28.4 C
Patiāla
Monday, May 6, 2024

ਉੱਤਰਪੱਤਰੀਆਂ ਦਾ ਮੁਲਾਂਕਣ: ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਦੇ ਮਿਹਨਤਾਨੇ ’ਚ ਵਾਧਾ

Must read


ਦਰਸ਼ਨ ਸਿੰਘ ਸੋਢੀ

ਐਸਏਐਸ ਨਗਰ (ਮੁਹਾਲੀ), 5 ਜਨਵਰੀ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ ਦੌਰਾਨ ਉੱਤਰ-ਪੱਤਰੀਆਂ ਦਾ ਮੁਲਾਂਕਣ ਕਰਨ ਦੇ ਇਵਜ਼ ਵਿੱਚ ਅਧਿਆਪਕਾਂ ਨੂੰ ਦਿੱਤੇ ਜਾਂਦੇ ਮਿਹਨਤਾਨੇ ਵਿੱਚ ਵਾਧਾ ਕੀਤਾ ਗਿਆ ਹੈ। ਇਹ ਫ਼ੈਸਲਾ ਬੋਰਡ ਦੀ ਚੇਅਰਪਰਸਨ ਡਾ. ਸਤਬੀਰ ਬੇਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਤਾਜ਼ਾ ਫ਼ੈਸਲੇ ਅਨੁਸਾਰ ਮਾਰਚ 2024 ਵਿੱਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਦੇ ਮੱਦੇਨਜ਼ਰ ਦਸਵੀਂ ਸ਼੍ਰੇਣੀ ਦੀ ਉੱਤਰ-ਪੱਤਰੀ ਦਾ ਮੁਲਾਂਕਣ ਕਰਨ ਵਾਲੇ ਪ੍ਰੀਖਿਅਕਾਂ ਨੂੰ ਹੁਣ 6.25 ਦੀ ਥਾਂ 7.50 ਰੁਪਏ ਅਤੇ ਬਾਰ੍ਹਵੀਂ ਸ਼੍ਰੇਣੀ ਲਈ 7.50 ਰੁਪਏ ਦੀ ਥਾਂ 10 ਰੁਪਏ ਪ੍ਰਤੀ ਉੱਤਰ-ਪੱਤਰੀ ਮਿਹਨਤਾਨੇ ਵਜੋਂ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਬੋਰਡ ਦੇ ਚੇਅਰਪਰਸਨ ਨੇ ਦੱਸਿਆ ਕਿ ਬੋਰਡ ਪ੍ਰੀਖਿਆਵਾਂ ਵਿੱਚ ਬੈਠਣ ਵਾਲੇ ਵਿਦਿਆਰਥੀਆਂ/ਪ੍ਰੀਖਿਆਰਥੀਆਂ ਨੂੰ ਬੋਰਡ ਵੱਲੋਂ ਮੁੜ ਮੁਲਾਂਕਣ (ਰੀ-ਇਵੈਲਿਊਏਸ਼ਨ) ਦੀ ਸੁਵਿਧਾ ਦਿੱਤੀ ਹੋਈ ਸੀ। ਇਸ ਵਿਧੀ ਅਨੁਸਾਰ ਨਤੀਜਾ ਐਲਾਨਣ ਵਿੱਚ ਹੁੰਦੀ ਦੇਰੀ ਕਾਰਨ ਪ੍ਰੀਖਿਆਰਥੀਆਂ ਦੀ ਪ੍ਰੇਸ਼ਾਨੀ ਅਤੇ ਕੁੱਝ ਤਕਨੀਕੀ ਕਾਰਨਾਂ ਕਰ ਕੇ ਬੋਰਡ ਵੱਲੋਂ ਮੁੜ ਮੁਲਾਂਕਣ ਦੇ ਉਪਬੰਧ ਨੂੰ ਮਾਰਚ 2024 ਦੀਆਂ ਪ੍ਰੀਖਿਆਵਾਂ ਤੋਂ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਉਂਜ, ਪ੍ਰੀਖਿਆਰਥੀਆਂ ਲਈ ਉੱਤਰ-ਪੱਤਰੀਆਂ ਦੀ ਰੀ-ਚੈਕਿੰਗ ਦੀ ਸੁਵਿਧਾ ਪਹਿਲਾਂ ਵਾਂਗ ਜਾਰੀ ਰਹੇਗੀ।

ਪੰਜਾਬ ਬੋਰਡ ਵੱਲੋਂ ਸੂਬੇ ਵਿੱਚ ਚਲਾਏ ਜਾ ਰਹੇ 11 ਆਦਰਸ਼ ਸੀਨੀਅਰ ਸੈਕੰਡਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਉਠਾਉਣ ਲਈ ਬੋਰਡ ਮੈਨੇਜਮੈਂਟ ਨੇ ਇਨ੍ਹਾਂ ਸਕੂਲਾਂ ਦੀਆਂ ਗਤੀਵਿਧੀਆਂ, ਬੁਨਿਆਦੀ ਢਾਂਚੇ, ਵਿੱਤੀ ਸੁਧਾਰ ਅਤੇ ਅਧਿਆਪਕ ਸਿਖਲਾਈ ਬਾਰੇ ਫੈਸਲੇ ਲਏ। ਸਕੂਲਾਂ ਦੀ ਕਾਰਜ-ਪ੍ਰਣਾਲੀ ਵਿੱਚ ਇਕਸਾਰਤਾ ਲਿਆਉਣ ਦੇ ਉਦੇਸ਼ ਹਿੱਤ ਵਿਦਿਆਰਥੀਆਂ ਦੀਆਂ ਵਰਦੀਆਂ, ਸਵੇਰ ਦੀ ਪ੍ਰਾਰਥਨਾ ਸਭਾ, ਸਕੂਲ ਗੀਤ ਅਤੇ ਲੋਗੋ ਆਦਿ ਵਿੱਚ ਸਮਾਨਤਾ ਲਿਆਂਦੀ ਜਾਵੇਗੀ। ਇਨ੍ਹਾਂ ਸਕੂਲਾਂ ਵਿੱਚ ਸਮੂਹ ਸ਼੍ਰੇਣੀਆਂ ਦੀ ਸਮਾਂ ਸੂਚੀ ਇਕਸਾਰ ਕੀਤੀ ਜਾਵੇਗੀ ਤਾਂ ਜੋ ਕਿਸੇ ਅਧਿਆਪਕ ਦੀ ਘਾਟ/ਛੁੱਟੀ ਦੌਰਾਨ ਆਨਲਾਈਨ ਮਾਧਿਅਮ ਰਾਹੀਂ ਪੜ੍ਹਾਇਆ ਜਾ ਸਕੇ। ਬੋਰਡ ਦੇ ਉਕਤ 11 ਆਦਰਸ਼ ਸਕੂਲਾਂ ਦੀ ਇੱਕ ਵੱਖਰੀ ਵੈੱਬਸਾਈਟ ਬਣਾਈ ਜਾਵੇਗੀ, ਜੋ ਕਿ ਬੋਰਡ ਦੀ ਵੈੱਬਸਾਈਟ ਨਾਲ ਲਿੰਕ ਹੋਵੇਗੀ।



News Source link

- Advertisement -

More articles

- Advertisement -

Latest article