41.1 C
Patiāla
Sunday, May 5, 2024

ਭਗਤੀ ਲਹਿਰ ਦੀ ਅਦੁੱਤੀ ਸ਼ਖ਼ਸੀਅਤ

Must read


ਪ੍ਰਿੰ. ਗੁਰਮੀਤ ਸਿੰਘ ਫਾਜ਼ਿਲਕਾ

ਇੱਕ ਪੁਸਤਕ – ਇੱਕ ਨਜ਼ਰ

ਪੁਸਤਕ ‘ਭਗਤ ਨਾਮਦੇਵ ਜੀ’ (ਕੀਮਤ: 400 ਰੁਪਏ; ਹਰਜਸ ਪਬਲੀਕੇਸ਼ਨਜ਼, ਨਵੀਂ ਦਿੱਲੀ) ਪਰਮਪਾਲ ਸਿੰਘ ਸੋਢੀ ਤੇ ਨਰਿੰਦਰ ਸਿੰਘ ਦੀ ਲਿਖੀ ਪੁਸਤਕ ਹੈ। ਭਗਤ ਨਾਮਦੇਵ ਜੀ ਭਗਤੀ ਲਹਿਰ ਵਿੱਚ ‘ਸ਼੍ਰੋਮਣੀ ਭਗਤ’ ਵਜੋਂ ਸਤਿਕਾਰੇ ਜਾਂਦੇ ਹਨ। ਹਰੇਕ ਜੀਵ ਆਤਮਾ ਵਿੱਚ ਭਗਤ ਜੀ ਨੂੰ ਪਰਮਾਤਮਾ ਵਿਖਾਈ ਦਿੰਦਾ ਸੀ। ਮਹਾਰਾਸ਼ਟਰ ਦੇ ਪਿੰਡ ਨਰਸੀ ਬਾਹਮਣੀ ਵਿੱਚ ਭਗਤ ਨਾਮਦੇਵ ਜੀ ਦਾ ਪ੍ਰਕਾਸ਼ (1170 ਈਸਵੀ) ਵਿੱਚ ਹੋਇਆ। ਦੁਨਿਆਵੀ ਮੰਚ ਉਪਰ ਭਗਤ ਨਾਮਦੇਵ 1250 ਈਸਵੀ ਤੱਕ ਰਹੇ। ਸਾਰੀ ਉਮਰ ਭਗਤ ਨਾਮਦੇਵ ਜੀ ਨੇ ਇੱਕ ਪਰਮਾਤਮਾ ਦੀ ਹੋਂਦ ਦਾ ਪ੍ਰਚਾਰ ਕੀਤਾ। ਕੱਪੜੇ ਰੰਗਣ ਦੀ ਕਿਰਤ ਕੀਤੀ ਤੇ ਕਿਰਤ ਕਰਦਿਆਂ ਭਗਤ ਜੀ ਨੇ ਪਰਮਾਤਮਾ ਦੀ ਭਗਤੀ ਕੀਤੀ। ਸਮੇਂ ਨਾਲ ਇਹ ਕੰਮ ਕੱਪੜਿਆਂ ਦੀ ਸਿਲਾਈ ਤੱਕ ਪਹੁੰਚਿਆ। ਭਗਤ ਨਾਮਦੇਵ ਜੀ ਦੀ ਯਾਦ ਵਿੱਚ ਕਈ ਪੰਜਾਬੀ ਅਖ਼ਬਾਰ (ਨਾਮਦੇਵ ਪਤਰਿਕਾ ਤੇ ਕਸ਼ਤਰੀ ਬੀਰ) ਚੱਲ ਰਹੇ ਹਨ। ਭਗਤ ਨਾਮਦੇਵ ਜੀ ਦੇ ਨਾਮ ’ਤੇ ਪੰਜਾਬ ਵਿੱਚ ਗੁਰਦੁਆਰਾ ਸਾਹਿਬ ਹਨ।

ਆਪਣੀ ਆਖ਼ਰੀ ਉਮਰ ਵਿੱਚ ਭਗਤ ਨਾਮਦੇਵ ਜੀ ਪੰਜਾਬ ਦੇ ਕਸਬੇ ਘੁਮਾਣ (ਜ਼ਿਲ੍ਹਾ ਗੁਰਦਾਸਪੁਰ) ਵਿੱਚ ਪ੍ਰਚਾਰ ਕਰਦੇ ਆਏ। ਘੁਮਾਣ ਵਿਖੇ ਆਪ ਜੀ ਦੀ ਯਾਦ ਵਿੱਚ ਹਰ ਸਾਲ ਮਾਘੀ ਵਾਲੇ ਦਿਨ ਦੀਵਾਨ ਸਜਦੇ ਹਨ। ਭਗਤ ਨਾਮਦੇਵ ਰਚਿਤ ਇਲਾਹੀ ਬਾਣੀ ਦੇ ਪਾਠ ਹੁੰਦੇ ਹਨ। ਕਥਾ ਕੀਰਤਨ ਦੇ ਪ੍ਰਵਾਹ ਚਲਦੇ ਹਨ। ਭਗਤ ਨਾਮਦੇਵ ਜੀ ਦੇ 61 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 18 ਰਾਗਾਂ ਵਿੱਚ ਦਰਜ ਹਨ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਭਗਤ ਨਾਮਦੇਵ ਦੇ ਇਹ ਸ਼ਬਦ ਰਾਗਾਂ ਵਿੱਚ ਸ਼ਾਮਲ ਕੀਤੇ। ਹਥਲੀ ਪੁਸਤਕ ਵਿੱਚ ਖੋਜੀ ਵਿਦਵਾਨਾਂ ਪਰਮਪਾਲ ਸਿੰਘ ਸੋਢੀ ਤੇ ਨਰਿੰਦਰ ਸਿੰਘ ਨੇ ਭਗਤ ਨਾਮਦੇਵ ਦੇ ਸ਼ਬਦਾਂ ਦੀ ਤਰਤੀਬ ਅੰਕਿਤ ਕੀਤੀ ਹੈ। ਪੁਸਤਕ ਲੇਖਕ ਪਰਮਪਾਲ ਸਿੰਘ ਸੋਢੀ ਨੇ ਇਸ ਤੋਂ ਪਹਿਲਾਂ ਗੁਰੂ ਸਾਹਿਬਾਨ ਦੇ ਜੀਵਨ ਤੇ ਬਾਣੀ ਬਾਰੇ ਖੋਜਮਈ ਜਾਣਕਾਰੀ ਦੀਆਂ 13 ਪੁਸਤਕਾਂ ਰਚੀਆਂ ਹਨ। ਗੁਰਮਤਿ ਦਾ ਪ੍ਰਚਾਰ ਤੇ ਪਸਾਰ ਕੀਤਾ ਹੈ। ਇਸ ਪੁਸਤਕ ਨੂੰ ਲਿਖਣ ਲਈ ਲੇਖਕ ਨੇ 25 ਸਹਾਇਕ ਪੁਸਤਕਾਂ ਤੇ ਖੋਜ ਪੱਤਰਾਂ ਦਾ ਅਧਿਐਨ ਕੀਤਾ ਹੈ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਸੈਂਚੀਆਂ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਕੁਝ ਪ੍ਰਕਾਸ਼ਨਾਵਾਂ ਦੇ ਨਾਲ ਨਾਲ ਡਾ. ਰਤਨ ਸਿੰਘ ਜੱਗੀ, ਪ੍ਰੋ. ਸਾਹਿਬ ਸਿੰਘ, ਭਾਈ ਜੋਧ ਸਿੰਘ, ਪ੍ਰੋ. ਬ੍ਰਹਮਜਗਦੀਸ਼ ਸਿੰਘ, ਰਾਜਬੀਰ ਕੌਰ, ਡਾ. ਧਰਮਪਾਲ ਸਿੰਗਲ ਤੇ ਬਲਦੇਵ ਸਿੰਘ ਬਦਨ, ਰਘਬੀਰ ਸਿੰਘ ਭਰਤ, ਡਾ. ਰੂਪ ਸਿੰਘ, ਗਿਆਨੀ ਨਰੈਣ ਸਿੰਘ, ਜਸਵੰਤ ਸਿੰਘ ਬਸਰਾ, ਕਿਰਪਾਲ ਸਿੰਘ ਚੰਦਨ, ਪ੍ਰੋ. ਬਲਕਾਰ ਸਿੰਘ, ਕੁੰਦਨ ਲਾਲ ਬਧਣ, ਰਣਜੀਤ ਸਿੰਘ ਖੜਗ, ਸੰਤੋਖ ਸਿੰਘ ਕੈਂਥ, ਡਾ. ਸਰਬਜਿੰਦਰ ਸਿੰਘ ਸੰਪਾਦਕ ਨਾਨਕ ਪ੍ਰਕਾਸ਼ ਪੱਤਰਿਕਾ ਜ਼ਿਕਰਯੋਗ ਹਨ। ਭਗਤ ਨਾਮਦੇਵ ਰਚਿਤ ਬਾਣੀ ਦੇ ਸ਼ਬਦਾਂ ਦੀ ਤਰਤੀਬ ਕਰਦਿਆਂ ਪੁਸਤਕ ਲੇਖਕ ਨੇ ਜਾਣਕਾਰੀ ਦਿੱਤੀ ਹੈ ਕਿ ਰਾਗ ਭੈਰਉ ਵਿੱਚ ਭਗਤ ਨਾਮਦੇਵ ਦੇ 12 ਸ਼ਬਦ ਹਨ। ਸਭ ਤੋਂ ਵੱਧ ਸ਼ਬਦ ਭਗਤ ਜੀ ਦੇ ਭੈਰਉ ਰਾਗ ਵਿੱਚ ਹਨ। ਗੌਂਡ ਰਾਗ ਵਿੱਚ 7, ਆਸਾ ਤੇ ਧਨਾਸਰੀ ਵਿੱਚ 5-5, ਰਾਮਕਲੀ ਵਿੱਚ 4, ਰਾਗ ਸੋਰਠਿ, ਟੋਡੀ, ਮਾਲੀ ਗਉੜਾ, ਬਸੰਤ, ਸਾਰੰਗ ਤੇ ਪ੍ਰਭਾਤੀ ਵਿੱਚ 3-3 ਸ਼ਬਦ ਹਨ (ਕੁੱਲ 18 ਸ਼ਬਦ); ਰਾਗ ਗੁਜਰੀ, ਤਿਲੰਗ ਮਲ੍ਹਾਰ ਵਿੱਚ 2-2 ਸ਼ਬਦ (ਕੁੱਲ 6 ਸ਼ਬਦ) ਰਾਗ ਗਉੜੀ, ਬਿਲਾਵਲ ਮਾਰੂ, ਕਾਨੜਾ ਵਿੱਚ 1-1 ਸ਼ਬਦ ਹੈ (ਕੁੱਲ 4 ਸ਼ਬਦ)। ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਵਿੱਚੋਂ ਭਗਤ ਨਾਮਦੇਵ ਜੀ ਦੀ ਬਾਣੀ ਹੋਰਨਾਂ ਭਗਤਾਂ ਨਾਲੋਂ (ਕਬੀਰ ਜੀ ਤੋਂ ਬਿਨਾ) ਵਧੇਰੇ ਹੈ। ਅਧਿਐਨ ਕਰਨ ’ਤੇ ਪਤਾ ਲੱਗਦਾ ਹੈ ਕਿ ਭਗਤ ਨਾਮਦੇਵ ਜੀ ਸਰਗੁਣ ਤੋਂ ਨਿਰਗੁਣ ਭਗਤੀ ਵੱਲ ਆਏ। ਭਗਤ ਤ੍ਰਿਲੋਚਨ ਜੀ ਇਨ੍ਹਾਂ ਦੇ ਸਮਕਾਲੀ ਸਨ।

ਪੁਸਤਕ ਵਿੱਚ ਭਗਤ ਜੀ ਦੇ ਜੀਵਨ ਸਿਧਾਂਤ ਦੀ ਜਾਣਕਾਰੀ ਹੈ। ਕਿਰਤ ਕਰਨ ਦਾ ਸਿਧਾਂਤ ਹੈ। ਕਿਰਤ ਕਰਦਿਆਂ ਵੀ ਇੱਕ ਪਰਮਾਤਮਾ ਨਾਲ ਜੁੜੇ ਰਹਿਣ ਦਾ ਉਪਦੇਸ਼ ਹੈ। ਪ੍ਰੇਮਾ ਭਗਤੀ ਲਈ ਬਹੁਤ ਸਾਰੇ ਦ੍ਰਿਸ਼ਟਾਂਤ ਹਨ। ਸਮੇਂ ਦੇ ਮੁਗ਼ਲ ਬਾਦਸ਼ਾਹ ਨਾਲ ਤਕਰਾਰ ਹੈ। ਮੁਹੰਮਦ ਤੁਗਲਕ ਨੇ ਭਗਤ ਨਾਮਦੇਵ ਨੂੰ ਸਖ਼ਤ ਇਮਤਿਹਾਨਾਂ ਵਿੱਚ ਪਾਇਆ। ਭਗਤ ਜੀ ਸਾਰੀਆਂ ਦੁਨਿਆਵੀ ਮੁਸ਼ਕਲਾਂ ਵਿੱਚੋਂ ਪਾਰ ਹੋਏ। ਲੇਖਕ ਕਈ ਕਰਾਮਾਤਾਂ ਭਗਤ ਨਾਮਦੇਵ ਦੀ ਬਾਣੀ ਦੇ ਆਧਾਰ ’ਤੇ ਸਰਲ ਸ਼ਬਦਾਵਲੀ ਵਿੱਚ ਲਿਖਦਾ ਹੈ। ਪੁਸਤਕ ਦੀ ਸਮੱਗਰੀ ਦੀ ਤਰਤੀਬ ਸ਼ਲਾਘਾਯੋਗ ਹੈ। ਜੀਵਨੀ, ਸਾਖੀਆਂ, ਉਪਦੇਸ਼, ਬਾਣੀ ਤਤਕਰਾ, ਸ਼ਬਦਾਂ ਦੀ ਵਿਆਖਿਆ, ਪਦ ਅਰਥ ਭਾਵ ਅਰਥ ਦਿੱਤੇ ਹਨ ਕਿਉਂਕਿ ਭਗਤ ਨਾਮਦੇਵ ਜੀ ਦੀ ਆਪਣੀ ਬੋਲੀ ਮਰਾਠੀ ਹੈ। ਸ਼ਬਦਾਂ ਵਿੱਚ ਮਰਾਠੀ ਸ਼ਬਦਾਂ ਦਾ ਤਰਜਮਾ ਹੈ, ਖ਼ਾਸਕਰ ਮਰਾਠੀ ਸ਼ਬਦ ‘ਬੀਠਲ’ ਦਾ ਜ਼ਿਕਰ ਹੈ। ਸ਼ਬਦਾਂ ਦੇ ਪਿਛੋਕੜ ਵਿੱਚ ਭਗਤ ਨਾਮਦੇਵ ਜੀ ਦੀ ਜੀਵਨ ਲੀਲ੍ਹਾ ਹੈ। ਭਗਤ ਜੀ ਹਉਮੈ ਤੇ ਪਖੰਡਵਾਦ ਦੇ ਵਿਰੋਧੀ ਹਨ। ਪਰਮਾਤਮਾ ਦੀ ਸਰਬਵਿਆਪਕਤਾ ਵਿੱਚ ਵਿਸ਼ਵਾਸ ਹੈ। ਸਾਰੇ ਜੀਵਾਂ ਵਿੱਚ ਪਰਮਾਤਮਾ ਦੀ ਹੋਂਦ ਮੰਨਦੇ ਹਨ। ਇੱਕ ਸ਼ਬਦ ਵਿੱਚ ਪਰਮਾਤਮਾ ਨਾਲ ਸਿੱਧੀਆਂ ਗੱਲਾਂ ਹਨ। ਉਹ ਪਰਮਾਤਮਾ ਨੂੰ ਯਾਰ ਕਹਿ ਕੇ ਸੰਬੋਧਿਤ ਹੁੰਦੇ ਹਨ। ਕ੍ਰਿਸ਼ਨ ਜੀ ਤੇ ਹੋਰ ਹਿੰਦੂ ਦੇਵੀ ਦੇਵਤਿਆਂ ਅਤੇ ਕੁਝ ਇਤਿਹਾਸਕ, ਮਿਥਿਹਾਸਕ ਪਾਤਰਾਂ ਦੇ ਹਵਾਲੇ ਭਗਤ ਜੀ ਦੇ ਸ਼ਬਦਾਂ ਵਿੱਚ ਹਨ। ਭਗਤ ਬਾਣੀ ਵਿੱਚ ਗੋਬਿੰਦ, ਗੋਪਾਲ, ਗੁਸਾਈਂ, ਰਾਮਈਆ ਠਾਕੁਰ, ਬੀਠਲ ਆਦਿ ਰੂਪ ਪਰਮਾਤਮਾ ਦੇ ਹਨ। ਭਗਤ ਨਾਮਦੇਵ ਜੀ ਰਚਿਤ ਸ਼ਬਦਾਂ ਦਾ ਦੀਰਘ ਅਧਿਐਨ ਕਿਸੇ ਵੀ ਜਗਿਆਸੂ ਪਾਠਕ, ਖੋਜੀ ਵਿਦਵਾਨ, ਪ੍ਰਚਾਰਕ ਸਾਹਿਬਾਨ, ਗੁਰਬਾਣੀ ਚਿੰਤਕ, ਵਿਦਿਆਰਥੀ ਵਰਗ ਦੀ ਆਤਮਿਕ ਸੰਤੁਸ਼ਟੀ ਕਰ ਸਕਦਾ ਹੈ। ਅਧਿਆਤਮਕ ਸਾਹਿਤ ਵਿੱਚ ਪੁਸਤਕ ਦਾ ਵਿਸ਼ੇਸ਼ ਮਹੱਤਵ ਹੈ।

ਸੰਪਰਕ: 98148-56160



News Source link

- Advertisement -

More articles

- Advertisement -

Latest article