27.8 C
Patiāla
Thursday, May 2, 2024

ਯਮੁਨਾ ’ਚ ਪਾਣੀ ਦਾ ਪੱਧਰ ਮੁੜ ਵਧਿਆ

Must read


ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 17 ਜੁਲਾਈ
ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ ਪਾਣੀ ਛੱਡਣ ਕਾਰਨ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਮੁੜ ਵਧਣਾ ਸ਼ੁਰੂ ਹੋ ਗਿਆ ਹੈ।  ਪਾਣੀ ਦਾ ਪੱਧਰ ਅੱਜ ਸ਼ਾਮ ਛੇ ਵਜੇ 205.94 ਮੀਟਰ ਮਾਪਿਆ ਗਿਆ, ਜੋ ਕੱਲ੍ਹ 205.33 ਮੀਟਰ ਨੇੜੇ ਸੀ। ਨਦੀ ਵਿੱਚ ਪਾਣੀ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਗ ਰਿਹਾ ਹੈ। ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਆਤਿਸ਼ੀ ਨੇ ਕਿਹਾ ਕਿ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ ਕਿਉਂਕਿ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਤੋਂ ਵਧਿਆ ਹੈ। ਉਨ੍ਹਾਂ ਕਿਹਾ ਕਿ ਲੰਘੇ ਕੱਲ੍ਹ ਹਰਿਆਣਾ ਦੇ ਕੁਝ ਖੇਤਰਾਂ ਵਿੱਚ ਤੇਜ਼ ਮੀਂਹ ਕਾਰਨ ਯਮੁਨਾ ਦੇ ਪਾਣੀ ਦੇ ਪੱਧਰ ਵਿੱਚ ਮਾਮੂਲੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਜਲ ਕਮਿਸ਼ਨ ਨੇ ਰਾਤੋ-ਰਾਤ 206.1 ਮੀਟਰ ਤੱਕ ਪਾਣੀ ਵਧਣ ਦੀ ਸੰਭਾਵਨਾ ਕੀਤੀ ਹੈ, ਪਰ ਭਰੋਸਾ ਦਿਵਾਇਆ ਕਿ ਦਿੱਲੀ ਦੇ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ। ਆਤਿਸ਼ੀ ਨੇ ਟਵੀਟ ਰਾਹੀਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਵਾਪਸ ਜਾਣ ਤੋਂ ਪਹਿਲਾਂ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆਉਣ ਤੱਕ ਇੰਤਜ਼ਾਰ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਸਮੇਂ ਵਿੱਚ ਪਾਣੀ ਦਾ ਪੱਧਰ ਘਟਣ ਦੀ ਸੰਭਾਵਨਾ ਹੈ ਤੇ ਲੋਕ ਛੇਤੀ ਹੀ ਰਾਹਤ ਕੈਂਪਾਂ ਤੋਂ ਆਪਮੇ ਘਰਾਂ ਵਿੱਚ ਜਾ ਸਕਣਗੇ। ਜ਼ਿਕਰਯੋਗ ਹੈ ਕਿ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚੋਂ ਮੀਂਹ ਦਾ ਪਾਣੀ ਹਥਨੀਕੁੰਡ ਬੈਰਾਜ ਵਿੱਚ ਤੈਅ ਹੱਦ ਤੋਂ ਜ਼ਿਆਦਾ ਇੱਕਠਾ ਹੋਣ ਕਰਕੇ ਹਰੇਕ ਘੰਟੇ ਮਗਰੋਂ ਹਾਲਤ ਦੇਖਦੇ ਹੋਏ ਛੱਡਿਆ ਜਾ ਰਿਹਾ ਹੈ। ਯਮੁਨਾ ਬੀਤੇ ਦਿਨੀਂ ਖ਼ਤਰੇ ਦੇ ਨਿਸ਼ਾਨ ਤੋਂ 3 ਮੀਟਰ ਤੱਕ ਉੱਚੀ ਵਗ ਰਹੀ ਸੀ। ਜਾਣਕਾਰੀ ਅਨੁਸਾਰ ਦਿੱਲੀ ਦੇ ਜਿਨ੍ਹਾਂ ਇਲਾਕਿਆਂ ਵਿੱਚੋਂ ਪਾਣੀ ਉੱਤਰ ਗਿਆ ਹੈ ਉੱਥੇ ਯਮੁਨਾ ਦੇ ਪਾਣੀ ਨਾਲ ਆਇਆ ਗਾਰਾ ਮੁਸੀਬਤ ਬਣ ਗਿਆ। ਥਾਂ-ਥਾਂ ਗਾਰੇ ਦੇ ਜੰਮਣ ਕਾਰਨ ਤਿਲਕਣ ਹੋ ਗਈ ਹੈ। ਦਿੱਲੀ ਟਰੈਫਿਕ ਪੁਲੀਸ ਨੇ ਦੱਸਿਆ ਕਿ ਚਿੱਕੜ ਤੇ ਤਿਲਕਣ ਹੋਣ ਕਰਕੇ ਰਾਜਘਾਟ ਤੋਂ ਸ਼ਾਂਤੀਵਣ ਦੇ ਕਈ ਹਿੱਸਿਆਂ ਤੱਕ ਐਮਜੀਐੱਮ ਰੋਡ ਆਵਾਜਾਈ ਲਈ ਬੰਦ ਰੱਖਿਆ ਗਿਆ ਹੈ। ਦਿੱਲੀ ਨਗਰ ਨਿਗਮ ਦੀ ਮੇਅਰ ਸ਼ੈਲੀ ਉਬਰਾਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੁਣ ਜਿੱਥੇ ਪਾਣੀ ਉਤਰ ਗਿਆ ਹੈ ਉੱਥੇ ਗਾਰਾ ਵੱਡੀ ਸਮੱਸਿਆ ਬਣ ਗਿਆ ਹੈ ਜਿਸ ਕਰਕੇ ਹੁਣ ਸੈਨੀਟੇਸ਼ਨ ਮਹਿਕਮੇ ਨੂੰ ਗਾਰਾ ਹਟਾਉਣ ਤੋਂ ਇਲਾਵਾ ਗੰਦੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਫ਼ਾਈ ਅਤੇ ਦਵਾਈ ਦਾ ਛਿੜਕਾਅ ਕੀਤਾ ਜਾਵੇਗਾ।
ਨਦੀ ਵਿੱਚ ਪਾਣੀ ਦੇ ਹਾਲਤ ਸੁਧਰਨ ਮਗਰੋਂ ਪੂਰਬੀ ਤੇ ਉੱਤਰੀ ਦਿੱਲੀ ਨੂੰ ਰੇਲ/ਸੜਕ ਮਾਰਗ ਰਾਹੀਂ ਜੋੜਨ ਵਾਲੇ 100 ਸਾਲ ਤੋਂ ਵੱਧ ਪੁਰਾਣੇ ਲੋਹੇ ਦੇ ਪੁੱਲ ਉਪਰ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਪਰ ਗੱਡੀਆਂ ਦੇ ਚੱਲਣ ਦੀ ਰਫ਼ਤਾਰ 20 ਕਿਲੋਮੀਟਰ ਪ੍ਰਤੀ ਘੰਟਾ ਤੈਅ ਕੀਤੀ ਗਈ ਹੈ। ਦਰਿਆ ਵਿੱਚ ਹੜ੍ਹ ਆਉਣ ਮਗਰੋਂ ਇਹ ਪੁੱਲ ਬੰਦ ਕਰ ਦਿੱਤਾ ਗਿਆ ਸੀ।
ਦਿੱਲੀ ਦੇ ਰਾਜਘਾਟ, ਆਈਟੀਓ, ਕਾਲਿੰਦੀ ਕੁੰਜ ਇਲਾਕੇ ਵਿੱਚ ਅਜੇ ਵੀ ਪਾਣੀ ਭਰਿਆ ਹੋਣ ਕਰਕੇ ਇਸ ਖੇਤਰ ਦੀਆਂ ਕੁੱਝ ਸੜਕਾਂ ਦੀ ਆਵਾਜਾਈ ਖੋਲ੍ਹ ਦਿੱਤੀ ਗਈ ਪਰ ਕੁੱਝ ਸੜਕਾਂ ਉਪਰ ਪਾਣੀ ਜ਼ਿਆਦਾ ਭਰਿਆ ਹੋਣ ਕਰਕੇ ਉੱਥੇ ਆਵਾਜਾਈ ਬੰਦ ਹੈ। ਇਸੇ ਤਰ੍ਹਾਂ ਵਜ਼ੀਰਾਬਾਦ ਫਲਾਈਓਵਰ ਦੇ ਵਿਚਕਾਰ ਮਜਨੂੰ ਕਾ ਟਿੱਲਾ ਤੋਂ ਕਸ਼ਮੀਰੀ ਗੇਟ ਤੱਕ ਦੇ ਦੋਵੇਂ ਕੈਰੇਜਵੇਅ ਦਰਮਿਆਨੇ ਤੇ ਹਲਕੇ ਵਾਹਨਾਂ ਦੀ ਆਵਾਜਾਈ ਲਈ ਖੋਲ੍ਹ ਦਿੱਤੇ ਹਨ। ਸਲੀਮਗੜ੍ਹ ਬਾਈਪਾਸ ਰਾਹੀਂ ਆਈਐਸਬੀਟੀ ਕਸ਼ਮੀਰੀ ਗੇਟ ਤੋਂ ਆਈਪੀ ਫਲਾਈਓਵਰ ਤੱਕ ਦਰਮਿਆਨੇ ਅਤੇ ਹਲਕੇ ਵਾਹਨਾਂ ਲਈ, ਸਰਾਏ ਕਾਲੇ ਖਾਨ ਤੋਂ ਆਈ.ਪੀ. ਫਲਾਈਓਵਰ ਤੋਂ ਗੀਤਾ ਕਾਲੋਨੀ ਅੰਡਰਪਾਸ ਤੋਂ ਬੱਸ ਅੱਡੇ ਵੱਲ ਜਾਣ ਵਾਲੇ ਰਿੰਗ ਰੋਡ ਕੈਰੇਜਵੇਅ ਨੂੰ ਹਨੂੰਮਾਨ ਸੇਤੂ, ਮੁਕਰਬਾ ਤੋਂ ਵਜ਼ੀਰਾਬਾਦ ਤੱਕ ਆਉਟਰ ਰਿੰਗ ਰੋਡ ਦੇ ਦੋਵੇਂ ਕੈਰੇਜਵੇਅ ਹਲਕੇ ਵਾਹਨਾਂ ਅਤੇ ਬੱਸਾਂ ਲਈ ਖੋਲ੍ਹ ਦਿੱਤੇ ਗਏ ਹਨ। ਰਿੰਗ ਰੋਡ, ਰਾਜਘਾਟ – ਸ਼ਾਂਤੀ ਵੈਨ-ਯਮੁਨਾ ਬਾਜ਼ਾਰ ਤੱਕ ਅਜੇ ਵੀ ਬੰਦ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹੜ੍ਹ ਪੀੜਤਾਂ ਪਰਿਵਾਰਾਂ ਨੂੰ ਦਸ-ਦਸ ਹਜ਼ਾਰ ਰੁਪਏ ਦੀ ਮਦਦ ਕਰਨ ਦੇ ਐਲਾਨ ਮਗਰੋਂ ਦਿੱਲੀ ਸਰਕਾਰ ਵੱਲੋਂ ਇਸ ਲਈ ਪ੍ਰਬੰਧ ਬਣਾਇਆ ਜਾ ਰਿਹਾ ਹੈ।



News Source link

- Advertisement -

More articles

- Advertisement -

Latest article