33.1 C
Patiāla
Tuesday, May 7, 2024

ਸੰਵਿਧਾਨ ਬਚਾਉਣ ਲਈ ਘੱਟ ਗਿਣਤੀਆਂ ਨੂੰ ਇਕਜੁੱਟ ਹੋਣ ਦਾ ਸੱਦਾ

Must read


ਕਰਮਜੀਤ ਸਿੰਘ ਚਿੱਲਾ

ਐੱਸਏਐਸ ਨਗਰ (ਮੁਹਾਲੀ), 24 ਸਤੰਬਰ

ਬਹੁਜਨ ਸਮਾਜ ਏਕਤਾ ਤਾਲਮੇਲ ਮੰਚ ਵੱਲੋਂ ਅੱਜ ਮੁਹਾਲੀ ਦੇ ਫੇਜ਼ ਸੱਤ ਦੇ ਗੁਰੂ ਰਵਿਦਾਸ ਭਵਨ ਵਿੱਚ ‘ਸੰਵਿਧਾਨ ਬਚਾਓ-ਲੋਕਤੰਤਰ ਬਚਾਓ-ਦੇਸ਼ ਬਚਾਓ’ ਬੈਨਰ ਹੇਠ ਕਰਾਏ ਸੈਮੀਨਾਰ ਦੌਰਾਨ ਸੰਵਿਧਾਨ ਬਚਾਉਣ ਲਈ ਦਲਿਤ ਵਰਗਾਂ, ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀਆਂ ਨੂੰ ਇੱਕ ਮੰਚ ’ਤੇ ਇਕੱਤਰ ਹੋਣ ਦਾ ਹੋਕਾ ਦਿੱਤਾ ਗਿਆ। ਉਨ੍ਹਾਂ ਸੰਵਿਧਾਨ ਨੂੰ ਸਾਜਿਸ਼ ਅਤੇ ਯੋਜਨਾਬੰਦ ਢੰਗ ਨਾਲ ਬਦਲਣ ਲਈ ਲਗਾਤਾਰ ਤਰਮੀਮਾਂ ਕਰਨ ਦਾ ਦੋਸ਼ ਵੀ ਲਾਇਆ। ਸੈਮੀਨਾਰ ਵਿੱਚ ਸਬੰਧਤ ਵਰਗਾਂ ਦੇ 24 ਸੰਗਠਨਾਂ ਦੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਮਹਿੰਦਰ ਪਾਲ ਨੇ ਕਿਹਾ ਕਿ ਦਲਿਤਾਂ ਤੇ ਘੱਟ ਗਿਣਤੀਆਂ ਨਾਲ ਅਦਾਲਤਾਂ ਸਣੇ ਹਰ ਖੇਤਰ ਵਿੱਚ ਵਿਤਕਰਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਡਾ. ਬੀਆਰ ਅੰਬੇਡਕਰ ਨੇ ਸੰਵਿਧਾਨ ਵਿੱਚ ਜੋ ਕਾਨੂੰਨ ਬਣਾਏ ਹਨ, ਉਹ ਵੀ ਲਾਗੂ ਨਹੀਂ ਹੁੰਦੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਤਿੰਦਰ ਚੌਹਾਨ ਨੇ ਕਿਹਾ ਕਿ ਸੰਵਿਧਾਨ ਨੂੰ ਸਾਜਿਸ਼ ਅਧੀਨ ਬਦਲਿਆ ਜਾ ਰਿਹਾ ਹੈ। ਸਮਾਗਮ ਦੇ ਕਨਵੀਨਰ ਸਾਬਕਾ ਪ੍ਰਸ਼ਾਸਨਿਕ ਅਧਿਕਾਰੀ ਚੌਧਰੀ ਖੁਸ਼ੀ ਰਾਮ ਨੇ ਕਿਹਾ ਕਿ ਹੁਕਮਰਾਨਾਂ ਵੱਲੋਂ ਬਿਨਾਂ ਕਿਸੇ ਲੋੜ ਤੋਂ ਸੰਵਿਧਾਨ ਵਿੱਚ ਮਰਜ਼ੀ ਅਨੁਸਾਰ ਬਦਲਾਅ ਕਰਕੇ ਗਰੀਬਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਦਾ ਰਾਖਵਾਂਕਰਨ, ਨੌਕਰੀਆਂ ਦੇ ਪ੍ਰਾਈਵੇਟ ਹੋਣ ਨਾਲ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਜਦੋਂ ਤੱਕ ਸਮੁੱਚਾ ਵਰਗ ਇਕੱਠਾ ਨਹੀਂ ਹੁੰਦਾ, ਉਦੋਂ ਤੱਕ ਸੰਵਿਧਾਨ ਨੂੰ ਬਦਲਣ ਵਾਲੇ ਆਪਣੀਆਂ ਮਨਮਰਜ਼ੀਆਂ ਕਰਦੇ ਰਹਿਣਗੇ। ਉਨ੍ਹਾਂ ਲੋਕਾਂ ਨੂੰ ਸਮਾਜਿਕ ਅਤੇ ਰਾਜਨੀਤਕ ਤੌਰ ’ਤੇ ਇੱਕ ਪਲੇਟਫ਼ਾਰਮ ’ਤੇ ਇੱਕਜੁਟ ਹੋਣ ਦਾ ਸੱਦਾ ਦਿੱਤਾ।

ਇਸ ਮੌਕੇ ਜੇਆਰ ਕੁੰਡਲ, ਆਰਐੱਲ ਕਲਸੀਆ, ਆਰਐੱਲ ਸੰਧੂ, ਕਰਨਲ ਪ੍ਰਿਥਵੀ ਰਾਜ ਕੁਮਾਰ, ਉੱਘੇ ਚਿੰਤਕ ਡਾ ਪਿਆਰੇ ਲਾਲ ਗਰਗ, ਪ੍ਰੋ. ਮਨਜੀਤ ਸਿੰਘ, ਓਂਕਾਰ ਨਾਥ, ਜਮਾਤੀ ਇਸਲਾਮੀ ਦੇ ਮੁਹੰਮਦ ਨਜ਼ੀਰ ਮਾਲੇਰਕੋਟਲਾ, ਵਿੱਕੀ ਬਹਾਦਰਕੇ ਨੇ ਵੀ ਸੰਬੋਧਨ ਕੀਤਾ। ਸਾਰਿਆਂ ਨੇ ਬੇਇਨਸਾਫ਼ੀਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ, ਦਲਿਤਾਂ ਅਤੇ ਘੱਟ ਗਿਣਤੀਆਂ ’ਤੇ ਹੁੰਦੇ ਅੱਤਿਆਚਾਰਾਂ ਖ਼ਿਲਾਫ਼ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ। ਇਸ ਮੌਕੇ ਸਾਰਿਆਂ ਨੇ ਇਕੱਠੇ ਹੋ ਕੇ ਚੱਲਣ ਦਾ ਪ੍ਰਣ ਲਿਆ। ਇਸ ਮੌਕੇ ਬੁਲਾਰਿਆਂ ਨੇ ਆਰਐਸਐਸ ਦੀ ਨਿਖੇਧੀ ਕੀਤੀ।



News Source link

- Advertisement -

More articles

- Advertisement -

Latest article