33.5 C
Patiāla
Friday, May 3, 2024

ਚੰਡੀਗੜ੍ਹ ਪੁਲੀਸ ਦੇ ਐੱਸਆਈ ਨੇ ਕਾਰੋਬਾਰੀ ਤੋਂ ਇੱਕ ਕਰੋੜ ਰੁਪਏ ਲੁੱਟੇ

Must read


ਆਤਿਸ਼ ਗੁਪਤਾ

ਚੰਡੀਗੜ੍ਹ, 6 ਅਗਸਤ

ਚੰਡੀਗੜ੍ਹ ਪੁਲੀਸ ਵੱਲੋਂ ਆਪਣੇ ਹੀ ਵਿਭਾਗ ਦੇ ੲਿੱਕ ਸਬ ਇੰਸਪੈਕਟਰ (ਐੱਸਆਈ) ਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਬਠਿੰਡਾ ਦੇ ਇੱਕ ਕਾਰੋਬਾਰੀ ਨੂੰ ਡਰਾ-ਧਮਕਾ ਕੇ ਉਸ ਕੋਲੋਂ ਇੱਕ ਕਰੋੜ ਰੁਪਏ ਲੁੱਟਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਐੱਸਆਈ ਨਵੀਨ ਫੋਗਾਟ, ਸਰਵੇਸ਼ ਵਾਸੀ ਬਠਿੰਡਾ, ਜਤਿੰਦਰ ਤੇ ਅੰਕਿਤ ਗਿੱਲ ਵਾਸੀ ਮੁਹਾਲੀ ਵਜੋਂ ਹੋਈ ਹੈ। ਐੱਸਆਈ ਨਵੀਨ ਫੋਗਾਟ ਚੰਡੀਗੜ੍ਹ ਦੇ ਥਾਣਾ ਸੈਕਟਰ-39 ਵਿੱਚ ਬਤੌਰ ਵਧੀਕ ਐੱਸਐੱਚਓ ਤਾਇਨਾਤ ਹੈ। ਐੱਸਐੱਸਪੀ ਕੰਵਰਦੀਪ ਕੌਰ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਨੇ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਲੁੱਟ ਦੇ 75 ਲੱਖ ਰੁਪਏ ਵੀ ਬਰਾਮਦ ਕੀਤੇ ਹਨ, ਪਰ ਸਾਰੇ ਮੁਲਜ਼ਮ ਹਾਲੇ ਪੁਲੀਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ, ਜਿਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਦੱਸਿਆ ਕਿ ਇਹ ਕੇਸ ਬਠਿੰਡਾ ਦੇ ਕਾਰੋਬਾਰੀ ਸੰਜੈ ਗੋਇਲ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਿਸੇ ਨੇ ਫੋਨ ’ਤੇ ਉਸ ਕੋਲੋਂ 2000 ਦੇ ਨੋਟਾਂ ਬਦਲੇ 500 ਦੇ ਨੋਟ ਮੰਗੇ ਸਨ, ਜਿਸ ਮਗਰੋਂ ਉਹ 500-500 ਰੁਪਏ ਦੇ ਨੋਟਾਂ ਵਿੱਚ ਇੱਕ ਕਰੋੜ ਰੁਪਏ ਲੈ ਕੇ ਏਅਰੋ ਸਿਟੀ ਮੁਹਾਲੀ ਪਹੁੰਚਿਆ। ਇਥੋਂ ਸਰਵੇਸ਼ ਉਸ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ-40 ਪਹੁੰਚਿਆ, ਜਿਥੇ ਐੱਸਆਈ ਨਵੀਨ ਤੇ ਤਿੰਨ ਹੋਰ ਵਿਅਕਤੀ ਮੌਜੂਦ ਸਨ। ਮੁਲਜ਼ਮਾਂ ਨੇ ਉਸ ਨੂੰ ਜਾਨ ਤੋਂ ਮਾਰਨ ਅਤੇ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦਿੰਦੇ ਹੋਏ ਸਾਰੀ ਰਕਮ ਸੈਕਟਰ-39 ਦੀ ਸਬਜ਼ੀ ਮੰਡੀ ਕੋਲ ਛੱਡ ਕੇ ਜਾਣ ਲਈ ਕਿਹਾ। ਸ਼ਿਕਾਇਤਕਰਤਾ ਡਰ ਕਾਰਨ ਸਾਰੇ ਪੈਸੇ ਮੰਡੀ ਕੋਲ ਛੱਡ ਕੇ ਬਠਿੰਡਾ ਚਲਿਆ ਗਿਆ। ਸ਼ਿਕਾਇਤਕਰਤਾ ਜਦੋਂ ਬੀਤੇ ਦਿਨੀਂ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਸੈਕਟਰ-39 ਦੇ ਥਾਣੇ ਵੱਲ ਆ ਰਿਹਾ ਸੀ ਤਾਂ ਰਾਹ ਵਿੱਚ ਉਸ ਨੂੰ ਐੱਸਆਈ ਨਵੀਨ ਫੋਗਾਟ ਮਿਲਿਆ, ਜਿਸ ਨੇ ਉਸ ਨੂੰ 75 ਲੱਖ ਰੁਪਏ ਮੋੜ ਦਿੱਤੇ ਤੇ ਸ਼ਿਕਾਇਤਕਰਤਾ ਬਠਿੰਡਾ ਮੁੜ ਗਿਆ। ਦੂਜੇ ਪਾਸੇ ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਚੰਡੀਗੜ੍ਹ ਪੁਲੀਸ ਨੇ ਸ਼ਿਕਾਇਤਕਰਤਾ ਨੂੰ ਸੰਪਰਕ ਕਰਕੇ ਚੰਡੀਗੜ੍ਹ ਬੁਲਾਇਆ ਤੇ ਬਿਆਨ ਦਰਜ ਕਰਕੇ ਐੱਸਆਈ ਨਵੀਨ ਫੋਗਾਟ ਸਣੇ ਚਾਰ ਜਣਿਆਂ ਵਿਰੁੱਧ ਕੇਸ ਦਰਜ ਕੀਤਾ।

ਐੱਸਆਈ ਨਵੀਨ ਫੋਗਾਟ ਬਰਖਾਸਤ

ਐੱਸਐੱਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਐੱਸਆਈ ਨਵੀਨ ਫੋਗਾਟ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐੱਸਆਈ ਨਵੀਨ ਫੋਗਾਟ ਨੂੰ ਪਹਿਲਾਂ ਵੀ ਜਬਰ-ਜਨਾਹ ਦੇ ਮਾਮਲੇ ’ਚ ਬਰਖਾਸਤ ਕੀਤਾ ਗਿਆ ਸੀ, ਪਰ ਉਸ ਮਾਮਲੇ ’ਚੋਂ ਬਰੀ ਹੋਣ ਕਰਕੇ ਉਹ ਨੌਕਰੀ ’ਤੇ ਮੁੜ ਆਇਆ ਸੀ।



News Source link

- Advertisement -

More articles

- Advertisement -

Latest article