27.2 C
Patiāla
Monday, April 29, 2024

ਪਟਿਆਲਾ ’ਚ ਗਣਤੰਤਰ ਦਿਵਸ ਸੂਬਾਈ ਸਮਾਗਮ: ਫੁੱਲ ਡਰੈੱਸ ਰਿਹਰਸਲ ਦਾ ਡੀਸੀ ਨੇ ਲਿਆ ਜਾਇਜ਼ਾ

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 24 ਜਨਵਰੀ

75ਵੇਂ ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਐਤਕੀ ਰਾਜ ਪੱਧਰੀ ਸਮਾਗਮ ਪਟਿਆਲਾ ’ਚ ਕੀਤਾ ਜਾ ਰਿਹਾ ਹੈ। ਇਥੋਂ ਦੇ ਪੋਲੋ ਗਰਾਊਂਡ ਵਿਖੇ ਕਰਵਾਏ ਜਾਣ ਵਾਲੇ ਇਸ ਸਮਾਗਮ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤਿਰੰਗਾ ਲਹਿਰਾਉਣਗੇ, ਜਿਸ ਉਪਰੰਤ ਉਹ ਪਰੇਡ ਦਾ ਨਿਰੀਖਣ ਕਰਨਗੇ ਅਤੇ ਪੰਜਾਬ ਵਾਸੀਆਂ ਦੇ ਨਾਮ ਆਪਣਾ ਸੰਦੇਸ਼ ਦੇਣਗੇ। ਰਾਜਪਾਲ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਵੀ ਲੈਣਗੇ, ਜਿਸ ਦੀ ਤਿਆਰੀ ਵਜੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਐੱਸਐੱਸਪੀ ਵਰੁਣ ਸ਼ਰਮਾ ਸਮੇਤ ਇਸ ਸਮਾਗਮ ਦੀ ਫੁੱਲ ਡਰੈੱਸ ਰਿਹਰਸਲ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਰੇਡ ਵਿੱਚ 17 ਟੁਕੜੀਆਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿਚੋਂ ਇਕ ਟੁਕੜੀ ਆਈਟੀਬੀਪੀ, ਪੰਜ ਪੁਲੀਸ ਰਿਕਰੂਟਸ ਟਰੇਨਿੰਗ ਸੈਂਟਰ ਪੀਏਪੀ ਜਲੰਧਰ ਦੀਆਂ, ਦੋ ਆਰਟੀਸੀ ਪੀਏਪੀ ਮਹਿਲਾ ਵਿੰਗ ਤੇ ਇਕ ਇਕ ਟੁਕੜੀ ਹੋਮ ਗਾਰਡਜ਼ (ਮਹਿਲਾ ਤੇ ਪੁਰਸ਼) ਦੀ ਹੋਵੇਗੀ।

ਰਾਜਸਥਾਨ ਪੁਲੀਸ ਟੁਕੜੀ ਸਮੇਤ ਐੱਨਸੀਸੀ ਏਅਰ ਵਿੰਗ, ਐੱਨਸੀਸੀ ਆਰਮੀ ਵਿੰਗ, ਐੱਨਸੀਸੀ ਗਰਲਜ਼ ਬਟਾਲੀਅਨ, ਰੈੱਡ ਕਰਾਸ ਸੇਂਟ ਜੌਨ੍ਹ ਐਂਬੂਲੈਂਸ, ਸਕਾਊਟਸ ਤੇ ਗਰਲਜ਼ ਗਾਈਡ, ਪਟਿਆਲਾ ਸਕੂਲ ਆਫ਼ ਬਲਾਈਡ ਦੇ ਬੱਚਿਆਂ ਦੀ ਟੁਕੜੀ ਤੋਂ ਇਲਾਵਾ ਪੀਏਪੀ ਜਲੰਧਰ ਦਾ ਪਾਈਪ ਬੈਂਡ, ਬਰਾਸ ਬੈਂਡ ਤੇ ਆਈਆਰਬੀ ਬੈਂਡ ਸ਼ਾਮਲ ਹੋਣਗੇ। ਪਰੇਡ ਦੀ ਅਗਵਾਈ ਪਰੇਡ ਕਮਾਂਡਰ ਏਸੀਪੀ ਵੈਭਵ ਚੌਧਰੀ ਅਤੇ ਸੈਕਿੰਡ ਪਰੇਡ ਕਮਾਂਡਰ ਸਤਵੀਰ ਸਿੰਘ ਹੋਣਗੇ। ਮਾਰਚ ਪਾਸਟ ਮਗਰੋਂ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਕੱਢੀਆਂ ਜਾਣਗੀਆਂ ਅਤੇ ਸਕੂਲੀ ਬੱਚੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ। ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਖੇਡਾਂ ਦੀ ਪੇਸ਼ਕਾਰੀ ਵੀ ਕਰਵਾਈ ਜਾਵੇਗੀ। ਮੋਟਰਸਾਈਕਲ ਦੇ ਕਰਤੱਵ ਵੀ ਹੋਣਗੇ ਤੇ ਵਿਦਿਆਰਥਣਾਂ ਗਿੱਧੇ ਦੀ ਪੇਸ਼ਕਾਰੀ ਕਰਨਗੀਆਂ।

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਰਾਜਪਾਲ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਕਰਨਗੇ ਤੇ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਦੀ ਵੰਡ ਵੀ ਕੀਤੀ ਜਾਵੇਗੀ। ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਹੋਵੇਗਾ। ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ, ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਗਮ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਧਰ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੁਰੱਖਿਆ ਦੇ ਪੁਖ਼ਤਾ ਇੰਤਜਾਮ ਕਰ ਲਏ ਗਏ ਹਨ।



News Source link

- Advertisement -

More articles

- Advertisement -

Latest article