29.2 C
Patiāla
Friday, May 10, 2024

ਕਾਲਜਾਂ ’ਚ ਨਾਮਜ਼ਦਗੀਆਂ ਵਾਪਸ ਲੈਣ ਨਾਲ ਉਮੀਦਵਾਰ ਆਹਮੋ-ਸਾਹਮਣੇ

Must read


ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 1 ਸਤੰਬਰ

ਯੂਟੀ ਦੇ ਸਰਕਾਰੀ ਤੇ ਪ੍ਰਾਈਵੇਟ ਕਾਲਜਾਂ ਦੀਆਂ ਵਿਦਿਆਰਥੀ ਚੋਣਾਂ ਲਈ ਅੱਜ ਨਾਮਜ਼ਦਗੀਆਂ ਵਾਪਸ ਲੈਣ ਨਾਲ ਹੀ ਉਮੀਦਵਾਰ ਆਹਮੋ-ਸਾਹਮਣੇ ਆ ਗਏ ਹਨ। ਸ਼ਹਿਰ ਦੇ ਉੱਤਰੀ ਸੈਕਟਰਾਂ ਵਿਚ ਦੱਖਣੀ ਸੈਕਟਰਾਂ ਦੇ ਕਾਲਜਾਂ ਦੇ ਮੁਕਾਬਲੇ ਪ੍ਰਚਾਰ ਵਿੱਚ ਤੇਜ਼ੀ ਦਿਖੀ। ਲੜਕੀਆਂ ਦੇ ਕਾਲਜਾਂ ਵਿਚ ਚੋਣ ਪ੍ਰਚਾਰ ਮੱਠਾ ਰਿਹਾ। ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿੱਚ ਅੱਜ ਦੋ ਵਿਦਿਆਰਥੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਹੰਗਾਮਾ ਕੀਤਾ ਗਿਆ ਪਰ ਪੁਲੀਸ ਦੀ ਚੌਕਸੀ ਸਦਕਾ ਉਨ੍ਹਾਂ ਨੂੰ ਕਾਲਜ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਇਸ ਤੋਂ ਇਲਾਵਾ ਡੀਏਵੀ ਕਾਲਜ ਸੈਕਟਰ-10 ਵਿੱਚ ਵਿਦਿਆਰਥੀਆਂ ਨੇ ਕਾਲਜ ਦੇ ਬਾਹਰ ਨਾਅਰੇਬਾਜ਼ੀ ਕੀਤੀ।

ਜਾਣਕਾਰੀ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਬਾਹਰ ਖਾਲਸਾ ਕਾਲਜ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀ ਕਾਰਕੁਨਾਂ ਨੇ ਨਾਮਜ਼ਦਗੀਆਂ ਫਾਈਨਲ ਹੋਣ ਮਗਰੋਂ ਭੰਗੜਾ ਪਾਇਆ ਤੇ ਇਸ ਇਕੱਠ ਦੌਰਾਨ ਦੂਜੀ ਧਿਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਜਿਸ ਦਾ ਦੂਜੀ ਧਿਰ ਨੇ ਵਿਰੋਧ ਕੀਤਾ। ਉਨ੍ਹਾਂ ਕਾਲਜ ਵਿਚ ਦਾਖ਼ਲ ਹੋਣ ਦਾ ਯਤਨ ਕੀਤਾ ਪਰ ਪੁਲੀਸ ਨੇ ਉਨ੍ਹਾਂ ਨੂੰ ਕਾਲਜ ਵਿਚ ਦਾਖ਼ਲ ਨਹੀਂ ਹੋਣ ਦਿੱਤਾ। ਇਸ ਤੋਂ ਇਲਾਵਾ ਇਸ ਕਾਲਜ ਵਿਚ ਸੀਐਸਐਫ ਆਗੂਆਂ ਨੇ ਵੀ ਪ੍ਰਚਾਰ ਕੀਤਾ। ਦੂਜੇ ਪਾਸੇ, ਸਰਕਾਰੀ ਕਾਲਜ ਆਫ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਸੈਕਟਰ-50, ਸਰਕਾਰੀ ਕਾਲਜ ਸੈਕਟਰ-46 ਤੇ ਸਰਕਾਰੀ ਕਾਲਜ ਫਾਰ ਗਰਲਜ਼ ਸੈਕਟਰ-42 ਵਿਚ ਚੋਣ ਪ੍ਰਚਾਰ ਨੇ ਰਫ਼ਤਾਰ ਨਹੀਂ ਫੜੀ। ਸਰਕਾਰੀ ਕਾਲਜ ਸੈਕਟਰ-46 ਵਿਚ ਤਾਂ ਸਿਰਫ਼ ਗੇਟ ਦੇ ਨੇੜੇ ਹੀ ਕੁਝ ਵਿਦਿਆਰਥੀਆਂ ਦੇ ਟੋਲੇ ਖੜ੍ਹੇ ਸਨ ਤੇ ਕਾਲਜ ਦੇ ਮੁੱਖ ਸਥਾਨ ’ਤੇ ਸ਼ਾਂਤੀ ਪਸਰੀ ਹੋਈ ਸੀ ਜਦਕਿ ਐਸਡੀ ਕਾਲਜ ਸੈਕਟਰ-32, ਡੀਏਵੀ ਕਾਲਜ ਸੈਕਟਰ-10, ਸਰਕਾਰੀ ਕਾਲਜ ਸੈਕਟਰ-11 ਤੇ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਵਿਚ ਸਾਰੇ ਪਾਸੇ ਵਿਦਿਆਰਥੀਆਂ ਨੇ ਚੋਣ ਪ੍ਰਚਾਰ ਵਿਚ ਕਸਰ ਨਹੀਂ ਛੱਡੀ। ਪੁਲੀਸ ਨੇ ਵੀ ਉਤਰੀ ਸੈਕਟਰਾਂ ਦੇ ਕਾਲਜਾਂ ਵਿਚ ਹੀ ਪੂਰੀ ਫੋਰਸ ਨਾਲ ਚੌਕਸੀ ਦਿਖਾਈ।



News Source link

- Advertisement -

More articles

- Advertisement -

Latest article