44.5 C
Patiāla
Tuesday, May 21, 2024

ਸੰਗਰੂਰ ’ਚ 8736 ਕੱਚੇ ਅਧਿਆਪਕਾਂ ਦੇ ‘ਟੈਂਕੀ ਸੰਘਰਸ਼’ ਨੂੰ ਮਹੀਨਾ ਪੂਰਾ ਹੋਇਆ

Must read


ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਜੁਲਾਈ
ਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ੀ ਕਲੋਨੀ ਦੇ ਨੇੜਲੇ ਪਿੰਡ ਖੁਰਾਣਾ ਵਿਖੇ 8736 ਕੱਚੇ ਅਧਿਆਪਕਾਂ ਦੇ ਅਣਮਿਥੇ ਸਮੇਂ ਲਈ ਚੱਲ ਰਹੇ ‘ਟੈਂਕੀ’ ਸੰਘਰਸ਼ ਨੂੰ ਮਹੀਨਾ ਪੂਰਾ ਹੋ ਗਿਆ ਹੈ। ਅਧਿਆਪਕ ਇੰਦਰਜੀਤ ਸਿੰਘ ਮਾਨਸਾ ਮਹੀਨੇ ਤੋਂ ਟੈਂਕੀ ਉਪਰ ਡਟਿਆ ਹੋਇਆ ਹੈ, ਜਦੋਂ ਕਿ ਟੈਂਕੀ ਹੇਠਾ ਅਧਿਆਪਕਾਂ ਨੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਸੰਘਰਸ਼ਸ਼ੀਲ ਅਧਿਆਪਕਾਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੇ ਕੋਈ ਐਕਸ਼ਨ ਨਹੀਂ ਕੀਤੇ ਜਾਣਗੇ ਅਤੇ ਸਿਰਫ਼ ਸ਼ਾਂਤਮਈ ਧਰਨਾ ਜਾਰੀ ਰਹੇਗਾ। ਮਹੀਨੇ ਦੌਰਾਨ ਟੈਂਕੀ ਉਪਰ ਮਾਨਸਾ ਦੇ ਇੰਦਰਜੀਤ ਨੇ ਜਿਥੇ ਹਾੜ੍ਹ ਮਹੀਨੇ ਦੀਆਂ ਤਪਦੀਆਂ ਧੁੱਪਾਂ ਦੀ ਤਪਸ਼ ਹੰਢਾਈ ਹੈ ਉਥੇ ਖਰਾਬ ਮੌਸਮ ਕਾਰਨ ਮੀਂਹ ਅਤੇ ਵਗਦੀਆਂ ਤੇਜ਼ ਹਵਾਵਾਂ ਦਾ ਸਾਹਮਣਾ ਵੀ ਕੀਤਾ ਹੈ। ਭਾਵੇਂ ਕਿ ਸਕੂਲ ਸਿੱਖਿਆ ਵਿਭਾਗ ਵਲੋਂ ‘ਕਾਰਨ ਦੱਸੋ ਨੋਟਿਸ’ ਵੀ ਜਾਰੀ ਕੀਤਾ ਗਿਆ ਪਰ ਫ਼ਿਰ ਵੀ ਇੰਦਰਜੀਤ ਦੇ ਹੌਸਲੇ ਬੁਲੰਦ ਹਨ। ਟੈਂਕੀ ਹੇਠਾਂ ਅਧਿਆਪਕਾਂ ਵਲੋਂ ਲਗਾਏ ਪੱਕੇ ਮੋਰਚੇ ਨੂੰ ਵੀ ਮਹੀਨਾ ਪੂਰਾ ਹੋ ਗਿਆ ਹੈ। ਲਗਾਤਾਰ ਚੱਲ ਰਹੇ ਪੱਕੇ ਮੋਰਚੇ ’ਚ ਵਾਰੋ-ਵਾਰੀ ਵੱਖ-ਵੱਖ ਜ਼ਿਲ੍ਹਿਆਂ ਦੇ ਅਧਿਆਪਕ ਸ਼ਾਮਲ ਹੋ ਰਹੇ ਹਨ। ਅੱਜ ਲੁਧਿਆਣਾ ਤੇ ਸੰਗਰੂਰ ਦੇ ਅਧਿਆਪਕਾਂ ਅਤੇ ਭਰਾਤਰੀ ਜਥੇਬੰਦੀਆਂ ਗੌਰਮਿੰਟ ਟੀਚਰਜ਼ ਯੂਨੀਅਨ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਿੱਖਿਆ ਪ੍ਰੋਵਾਈਡਰ ਯੂਨੀਅਨ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਨੇ ਕਿਹਾ ਕਿ ਅੱਜ ਟੈਂਕੀ ਸੰਘਰਸ਼ ਨੂੰ ਮਹੀਨਾ ਪੂਰਾ ਹੋ ਗਿਆ ਹੈ। ਇਸ ਮਹੀਨੇ ਜਿਥੇ ਸੰਘਰਸ਼ ਕਰ ਰਹੇ ਕੱਚੇ ਅਧਿਆਪਕਾਂ ਦੀ ਆਵਾਜ਼ ਨੂੰ ਜਿਥੇ ਪੁਲੀਸ ਦੀਆਂ ਡਾਂਗਾ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਉਥੇ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਸੰਘਰਸ਼ੀ ਅਧਿਆਪਕਾਂ ਦੇ ਹੌਸਲੇ ਤੋੜਨ ਦਾ ਯਤਨ ਕੀਤਾ ਗਿਆ ਪਰ ਸੰਘਰਸ਼ੀ ਅਧਿਆਪਕਾਂ ਦੇ ਹੌਸਲੇ ਬੁਲੰਦ ਹਨ ਅਤੇ ਮੋਰਚੇ ’ਤੇ ਡਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਯੂਨੀਅਨ ਵਲੋਂ ਕਿਸੇ ਵੀ ਤਰਾਂ ਦਾ ਕੋਈ ਗੁਪਤ ਐਕਸ਼ਨ ਨਾ ਕਰਨ ਦਾ ਫੈਸਲਾ ਲਿਆ ਹੈ ਪਰ ਟੈਂਕੀ ਉਪਰ ਅਤੇ ਹੇਠਾਂ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਫ਼ਕੀਰ ਸਿੰਘ ਟਿੱਬਾ ਨੇ ਕਿਹਾ ਕਿ ਸਿਰਫ਼ ਤਨਖਾਹ ਵਿਚ ਵਾਧਾ ਕਰਨ ਨਾਲ ਅਧਿਆਪਕਾਂ ਨੂੰ ਰੈਗੂਲਰ ਨਹੀਂ ਕਿਹਾ ਜਾ ਸਕਦਾ, ਸਗੋਂ ਪੂਰੇ ਤਨਖਾਹ ਸਕੇਲ, ਭੱਤੇ ਅਤੇ ਹੋਰ ਸਰਕਾਰੀ ਲਾਭ ਰੈਗੂਲਰ ਅਧਿਆਪਕਾਂ ਵਾਂਗ ਦੇਣੇ ਬਣਦੇ ਸਨ। ਇਸ ਮੌਕੇ ਜੀਟੀਯੂ ਦੇ ਦੇਵੀ ਦਿਆਲ, ਹਰੀਸ਼ ਕੁਮਾਰ, ਗੁਰਲਾਭ ਸਿੰਘ, ਕੁਲਦੀਪ ਸਿੰਘ, ਡੀਟੀਐੱਫ਼ ਆਗੂ ਅਮਰੀਕ ਸਿੰਘ, ਗੁਰਦਾਸ ਸਿੰਘ, ਗੁਰਲਾਲ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ, ਬੂਟਾ ਸਿੰਘ, ਅੰਮ੍ਰਿਤ ਸਿੰਘ ਤੇ ਕੁਲਵੰਤ ਸਿੰਘ ਖਨੌਰੀ ਮੌਜੂਦ ਸਨ।



News Source link

- Advertisement -

More articles

- Advertisement -

Latest article