਾ, ਪਿਆ ਤੇਰਾਂ ਤੇਰਾਂ ਬੋਲਦਾ’ ਬਹੁਤ ਮਕਬੂਲ ਹੋਇਆ ਸੀ। ਸਫ਼ਰੀ ਦੇ ਗੀਤ ਆਸਾ ਸਿੰਘ ਮਸਤਾਨਾ, ਨਰਿੰਦਰ ਬੀਬਾ, ਜਗਮੋਹਨ ਕੌਰ ਤੇ ਹੰਸ ਰਾਜ ਹੰਸ ਤੋਂ ਇਲਾਵਾ ਨਵੀਂ ਪੀਡ਼੍ਹੀ ਦੇ ਗਾਇਕ ਜੀਤ ਜਗਜੀਤ ਨੇ ਵੀ ਗਾਏ ਹਨ। ਉਨ੍ਹਾਂ ਸਿੱਖ ਇਤਿਹਾਸ ਬਾਰੇ ਅਹਿਮ ਗੀਤ ਰਚੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਨੂੰ ਜੀਵਨ ਭਰ ਦੀਆਂ ਉਪਲੱਬਧੀਆਂ ਲਈ ਤਾਂ ਸਨਮਾਨਿਤ ਕੀਤਾ ਪਰ ਪੰਜਾਬ ਸਰਕਾਰ ਉੱਚ ਕੋਟੀ ਦੇ ਇਸ ਗੀਤਕਾਰ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਕੋਈ ਢੁਕਵਾਂ ਸਨਮਾਨ ਨਹੀਂ ਦੇ ਸਕੀ। ਚਰਨ ਸਿੰਘ ਸਫ਼ਰੀ ਨੇ ਜਿਹਡ਼ੇ ਖਾਲਸਾ ਸਕੂਲ ਦਸੂਹਾ ਵਿਖੇ ਨੌਕਰੀ ਕੀਤੀ, ਉੱਥੇ ਲਾਇਬ੍ਰੇਰੀ ਕਾਇਮ ਕਰ ਕੇ ਉਨ੍ਹਾਂ ਦੀ ਯਾਦ ਸਾਂਭੀ ਜਾ ਸਕਦੀ ਹੈ।
ਵਿਸ਼ਵਜੀਤ ਬਰਾਡ਼, ਮਾਨਸਾ


ਸਕੂਲ ਸਿੱਖਿਆ ਦੀ ਦਸ਼ਾ

19 ਜਨਵਰੀ ਨੂੰ ਸੰਪਾਦਕੀ ‘ਦੇਸ਼ ਦੀ ਸਕੂਲੀ ਸਿੱਖਿਆ ਦੀ ਦਸ਼ਾ’ ਪਡ਼੍ਹ ਕੇ ਅਸੀਂ ਕਿਆਸ ਲਗਾ ਸਕਦੇ ਹਾਂ ਕਿ ਅਸੀਂ ਵਿਸ਼ਵ ਗੁਰੂ ਬਣਨ ਦੇ ਨੇਡ਼ੇ ਤੇਡ਼ੇ ਵੀ ਨਹੀਂ ਪਹੁੰਚ ਸਕਦੇ। ਸਰਕਾਰੀ ਸਕੂਲਾਂ ਦਾ ਮਿਆਰ ਡਿੱਗਣ ਪਿੱਛੇ ਅਧਿਆਪਕਾਂ ਕੋਲੋਂ ਗ਼ੈਰ-ਵਿੱਦਿਅਕ ਕੰਮ ਲੈਣਾ ਹੈ। ਬੇਮਤਲਬ ਡਾਕ ਹਰ ਰੋਜ਼ ਮੰਗੀ ਜਾਂਦੀ ਹੈ ਜਿਸ ਕਾਰਨ ਜਿੱਥੇ ਬੱਚਿਆਂ ਦੀ ਪਡ਼੍ਹਾਈ ਖ਼ਰਾਬ ਹੁੰਦੀ ਹੈ, ਉੱਥੇ ਅਧਿਆਪਕ ਵੀ ਮਾਨਸਿਕ ਉਥਲ ਪੁਥਲ ਦਾ ਸ਼ਿਕਾਰ ਹੁੰਦੇ ਹਨ। ਹਰ ਕਿਸਮ ਦਾ ਸਰਵੇ ਅਧਿਆਪਕ ਦੇ ਮੋਢਿਆਂ ’ਤੇ ਰੱਖ ਦਿੱਤਾ ਜਾਂਦਾ ਹੈ। ਚੋਣਾਂ ਦਾ ਕੰਮ ਵੀ ਅਧਿਆਪਕ ਨੇਪਰੇ ਚਾਡ਼੍ਹਦੇ ਹਨ। ਇਸ ਤੋਂ ਇਲਾਵਾ ਅੱਜਕੱਲ੍ਹ ਵੱਡੀਆਂ ਜਮਾਤਾਂ ਦੇ ਬੱਚੇ ਅਧਿਆਪਕ ਦਾ ਡਰ ਨਹੀਂ ਮੰਨਦੇ। ਹੋ ਸਕਦਾ ਹੈ, ਇਸ ਹਾਲਤ ਲਈ ਅਧਿਆਪਕ ਵੀ ਜ਼ਿੰਮੇਵਾਰ ਹੋਣ। ਅੱਠਵੀਂ ਜਮਾਤ ਤਕ ਫੇਲ੍ਹ ਨਾ ਕਰਨ ਦੀ ਨੀਤੀ ਵੀ ਇਨ੍ਹਾਂ ਬਦਤਰ ਹਾਲਾਤ ਲਈ ਜ਼ਿੰਮੇਵਾਰ ਮੰਨੀ ਜਾਂਦੀ ਹੈ। ਕੁਝ ਵੀ ਹੋਵੇ, ਸਰਕਾਰ ਨੂੰ ਸਿੱਖਿਆ ਨੀਤੀ ਘਾਡ਼ਿਆਂ ਨਾਲ ਮਿਲ ਕੇ ਢੁਕਵਾਂ ਹੱਲ ਕੱਢਣਾ ਚਾਹੀਦਾ ਹੈ। ਭਾਰਤ ਦੇ ਜਿਸ ਤਰ੍ਹਾਂ ਦੇ ਹਾਲਾਤ ਹਨ, ਪਡ਼੍ਹਾਈ ਲਿਖਾਈ ਵਿਚ ਸੁਧਾਰ ਜ਼ਰੂਰੀ ਹੈ।
ਦਿਲ ਦਲੀਪ, ਈਮੇਲ


ਖੁਰਦੇ ਵਿਸ਼ਵਾਸ ਨੂੰ ਠੱਲ੍ਹ

12 ਜਨਵਰੀ ਦੇ ਅੰਕ ਵਿਚ ਰੇਖਾ ਸ਼ਰਮਾ ਦਾ ਲੇਖ ‘ਬਿਲਕੀਸ ਬਾਨੋ ਕੇਸ ਦਾ ਹਾਲੀਆ ਫ਼ੈਸਲਾ ਅਤੇ ਇਨਸਾਫ਼ ਦੀ ਆਸ’ ਜਾਣਕਾਰੀ ਭਰਪੂਰ ਹੈ। ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਥੋਡ਼੍ਹੀ ਹੈ। ਵਾਕਿਆ ਹੀ ਅਦਾਲਤਾਂ ਤੋਂ ਖੁਰਦਾ ਜਾ ਰਿਹਾ ਵਿਸ਼ਵਾਸ ਇਸ ਫ਼ੈਸਲੇ ਨੇ ਬਹਾਲ ਕਰ ਦਿੱਤਾ ਹੈ। ਇੱਕੋ ਪਰਿਵਾਰ ਦੇ 14 ਜੀਆਂ ਦੀ ਜ਼ਾਲਮਾਨਾ ਢੰਗ ਨਾਲ ਕੀਤੀ ਹੱਤਿਆ ਜਿਸ ਵਿਚ 3 ਸਾਲ ਦੀ ਬੱਚੀ ਨੂੰ ਵੀ ਨਾ ਬਖਸ਼ਿਆ ਗਿਆ ਹੋਵੇ, ਕਰਨ ਵਾਲਿਆਂ ਨੂੰ ਕੋਈ ਮੁਆਫ਼ੀ ਨਹੀਂ ਮਿਲਣੀ ਚਾਹੀਦੀ। 10 ਜਨਵਰੀ ਦੇ ਪਰਚੇ ਵਿਚ ਅਮੋਲਕ ਸਿੰਘ ਦਾ ਲੇਖ ‘ਫ਼ਲਸਤੀਨ ਦੀ ਅੱਖੀਂ ਡਿੱਠੀ ਦਰਦ ਕਹਾਣੀ’ ਪਡ਼੍ਹ ਕੇ ਰੌਂਗਟੇ ਖਡ਼੍ਹੇ ਹੋ ਗਏ। ਇੰਨਾ ਜ਼ੁਲਮ! ਇਜ਼ਰਾਈਲ ਦੁਆਰਾ ਫ਼ਲਸਤੀਨੀਆਂ ਦੇ ਘਾਣ ਦੀ ਨਿੰਦਾ ਹਰ ਹਾਲ ਹੋਣੀ ਚਾਹੀਦੀ ਹੈ। ਅੱਜ ਤੋਂ 21 ਸਾਲ ਪਹਿਲਾਂ ਜੇਕਰ ਇੰਨਾ ਜ਼ੁਲਮ ਹੋਇਆ, ਹੁਣ ਤਾਂ ਫਿਰ ਉਸ ਨਾਲੋਂ ਵੀ ਜ਼ਿਆਦਾ ਤਬਾਹੀ ਹੈ। ਇਸ ਮਸਲੇ ’ਤੇ ਯੂਐੱਨਓ ਕਿਉਂ ਸੁੱਤੀ ਪਈ ਹੈ? ਜਾਬਰਾਂ ਵੱਲੋਂ ਫ਼ਲਸਤੀਨੀਆਂ ਦਾ ਉਜਾਡ਼ਾ, ਉਨ੍ਹਾਂ ਦੇ ਕੀਮਤੀ ਕੁਦਰਤੀ ਸੋਮਿਆਂ ’ਤੇ ਕਬਜ਼ਾ ਕਰਨ ਲਈ ਕੀਤਾ ਜਾ ਰਿਹਾ ਹੈ ਪਰ ਫ਼ਲਸਤੀਨੀਆਂ ਦਾ ਵੱਟਿਆ ਮੁੱਕਾ ਅਤੇ ਟੈਂਕਾਂ ਉੱਤੇ ਸੁੱਟੇ ਜਾ ਰਹੇ ਰੋਡ਼ੇ ਉਨ੍ਹਾਂ ਅੰਦਰਲੇ ਰੋਹ ਦਾ ਪ੍ਰਤੀਕ ਹਨ। ਰਾਚੇਲ ਕੌਰੀਆ ਵਰਗੀਆਂ ਮੁਟਿਆਰਾਂ ਦੀ ਕੁਰਬਾਨੀ ਰੰਗ ਲਿਆਵੇਗੀ।
ਹਰੀ ਸਿੰਘ ‘ਚਮਕ’, ਫਤਹਿਗਡ਼੍ਹ ਸਾਹਿਬ

The post ਪਾਠਕਾਂ ਦੇ ਖ਼ਤ appeared first on Punjabi Tribune.



News Source link

- Advertisement -

More articles

- Advertisement -

Latest article