22.1 C
Patiāla
Tuesday, April 30, 2024

ਪੌਂਗ ਡੈਮ ਦੇ ਫਲੱਡ ਗੇਟ ਤੀਜੇ ਦਿਨ ਵੀ ਖੁੱਲ੍ਹੇ

Must read


ਦੀਪਕ ਠਾਕੁਰ

ਤਲਵਾੜਾ, 16 ਅਗਸਤ

ਲੰਘੇ ਸ਼ਨਿਚਰਵਾਰ ਨੂੰ ਹਿਮਾਚਲ ਪ੍ਰਦੇਸ਼ ’ਚ ਪਏ ਮੋਹਲੇਧਾਰ ਮੀਂਹ ਕਾਰਨ ਪੌਂਗ ਡੈਮ ਨੱਕੋ ਨੱਕ ਭਰ ਗਿਆ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ ਅਚਾਨਕ ਵਧ ਗਈ। ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਟੱਪ ਗਿਆ। ਭਾਖੜਾ ਬਿਆਸ ਪ੍ਰਬੰਧਕ ਬੋਰਡ ਬੀਬੀਐਮਬੀ ਨੂੰ ਮੁੜ 14 ਤਾਰੀਕ ਨੂੰ ਡੈਮ ਦੇ ਫਲੱਡ ਗੇਟ ਖੋਲ੍ਹਣੇ ਪਏ ਜਿਸ ਕਾਰਨ ਹੇਠਲੇ ਇਲਾਕਿਆਂ ’ਚ ਹੜ੍ਹ ਆ ਗਏ ਹਨ। ਬਿਆਸ ਦਰਿਆ ਦੇ ਦੋਵੇਂ ਪਾਸੇ ਲੱਗਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਦਰਜਨਾਂ ਪਿੰਡ ਪਾਣੀ ’ਚ ਡੁੱਬ ਗਏ ਹਨ, ਪ੍ਰਸ਼ਾਸਨ ਨੇ ਲੋਕਾਂ ਨੂੰ ਬਾਹਰ ਕੱਢਣ ਲਈ ਰਾਸ਼ਟਰੀ ਆਪਦਾ ਪ੍ਰਬੰਧਕਾਂ ਬਲ (ਐਨਡੀਆਰਐਫ਼), ਭਾਰਤੀ ਫੌਜ ਅਤੇ ਹੈਲੀਕਾਪਟਰ ਦੀ ਮਦਦ ਨਾਲ ਬਾਹਰ ਕੱਢਿਆ।

ਬੀਬੀਐਮਬੀ ਚੀਫ਼ ਇੰਜੀਨਿਅਰ ਏ ਕੇ ਸਿਡਾਨਾ ਨੇ ਦੱਸਿਆ ਸ਼ਾਮ ਪੰਜ ਵਜੇ ਪੌਂਗ ਡੈਮ ’ਚ ਪਾਣੀ ਦਾ ਪੱਧਰ 1397.57 ਫੁੱਟ ਦਰਜ ਕੀਤਾ ਗਿਆ ਹੈ, ਜੋ ਕਿ ਖਤਰੇ ਦੇ ਨਿਸ਼ਾਨ 1395 ਤੋਂ ਮਹਿਜ਼ 2.57 ਫੁੱਟ ਵਧ ਹੈ। ਝੀਲ ’ਚ ਪਾਣੀ ਦੀ ਆਮਦ 55367 ਕਿਊਸਕ ਹੈ, ਜਦਕਿ ਫਲੱਡ ਗੇਟਾਂ ਅਤੇ ਟਰਬਾਈਨ ਰਾਹੀਂ ਕੁੱਲ 138223 ਕਿਊਸਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਜਾ ਰਿਹਾ ਹੈ।

ਪਾਲਤੂ ਪਸ਼ੂਆਂ ਨਾਲ ਸੁਰੱਖਿਅਤ ਥਾਂ ਵੱਲ ਜਾਂਦੇ ਹੋਏ ਗੁੱਜਰ ਭਾਈਚਾਰੇ ਦੇ ਲੋਕ।

ਧੁੱਸੀ ਬੰਨ੍ਹ ਦੇ ਕਈ ਥਾਵਾਂ ਤੋਂ ਟੁੱਟਣ ਦੇ ਆਸਾਰ ਬਣੇ

ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਬਿਆਸ ਵਿੱਚ ਹੜ੍ਹ ਦੇ ਹਾਲਾਤ ਬਣ ਗਏ ਹਨ। ਕਈ ਥਾਵਾਂ ਤੋਂ ਧੁੱਸੀ ਬੰਨ੍ਹ ਟੁੱਟ ਗਿਆ ਹੈ ਅਤੇ ਕਈ ਹੋਰ ਥਾਵਾਂ ਉੱਤੇ ਟੁੱਟਣ ਦੇ ਅਸਾਰ ਬਣ ਗਏ ਹਨ। ਕਾਹਨੂੰਵਾਨ ਬੇਟ ਇਲਾਕੇ ਵਿੱਚ ਦਰਿਆ ਨਾਲ ਲਗਦੇ ਪਿੰਡਾਂ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਕਿਉਂਕਿ ਕਈ ਥਾਵਾਂ ਤੋਂ ਸੇਮ ਨਾਲੇ ਦਰਿਆ ਬਿਆਸ ਵਿੱਚ ਡਿਗਦੇ ਹਨ। ਉਸ ਰਸਤੇ ਰਾਹੀਂ ਦਰਿਆ ਬਿਆਸ ਵਿੱਚ ਆਏ ਹੜ੍ਹ ਦਾ ਪਾਣੀ ਉਲਟੇ ਪਾਸੇ ਚੱਲ ਕੇ ਨਵੀਂ ਇਲਾਕਿਆਂ ਵਿੱਚ ਭਰ ਗਿਆ ਹੈ। ਬੇਟ ਖੇਤਰ ਵਿੱਚ ਧੁੱਸੀ ਨੇੜਲੇ ਪਾਣੀ ਵਿੱਚ ਘਿਰੇ ਪਿੰਡਾਂ ਤੋਂ ਜੋ ਜਾਣਕਾਰੀਆਂ ਪ੍ਰਾਪਤ ਹੋ ਰਹੀਆਂ ਉਹਨਾਂ ਅਨੁਸਾਰ ਬੀਤੀ ਰਾਤ ਕਈ ਥਾਵਾਂ ਤੋਂ ਧੁੱਸੀ ਦੇ ਉੱਪਰੋਂ ਦੀ ਪਾਣੀ ਟੱਪਣਾ ਸ਼ੁਰੂ ਹੋ ਗਿਆ ਸੀ ਅਤੇ ਕਈ ਥਾਵਾਂ ਤੋਂ ਧੁੱਸੀ ਵਿੱਚ ਪਾੜ ਪੈਣ ਦੇ ਹਾਲਾਤ ਬਣ ਗਏ ਹਨ। ਕਿਸਾਨ ਆਗੂ ਉੱਤਮ ਸਿੰਘ ਬਾਗੜੀਆਂ, ਸੁਖਵਿੰਦਰ ਸਿੰਘ ਮੁਲਾਂਵਾਲ ਅਤੇ ਕੰਵਲਪ੍ਰੀਤ ਸਿੰਘ ਕਾਕੀ ਨੇ ਮੌਕੇ ਦੇ ਹਾਲਤਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਦਰਿਆ ਵਿੱਚ ਪਾਣੀ ਘੱਟ ਜਾਣ ਕਾਰਨ ਦਾਓਵਾਲ ਦੇ ਨੇੜੇ ਤੋਂ ਧੁੱਸੀ ਬੰਨ੍ਹ ਟੁੱਟਣ ਤੋਂ ਬਚਾਅ ਹੋ ਗਿਆ ਹੈ। ਬੀਤੀ ਦੇਰ ਰਾਤ ਧੁਸੀ ਬੰਨ੍ਹ ਵਿੱਚ ਪਏ ਪਾੜ ਨੂੰ ਬੰਨ੍ਹਣ ਵਿੱਚ ਲੱਗੇ ਹੋਏ ਲੋਕਾਂ ਦੀ ਬੇਬਸੀ ਕਾਰਨ ਰਾਤ ਸਮੇਂ ਕੰਮ ਰੋਕਣਾ ਪੈ ਗਿਆ ਸੀ। ਪਰ ਅੱਜ ਸਵੇਰ ਤੋਂ ਪਾਣੀ ਦੇ ਘੱਟ ਜਾਣ ਬਾਅਦ ਦਾਉਵਾਲ ਨੇੜੇ ਪਏ ਪਾੜ ਨੂੰ ਮੁਰੰਮਤ ਕਰਨ ਵਿੱਚ ਕਾਮਯਾਬੀ ਪ੍ਰਾਪਤ ਹੋ ਗਈ ਹੈ। ਪਰ ਗਜਤਪੁਰ ਨੇੜੇ ਤੋਂ ਪਏ ਵੱਡੇ ਪਾੜ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਜਾਂ ਇਲਾਕੇ ਦੇ ਲੋਕਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਕਾਹਨੂੰਵਾਨ ਛੰਭ ਦੇ ਬੇਟ ਖੇਤਰ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਣਾ ਸ਼ੁਰੂ ਹੋ ਗਿਆ ਹੈ। ਲੋਕਾਂ ਦਾ ਕਹਿਣਾ ਸੀ ਕਿ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਨ ਡੀ. ਸੀ. ਗੁਰਦਾਸਪੁਰ, ਤਹਿਸੀਲਦਾਰ ਅਤੇ ਹੋਰ ਅਮਲਾ ਫੈਲਾ ਮੌਕੇ ਤੇ ਪਹੁੰਚ ਗਿਆ ਹੈ। ਪਰ ਉਹ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਧੁੱਸੀ ਬੰਨ੍ਹ ਦੀ ਮੁਰੰਮਤ ਕਰਨ ਦੀਆਂ ਅਪੀਲਾਂ ਕਰਨ ਤੋਂ ਵੱਧ ਕੁੱਝ ਨਹੀਂ ਕਰ ਰਿਹਾ। ਪਿੰਡਾਂ ਵਿੱਚ ਅਨਾਉਂਸਮੈਂਟਾਂ ਕਾਰਵਾਏ ਜਾਣ ਤੋਂ ਬਾਅਦ ਬੰਨ੍ਹ ਦੀ ਮਜ਼ਬੂਤੀ ਲਈ ਵੱਧ ਤੋਂ ਵੱਧ ਨੌਜਵਾਨ, ਟਰੈਕਟਰ ਟਰਾਲੀਆਂ ਅਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਪ੍ਰਭਾਵਿਤ ਥਾਵਾਂ ਉੱਤੇ ਪਹੁੰਚ ਗਏ। ਹੜ੍ਹ ਦਾ ਪਾਣੀ ਬੇਟ ਖੇਤਰ ਵਿੱਚ ਭਰ ਜਾਣ ਕਾਰਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਲਾਕੇ ਦੇ ਲੋਕਾਂ ਅਤੇ ਹੋਰ ਰਾਹਗੀਰਾਂ ਨੂੰ ਮੁਕੇਰੀਆਂ ਪੁਲ ਦੀ ਤਰਫ਼ ਅਤੇ ਪੁਰਾਣਾ ਸਾਹਲਾ ਤੋਂ ਚੱਕ ਸ਼ਰੀਫ ਸ਼ੜਕ ਉੱਤੇ ਜਾਣ ਦੀ ਮਨਾਹੀ ਕੀਤੀ ਗਈ ਹੈ। ਇਸ ਸਬੰਧੀ ਜਦੋਂ ਡੀ. ਸੀ. ਗੁਰਦਾਸਪੁਰ ਹਿਮਾਂਸ਼ੂ ਅਗਸਵਾਲ ਨੇ ਕਿਹਾ ਕਿ ਪੌਂਗ ਡੈਮ ਤੋਂ ਪਾਣੀ ਨੂੰ ਘਟਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕੱਲ ਤੱਕ ਦਰਿਆ ਵਿੱਚ ਪਾਣੀ ਘੱਟ ਜਾਵੇਗਾ।

ਬਿਆਸ ਦਰਿਆ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਪਾਰ

ਰਈਆ (ਦਵਿੰਦਰ ਸਿੰਘ ਭੰਗੂ): ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਸਾਤ ਕਾਰਨ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਵਿੱਚ ਖ਼ਤਰੇ ਦਾ ਨਿਸ਼ਾਨ ਪਾਰ ਕਰਨ ਕਰਕੇ ਹੜ੍ਹ ਦੇ ਹਾਲਾਤ ਬਣ ਗਏ ਹਨ। ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਏਨਾ ਵੱਧ ਗਿਆ ਹੈ ਕਿ ‌ਢਿਲਵਾਂ ਧੁੱਸੀ ਬੰਨ੍ਹ ਖ਼ਤਰੇ ਤੇ ਚੱਲ ਰਿਹਾ ਹੈ। ‌ਢਿਲਵਾਂ,ਧਾਲੀਵਾਲ ਬੇਟ ਇਲਾਕੇ ਵਿੱਚ ਦਰਿਆ ਨਾਲ ਲਗਦੇ ਖੇਤਾਂ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਬਿਆਸ ਦਰਿਆ ਦਾ ਪੀਲਾ ਨਿਸ਼ਾਨ 740 ਹੈ ਅਤੇ ਖ਼ਤਰੇ ਦਾ ਲਾਲ ਨਿਸ਼ਾਨ 744 ਹੈ ਬਿਆਸ ਪੁਲ ਤੇ ਗੇਜ 744 ਪੁੱਜਣ ਕਾਰਨ ਪਾਣੀ ਦਾ ਪੱਧਰ 188000 ਕਿਉਂਸਿਕ ਚੱਲ ਰਿਹਾ ਹੈ ਜਿਸ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਪਾਣੀ ਦਾ ਹੋਰ ਪੱਧਰ ਵਧਣ ਕਾਰਨ ਭਾਰੀ ਤਬਾਹੀ ਹੋਣ ਦਾ ਖ਼ਤਰਾ ਹੈ।

ਸਤੁਲਜ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਵਿਚ ਸਹਿਮ

ਸ਼ਾਹਕੋਟ (ਗੁਰਮੀਤ ਖੋਸਲਾ): ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਪੈਣ ਕਾਰਨ ਭਾਖੜਾ ਡੈਮ ਵਿਚ ਪਾਣੀ ਦੇ ਪੱਧਰ ਵਧਣ ਕਾਰਨ ਸਤਲੁਜ ਦਰਿਆ ਵਿਚ ਪਾਣੀ ਛੱਡੇ ਨਾਲ ਦਰਿਆ ਦੇ ਪਾਣੀ ਦਾ ਪੱਧਰ ਵੀ ਵਧ ਗਿਆ ਹੈ। ਇਸ ਕਾਰਨ ਦਰਿਆ ਕੰਢੇ ਵਸੇ ਲੋਕਾਂ ਵਿਚ ਇਕ ਵਾਰ ਫਿਰ ਡਰ ਤੇ ਸਹਿਮ ਪੈਦਾ ਹੋ ਗਿਆ ਹੈ। ਖਤਰੇ ਨੂੰ ਦੇਖਦਿਆ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਫਿਲੌਰ ਤੋਂ ਲੈ ਕੇ ਗਿਦੜਪਿੰਡੀ ਤੱਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਨਿਰੀਖਣ ਕਰਦਿਆਂ ਬੰਨ੍ਹ ਨੂੰ ਹੋਰ ਮਜ਼ਬੂਤ ਕਰਨ ਦੇ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਡੀ.ਸੀ ਨੇ ਡਰੇਨੇਜ ਵਿਭਾਗ ਨੂੰ 24 ਘੰਟੇ ਬੰਨ੍ਹ ਉੱਪਰ ਗਸ਼ਤ ਕਰਨ ਨੂੰ ਕਿਹਾ ਗਿਆ ਹੈ ਤਾਂ ਕਿ ਕਿਸੇ ਵੀ ਲੋੜ ਸਮੇਂ ਤੁਰੰਤ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾ ਸਕੇ। ਐਸ.ਡੀ.ਐਮਜ਼ ਨੇ ਦੱਸਿਆ ਕਿ ਉਨ੍ਹਾਂ ਧੁੱਸੀ ਬੰਨ੍ਹ ਦਾ ਦੌਰਾ ਕਰਨ ਉਪਰੰਤ ਤੁਰੰਤ ਚੁੱਕੇ ਜਾਣ ਵਾਲੇ ਕਦਮਾਂ ਨੂੰ ਸ਼ੁਰੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਸਾਰੰਗਲ ਦੇ ਹੁਕਮਾਂ ਤਹਿ ਉਹ ਇਹਤਿਆਤ ਵਜੋਂ ਪਹਿਲਾਂ ਹੀ ਮਿੱਟੀ ਦੇ ਬੋਰਿਆਂ ਦੇ ਪ੍ਰਬੰਧ ਕੀਤੇ ਜਾਣ ਲਈ ਲੋਕਾਂ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ।

ਧੱਕਾ ਬਸਤੀ ਦੇ 85 ਘਰਾਂ ਵਿੱਚ ਪਾਣੀ ਵੜਿਆ

ਧੱਕਾ ਬਸਤੀ ਦੇ ਲੋਕ ਕਿਸ਼ਤੀ ਰਾਹੀਂ ਘਰਾਂ ’ਚੋਂ ਸਾਮਾਨ ਕੱਢਦੇ ਹੋਏ। -ਫੋਟੋ ਪੰਜਾਬੀ ਟ੍ਰਿਬਿਊਨ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ਸਤਲੁਜ ਦਰਿਆ ਵਿੱਚ ਪਾਣੀ ਛੱਡੇ ਜਾਣ ਦੇ ਡਰ ਨਾਲ ਸਾਰਾ ਦਿਨ ਲੋਕਾਂ ਵਿੱਚ ਸਹਿਮ ਵਾਲਾ ਮਾਹੌਲ ਬਣਿਆ ਰਿਹਾ। ਭਾਖੜਾ ਡੈਮ ਦੇ ਫਲੱਡ ਗੇਟ ਖੁੱਲ੍ਹੇ ਰੱਖੇ ਜਾਣ ਕਾਰਨ ਵੀ ਲੋਹੀਆਂ ਇਲਾਕੇ ਵਿੱਚ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨੇ ਇੱਕ ਵਾਰ ਫਿਰ ਆਪਣਾ ਸਾਮਾਨ ਸੁਰੱਖਿਅਤ ਥਾਵਾਂ ‘ਤੇ ਭੇਜਣਾ ਸ਼ੁਰੂ ਕਰ ਦਿੱਤਾ ਹੈ। ਗੱਟਾ ਮੰਡੀ ਕਾਸੂ, ਧੱਕਾ ਬਸਤੀ, ਦਾਨੇਵਾਲ, ਟੇਂਡੀਵਾਲ, ਚੱਕ ਵਡਾਲਾ ਸਮੇਤ ਦਰਜਨਾਂ ਪਿੰਡ ਹਨ ਜਿੱਥੋਂ ਲੋਕਾਂ ਸਾਰਾ ਦਿਨ ਘਰਾਂ ਦਾ ਸਮਾਨ ਆਪਣੇ ਸਕੇ ਸਬੰਧੀਆਂ ਕੋਲ ਪਹੁੰਚਾਉਣ ਵਿੱਚ ਲੱਗੇ ਰਹੇ। ਸਤਲੁਜ ਦਰਿਆ ਦੀ ਨੋਚ ‘ਤੇ ਆਪਣੇ ਘਰ ਬਣਾਉਣ ਵਾਲੇ ਧੱਕਾ ਬਸਤੀ ਦੇ ਲੋਕਾਂ ਨਾਲ ਸੱਚਮੁੱਚ ਹੀ ਬੜਾ ਧੱਕਾ ਹੋਇਆ ਹੈ। ਧੱਕਾ ਬਸਤੀ ਦੇ ਲਗਪਗ 85 ਘਰਾਂ ਵਿੱਚੋਂ 26 ਘਰਾਂ ਦਾ ਨਾਮੋ-ਨਿਸ਼ਾਨ ਮਿੱਟ ਚੁੱਕਾ ਹੈ। ਜਿਹੜੇ ਘਰ ਬਚੇ ਵੀ ਹਨ ਉਨ੍ਹਾਂ ਘਰਾਂ ਵਿੱਚ ਪਾਣੀ ਖੜ੍ਹਾਂ ਹੋਣ ਕਾਰਨ ਮਕਾਨਾਂ ਵਿੱਚ ਤਰੇੜਾਂ ਆ ਗਈਆਂ ਹਨ। ਲੋਕਾਂ ਨੂੰ ਡਰ ਹੈ ਕਿ ਕਿਧਰੇ ਤਿੱਖੀ ਧੁੱਪ ਪੈਣ ਨਾਲ ਉਨ੍ਹਾਂ ਦੇ ਘਰ ਤਿੜਕ ਹੀ ਨਾ ਜਾਣ। ਇਨ੍ਹਾਂ ਘਰਾਂ ਵਿੱਚ ਰਹਿੰਦੇ 18 ਘਰਾਂ ਨੇ ਅੱਜ ਕਿਸ਼ਤੀਆਂ ਰਾਹੀਂ ਆਪਣਾ ਸਮਾਨ ਪਾਣੀ ਵਿੱਚੋਂ ਬਾਹਰ ਕੱਢ ਲਿਆਂਦਾ ਹੈ। ਆਪਣਾ ਸਾਮਾਨ ਲੈ ਕੇ ਪਰਤੇ 32 ਸਾਲਾ ਰਾਜੇਸ਼ ਕੋਲੋਂ ਬੋਲਿਆ ਨਹੀਂ ਸੀ ਜਾ ਰਿਹਾ ਹੈ। ਰੋਂਦਿਆਂ ਉਸ ਨੇ ਦੱਸਿਆ ਕਿ ਚਾਰ ਭਾਰਵਾਂ ਨੇ ਬੜੀਆਂ ਮੁਸ਼ਕਿਲਾਂ ਨਾਲ ਘਰ ਬਣਾਇਆ ਸੀ।



News Source link

- Advertisement -

More articles

- Advertisement -

Latest article