28.3 C
Patiāla
Sunday, May 12, 2024

ਰਾਹਤ ਕਾਰਜ: ਭਗਵੰਤ ਮਾਨ ਤੇ ਸ਼੍ਰੋਮਣੀ ਕਮੇਟੀ ਆਹਮੋ-ਸਾਹਮਣੇ

Must read


ਟੑਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੁਲਾਈ
ਸਿੱਖ ਮਸਲਿਆਂ ਵਿੱਚ ਦਖ਼ਲ ਕਾਰਨ ਛਿੜੀ ਸ਼ਬਦੀ ਜੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਹੜ੍ਹਾਂ ਦੇ ਰਾਹਤ ਕਾਰਜਾਂ ਨੂੰ ਲੈ ਕੇ ਮੁੜ ਆਹਮੋ-ਸਾਹਮਣੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦਾ ਬੈਂਕ ਖਾਤਾ ਨੰਬਰ ਜਾਰੀ ਕਰਨ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਕਿਸ ਹੈਸੀਅਤ ’ਚ ਇਹ ਨੰਬਰ ਜਾਰੀ ਕੀਤਾ। ਸ੍ਰੀ ਮਾਨ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਅਕਾਲੀ ਆਗੂ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਨੁਮਾਇੰਦਿਆਂ ਦੀ ਥਾਂ ਖੁਦ ਇਨ੍ਹਾਂ ਖਾਤਾ ਨੰਬਰਾਂ ਦਾ ਵੇਰਵਾ ਜਨਤਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਅਜੇ ਤੱਕ ਖਾਤਾ ਨੰਬਰ ਜਨਤਕ ਨਹੀਂ ਕੀਤੇ ਗਏ ਪਰ ਸੁਖਬੀਰ ਬਾਦਲ ਨੇ ਇਹ ਨੰਬਰ ਜਾਰੀ ਕਰ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ’ਤੇ ਇਕੋ ਪਰਿਵਾਰ ਦਾ ਕੰਟਰੋਲ ਹੈ ਅਤੇ ਅੱਜ ਅਕਾਲੀ ਆਗੂ ਵੱਲੋਂ ਨੰਬਰ ਜਾਰੀ ਕਰਨ ਨਾਲ ਉਨ੍ਹਾਂ ਦਾਅਵਾ ਸਹੀ ਸਾਬਤ ਹੋ ਗਿਆ। ਉਨ੍ਹਾਂ ਕਿਹਾ ਕਿ ਅਣਗਿਣਤ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸੰਸਥਾ ਇਨ੍ਹਾਂ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਬਣੀ ਹੋਈ ਹੈ। ਕੁਝ ਲੋਕਾਂ ਨੇ ਹਮੇਸ਼ਾ ਹੀ ਆਪਣੇ ਸਿਆਸੀ ਹਿੱਤਾਂ ਲਈ ਸ਼੍ਰੋਮਣੀ ਕਮੇਟੀ ਦੀ ਦੁਰਵਰਤੋਂ ਕੀਤੀ ਹੈ। ਹੁਣ ਇਹ ਆਗੂ ਸੂਬੇ ਦੇ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਤੇ ਲੋਕ ਇਨ੍ਹਾਂ ਦੇ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਹਨ। ਲੋਕਾਂ ਨੇ ਪਹਿਲਾਂ ਹੀ ਇਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰ ਦਿੱਤਾ ਹੈ ਅਤੇ ਸੂਬੇ ’ਚ ਭਾਰੀ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਆਗੂਆਂ ਨੂੰ ਕਦੇ ਮੁਆਫ ਨਹੀਂ ਕਰਨਗੇ।



News Source link

- Advertisement -

More articles

- Advertisement -

Latest article