30.8 C
Patiāla
Friday, May 17, 2024

ਵਾਸਤੇ ਪਾਉਂਦੀਆਂ ਬੁਰਜੀਆਂ

Must read


ਗੁਰਮਲਕੀਅਤ ਸਿੰਘ ਕਾਹਲੋਂ

ਦਰਦਾਂ ਨਾਲ ਵਿੰਨ੍ਹਿਆ ਮਨ ਫਰੋਲਣ ਤੋਂ ਪਹਿਲਾਂ ਜੀਅ ਕਰਦਾ ਕਿ ਤੁਹਾਥੋਂ ਕੁਝ ਪੁੱਛੀਏ ? ਪਰ ਜਵਾਬ ਦੇਣ ਦੀ ਹਾਂ ਕਰਨ ਤੋਂ ਪਹਿਲਾਂ ਉਹ ਪੀੜ ਸਹਿਣ ਲਈ ਆਪਣੇ ਆਪ ਨੂੰ ਤਕੜਾ ਕਰ ਲਓ, ਜੋ ਅਸੀਂ ਪੌਣੀ ਸਦੀ ਤੋਂ ਸਹਿੰਦੀਆਂ ਆ ਰਹੀਆਂ। ਅੱਥਰੂ ਵਹਾਉਂਦਿਆਂ ਪੱਥਰ ਹੋਏ ਸਾਡੇ ਦੀਦਿਆਂ ਉੱਤੇ ਦਰਦਾਂ ਦੀਆਂ ਬਹੁਤ ਪਰਤਾਂ ਚੜ੍ਹ ਗਈਆਂ। ਮੀਹਾਂ, ਹਨੇਰੀਆਂ, ਹੜ੍ਹਾਂ ’ਚ ਡੁੱਬਣਾ, ਸਰਕੜੇ ’ਚ ਲੋਪ ਹੋ ਜਾਣਾ ਤੇ ਗੋਲੀਆਂ ਦੇ ਖੜਕੇ ਸਾਡੇ ਲਈ ਆਮ ਗੱਲ ਆ, ਪਰ ਸ਼ੁਕਰ ਐ ਰੱਬ ਦਾ, ਸਾਡੀਆਂ ਜ਼ਮੀਰਾਂ ਨਹੀਂ ਮਰੀਆਂ। ਸਿਰਫ਼ ਜਾਗਦੀਆਂ ਹੀ ਨਹੀਂ, ਲੱਟ ਲੱਟ ਬਲਦੀਆਂ ਵੀ ਨੇ। ਸਾਡੇ ਜਜ਼ਬਾਤ ਉਹੀ ਪਹਿਲਾਂ ਵਾਲੇ ਈ ਨੇ। ਅਸੀਂ ਅਜੇ ਵੀ ਉਮੀਦ ਤੇ ਭਰੋਸੇ ਵਿੱਚ ਹਾਂ। ਸਾਡੀ ਉਮੀਦ ਆਲੇ ਦੁਆਲੇ ਵੱਸਦੀ ਖਲਕਤ ਤੋਂ ਵੱਖਰੀ ਨਹੀਂ। ਕਦੇ ਕਦਾਈਂ ਬਹੁਤੀਆਂ ਨਿਰਾਸ਼ ਹੋਈਏ ਤਾਂ ਬਰਲਿਨ ਵਾਲੀ ਚੌੜੀ ਕੰਧ ਦੇ ਡਿੱਗਣ ਵਾਲਾ ਦ੍ਰਿਸ਼ ਸਾਡੀਆਂ ਅੱਖਾਂ ਮੂਹਰੇ ਆਣ ਖੜ੍ਹਦਾ। ਉਹ ਦ੍ਰਿਸ਼ ਸਾਨੂੰ ਢਹਿੰਦੀ ਕਲਾ ਵੱਲ ਨਹੀਂ ਜਾਣ ਦਿੰਦਾ ਤੇ ਉਮੀਦ ਨੂੰ ਹੋਰ ਪੱਕੀ ਕਰ ਦਿੰਦਾ। ਅਣਹੋਣੀਆਂ ਨੂੰ ਹੋਣੀ ’ਚ ਬਦਲਣ ਦਾ ਸਬੂਤ ਹੈ ਭਰਾਵਾਂ ਨੂੰ ਭਰਾਵਾਂ ਤੋਂ ਵੱਖ ਕਰਦੀ ਕੰਧ ਦਾ ਢਹਿ ਜਾਣਾ। ਅਸੀਂ ਤਾਂ ਮਾਮੂਲੀ ਜਿਹੀਆਂ ਬੁਰਜੀਆਂ ਹਾਂ। ਉਹ ਵੀ ਵਿਰਲੀਆਂ ਜਿਹੀਆਂ। ਭਰਾਵਾਂ ਨੂੰ ਵੰਡ ਕੇ ਬਣਾਏ ਦੇਸ਼ਾਂ ਦੇ ਨਾਂ (IND-PAK) ਅੰਕਤ ਕੀਤੇ ਹੋਏ ਨੇ ਸਾਡੇ ਚੜ੍ਹਦੇ ਲਹਿੰਦੇ ਪਾਸਿਆਂ ਉੱਤੇ।

ਸਾਡੇ ਸਵਾਲ ਕੁਨੈਨ ਵਰਗੇ ਕੌੜੇ ਜ਼ਰੂਰ ਨੇ, ਪਰ ਹੈਨ ਸੱਚੋ ਸੱਚ। ਇਹ ਸਵਾਲ ਅਕਸਰ ਤੁਹਾਡੇ ਮਨਾਂ ’ਚ ਵੀ ਉੱਠਦੇ ਰਹਿੰਦੇ ਹੋਣਗੇ। ਹਾਂ, ਲੋਟੂ ਚੌਧਰੀ ਜ਼ਰੂਰ ਅੱਖਾਂ ਮੀਟ ਲੈਂਦੇ ਹੋਣਗੇ, ਸਾਡੇ ਸਵਾਲਾਂ ਵਰਗੀਆਂ ਗੱਲਾਂ ਸੁਣ ਕੇ। ਸਾਡੇ ਪੱਥਰ ਹੋਏ ਮਨਾਂ ਨੂੰ ਕੋਮਲ ਮਨਾਂ ਤੋਂ ਵੱਧ ਦਰਦ ਮਹਿਸੂਸ ਹੁੰਦੈ। ਤਾਂ ਹੀ ਤਾਂ ਸਾਡੇ ਅੱਥਰੂਆਂ ਦਾ ਵਹਿਣ ਰੁਕਦਾ ਨਹੀਂ।

ਦੱਸਿਓ ਖਾਂ, ਤੁਹਾਡੇ ’ਚੋਂ ਕਿਸਦਾ ਧਰਮ ਵੰਡੀਆਂ ਪਾਉਣਾ ਸਿਖਾਉਂਦਾ? ਕਿਹੜੇ ਧਰਮ ਗ੍ਰੰਥ ’ਚ ਇਨਸਾਨਾਂ ਨੂੰ ਨਫ਼ਰਤ ਕਰਨ ਦੀ ਸਿੱਖਿਆ ਦਿੱਤੀ ਹੋਈ ਐ? ਜਾਲਮਾਂ ਦੇ ਨਾਸ਼ ਤੇ ਮਜ਼ਲੂਮਾਂ ਦੀ ਰੱਖਿਆ ਵਾਸਤੇ ਤਾਂ ਡੁੱਲ੍ਹਦੇ ਖੂਨ ਦੀ ਗਵਾਹੀ ਇਤਿਹਾਸ ਭਰਦਾ, ਪਰ ਦੰਗਿਆਂ ’ਚੋਂ ਕੁਰਸੀਆਂ ਭਾਲਣ ਵਾਲਿਆਂ ਨੂੰ ਤਾਂ ਸਭ ਨੇ ਲਾਹਨਤਾਂ ਪੈਂਦੀਆਂ ਸੁਣੀਆਂ ਨੇ। ਉਂਜ ਵੀ, ਇਹੋ ਜਿਹੀਆਂ ਚੌਧਰਾਂ ਕਿੰਨੀ ਕੁ ਦੇਰ ਸਲਾਮਾਂ ਕਰਵਾ ਸਕਦੀਆਂ ? ਮੰਨਦੇ ਆਂ, ਇੱਕੋ ਮਾਂ-ਜੰਮੇ ਭਰਾਵਾਂ ’ਚ ਵੀ ਖਟਪਟ ਹੋ ਜਾਂਦੀ ਆ, ਪਰ ਕਿਸੇ ਗ਼ਲਤ ਥੋੜ੍ਹਾ ਕਿਹਾ ਕਿ ਟੁੱਟੀਆਂ ਬਾਹਵਾਂ ਗਲਾਂ ’ਚ ਹੀ ਪੈਂਦੀਆਂ। ਭਰਾ-ਭਰਾਵਾਂ ਦੀ ਬਾਂਹ ਬਣਦੇ ਨੇ, ਬਾਂਹਵਾਂ ਵੱਢਦੇ ਨਹੀਂ। ਸਾਨੂੰ ਪਤਾ, ਭਰਾਵਾਂ ਦੇ ਖੂਨ ਵਿੱਚ ਹੁਣ ਵੀ ਉਹੀ ਖਿੱਚ ਹੈ। ਵਿਛੋੜੇ ਤੋਂ ਬਾਅਦ ਤੀਜੀ-ਚੌਥੀ ਪੀੜ੍ਹੀ ਤੱਕ ਪੁੱਜ ਕੇ ਵੀ ਖੂਨ ਚਿੱਟੇ ਨਹੀਂ ਹੋਏ। ਵੰਡੀਆਂ ਪਾਏ ਜਾਣ ਤੋਂ ਪਹਿਲਾਂ ਵਾਲੀ ਤੜਫ਼ ਬਰਕਰਾਰ ਹੈ। ਲੀਡਰਾਂ ਵੱਲੋਂ ਦੋ ਫਿਰਕਿਆਂ ਵਿੱਚ ਗੱਡੇ ਸੇਹ ਦੇ ਤੱਕਲੇ ਤਾਂ ਅਵਾਮ ਦੇ ਪਲ ਪਲ ਪੰਘਰਦੇ ਜਜ਼ਬਾਤਾਂ ਨੇ ਕਦੋਂ ਦੇ ਖੁੰਢੇ ਕਰ ਦਿੱਤੇ ਹੋਏ ਨੇ। ਫਿਰ ਕਿਉਂ ਨਹੀਂ ਸਾਨੂੰ ਪੁੱਟ ਕੇ ਪਾਸੇ ਕਰ ਦਿੰਦੇ ? ਪੌਣੀ ਸਦੀ ਬਾਅਦ ਵੀ ਪੈਂਦੀਆਂ ਗੱਲਵੱਕੜੀਆਂ ’ਚੋਂ ਅਵਾਮ ਦੇ ਦਰਦ ਦੀ ਥਾਹ ਲੀਡਰਾਂ ਨੂੰ ਕਿਉਂ ਨਹੀਂ ਪੈਂਦੀ?

ਪਹਿਲਾਂ ਤਾਂ ਲੋਕ ਆਪਣੀਆਂ ਛੱਡੀਆਂ ਜ਼ਮੀਨਾਂ ਨੂੰ ਸਾਡੇ ਆਰ ਪਾਰ ਬੈਠ ਕੇ ਨਿਹਾਰ ਲੈਂਦੇ ਸੀ, ਪਰ 30-35 ਸਾਲ ਹੋਗੇ, ਐਹ ਕੰਡਿਆਲੀ ਤਾਰ ਨੇ ਲੋਕ ਸਾਡੇ ਕੋਲ ਆਉਣੇ ਬੰਦ ਕਰ ਦਿੱਤੇ। ਹੁਣ ਤਾਂ ਸਾਨੂੰ ਮੁਰਝਾਏ ਚਿਹਰਿਆਂ ਵਾਲੇ ਈ ਦਿਖਦੇ ਨੇ। ਜਿਨ੍ਹਾਂ ਨੂੰ ਆਪਣੇ ਖੇਤ ਬੀਜਣ ਲਈ ਵੀ ਬੰਦੂਕਾਂ ਵਾਲਿਆਂ ਦੇ ਹਾੜ੍ਹੇ ਕੱਢਣੇ ਪੈਂਦੇ ਨੇ। ਖੇਤ ਮਾਲਕਾਂ ਨੂੰ ਆਪਣੀ ਹੀ ਫ਼ਸਲ ’ਚ ਗੇੜਾ ਮਾਰਨ ਲਈ ਵਰਦੀ ਧਾਰੀਆਂ ਮੂਹਰੇ ਤਰਲੇ ਕਰਦਿਆਂ ਵੇਖ ਸਾਡੇ ਮਨਾਂ ’ਚ ਹੌਲ ਪੈਣ ਲੱਗਦਾ। ਕਦੇ ਕਦੇ ਅਸੀਂ ਐਹ ਖੇਤਾਂ ਨਾਲ ਈ ਦਰਦ ਸਾਂਝੇ ਕਰ ਲੈਂਨੀਆਂ। ਇਹ ਦੱਸਦੇ ਹੁੰਦੇ ਨੇ ਕਿ ਕਦੇ ਚੜ੍ਹਦੇ ਪਾਸੇ ਹੱਲ ਵਾਹੁੰਦੇ ਲੰਬੜਦਾਰ ਲਾਭ ਸਿੰਘ ਦੇ ਬੱਲਦਾਂ ਦੀਆਂ ਟੱਲੀਆਂ ਟਣ ਟਣ ਕਰਦੀਆਂ ਹੁੰਦੀਆਂ ਸਨ ਤੇ ਲਹਿੰਦੇ ਪਾਸੇ ਬੰਤਾ ਸਿਉਂ ਜੋਤਦਾ ਹੁੰਦਾ ਸੀ। ਪਰ ਸੰਤਾਲੀ ਦੀ ਲਕੀਰ ਨੇ ਬੰਤਾ ਸਿਉਂ ਦੀ ਥਾਂ ਉਹੀ ਖੇਤ ਬਸ਼ੀਰ ਅਹਿਮਦ ਦੇ ਖਾਤੇ ਪਾ ਦਿੱਤੇ। ਬੰਤਾ ਸਿਉਂ ਤਾਂ ਫਿਰ ਵੀ ਚੰਗਾ ਰਿਹਾ, ਸੁੱਖ ਸਾਂਦ ਨਾਲ ਲਕੀਰ ਟੱਪ ਗਿਆ, ਪਰ ਬਸ਼ੀਰ ਕਈ ਵਾਰ ਸਾਡੇ ਕੋਲ ਬੈਠ ਉਜਾੜੇ ਦਾ ਦਰਦ ਰੋਂਦਾ ਹੁੰਦਾ। ਉਸ ਦੇ ਵਡੇਰੇ ਫਗਵਾੜੇ ਲਾਗਓਂ ਪੰਡਵੇ ਤੋਂ ਉੱਜੜੇ ਸੀ। ਵਿਚਾਰੇ ਦੇ ਅੱਧੇ ਜੀਅ ਰਾਹ ’ਚ ਕੱਟੇ ਵੱਢੇ ਗਏ। ਸਾਡੀ ਤਾਂ ਲੋੜ ਹੀ ਲਕੀਰ ਖਿੱਚਣ ਤੋਂ ਬਾਅਦ ਪਈ, ਪਰ ਸੁਣੀਦੈ ਕਿ ਲਕੀਰ ਦੇ ਆਰ ਪਾਰ ਡੁੱਲ੍ਹੇ ਖੂਨ ਨਾਲ ਧਰਤੀ ਲਾਲ ਹੋ ਗਈ ਸੀ। ਇਹ ਖੂਨ ਡੋਲ੍ਹਣ ਦਾ ਮੁੱਢ ਉਸ ਨਫ਼ਰਤ ’ਚੋਂ ਉਪਜਿਆ ਸੀ, ਜੋ ਆਰ-ਪਾਰ ਦੇ ਆਗੂਆਂ ਨੇ ਭਾਸ਼ਣਾਂ ਰਾਹੀਂ ਵੰਡੀ ਸੀ। ਪਰ ਯਾਦ ਕਰਿਓ, ਤੁਹਾਡੇ ’ਚੋਂ ਕਿੰਨਿਆਂ ਨੂੰ ਵੰਡ ਮੂਹਰੇ ਡੱਕੇ ਲਾਉਣ ਵਾਲਿਆਂ ਦੇ ਨਾਂ ਯਾਦ ਨੇ। ਕਿਸ ਕਿਸ ਨੂੰ ਚੇਤਾ ਅਣਵੰਡੇ ਪੰਜਾਬ ਦੇ ਪ੍ਰਮੁੱਖ ਆਗੂ ਸਰ ਖਿਜ਼ਰ ਹਿਆਤ ਟਿਵਾਣਾ ਦਾ, ਜਿਸ ਨੇ ਪੰਜਾਬ ਦੀ ਵੰਡ ਦਾ ਡਟ ਕੇ ਵਿਰੋਧ ਕਰਦਿਆਂ ਗੱਦਾਰ ਦਾ ਠੱਪਾ ਲਗਵਾ ਲਿਆ ਸੀ। ਵੰਡ ਦੇ ਦਰਦ ਨਾਲ ਵਿੰਨ੍ਹਿਆ ਉਸ ਦਾ ਮਨ, ਵੰਡੇ ਪੰਜਾਬ ’ਚ ਰਹਿਣ ਲਈ ਨਹੀਂ ਸੀ ਮੰਨਿਆ ਤੇ ਉਹ ਜਨਮ ਭੋਇੰ ਛੱਡ ਕੇ ਅਮਰੀਕਾ ਚਲੇ ਗਿਆ ਸੀ। ਅਜੋਕੀ ਪੀੜ੍ਹੀ ਨੂੰ ਉਸ ਦੀ ਸੋਚ ਤੋਂ ਜਾਣੂ ਕਰਾਉਣਾ ਕੀਹਦਾ ਫਰਜ਼ ਹੈ ? ਪਰ ਉਸ ਦੇ ਨਾਂ ਦਾ ਜ਼ਿਕਰ ਕਿਸੇ ਸਕੂਲੀ ਕਿਤਾਬ ਵਿੱਚ ਨਹੀਂ।

ਕੰਡਿਆਲੀ ਤਾਰ ਦੀ ਗੱਲ ਛਿੜ ਗਈ ਆ ਤਾਂ ਤੁਹਾਥੋਂ ਇਹ ਸਵਾਲ ਪੁੱਛਣਾ ਬਣਦਾ ਕਿ ਕੀ ਉਹ ਮਕਸਦ ਪੂਰਾ ਹੋ ਗਿਆ, ਜਿਸ ਲਈ ਐਨਾ ਲੋਹਾਂ ਥੱਪਿਆ ਗਿਆ। ਬੇਸ਼ੱਕ ਤੁਹਾਡਾ ਸਿਰ ਹਾਂ ’ਚ ਹਿੱਲੂ, ਪਰ ਅਸੀਂ ਆਪਣੀਆਂ ਅੱਖਾਂ ਨੂੰ ਧੋਖਾ ਨਹੀਂ ਦੇ ਸਕਦੀਆਂ। ਮੌਕੇ ਦੀਆਂ ਗਵਾਹ ਹਾਂ। ਹਿੱਕ ਠੋਕ ਕੇ ਕਹਿੰਦੀਆਂ ਹਾਂ, ਬਹੁਤਾ ਫ਼ਰਕ ਨਹੀਂ ਪਿਆ। ਜੇ ਪਿਆ ਹੁੰਦਾ ਤਾਂ ਐਹ ਚੌਥੇ ਦਿਨ ਹੈਰੋਇਨਾਂ ਦੇ ਪੈਕਟਾਂ ਦੀਆਂ ਫੋਟੋਆਂ ਤੁਹਾਡੇ ਅਖ਼ਬਾਰਾਂ ’ਚ ਨਾ ਛਪਦੀਆਂ ਹੁੰਦੀਆਂ। ਪਹਿਲਾਂ ਮਣਾਂ ਮੂੰਹੀ ਸੋਨਾ ਚੜ੍ਹਦੇ ਪਾਸੇ ਜਾਂਦਾ ਹੁੰਦਾ ਸੀ। ਪੀਪਿਆਂ ਦੇ ਪੀਪੇ ਅਫੀਮ ਲੰਘਦੀ ਸੀ। ਅਫੀਮ ਕਿਸੇ ਦੀ ਜਾਨ ਨਹੀਂ ਸੀ ਲੈਂਦੀ, ਪਰ ਹੁਣ ਤਾਂ ਸੁਣੀਦੈ ਹੈਰੋਇਨ ਜਵਾਨੀ ਦਾ ਘਾਣ ਕਰੀ ਜਾ ਰਹੀ ਆ। ਸਾਨੂੰ ਤਾਂ ਪਤਾ ਲੱਗਾ ਹੈਰੋਇਨ ਦਾ ਬਦਲ ਜਿਸ ਨੂੰ ਤੁਸੀਂ ਚਿੱਟਾ ਕਹਿੰਦੇ ਓ, ਬਥੇਰੀਆਂ ਫੈਕਟਰੀਆਂ ਬਣਾਉਣ ਲੱਗ ਪਈਆਂ।

ਭਾਰਤੀਆਂ ਲਈ ਬਿਨਾਂ ਵੀਜ਼ਾ ਬਾਬੇ ਨਾਨਕ ਵੱਲੋਂ ਕਿਰਤ ਦਾ ਸੰਦੇਸ਼ ਦੇਣ ਵਾਲੀ ਭੋਇੰ (ਕਰਤਾਰਪੁਰ ਸਾਹਿਬ) ਵੇਖਣ ਦਾ ਰਸਤਾ ਖੁੱਲ੍ਹ ਗਿਆ। ਅਸੀਂ ਵੇਖਿਆ ਪਿਛਲੇ ਚਾਰ ਸਾਲਾਂ ’ਚ ਹਜ਼ਾਰਾਂ ਲੋਕ ਉਸ ਲਾਂਘੇ ਰਾਹੀਂ ਆਪਣਿਆਂ ਨੂੰ ਗੱਲਵੱਕੜੀਆਂ ਪਾ ਆਏ ਨੇ। ਅਣਗਿਣਤ ਲੋਕ ਜੰਮਣ ਭੋਇੰ ਨੂੰ ਇੱਕ ਵਾਰ ਫੇਰ ਤੱਕਣ ਦੀ ਰੀਝ ਸਮੇਤ ਦੁਨੀਆ ਨੂੰ ਅਲਵਿਦਾ ਕਹਿ ਗਏ। ਬਚਪਨ ਦੇ ਯਾਰਾਂ-ਬੇਲੀਆਂ ਨੂੰ ਗੱਲਵਕੜੀ ’ਚ ਲੈਣ ਦੇ ਸੁਪਨੇ ਵੇਖਦੇ ਤੁਰ ਗਏ। ਪਰ ਸਰਕਾਰਾਂ ਦੇ ਮਨ ਨਹੀਂ ਪੰਘਰੇ। ਕਰਤਾਰਪੁਰ ਲਾਂਘੇ ਦੇ ਪਾਂਧੀ ਘੰਟਿਆਂ ਬਾਅਦ ਮੁਹੱਬਤ ਵਿਚ ਗੜੁੱਚ ਹੋ ਕੇ ਮੁੜਦੇ ਨੇ। ਉਹ ਬਾਬੇ ਨਾਨਕ ਮੂਹਰੇ ਉੱਥੇ ਵੀ ਉਹੀ ਅਰਜ਼ੋਈ ਕਰਕੇ ਆਉਂਦੇ ਨੇ ਜੋ 76 ਸਾਲਾਂ ਤੋਂ ਭਾਰਤ ਦੇ ਗੁਰਦੁਆਰਿਆਂ ’ਚ ਹੁੰਦੀ ਅਰਦਾਸ ਮੌਕੇ ਕੀਤੀ ਜਾਂਦੀ ਹੈ। ਗੁਰਧਾਮਾਂ ਦੀ ਸੇਵਾ ਸੰਭਾਲ ਵਿੱਚ ਵਿੱਛੜੇ ਭਰਾਵਾਂ ਦੇ ਮਿਲਾਪ ਦੀ ਭਾਵਨਾ ਵੀ ਲੁਕੀ ਹੁੰਦੀ ਆ, ਪਰ ਉਸ ਨੂੰ ਜ਼ੁਬਾਨ ’ਤੇ ਲਿਆਉਣਾ ਗੱਦਾਰੀ ਦਾ ਠੱਪਾ ਬਣ ਜਾਂਦਾ। ਉਂਜ ਤਾਂ ਕਿਹਾ ਜਾਂਦਾ ਲੋਕਤੰਤਰ ਲੋਕਾਂ ਰਾਹੀਂ, ਲੋਕਾਂ ਦਾ ਤੇ ਲੋਕਾਂ ਲਈ ਹੁੰਦਾ, ਪਰ ਐਥੇ ਤਾਂ ਲੱਗਦਾ ਲੋਕਤੰਤਰ ਨੀਂਦ ਮਾਣ ਰਿਹਾ। ਉਸ ਨੂੰ ਲੋਕਾਂ ਦੇ ਜਜ਼ਬਾਤਾਂ ਨਾਲ ਕੋਈ ਵਾਸਤਾ ਹੀ ਨਹੀਂ।

ਅਸੀਂ ਤੇ ਵੰਡ ਤੋਂ ਬਾਅਦ ਭਰਾਵਾਂ ਹੱਥੋਂ ਭਰਾ ਮਰਦੇ ਵੀ ਵੇਖ ਲਏ। ਗੋਲੇ ਵਰ੍ਹਾਉਂਦੇ ਟੈਂਕ ਸਾਨੂੰ ਲਿਤਾੜਦੇ ਹੋਏ ਆਰ ਪਾਰ ਲੰਘਦੇ ਰਹੇ। ਆਪਸ ’ਚ ਲੜ ਮਰਨ ਵਾਲਿਆਂ ਨੂੰ ਸਰਕਾਰਾਂ ਸ਼ਹੀਦ ਕਹਿ ਕੇ ਵਡਿਆਉਂਦੀਆਂ। ਉਨ੍ਹਾਂ ਦੀਆਂ ਲਾਸ਼ਾਂ ਰੰਗ ਬਰੰਗੇ ਝੰਡਿਆਂ ’ਚ ਲਪੇਟੀਆਂ ਜਾਂਦੀਆਂ। ਉਨ੍ਹਾਂ ਦੇ ਪਰਿਵਾਰਾਂ ਨੂੰ ਹੌਸਲੇ ਦਿੱਤੇ ਜਾਂਦੇ ਨੇ। ਵੱਡੀਆਂ ਵੱਡੀਆਂ ਰਕਮਾਂ ਦੇ ਚੈੱਕ ਦਿੱਤੇ ਜਾਂਦੇ ਨੇ। ਉਹ ਚੈੱਕ ਵੰਡੇ ਤਾਂ ਉਸੇ ਖਜ਼ਾਨੇ ’ਚੋਂ ਜਾਂਦੇ ਨੇ, ਜਿਸ ਨੂੰ ਲੋਕਾਂ ਦੇ ਟੈਕਸਾਂ ਨਾਲ ਭਰਿਆ ਜਾਂਦਾ। ਬਾਅਦ ’ਚ ਕੋਈ ਉਨ੍ਹਾਂ ਸ਼ਹੀਦਾਂ ਦੇ ਘਰੀਂ ਜਾ ਕੇ ਪੁੱਛਦਾ ਕਿ ਸ਼ਹੀਦ ਦੇ ਬਾਲ ਬੱਚੇ ਕਿਸੇ ਹਾਲ ’ਚ ਹਨ ? ਉਨ੍ਹਾਂ ਨੂੰ ਪਾਲ ਪੋਸ ਕੌਣ ਰਿਹਾ, ਉਸ ਨੂੰ ਜਨਮ ਦੇਣ ਵਾਲੀ ਮਾਂ ਤੇ ਪਸੀਨਾ ਵਹਾ ਕੇ ਪਾਲਣ ਵਾਲੇ ਬਾਪੂ ਦੇ ਬੁਢਾਪੇ ਦੀ ਡੰਗੋਰੀ ਕੌਣ ਫੜ ਰਿਹਾ?

ਸਾਨੂੰ ਉਨ੍ਹਾਂ ਲੋਕਾਂ ਨਾਲ ਵੀ ਗਿਲਾ ਹੈ, ਜੋ ਸਜ ਧਜ ਕੇ ਸ਼ਾਮ ਵੇਲੇ ਵਾਹਗੇ ਵਾਲਾ ਗੇਟ ਬੰਦ ਹੁੰਦਾ ਵੇਖਣ ਆਉਂਦੇ ਨੇ। ਉਨ੍ਹਾਂ ਲਈ ਤਾਂ ਇਹ ਮਨਪ੍ਰਚਾਵਾ ਹੈ। ਦੋਹੇਂ ਪਾਸਿਆਂ ਤੋਂ ਉੱਚੀ ਉੱਚੀ ਜ਼ਿੰਦਾਬਾਦ ਦੇ ਨਾਅਰੇ ਲਾਏ ਤੇ ਘਰਾਂ ਨੂੰ ਮੁੜ ਗਏ, ਪਰ ਉਹ ਲੋਕ ਕਿਉਂ ਨਹੀਂ ਸੋਚਦੇ ਕਿ ਇਹ ਗੇਟ ਹਟਾ ਹੀ ਕਿਉਂ ਨਹੀਂ ਦਿੱਤੇ ਜਾਂਦੇ। ਫਿਰ ਵੇਖਿਓ, ਦੋਹਾਂ ਪਾਸਿਆਂ ਦੇ ਭੈਣ-ਭਰਾਵਾਂ ਦੀਆਂ ਜੱਫੀਆਂ ਦੀ ਕੱਸ ਢਿੱਲੀ ਹੋਣ ਦਾ ਨਾਂ ਨਹੀਂ ਲਊ?

ਹੋਰ ਦੇਸ਼ਾਂ ’ਚ ਵੱਸੇ ਆਰ ਪਾਰ ਦੇ ਲੋਕਾਂ ਦੀਆਂ ਗੱਲਾਂ ਵੀ ਸਾਡੇ ਕੰਨੀ ਪੈਂਦੀਆਂ ਰਹਿੰਦੀਆਂ। ਉੱਥੇ ਉਨ੍ਹਾਂ ’ਚ ਕੋਈ ਮਤਭੇਦ ਨਹੀਂ। ਸਕਿਆਂ ਵਾਂਗ ਰਹਿੰਦੇ ਤੇ ਆਪਣਿਆਂ ਵਾਂਗ ਵਰਤਾਰਾ ਹੈ। ਅਜੇ ਪਰਸੋਂ ਈ ਲਾਇਲਪੁਰੀਆਂ ਦਾ ਅਮਰੀਕਾ ਰਹਿੰਦਾ ਪੋਤਰਾ ਆਪਣੇ ਬੱਚਿਆਂ ਨੂੰ ਦਾਦੇ ਪੜਦਾਦੇ ਦਾ ਪਿੰਡ ਵਿਖਾਉਣ ਲੈ ਕੇ ਗਿਆ ਸੀ। ਗੇਟ ਲੰਘਦੇ ਸਾਰ ਸਾਰਿਆਂ ਨੂੰ ਲਹਿੰਦੇ ਪਾਸੇ ਵਾਲੀ ਮਿੱਟੀ ਨੂੰ ਮੱਥਾ ਟੇਕਦੇ ਵੇਖ ਸਾਡਾ ਮਨ ਵਲੂੰਧਰਿਆ ਗਿਆ। ਉਨ੍ਹਾਂ ’ਚੋਂ ਵਡੇਰਿਆਂ ਦੀ ਵਸਾਈ ਬਾਰ ਅਤੇ ਉਹ ਜ਼ਰਖੇਜ਼ ਜ਼ਮੀਨਾਂ ਵੇਖਣ ਦੀ ਲਾਲਸਾ ਡੱਲਕਾਂ ਮਾਰ ਰਹੀ ਸੀ। ਲੁਧਿਆਣੇ ਤੋਂ ਉੱਜੜ ਕੇ ਲਾਹੌਰ ਤੱਕ ਪੁੱਜਦਿਆਂ ਅੱਧਾ ਪਰਿਵਾਰ ਗਵਾਉਣ ਵਾਲਿਆਂ ਦਾ ਚਿਰਾਗ ਇਲਿਆਸ ਖੁਰਮ ਆਪਣੇ ਬੱਚਿਆਂ ਨੂੰ ਲੁਧਿਆਣੇ ਦਾ ਉਹ ਚੌੜਾ ਬਾਜ਼ਾਰ ਵਿਖਾਉਣ ਗਿਆ। ਕਹਿ ਤਾਂ ਅਸੀਂ ਹਜ਼ਾਰਾਂ ਦਿੰਨੇ ਆਂ, ਪਰ ਲੱਗਦਾ ਲੱਖਾਂ ਨੇ ਜਿਨ੍ਹਾਂ ਦੇ ਪਰਿਵਾਰ ਵੰਡੇ ਗਏ ਸੀ। ਅੱਧੇ ਪਚੱਧੇ ਜਾਨਾਂ ਬਚਾਉਣ ਖਾਤਰ ਖਿੱਚੀ ਲਕੀਰ ਟੱਪ ਗਏ। ਕਈਆਂ ਨੂੰ ਹਮਸਾਇਆਂ ਨੂੰ ਜੰਮਣ ਭੋਇੰ ਛੱਡ ਕੇ ਨਾ ਜਾਣ ਦੇ ਵਾਸਤੇ ਪਾ ਕੇ ਰਹਿਣ ਲਈ ਮਨਾ ਲਿਆ। ਇਨ੍ਹਾਂ ਵਿੱਛੜਿਆਂ ’ਚੋਂ ਕਈ ਤਾਂ ਆਪਣਿਆਂ ਨੂੰ ਮਿਲਣ ਦੀ ਉਡੀਕ ਵਿੱਚ ਅੱਲਾ ਨੂੰ ਪਿਆਰੇ ਹੋ ਗਏ। 85-90 ਨੂੰ ਢੁੱਕੇ ਕਈਆਂ ਦੇ ਵੀਜ਼ੇ ਹੁਣ ਲੱਗ ਰਹੇ ਨੇ। ਪਿਛਲੇ ਮਹੀਨੇ ਆਏ ਹੜ੍ਹਾਂ ਮੌਕੇ ਸਾਰੀ ਦੁਨੀਆ ਨੇ ਵੇਖਿਆ, ਚੜ੍ਹਦਿਓਂ ਆਉਂਦੇ ਸਤਲੁੱਜ ਦੇ ਪਾਣੀ ਨੂੰ ਲਹਿੰਦੇ ਵਾਲਿਆਂ ਸਿਰ ਮੱਥੇ ਲਾਇਆ। ਹੁਣ ਤਾਂ ਕੁਦਰਤ ਵੀ ਭਰਾ-ਭਰਾ ਦੇ ਵਖਰੇਵੇਂ ਦਾ ਪਛਤਾਵਾ ਕਰਨ ਲੱਗ ਪਈ ਹੈ। ਕੀ ਮਨੁੱਖਾਂ ਨੂੰ ਪੰਛੀਆਂ ਵਰਗੀ ਆਜ਼ਾਦੀ ਨਹੀਂ ਚਾਹੀਦੀ?

ਖੂਨ ਦੀਆਂ ਇਹ ਹੋਲੀਆਂ ਕਾਹਦੇ ਲਈ ਖੇਡੀਆਂ ਗਈਆਂ। ਸਾਨੂੰ ਪਤਾ, ਸਾਡੇ ਆਰ ਪਾਰ ਵੱਸਦੇ ਲੋਕਾਂ ਨੂੰ ਪੌਣੀ ਸਦੀ ਪਹਿਲਾਂ ਵਾਲੀ ਖੂਨੀ ਖੇਡ ਦੀ ਸਮਝ ਆ ਚੁੱਕੀ ਹੈ। ਉਹ ਉਸ ਦਿਨ ਦੀ ਉਡੀਕ ਵਿੱਚ ਨੇ, ਜਦ ਬਰਲਿਨ ਵਾਲੀ ਦੀਵਾਰ ਵਾਂਗ ਸਾਡਾ ਵਜੂਦ ਖਤਮ ਕੀਤਾ ਜਾਊ। ਅਸੀਂ ਖੁਦ ਆਪਣੀ ਹੋਂਦ ਮਿਟਾਉਣ ਵਾਲੇ ਦਿਨ ਦੀ ਉਡੀਕ ਵਿੱਚ ਹਾਂ। ਵਾਹਿਗੁਰੂ, ਅੱਲ੍ਹਾ, ਰਾਮ, ਯਿਸੂ, ਬੁੱਧ ਜ਼ਰੂਰ ਸਾਡੀ ਫਰਿਆਦ ਸੁਣਨਗੇ।

ਸੰਪਰਕ: +16044427676



News Source link

- Advertisement -

More articles

- Advertisement -

Latest article