20.4 C
Patiāla
Thursday, May 2, 2024

ਕਸੂਰ ਡਰੇਨ ਦੇ ਪਾੜ ਕਾਰਨ ਕਈ ਪਿੰਡਾਂ ਨੂੰ ਪਈ ਮਾਰ

Must read


ਪੱਤਰ ਪ੍ਰੇਰਕ

ਤਰਨ ਤਾਰਨ, 24 ਜੁਲਾਈ

ਇਲਾਕੇ ਵਿੱਚੋਂ ਲੰਘਦੀ ਕਸੂਰ ਡਰੇਨ ਵਿੱਚ ਤਿੰਨ ਪਿੰਡਾਂ ’ਚ ਪਏ ਚਾਰ ਪਾੜ ਫ਼ਸਲਾਂ ਦੀ ਤਬਾਹੀ ਕਰ ਰਹੇ ਹਨ। ਇਨ੍ਹਾਂ ਪਾੜਾਂ ਨੂੰ ਪੂਰਨਾ ਪ੍ਰਸ਼ਾਸਨ ਦੇ ਵੱਸ ਤੋਂ ਬਾਹਰ ਹੁੰਦਾ ਜਾਪ ਰਿਹਾ ਹੈ। ਇਸ ਡਰੇਨ ਵਿੱਚ ਜੀਓਬਾਲਾ ਅਤੇ ਨੂਰਪੁਰ ਵਿੱਚ ਇਕ-ਇਕ ਥਾਂ ਅਤੇ ਝਾਮਕਾ ਵਿੱਚ ਦੋ ਥਾਵਾਂ ’ਤੇ ਪਾੜ ਪਏ ਹਨ। ਇਸ ਕਾਰਨ ਪਾਣੀ ਨੇ ਇਨ੍ਹਾਂ ਪਿੰਡਾਂ ਤੋਂ ਇਲਾਵਾ ਇਲਾਕੇ ਦੇ ਮਾਨੋਚਾਹਲ ਤੇ ਡਾਲੇਕੇ ਆਦਿ ਪਿੰਡਾਂ ਦੀ ਸੈਂਕੜੇ ਏਕੜ ਫ਼ਸਲਾਂ ਨੂੰ ਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਪਿੰਡਾਂ ਵਿੱਚ ਲੋਕਾਂ ਨੂੰ ਪਸ਼ੂਆਂ ਲਈ ਖੇਤਾਂ ਤੋਂ ਚਾਰਾ ਤਕ ਲਿਆਉਣਾ ਔਖਾ ਹੋ ਗਿਆ ਹੈ। ਲੋਕਾਂ ਲਈ ਆਪਣੀਆਂ ਲੋੜਾਂ ਵਾਸਤੇ ਘਰਾਂ ਤੋਂ ਬਾਹਰ ਦੁਕਾਨਾਂ ਤੱਕ ਵੀ ਨਹੀਂ ਜਾਇਆ ਜਾ ਰਿਹਾ।

ਝਾਮਕਾ ਕਲਾਂ ਅਤੇ ਇਲਾਕੇ ਦੇ ਹੋਰਨਾਂ ਪਿੰਡਾਂ ਦੇ ਕਿਸਾਨਾਂ ਪਰਗਟ ਸਿੰਘ, ਮੁਖਤਾਰ ਸਿੰਘ, ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਨੇ ਕਿਹਾ ਕਿ ਜੇ ਇਸ ਡਰੇਨ ਦੀ ਸਮੇਂ ਸਿਰ ਮੁਰੰਮਤ ਕੀਤੀ ਹੁੰਦੀ ਤਾਂ ਕਿਸਾਨਾਂ ਦੀ ਹੋ ਰਹੀ ਤਬਾਹੀ ਤੋਂ ਬਚਾਅ ਕੀਤਾ ਜਾ ਸਕਦਾ ਸੀ| ਕਿਸਾਨਾਂ ਕਿਹਾ ਕਿ ਝਾਮਕਾ ਕਲਾਂ ਦੇ ਪਾੜ ਦਾ ਕੱਲ੍ਹ ਅਧਿਕਾਰੀਆਂ ਤੋਂ ਇਲਾਵਾ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਨੇ ਵੀ ਦੌਰਾ ਕੀਤਾ ਸੀ| ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਪਾੜ ਪੂਰਨ ਲਈ 200 ਖਾਲੀ ਤੋੜਾ ਭੇਜਿਆ ਹੈ| ਲੋਕਾਂ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਆਪਣੀ ਜ਼ਿੰਮੇਵਾਰ ਤੋਂ ਭੱਜ ਰਿਹਾ ਹੈ।

ਇਸ ਸਬੰਧੀ ਵਿਧਾਇਕ ਸ੍ਰੀ ਸੋਹਲ ਨੇ ਮੰਨਿਆ ਕਿ ਕਸੂਰ ਨਾਲੇ ਦੇ ਕੰਢੇ ਟੁੱਟਣ ਕਾਰਨ ਲੋਕਾਂ ਦੇ ਘਰਾਂ ਤੇ ਖੇਤਾਂ ਵਿੱਚ ਚਾਰ-ਚਾਰ ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ ਹੈ| ਵਿਧਾਇਕ ਡਾ. ਸੋਹਲ ਨੇ ਕਿਹਾ ਕਿ ਛੇਤੀ ਹੀ ਮਿੱਟੀ ਦਾ 2000 ਤੋੜਾ ਮੰਗਵਾ ਕੇ ਪਾੜ ’ਤੇ ਬੰਨ੍ਹ ਬੰਨ੍ਹਵਾ ਦਿੱਤਾ ਜਾਵੇਗਾ|

ਇਸ ਸਬੰਧੀ ਡੀਸੀ ਬਲਦੀਪ ਕੌਰ ਅਤੇ ਐਸਡੀਐਮ ਰਜਨੀਸ਼ ਅਰੋੜਾ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਕੋਈ ਜਵਾਬ ਨਾ ਦਿੱਤਾ|

ਅਜਨਾਲਾ (ਪੱਤਰ ਪ੍ਰੇਰਕ): ਇੱਥੇ ਸੱਕੀ ਨਾਲੇ ਵਿੱਚ ਆਏ ਹੜ੍ਹ ਦੇ ਪਾਣੀ ਕਾਰਨ ਸੈਂਕੜੇ ਏਕੜ ਝੋਨਾ, ਗੰਨਾ, ਮੱਕੀ ਅਤੇ ਹਰੇ ਚਾਰੇ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਹਨ। ਇਹ ਨਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸਵੈਲਪੁਰ ਕੋਹਲੀਆਂ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਤੱਕ ਚਲਦਾ ਹੈ। ਇਸ ਵਿਚ ਕਾਫ਼ੀ ਮੋੜ ਹੋਣ ਕਾਰਨ ਪਾਣੀ ਦੇ ਵਹਾਅ ਵਿੱਚ ਵੱਡੀ ਰੁਕਾਵਟ ਬਣਦੀ ਹੈ। ਦੱਸਣਯੋਗ ਹੈ ਕਿ ਤਤਕਾਲੀ ਅਕਾਲੀ-ਭਾਜਪਾ ਸਰਕਾਰ ਸਮੇਂ ਇਸ ਨਾਲੇ ਦੇ ਮੋੜ ਸਿੱਧੇ ਕਰ ਕੇ ਇਸ ਦੀ ਸਫ਼ਾਈ ਅਤੇ ਖਲਾਈ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਇਹ ਕੰਮ ਅਜੇ ਤੱਕ ਸ਼ੁਰੂ ਨਹੀ ਹੋ ਸਕਿਆ।

ਕਿਸਾਨ ਰਘਬੀਰ ਸਿੰਘ ਤੇ ਪਰਮ ਸੰਧੂ ਨੇ ਕਿਹਾ ਕਿ ਜੇ ਬਰਸਾਤਾਂ ਆਉਣ ਤੋਂ ਪਹਿਲਾਂ ਸਮੇਂ ਸਿਰ ਇਸ ਨਾਲੇ ਦੀ ਸਫ਼ਾਈ ਕੀਤੀ ਹੁੰਦੀ ਤਾਂ ਅੱਜ ਫ਼ਸਲ ਪਾਣੀ ਵਿੱਚ ਡੁੱਬਣ ਤੋਂ ਬਚ ਜਾਂਦੀ। ਕਿਸਾਨਾਂ ਨੇ ਖ਼ਦਸ਼ਾ ਜ਼ਾਹਿਰ ਕੀਤਾ ਹੈ ਕਿ ਪਾਣੀ ਵਿੱਚ ਡੁੱਬੀਆਂ ਫਸਲਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਵੇਗਾ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਨਾਲੇ ਦੇ ਪੁਲਾਂ ਹੇਠਾਂ ਫਸੀ ਬੂਟੀ ਨੂੰ ਤਰੁੰਤ ਬਾਹਰ ਕੱਢਿਆ ਜਾਵੇ।

ਚੇਤਨਪੁਰਾ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਰੱਖ ਓਠੀਆਂ ਕੋਲ ਨਹਿਰ ਵਿੱਚ ਵੱਡਾ ਪਾੜ ਪੈ ਗਿਆ। ਇਸ ਕਾਰਨ ਸੈਂਕੜੇ ਏਕੜ ਝੋਨੇ, ਸਬਜ਼ੀਆਂ ਅਤੇ ਹਰੇ ਚਾਰੇ ਦੀ ਫ਼ਸਲ ਪਾਣੀ ਵਿੱਚ ਡੁੱਬ ਗਈ। ਪਿੰਡ ਓਠੀਆਂ ਦੇ ਕਿਸਾਨ ਅਵਤਾਰ ਸਿੰਘ ਓਠੀ, ਜਗਤਾਰ ਸਿੰਘ, ਕੁਲਵਿੰਦਰ ਸਿੰਘ ਬਿੱਲੂ ਰੱਖ ਓਠੀਆਂ, ਗੱਜਣ ਸਿੰਘ, ਹਰਦਿਆਲ ਸਿੰਘ, ਪ੍ਰਗਟ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਪਿੰਡ ਈਸਾਪੁਰ ਵਾਲੀ ਨਹਿਰ ਟੁੱਟਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਪਾਣੀ ਵਿੱਚ ਡੁੱਬ ਗਈਆਂ ਹਨ। ਕਈ ਕਿਸਾਨਾਂ ਨੇ ਭਾਰੀ ਖ਼ਰਚਾ ਕਰ ਕੇ ਜ਼ਮੀਨਾਂ ਠੇਕੇ ’ਤੇ ਲਈਆਂ ਹੋਈਆਂ ਹਨ। ਪੀੜਤ ਕਿਸਾਨਾਂ ਨੇ ਨਹਿਰੀ ਵਿਭਾਗ ਨੂੰ ਬੇਨਤੀ ਕੀਤੀ ਕਿ ਨਹਿਰ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾਵੇ।

ਤੁੰਗਢਾਬ ਨਾਲਾ ਉੱਛਲਣ ਕਾਰਨ ਰਿਹਾਇਸ਼ੀ ਕਲੋਨੀਆਂ ’ਚ ਪਾਣੀ ਭਰਿਆ

ਝੁੱਗੀਆਂ ਛੱਡ ਕੇ ਸੁਰੱਖਿਅਤ ਥਾਂ ’ਤੇ ਜਾਂਦੇ ਹੋਏ ਪੀੜਤ ਲੋਕ। -ਫੋਟੋ: ਵਿਸ਼ਾਲ ਕੁਮਾਰ

ਅੰਮ੍ਰਿਤਸਰ (ਟ੍ਰਬਿਿਉੂਨ ਨਿਉੂਜ਼ ਸਰਵਿਸ): ਸ਼ਹਿਰ ਦੇ ਬਾਹਰ ਪੈਂਦਾ ਤੁੰਗਢਾਬ ਨਾਲੇ ’ਚ ਆਏ ਵਾਧੂ ਨਹਿਰੀ ਪਾਣੀ ਕਾਰਨ ਇਸ ਦਾ ਪਾਣੀ ਕੰਡਿਆਂ ਤੋਂ ਬਾਹਰ ਚਲਾ ਗਿਆ ਹੈ। ਇਸ ਕਾਰਨ ਮਜੀਠਾ-ਵੇਰਕਾ ਬਾਈਪਾਸ ਦੀਆਂ ਕਈ ਰਿਹਾਇਸ਼ੀ ਕਲੋਨੀਆਂ ਅਤੇ ਨੀਵਾਂ ਵਾਹੀਯੋਗ ਇਲਾਕਾ ਪਾਣੀ ਨਾਲ ਭਰ ਗਿਆ ਹੈ। ਇਸ ਕਾਰਨ ਮੁੱਧਲ, ਵੇਰਕਾ ਅਤੇ ਪੰਡੋਰੀ ਲੁਬਾਣਾ ਦੇ ਪਿੰਡਾਂ ਦੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਬਾਈਪਾਸ ਰੋਡ ’ਤੇ ਡਰੇਨ ਦੇ ਨਾਲ-ਨਾਲ ਬਣੀਆਂ ਝੌਂਪੜੀਆਂ ਵਿੱਚ ਵੀ ਪਾਣੀ ਭਰ ਗਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਲੰਗਰ ਵੰਡਿਆ ਗਿਆ ਹੈ। ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਵੇਰਕਾ-ਮਜੀਠਾ ਬਾਈਪਾਸ ਤੇ ਸੰਧੂ ਕਲੋਨੀ ਸਣੇ ਹੋਰ ਰਿਹਾਇਸ਼ੀ ਇਲਾਕਿਆਂ ਵਿੱਚ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਆ ਗਿਆ ਸੀ। ਬਾਅਦ ਵਿੱਚ ਪਾਣੀ ਦਾ ਪੱਧਰ ਘਟ ਗਿਆ ਪਰ ਨੀਵੇ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਤੁੰਗਢਾਬ ਨਾਲੇ ਉੱਪਰ ਕੁਝ ਵਪਾਰਕ ਘਰਾਣਿਆਂ ਤੇ ਕਈ ਕਲੋਨੀਆਂ ਵਾਲਿਆਂ ਨੇ ਆਪਣੀ ਸਹੂਲਤ ਅਨੁਸਾਰ ਨਾਜਾਇਜ਼ ਤੌਰ ’ਤੇ ਪੁਲ ਉਸਾਰੇ ਹੋਏ ਹਨ ਜੋ ਪਾਣੀ ਦੇ ਵਹਾਅ ’ਚ ਦਿੱਕਤ ਬਣ ਰਹੇ ਹਨ। ਪਿੰਡ ਪੰਡੋਰੀ ਲੁਬਾਣਾ ਦੇ ਲੋਕਾਂ ਨੇ ਦੋਸ਼ ਲਾਇਆ ਕਿ ਪਾਣੀ ਆਉਣ ਕਾਰਨ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਬਰਸਾਤਾਂ ਤੋਂ ਪਹਿਲਾਂ ਡਰੇਨ ਵਿੱਚ ਖਲਾਈ ਅਤੇ ਨਿਕਾਸੀ ਦਾ ਪ੍ਰਬੰਧ ਨਹੀਂ ਕੀਤਾ ਸੀ। ਪਿੰਡ ਵਾਸੀ ਗੁਰਦੇਵ ਸਿੰਘ ਅਤੇ ਮਨਦੀਪ ਸਿੰਘ ਨੇ ਆਖਿਆ ਕਿ ਪ੍ਰਸ਼ਾਸਨ ਨੂੰ ਨਾਲੇ ਦੇ ਕੰਡਿਆਂ ਨੂੰ ਮਜਬੂਤ ਕਰਨਾ ਚਾਹੀਦਾ ਹੈ। ਇਹ ਨਾਲਾ ਪਹਿਲਾਂ ਹੀ ਗੰਦਗੀ ਕਾਰਨ ਲੋਕਾਂ ਲਈ ਵੱਡੀ ਮੁਸ਼ਕਲ ਦਾ ਸਬੱਬ ਬਣਿਆ ਹੋਇਆ ਹੈ।



News Source link

- Advertisement -

More articles

- Advertisement -

Latest article