33.5 C
Patiāla
Friday, May 3, 2024

ਸ਼ੇਰਨੀ ਦਾ ਦੁੱਧ

Must read


ਕੁਲਵਿੰਦਰ ਸਿੰਘ ਬਿੱਟੂ

ਕਥਾ ਪ੍ਰਵਾਹ
‘‘ਡਿੰੰਪੀ ਉੱਠ ਜਾ ਹੁਣ, ਫੇਰ ਸਕੂਲ ਤੋਂ ਲੇਟ ਹੋ ਜਾਂਦੈ।’’ ਵਿਹੜੇ ’ਚ ਸੁਆਹ ਨਾਲ ਪਤੀਲੀ ਮਾਂਜਦੀ ਗਿੰਦਰ ਬੋਲੀ। ‘‘ਮੰਮੀ, ਮੈਂ ਨ੍ਹੀਂ ਅੱਜ ਸਕੂਲ ਜਾਣਾ, ਮੇਰਾ ਸਿਰ ਦੁਖਦੈ।’’ ਵਿਹੜੇ ’ਚ ਮੰਜੀ ’ਤੇ ਖੇਸੀ ਲਪੇਟੀ ਪਿਆ ਡਿੰਪੀ ਬੋਲਿਆ। ‘‘ਸਕੁੂਲ ਖੁਲ੍ਹ …ਖੁਲ੍ਹ…ਖੁਲ੍ਹ… ਕਿਉਂ ਨ੍ਹੀਂ… ਖੁੱਲ੍ਹ…ਖੁੱਲ੍ਹ ਜਾਣਾ ਓਏ।’’ ਕਮਰੇ ’ਚ ਮੰਜੇ ’ਤੇ ਹੱਡੀਆਂ ਦੀ ਮੁੱਠ ਬਣਿਆ ਪਿਆ ਸੱਤਾ ਖੰਘਦਾ ਖੰਘਦਾ ਬੋਲਿਆ। ‘‘ਬਾਪੂ, ਤੂੰ ’ਰਾਮ ਨਾਲ ਪਿਆ ਰਹਿ। ਬੋਲ ਨਾ। ਫੇਰ ਹੁੱਥੂ ਛਿੜ ਪੈਣਾ ਤੈਨੁੂੰ।’’ ਗਿੰਦਰ ਨੇ ਪਤੀਲੀ ’ਚ ਪਾਣੀ ਪਾ ਕੇ ਚੁੱਲ੍ਹੇ ’ਤੇ ਧਰ ਦਿੱਤੀ। ਝਲਿਆਨੀ ਦੀ ਧੁਆਂਖੀ ਸਰਕੜੇ ਦੀ ਛੱਤ ਦੀਆਂ ਕਾਲ਼ੀਆਂ ਲਟਾਂ ’ਤੇ ਮੱਖੀਆਂ ਭੀਂ ਭੀਂ ਕਰਦੀਆਂ ਝੂਟੇ ਲੈ ਰਹੀਆਂ ਹਨ। ‘‘ਭਾਈ ਬਹੂ ਖੁੱਲ੍ਹ… ਖੁੱਲ੍ਹ… ਖੁੱਲ੍ਹ… ਇਹਨੂੰ ਸਕੂਲ … ਭੇਜ।’’ ਸੱਤਾ ਲਗਾਤਾਰ ਖੰਘੀ ਗਿਆ। ਗਿੰਦਰ ਨੇ ਅੰਦਰ ਆ ਕੇ ਆਪਣੇ ਬਾਪੂ ਨੂੰ ਉਠਾ ਕੇ ਉਹਦੀ ਪਿੱਠ ਥਪਥਪਾਈ। ਸੱਤੇ ਨੂੰ ਥੋੜ੍ਹਾ ਆਰਾਮ ਮਿਲਿਆ, ਪਰ ਖੰਘ ਹਾਲੇ ਵੀ ਜਾਣ ਦਾ ਨਾਮ ਨਹੀਂ ਸੀ ਲੈ ਰਹੀ। ਗਿੰਦਰ ਆਪਣੇ ਬਾਪੂ ਜੀ ਨੂੰ ਮੰਜੇ ’ਤੇ ਲੰਮਾ ਪਾ ਕੇ ਮੁੜ ਝਲਿਆਨੀ ’ਚ ਚਲੀ ਗਈ। ਸੱਤੇ ਦਾ ਮੁੰਡਾ ਦੀਪਾ ਮੂੰਹ ਹਨੇਰੇ ਹੀ ਸਾਈਕਲ ਚੁੱਕ ਚੌਕ ਵੱਲ ਚਲਾ ਗਿਆ ਸੀ। ਗਿੰਦਰ ਆਪਣੇ ਬਾਪੂ ਜੀ ਲਈ ਕੌਲੀ ’ਚ ਪਾ ਕੇ ਚਾਹ ਲਿਆਈ। ਸੱਤਾ ਹੌਲੀ ਹੌਲੀ ਸੜੂਕੇ ਭਰਨ ਲੱਗਿਆ। ਚਾਹ ਪੀ ਕੇ ਉਹ ਦੁਬਾਰਾ ਲੰਮਾ ਪੈ ਗਿਆ। ਸੋਚਣ ਲੱਗਿਆ। ਮੰਜੇ ’ਤੇ ਬਿਮਾਰ ਪਿਆ ਬੰਦਾ ਆਪਣੇ ਅਤੀਤ ਦੇ ਸੁਖਾਵੇਂ ਦਿਨਾਂ ਨੂੰ ਯਾਦ ਕਰ ਕੇ ਆਨੰਦ ਮਹਿਸੂਸ ਕਰਦਾ ਹੈ।
ਸੱਤਾ ਆਪਣੇ ਮਾਂ ਪਿਉ ਦਾ ਇਕਲੌਤਾ ਪੁੱਤ। ਹੱਦੋਂ ਵੱਧ ਲਾਡਲਾ। ਉਹਦਾ ਬਾਪੂ ਤੇਜਾ ਚੁਬਾਰੇ ਵਾਲਿਆਂ ਦੇ ਸੀਰੀ ਲੱਗਿਆ ਹੋਇਆ। ਖੁੰਟੇ ਇੱਕ ਲਵੇਰੀ ਬੰਨ੍ਹੀ ਹੋਈ। ਸੱਤੇ ਦੀ ਮਾਂ ਦਾ ਸਾਰਾ ਦਿਨ ਸੱਤੇ ਤੇ ਮੱਝ ਦਾ ਓਹੜ-ਪੋਹੜ ਕਰਨ ’ਚ ਲੰਘ ਜਾਂਦਾ। ਕਦੇ ਕਦੇ ਸੱਤਾ ਬਾਪੂ ਦੀ ਉਂਗਲ ਫੜ ਖੇਤਾਂ ’ਚ ਚਲਾ ਜਾਂਦਾ ਤੇ ਮਿੱਟੀ ਵਿੱਚ ਖੇਡਦਾ ਰਹਿੰਦਾ। ਬਾਪੂ ਸੱਤੇ ਨੂੰ ਸਕੂਲ ਘੱਲਦਾ, ਪਰ ਸੱਤਾ ਅੱਧੀ ਛੁੱਟੀ ਤੱਕ ਮਸੀਂ ਟਿਕਦਾ। ਉਹ ਸਕੂਲ ਵਿੱਚ ਜੀਅ ਨਾ ਲਾਉਂਦਾ। ਮਾਂ ਦੇ ਹੱਥੋਂ ਚੁਆਵਾਂ ਪੀ ਪੀ ਉਹ ਛੋਟੀ ਉਮਰੇ ਹੀ ਹੁੰਦੜਹੇਲ ਹੋ ਗਿਆ। ਚੁਬਾਰੇ ਵਾਲਿਆਂ ਦਾ ਸਰਦਾਰ ਸੱਤੇ ਦੇ ਖੁੱਲ੍ਹੇ-ਡੁੱਲ੍ਹੇ ਹੱਡ ਪੈਰ ਦੇਖ ਕੇ ਤੇਜੇ ਨੂੰ ਕਈ ਦਫ਼ਾ ਕੰਮ ਕਾਰ ਵਿੱਚ ਹਾਲ਼ੀ ਕੱਢਣ ਲਈ ਕਹਿ ਚੁੱਕਿਆ ਸੀ। ਸੱਤਾ ਖ਼ੁਦ ਵੀ ਪੜ੍ਹਾਈ ਵਿੱਚ ਮਨ ਨਾ ਲਾਉਂਦਾ। ਉਹ ਸਕੂਲ ਘੱਟ ਆਪਣੇ ਬਾਪੂ ਨਾਲ ਖੇਤਾਂ ਵਿੱਚ ਵੱਧ ਰਹਿੰਦਾ। ਮਾਪਿਆਂ ਨੇ ਬਥੇਰਾ ਜ਼ੋਰ ਲਾਇਆ ਕਿ ਪੁੱਤ ਪੜ੍ਹ ਜਾਵੇ, ਪਰ ਸੱਤਾ ਮਨ ਦਾ ਮੌਜੀ, ਮਾਪਿਆਂ ਦਾ ਇਕਲੌਤਾ ਝਮਲਾਇਆ ਹੋਇਆ, ਹਿੰਡੀ ਮੁੰਡਾ, ਆਪਣੇ ਭਵਿੱਖ ਤੋਂ ਬੇਖ਼ਬਰ ਛੇਤੀ ਹੀ ਕਹੀ ਵਾਹੁਣ ਤੇ ਦਾਤੀ ਚਲਾਉਣ ਵਿੱਚ ਆਪਣੇ ਬਾਪੂ ਨੂੰ ਵੀ ਪਿੱਛੇ ਛੱਡਣ ਲੱਗਿਆ। ਸੱਤਾ ਆਪਣੇ ਬਾਪੂ ਨਾਲ ਮੂੰਹ ਹਨੇਰੇ ਹੀ ਚੁਬਾਰੇ ਵਾਲਿਆਂ ਦੇ ਖੇਤਾਂ ਵਿੱਚ ਕੰਮ ਕਰਨ ਚਲਾ ਜਾਂਦਾ। ਸ਼ਾਮ ਨੂੰ ਸੱਤਾ ਮੱਝਾਂ ਲਈ ਕੱਖ ਵੱਢਦਿਆਂ ਆਪਣੇ ਘਰ ਖੜ੍ਹੀ ਮੱਝ ਲਈ ਵੀ ਪੰਡ ਤਿਆਰ ਕਰ ਲੈਂਦਾ। ਸੂਰਜ ਛਿਪਣ ’ਤੇ ਦੋਵੇਂ ਪਿੳ ਪੁੱਤ ਆਪਣੇ ਘਰ ਆ ਜਾਂਦੇ। ਸਰਦਾਰ ਦੋਵਾਂ ਦੀਆਂ ਦਿਹਾੜੀਆਂ ਲਾਲ ਵਹੀ ’ਤੇ ਚੜ੍ਹਾਈ ਜਾਂਦਾ।
ਸੱਤੇ ਹੋਰਾਂ ਦੇ ਮੁਹੱਲੇ ਵਿੱਚ ਰਹਿੰਦਾ ਜੈੈਲਾ ਸ਼ਹਿਰ ਦਿਹਾੜੀ ਕਰਨ ਜਾਂਦਾ। ਇੱਕ ਸ਼ਾਮ ਉਹ ਸੱਤੇ ਨੂੰ ਮਿਲ ਕੇ ਕਹਿਣ ਲੱਗਿਆ, ‘‘ਸੱਤੇ, ਕਿੱਥੇ ਖੇਤਾਂ ਵਿੱਚ ਆਪਣੀ ਜ਼ਿੰਦਗੀ ਗਾਲ਼ਣ ਲੱਗਿਆ ਏਂ? ਮੇਰੇ ਨਾਲ ਸ਼ਹਿਰ ਚੱਲਿਆ ਕਰ। ਨਕਦ ਰੁਪਏ ਮਿਲਦੇ ਨੇ। ਉਹ ਵੀ ਇੱਕ ਨਹੀਂ ਦੋ, ਗਧੇ ਦੇ ਕੰਨ ਵਰਗੇ।’’ ‘‘ਹੈਂ ਚਾਚਾ… ਹਰ ਰੋਜ਼ ਪੈਹੇ ਮਿਲਦੇ ਐ?’’ ਸੱਤੇ ਨੇ ਹੈਰਾਨੀ ਨਾਲ ਪੁੱਛਿਆ। ‘‘ਆਹੋ, ਨਾਲੇ ਸ਼ਹਿਰ ਗਿਆਂ ਨੂੰ ਸੌ ਬੰਦਾ ਮਿਲਦੈ। ਬੰਦਾ ਸੌ ਚੱਜ ਸਿੱਖਦੈ। ਹਰ ਰੋਜ਼ ਸ਼ਾਮ ਨੂੰ ਸਬਜ਼ੀ ਭਾਜੀ ਵੀ ਖਰੀਦ ਸਕਦੈ।’’ ਸੱਤਾ ਚੁੱਪਚਾਪ ਖੜ੍ਹਾ ਜੈਲੇ ਦੇ ਮੂੰਹ ਵੱਲ ਦੇਖੀ ਗਿਆ। ‘‘ਮੈਂ ਤਾਂ ਸੱਤੇ ਤੇਰਾ ਭਲਾ ਈ ਚਾਹੁੰਦਾਂ। ਨਾਲ਼ੇ ਤੇਰੇ ਵਰਗੇ ਅੱਲੜ ਨੂੰ ਤਾਂ ਕੰਮ ਭੱਜ ਭੱਜ ਮਿਲੂ।’’ ਜੈਲਾ ਸੱਤੇ ਦੇ ਮੋਢੇ ’ਤੇ ਹੱਥ ਮਾਰ ਕੇ ਚਲਾ ਗਿਆ। ‘‘ਜੇ ਜਾਣਾ ਹੋਇਆ ਤਾਂ ਦੱਸ ਦੇਈਂ,’’ ਜੈਲਾ ਜਾਂਦਾ ਜਾਂਦਾ ਹੀ ਬੋਲਿਆ। ਸੱਤਾ ਹੌਲ਼ੀਆਂ ਹੌਲ਼ੀਆਂ ਡਿੰਘਾਂ ਪੁੱਟਦਾ ਘਰ ਨੂੰ ਤੁਰ ਪਿਆ। ਉਸ ਰਾਤ ਸੱਤਾ ਸ਼ਹਿਰ ਬਾਰੇ ਹੀ ਸੋਚੀ ਗਿਆ। ਦੂਜੇ ਦਿਨ ਖੇਤਾਂ ਵਿੱਚ ਵੀ ਉਹਨੇ ਰੂਹ ਨਾਲ ਕੰਮ ਨਹੀਂ ਕੀਤਾ। ਖੇਤਾਂ ਵਿੱਚ ਕੰਮ ਕਰਨ ਦੇ ਪੈਸੇ ਵੀ ਅਜੇ ਨਹੀਂ ਸੀ ਮਿਲੇ ਸੱਤੇ ਨੂੰ। ਜਦੋਂ ਬੰਦੇ ਨੂੰ ਹੋਰ ਮੁਨਾਫ਼ੇ ਵਾਲਾ ਕੰਮ ਮਿਲਦਾ ਹੋਵੇ ਤਾਂ ਹਥਲੇ ਕੰਮ ’ਚ ਉਸ ਦਾ ਦਿਲ ਨਹੀਂ ਲੱਗਦਾ। ਉਹ ਖੰਭ ਲਾ ਕੇ ਨਵੀਂ ਦੁਨੀਆਂ ਵਿੱਚ ਉੱਡ ਜਾਣਾ ਚਾਹੁੰਦਾ ਹੈ। ਇਸ ਸਮੇਂ ਸੱਤੇ ਦਾ ਇਹੀ ਹਾਲ ਹੋਇਆ ਪਿਆ ਸੀ। ਦੂਜੇ ਹੀ ਦਿਨ ਸ਼ਾਮ ਨੂੰ ਸੱਤੇ ਨੇ ਆਪਣੇ ਬਾਪੂ ਨੂੰ ਸ਼ਹਿਰ ਜਾਣ ਦਾ ਫ਼ੈਸਲਾ ਸੁਣਾ ਦਿੱਤਾ। ਤੇਜੇ ਨੂੰ ਵੀ ਉਹਦਾ ਫ਼ੈਸਲਾ ਠੀਕ ਲੱਗਿਆ। ਸੱਤਾ ਸ਼ਾਮ ਨੂੰ ਹੀ ਜੈਲੇ ਦੇ ਘਰ ਜਾ ਕੇ ਸਵੇਰੇ ਸ਼ਹਿਰ ਜਾਣ ਦਾ ਸੁਨੇਹਾ ਘੱਲ ਆਇਆ। ਸ਼ਾਮ ਨੂੰ ਹੀ ਉਸ ਨੇ ਸਾਈਕਲ ਨੂੰ ਕੱਪੜੇ ਨਾਲ ਸਾਫ਼ ਕਰ ਦਿੱਤਾ। ਸੁਵੱਖਤੇ ਖੇਤਾਂ ਨੂੰ ਜਾਣ ਵੇਲੇ ਤੇਜਾ ਸੱਤੇ ਨੂੰ ਕਹਿੰਦਾ, ‘‘ਪੁੱਤ, ਧਿਆਨ ਰੱਖੀਂ ਆਪਣਾ। ਨਾਲ਼ੇ ਜੈਲੇ ਦੇ ਨਾਲ ਹੀ ਰਹੀਂ।’’ ‘‘ਠੀਕ ਐ ਬਾਪੂ।’’ ਕਹਿ ਕੇ ਸੱਤਾ ਮੰਜੇ ਤੋਂ ਉੱਠ ਗਿਆ। ਉਸ ਦੀ ਬੇਬੇ ਨੇ ਪਾਣੀ ਹੱਥੀਆਂ ਪੰਜ ਰੋਟੀਆਂ ਬਣਾ ਕੇ ਵਿਚਾਲੇ ਅੰਬ ਦੇ ਆਚਾਰ ਦੀਆਂ ਚਾਰ ਫਾੜੀਆਂ ਧਰ ਕੇ ਡੱਬੇ ਵਿੱਚ ਪਾ ਦਿੱਤੀਆਂ। ਸੱਤਾ ਕੈਰੀਅਰ ’ਤੇ ਰੋਟੀਆਂ ਵਾਲਾ ਡੱਬਾ ਟੰਗ ਕੇ ਨਵੀਂ ਦੁਨੀਆਂ ਵਿੱਚ ਜਾਣ ਲਈ ਤੁਰ ਪਿਆ। ਹਲਕੀ ਹਲਕੀ ਹਵਾ ਉੁਹਦਾ ਰਾਹ ਰੋਕਣ ਦੀ ਕੋਸ਼ਿਸ਼ ਕਰਦੀ, ਪਰ ਸੱਤੇ ਦਾ ਗੁੰਦਵਾਂ ਸਰੀਰ ਕਿੱਥੇ ਸਿਆਣਦਾ ਅਜਿਹੀਆਂ ਹਵਾਵਾਂ ਨੂੰ। ਉਹ ਜੈਲੇ ਤੋਂ ਅੱਗੇ ਹੋ ਚਾਮਲ੍ਹ ਚਾਮਲ੍ਹ ਕੇ ਪੈਡਲ ਮਾਰ ਰਿਹਾ ਸੀ। ਹਵਾ ਤੇਜ਼ ਹੋਣ ’ਤੇ ਜੈਲਾ ਸਾਈਕਲ ਦੇ ਹੈਂਡਲ ਤੱਕ ਲਿਫਦਾ, ਪਰ ਸੱਤੇ ਦਾ ਸਿੱਧਾ ਆਕੜਿਆ ਸਰੀਰ ਲੱਤਾਂ ਨੂੰ ਪੂਰਾ ਸਹਿਯੋਗ ਦਿੰਦਾ। ਮੇਨ ਰੋਡ ’ਤੇ ਚੜ੍ਹਦਿਆਂ ਹੀ ਸੱਤੇ ਨੂੰ ਦੱਖਣ ਦੀ ਮਨਾਲੀ ਸੈਰ ਸਪਾਟੇ ਵਾਲੀ ਡਬਲ ਸਟੋਰੀ ਬੱਸ ਦਿਸੀ। ਸੱਤਾ ਇੱਕ ਪੈਰ ਸੜਕ ’ਤੇ ਲਾ ਕੇ ਬੜੀ ਨੀਝ ਨਾਲ ਬੱਸ ਨੂੰ ਦੇਖਣ ਲੱਗਿਆ। ‘‘ਚਾਚਾ, ਉਪਰਲੀ ਬੱਸ ਆਲੇ ਡਰੈਵਰ ਕੋਲ ਸਟੇਰਿੰਗ ਤਾਂ ਹੈ ਨ੍ਹੀਂ?’’ ਸੱਤੇ ਨੇ ਜੈਲੇ ਨੂੰ ਉੱਚੀ ਆਵਾਜ਼ ਵਿੱਚ ਪੁੱਛਿਆ। ‘‘ਇਹਦਾ ਡਰਾਈਵਰ ਇੱਕ ਹੀ ਹੁੰਦੈ।’’ ਜੈਲੇ ਨੇ ਮੁਸਕਰਾਉਂਦਿਆਂ ਉੱਤਰ ਦਿੱਤਾ। ਦੋਵੇਂ ਜਣੇ ਲੇਬਰ ਚੌਕ ਵਾਲਾ ਮੋੜ ਮੁੜ ਗਏ। ਨਹਿਰ ਵਾਲਾ ਪੁਲ਼ ਪਾਰ ਕਰਦਿਆਂ ਹੀ ਮਜ਼ਦੂਰਾਂ ਦਾ ਮੇਲਾ ਲੱਗਿਆ ਹੋਇਆ ਸੀ। ਸੱਤਾ ਹੈਰਾਨੀ ਨਾਲ ਸਭ ਦੇ ਮੂੰਹਾਂ ਵੱਲ ਦੇਖ ਰਿਹਾ ਸੀ। ਇੱਕ ਠੇਕੇਦਾਰ ਜੈਲੇ ਕੋਲ ਆ ਕੇ ਗੱਲ ਕਰਨ ਲੱਗਿਆ। ਉਸ ਨੇ ਜੈਲੇ ਨੂੰ ਨਵੇਂ ਮੁੰਡੇ ਭਾਵ ਸੱਤੇ ਨੂੰ ਨਾਲ ਲਿਆਉਣ ਬਾਰੇ ਖ਼ਾਸ ਤੌਰ ’ਤੇ ਕਿਹਾ। ਠੇਕੇਦਾਰ ਜੈਲੇ ਨੂੰ ਪਤਾ ਸਮਝਾ ਕੇ ਹੋਰ ਮਜ਼ਦੂਰਾਂ ਵੱਲ ਚਲਾ ਗਿਆ। ‘‘ਲੈ ਬਈ ਸੱਤੇ, ਤੇਰੀ ਬੋਹਣੀ ਹੋ ਗਈ। ਆਪਾਂ ਲੈਂਟਰ ਪਾਉਣ ਜਾਣੈ। ਲੈਂਟਰ ਵੱਡਾ ਏ। ਓਵਰਟਾਈਮ ਵੀ ਲੱਗੂਗਾ। ਚੱਲ ਮਾਰ ਪੈਡਲ ਫਟਾਫਟ।’’ ਜੈਲਾ ਸਾਈਕਲ ਦੀ ਗੱਦੀ ’ਤੇ ਬੈਠਦਿਆਂ ਬੋਲਿਆ। ਸੱਤਾ ਸ਼ਹਿਰ ਦੀਆਂ ਤਿੰਨ ਤਿੰਨ ਮੰਜ਼ਿਲਾ ਕੋਠੀਆਂ ਨੂੰ ਨਿਹਾਰਦਾ ਜੈਲੇ ਦੇ ਪਿੱਛੇ ਪਿੱਛੇ ਸਾਈਕਲ ਚਲਾ ਰਿਹਾ ਸੀ। ਉਸ ਨੂੰ ਸ਼ਹਿਰ ਦੇ ਰਸਤੇ ਦੀ ਜਾਣਕਾਰੀ ਨਹੀਂ ਸੀ। ਮੰਜ਼ਿਲ ’ਤੇ ਪਹੁੰਚ ਦੋਵਾਂ ਨੇ ਸਾਈਕਲ ਸਟੈਂਡ ’ਤੇ ਲਾ ਦਿੱਤੇ। ਬਾਰਾਂ ਮਜ਼ਦੂਰਾਂ ਦਾ ਟੋਲਾ ਉਨ੍ਹਾਂ ਦੇ ਨਾਲ ਹੀ ਪਹੁੰਚ ਗਿਆ। ਸਾਰੇ ਆਪਣੇ ਆਪਣੇ ਕੱਪੜੇ ਬਦਲਣ ਲੱਗੇ। ਸੱਤਾ ਅਨਾੜੀ ਮਜ਼ਦੂਰੀ ਵਾਲੀ ਡਰੈੱਸ ਨਹੀਂ ਸੀ ਲਿਆਇਆ। ਉਹ ਸਭ ਵੱਲ ਦੇਖੀ ਜਾਏ। ‘‘ਚਲੋ ਬਈ ਚੱਕੋ ਸਮਾਨ।’’ ਮਿਸਤਰੀ ਉੱਚੀ ਆਵਾਜ਼ ’ਚ ਬੋੋਲਿਆ। ਸਭ ਨੇ ਕਹੀਆਂ ਤਸਲੇ ਚੁੱਕ ਕੇ ਰੇਤੇ ਤੇ ਬਜਰੀ ਦੀਆਂ ਢੇਰੀਆਂ ਨੂੂੰ ਵਾਢੇ ਲਾ ਦਿੱਤੇ। ਸੱਤਾ ਇਕੱਲਾ ਹੀ ਖੜ੍ਹਾ ਰਹਿ ਗਿਆ। ‘‘ਓ ਘਾਣਾ ਕਿਹਨੇ ਰਲਾਉਣੈ?’’ ਮਿਸਤਰੀ ਚੀਕਿਆ। ਕੋਈ ਨਾ ਬੋਲਿਆ। ‘‘ਚੱਲ ਬਈ ਜਵਾਨਾ, ਚੱਕ ਲੈ ਕਹੀ। ਚੜ੍ਹਾ ਲੈ ਪਜਾਮਾ ਉੱਪਰ ਨੂੰ।’’ ਸੱਤੇ ਨੇ ਦੇਰ ਨਾ ਕਰੀ। ਇਕੱਲਾ ਹੀ ਲੱਗ ਗਿਆ, ਬਜਰੀ ਤੇ ਰੇਤੇ ਨੂੰ ਇੱਕਮਿੱਕ ਕਰਨ। ਫਿਰ ਜੈਲਾ ਉਹਦੀ ਮਦਦ ਲਈ ਆਇਆ। ਸੱਤਾ ਸਾਰਾ ਦਿਨ ਸੀਮਿੰਟ ਬਜਰੀ ਤੇ ਰੇਤੇ ਨਾਲ ਦੋ ਦੋ ਹੱਥ ਕਰਦਾ ਰਿਹਾ। ਜੈਲਾ ਵਿੱਚ ਵਿੱਚ ਨੂੰ ਆਰਾਮ ਲੈਣ ਲਈ ਖੜ੍ਹ ਜਾਂਦਾ, ਪਰ ਸੱਤਾ ਮਜ਼ਾਲ ਹੈ ਕੋਲ ਖਾਲ਼ੀ ਤਸਲਾ ਪਿਆ ਰਹਿ ਜਾਏ। ਪੰਜ ਵੱਜਣ ’ਤੇ ਸਾਰੇ ਮਜ਼ਦੂਰ ਕੰਮ ਛੱਡ ਕੇ ਇੱਕ ਪਾਸੇ ਹੋ ਕੇ ਖੜ੍ਹ ਗਏ। ਸੱਤੇ ਦੇ ਇਹ ਅਲਜਬਰਾ ਵੀ ਸਮਝ ਨਾ ਆਇਆ। ‘‘ਓ ਮਿਲੂਗਾ ਮਿਲੂਗਾ ਓਵਰਟਾਈਮ ਵੀ ਮਿਲੂਗਾ। ਘੰਟੇ ਦੇ ਪੂਰੇ ਤੀਹ ਰੁਪਏ।’’ ਮਿਸਤਰੀ ਲੈਂਟਰ ’ਤੇ ਕਾਂਡੀ ਘੁਮਾਉਂਦਾ ਬੋਲਿਆ। ਸਾਰੇ ਮਜ਼ਦੂਰ ਫਿਰ ਲੈਅ ਵਿੱਚ ਆ ਗਏ। ਲੈਂਟਰ ਪੈ ਗਿਆ। ਮਾਲਕ ਮਕਾਨ ਨੇ ਸਭ ਮਜ਼ਦੂਰਾਂ ਨੂੰ ਦੋ ਦੋ ਲੱਡੂ ਖੁਆਏ। ਸੱਤੇ ਨੂੰ ਵੀ ਦੋ ਸੌ ਸੱਠ ਰੁਪਏ ਮਿਲੇ। ਉਹ ਰੁਪਏ ਮਿਲਣ ’ਤੇ ਖ਼ੁਸ਼ ਸੀ। ਉਸ ਦੀ ਮਿਹਨਤ ਦੀ ਇਹ ਪਹਿਲੀ ਕਮਾਈ ਸੀ ਜੋ ਉਸ ਦੀ ਜੇਬ ਵਿੱਚ ਪਈ ਸੀ। ਉਸ ਨੇ ਤੀਹ ਰੁਪਏ ਦੇ ਲੱਡੂ ਤੇ ਤੀਹ ਰੁਪਏ ਦੇ ਕੇਲੇ ਖਰੀਦੇ ਆਪਣੇ ਬੇਬੇ ਤੇ ਬਾਪੂ ਲਈ।
ਸੱਤਾ ਘਰ ਵੱਲ ਆਉਂਦਿਆਂ ਪੈਡਲ ਮਾਰਦਾ ਉਂਗਲਾਂ ਦੇ ਪੋਟਿਆਂ ਨੂੰ ਵਾਰ ਵਾਰ ਅੰਗੂਠੇ ਨਾਲ ਰਗੜ ਰਿਹਾ ਸੀ। ਹੰਢਿਆ ਹੋਇਆ ਜੈਲਾ ਸਮਝ ਗਿਆ ਸੀ ਕਿ ਕੂਲ਼ੇ ਹੱਥਾਂ ’ਤੇ ਸੀਮਿੰਟ ਨੇ ਗਲ਼ੀਆਂ ਕਰ ਦਿੱਤੀਆਂ ਹਨ। ‘‘ਘਰ ਜਾ ਕੇ ਇਨ੍ਹਾਂ ’ਤੇ ਸਰ੍ਹੋਂ ਦਾ ਤੇਲ ਲਾ ਲਈਂ। ਠੀਕ ਹੋ ਜਾਊ।’’ ਜੈਲਾ ਚਾਹ ਕੇ ਵੀ ਹੋਰ ਕੁਝ ਨਾ ਬੋਲਿਆ। ਸੱਤਾ ਘਰ ਪਹੁੰਚਿਆ। ਬੇਬੇ ਘਰੇ ਸੀ। ਬਾਪੂ ਅਜੇ ਨਹੀਂ ਸੀ ਆਇਆ। ਸੱਤੇ ਨੇ ਮਾਣ ਨਾਲ ਆਪਣੀ ਬੇਬੇ ਨੂੰ ਲੱਡੂਆਂ ਦਾ ਡੱਬਾ ਫੜਾਇਆ ਜਿਵੇਂ ਕਹਿ ਰਿਹਾ ਹੋਵੇ ਕਿ ਇਹ ਤੇਰੇ ਪੁੱਤ ਦੀ ਕਮਾਈ ਦਾ ਪਹਿਲਾ ਦਿਨ ਹੈ। ਬੇਬੇ ਨੇ ਲੱਡੂਆਂ ਦਾ ਡੱਬਾ ਮੰਜੇ ’ਤੇ ਰੱਖ ਕੇ ਆਪਣੇ ਪੁੱਤ ਦੇ ਹੱਥ ਫੜ ਲਏ। ਮਾਵਾਂ ਨੂੰ ਕਮਾਈਆਂ ਤੋਂ ਕਿਤੇ ਵਧ ਕੇ ਆਪਣੇ ਪੁੱਤ ਪਿਆਰੇ ਹੁੰਦੇ ਹਨ। ਸੱਤੇ ਨੇ ਇਕਦਮ ਹੱਥ ਖਿੱਚ ਲਏ ਤੇ ਨਹਾਉਣ ਚਲਹਾ ਗਿਆ। ਨਹਾਉਣ ਲੱਗਿਆਂ ਸੱਤੇ ਨੇ ਪੈਰਾਂ ਦੀਆਂ ਉਂਗਲਾਂ ਦੇ ਦਰਦ ਨੂੰ ਮਹਿਸੂਸ ਕੀਤਾ। ਉੱਥੇ ਵੀ ਸੀਮਿੰਟ ਨੇ ਸੁਰਾਖ ਕੀਤੇ ਹੋਏ ਸਨ। ਉਹ ਨਹਾ ਕੇ ਅੰਦਰ ਆ ਕੇ ਹੱਥਾਂ ਤੇ ਪੈਰਾਂ ਨੂੰ ਤੇਲ ਲਾਉਣ ਲੱਗਿਆ। ਉਸ ਦੀ ਹਲਕੀ ਜਿਹੀ ਚੀਸ ਬੇਬੇ ਦੇ ਕਲੇਜੇ ਵਿੱਚ ਵੱਜੀ। ਰੋਟੀ ਬਣਾਉਂਦੀ ਬਣਾਉਂਦੀ ਬੇਬੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਚੁੰਨੀ ਦੇ ਲੜ ਨਾਲ ਆਪਣੀਆਂ ਅੱਖਾਂ ਸਾਫ਼ ਕਰਦੀ ਕਰਦੀ ਬੇਬੇ ਆਪਣੀ ਤੇ ਸੱਤੇ ਦੀ ਕਿਸਮਤ ਨੂੰ ਕੋਸ ਰਹੀ ਸੀ। ਰੋਟੀ ਖਾ ਕੇ ਮੰਜੇ ’ਤੇ ਪੈਂਦਿਆਂ ਹੀ ਉਹ ਨੀਂਦ ਰਾਣੀ ਦੀ ਗੋਦੀ ਵਿੱਚ ਚਲਾ ਗਿਆ। ਸੱਤੇ ਦਾ ਬਾਪੂ ਵੀ ਸੌਂ ਗਿਆ। ਬੇਬੇ ਦੀਵਾ ਲੈ ਕੇ ਸੱਤੇ ਦੀਆਂ ਉਂਗਲਾਂ ਦੇ ਪੋਟਿਆਂ ’ਤੇ ਕੋਸਾ ਕੋਸਾ ਤੇਲ ਲਾਉਣ ਲੱਗੀ। ਸੱਤੇ ਨੇ ਦਰਦ ਦੀ ਚੀਸ ਵੱਟ ਕੇ ਅੱਖ ਖੋਲ੍ਹੀ। ਮਾਂ ਦਾ ਹੱਥ ਸਿਰ ’ਤੇ ਫਿਰਨ ਦੀ ਦੇਰ ਸੀ ਕਿ ਉਹ ਮੁੜ ਗਹਿਰੀ ਨੀਂਦ ਸੌਂ ਗਿਆ।
ਦੂਜੀ ਸਵੇਰ ਜੈਲੇ ਨੇ ਸੱਤੇ ਦੇ ਦਰ ਅੱਗੇ ਆ ਸਾਈਕਲ ਦੀ ਟੱਲੀ ਵਜਾਈ। ਸੱਤੇ ਦੀ ਬੇਬੇ ਪਹਿਲਾਂ ਹੀ ਉਹਦਾ ਰਾਹ ਤੱਕ ਰਹੀ ਸੀ। ਉਸ ਨੇ ਫਟਾਫਟ ਆ ਜੈਲੇ ਨੂੰ ਮਨ੍ਹਾਂ ਕਰ ਦਿੱਤਾ ਕਿ ਸੱਤਾ ਅੱਜ ਨਹੀਂ ਜਾਏਗਾ। ਉਹ ਦੂਜੇ ਦਿਨ ਵੀ ਕੰਮ ’ਤੇ ਨਾ ਗਿਆ, ਪਰ ਤੀਜੇ ਦਿਨ ਉਹਦਾ ਸਾਈਕਲ ਤਿਆਰ ਸੀ। ‘‘ਸੱਤੇ, ਅਜੇ ਤੂੰ ਕੰਮ ’ਚ ਅਣਜਾਣ ਏਂ। ਤਜਰਬੇ ਨਾਲ ਆਪਣੇ ਆਪ ਸਿੱਖ ਲਵੇਂਗਾ। ਕੰਮ ਕਰਦਿਆਂ ਕਦੇ ਵੀ ਸਰੀਰ ਨਾਲ ਧੱਕਾ ਨਾ ਕਰੋ। ਚੁਸਤੀ ਵਰਤਣੀ ਵੀ ਸਿੱਖ।’’ ਪਹਿਲੇ ਦਿਨ ਦੀ ਦਿਲ ਦੀ ਗੱਲ ਜੈਲਾ ਸੱਤੇ ਨਾਲ ਸਾਂਝੀ ਕਰ ਗਿਆ। ਸੱਤਾ ਜੈਲੇ ਦਾ ਇਸ਼ਾਰਾ ਸਮਝ ਰਿਹਾ ਸੀ। ਉਹ ਹੌਲੀ ਹੌਲੀ ਕੰਮ ’ਚ ਹਾਲ਼ੀ ਨਿਕਲਦਾ ਗਿਆ। ਤਕੜੇ ਸਰੀਰ ਤੇ ਕੰਮ ਪ੍ਰਤੀ ਇਮਾਨਦਾਰੀ ਕਰਕੇ ਠੇਕੇਦਾਰ ਭੂਸ਼ਣ ਹੀ ਉਹਨੂੰ ਵਿਹਲਾ ਨਹੀਂ ਸੀ ਰਹਿਣ ਦਿੰਦਾ। ਸਮਾਂ ਬੀਤਦਾ ਗਿਆ। ਸੱਤੇ ਦਾ ਵਿਆਹ ਹੋ ਗਿਆ। ਉਸ ਦੀ ਬੇਬੇ ਨੂੰ ਵੀ ਕੰਮ ਤੋਂ ਆਰਾਮ ਮਿਲਿਆ। ਤੇਜਾ ਸਿਆਣੀ ਉਮਰ ਹੋ ਜਾਣ ਕਾਰਨ ਹੁਣ ਕੰਮ ’ਤੇ ਨਾ ਜਾਂਦਾ। ਹੌਲੀ ਹੌਲੀ ਸੱਤੇ ਦੀ ਘਰਵਾਲੀ ਜੀਤੋ ਨੇ ਘਰ ਦਾ ਸਾਰਾ ਕੰਮ ਸੰਭਾਲ ਲਿਆ। ਸੱਤੇ ਦੇ ਘਰ ਮੁੰਡੇ ਨੇ ਜਨਮ ਲਿਆ ਜਿਸ ਦਾ ਨਾਂ ਤੇਜੇ ਨੇ ਦੀਪਾ ਰੱਖਿਆ। ਫੇਰ ਕੁੜੀ ਹੋਈ। ਸਮਾਂ ਬੀਤਣ ਦੇ ਨਾਲ ਨਾਲ ਸੱਤੇ ਦੇ ਬੇਬੇ ਤੇ ਬਾਪੂ ਵਾਰੋ ਵਾਰੀ ਇਸ ਜਹਾਨੋਂ ਤੁਰ ਗਏ।
ਹੁਣ ਜੈਲਾ ਦਿਹਾੜੀ ਕਰਨ ਸ਼ਹਿਰ ਨਹੀਂ ਜਾਂਦਾ ਸੀ। ਸੱਤਾ ਇਕੱਲਾ ਹੀ ਜਾਂਦਾ। ਇੱਕ ਦਿਨ ਉਸ ਨੇ ਦੂਰੋਂ ਹੀ ਦੇਖਿਆ ਕਿ ਲੇਬਰ ਚੌਕ ’ਤੇ ਮਜ਼ਦੂਰ ਅਲੱਗ ਅਲੱਗ ਟੋਲੀਆਂ ਵਿੱਚ ਖੜ੍ਹਨ ਦੀ ਬਜਾਏ ਇਕੱਠੇ ਹੋਏ ਖੜ੍ਹੇ ਹਨ। ਸੱਤਾ ਵੀ ਸਾਈਕਲ ਖੜ੍ਹਾ ਕੇ ਉਸ ਭੀੜ ਵਿੱਚ ਸ਼ਾਮਲ ਹੋ ਗਿਆ। ਫਿਰ ਇੱਕ ਦੁਕਾਨ ਦੀਆਂ ਪੌੜੀਆਂ ’ਤੇ ਇੱਕ ਚਿੱਟੀ ਕਮੀਜ਼ ਤੇ ਨੀਲੀ ਪੈਂਟ ਪਹਿਨੀ ਭੱਦਰਪੁਰਸ਼ ਆਣ ਖਲੋਇਆ ਤੇ ਬੋਲਣਾ ਸ਼ੁਰੂ ਕਰ ਦਿੱਤਾ, ‘‘ਸਾਥੀਓ, ਮੈਂ ਅਸ਼ੋਕ ਭਾਰਤੀ ਅਲੱਗ ਅਲੱਗ ਸ਼ਹਿਰਾਂ ਵਿੱਚ ਮਜ਼ਦੂਰਾਂ ਨੂੰ ਆਪਣੇ ਹੱਕਾਂ ਬਾਰੇ ਜਾਗਰੂਕ ਕਰਦਾ ਰਹਿੰਦਾ ਹਾਂ।’’ ਸਭ ਮਜ਼ਦੂਰ ਬੜੇ ਗਹੁ ਨਾਲ ਸੁਣਨ ਲੱਗੇ। ‘‘ਤੁਸੀਂ ਡਾਕਟਰ ਅੰਬੇਡਕਰ ਬਾਰੇ ਜਾਣਦੇ ਹੋ?’’ ਸਭ ਮਜ਼ਦੂਰ ਹੈਰਾਨੀ ਨਾਲ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ। ਪਹਿਲਾਂ ਇੱਕ ਦਿਹਾੜੀ 14 ਘੰਟਿਆਂ ਦੀ ਹੁੰਦੀ ਸੀ। ਅੱਜ 8 ਘੰਟਿਆਂ ਦੀ ਹੈ। ਇਹ ਕੰਮ ਦੇ ਅੱਠ ਘੰਟੇ ਤੇ ਓਵਰਟਾਈਮ ਦੇ ਰੁਪਏ ਦਿਵਾਉਣ ਵਾਲਾ ਸ਼ਖ਼ਸ ਡਾਕਟਰ ਅੰਬੇਡਕਰ ਹੀ ਹੈ। ਉਨ੍ਹਾਂ ਦੇ ਮੂੰਹੋਂ ਨਿਕਲਿਆ ਇੱਕ ਅਤਿ ਸੁੰਦਰ ਵਾਕ ਹੈ, ਸਿੱਖਿਆ ਸ਼ੇਰਨੀ ਦਾ ਦੁੱਧ ਹੈ, ਜੋ ਪੀਏਗਾ ਉਹ ਦਹਾੜੇਗਾ। ਸੋ ਜੇ ਆਪ ਨਾ ਪੜ੍ਹ ਸਕੇ ਤਾਂ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾਓ। ਆਪਣੇ ਆਪ ਨੂੰ ਇਸ ਨਰਕ ਵਿੱਚੋਂ ਕੱਢਣ ਦਾ ਇੱਕੋ ਇੱਕ ਹੱਲ ਹੈ ਸਿੱਖਿਆ। ਤੁਸੀਂ ਸਿੱਖਿਅਤ ਹੋ ਗਏ ਤਾਂ ਤੁਹਾਨੂੰ ਖ਼ੁਦ ਹੀ ਆਪਣੇ ਅਧਿਕਾਰਾਂ ਬਾਰੇ ਪਤਾ ਲੱਗ ਜਾਊ। ਦੂਜਾ ਆਪਣਾ ਸੰਗਠਨ ਕਾਇਮ ਕਰੋ। ਇਕੱਠੇ ਹੋ ਕੇ ਆਪਣੀ ਉਜਰਤ ਵਧਾਉਣ ਦੀ ਮੰਗ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੇ ਕੰਮ ਦੌਰਾਨ ਤੁਹਾਡੇ ਸੱਟ ਵੱਜ ਜਾਏ ਤਾਂ ਇਸ ਦਾ ਮੁਆਵਜ਼ਾ ਮਿਲਣ ਲਈ ਵੀ ਕਾਨੂੰਨ ਬਣੇ ਹੋਏ ਹਨ। ਮਾਲਕ ਤੁਹਾਡੇ ਸੱਟ ਵੱਜਣ ਤੇ ਜਾਨ ਆਦਿ ਲਈ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੁੰਦਾ ਹੈੈ।’’ ਭਾਰਤੀ ਦੇ ਬੋਲਣ ਤੋਂ ਬਾਅਦ ਸਭ ਮਜ਼ਦੂਰ ਆਪਣੇ ਆਪਣੇ ਕੰਮਾਂ ’ਤੇ ਚਲੇ ਗਏ। ਸੱਤੇ ਦਾ ਮੁੰਡਾ ਤੇ ਕੁੜੀ ਸਕੂਲ ਜਾਣ ਲੱਗੇ। ਦੀਪਾ ਤੇ ਉਨ੍ਹਾਂ ਦਾ ਗੁਆਂਢੀ ਮੋਹਣਾ ਇੱਕੋ ਜਮਾਤ ਵਿੱਚ ਪੜ੍ਹਦੇ।
ਇੱਕ ਦਿਨ ਸਿਖਰ ਦੁਪਹਿਰ। ਧੁੱਪ ਆਪਣੇ ਪੂਰੇ ਜਲੌਅ ਵਿੱਚ। ਸੱਤੇ ਦਾ ਪੈੜ ਦੇ ਇੱਕ ਕੋਨੇ ਤੋਂ ਇੱਟ ਚੁੱਕਦੇ ਦਾ ਸੰਤੁਲਨ ਵਿਗੜ ਗਿਆ। ਉਹ ਸਿੱਧਾ ਹੇਠਾਂ ਆ ਡਿੱਗਿਆ। ਬਾਕੀ ਸਾਥੀਆਂ ਨੇ ਉਸ ਨੂੰ ਚੁੱਕਿਆ। ਮਕਾਨ ਮਾਲਕ ਉਸ ਨੂੰ ਸਕੂਟਰ ਦੇ ਪਿੱਛੇ ਬਿਠਾ ਕੇ ਹਸਪਤਾਲ ਲੈ ਗਿਆ। ਉਸ ਦੀ ਸੱਜੀ ਬਾਂਹ ਕੂਹਣੀ ਕੋਲੋਂ ਟੁੱਟ ਗਈ। ਉਸ ਦੇ ਪਲਸਤਰ ਲੱਗ ਗਿਆ। ਉਹ ਇੱਕ ਮਹੀਨੇ ਲਈ ਘਰ ਬੈਠ ਗਿਆ। ਮਜ਼ਦੂਰ ਦੇ ਘਰ ਦਾ ਚੁੱਲ੍ਹਾ ਉਸ ਦੀ ਹਰ ਰੋਜ਼ ਲੱਗਣ ਵਾਲੀ ਦਿਹਾੜੀ ਨਾਲ ਹੀ ਬਲਦਾ ਹੈ। ਇੱਕ ਜਾਂ ਦੋ ਦਿਹਾੜੀਆਂ ਨਾ ਲੱਗਣ ਨਾਲ ਹੀ ਘਰ ਦੇ ਜੀਆਂ ਦੇ ਚਿਹਰੇ ਮੁਰਝਾ ਜਾਂਦੇ ਹਨ। ਸੱਤਾ ਤਾਂ ਮਹੀਨੇ ਲਈ ਘਰ ਬੈਠ ਗਿਆ ਸੀ। ਪੰਜ ਕੁ ਦਿਨਾਂ ਵਿੱਚ ਹੀ ਉਸ ਦੇ ਘਰ ਦਾ ਝੁੱਗਾ ਚੌੜ ਹੋ ਗਿਆ। ਨੌਵੀਂ ਜਮਾਤ ਵਿੱਚ ਪੜ੍ਹਦਾ ਦੀਪਾ ਘਰ ਦੀ ਨਾਜ਼ੁਕ ਹੋਈ ਮਾਲੀ ਹਾਲਤ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਉਨ੍ਹਾਂ ਦੇ ਮੁਹੱਲੇ ਵਿੱਚ ਇੱਕ ਮਕਾਨ ਬਣ ਰਿਹਾ ਸੀ ਜਿੱਥੇ ਦੀਪਾ ਸਕੂਲ ਜਾਣ ਦੀ ਥਾਂ ਦਿਹਾੜੀ ’ਤੇ ਚਲਾ ਗਿਆ। ਦੀਪੇ ਦਾ ਪੜ੍ਹਾਈ ਛੱਡਣ ਨੂੰ ਦਿਲ ਨਹੀਂ ਸੀ ਕਰ ਰਿਹਾ, ਪਰ ਘਰ ਦੀਆਂ ਤੰਗੀਆਂ ਤੁਰਸ਼ੀਆਂ ਨੇ ਮਲੂਕ ਜਿੰਦੜੀ ਦੇ ਹੱਥ ਪੈੱਨ ਕਿਤਾਬਾਂ ਦੀ ਥਾਂ ਕਹੀ ਤੇ ਤਸਲਾ ਫੜਾ ਦਿੱਤੇ। ਜਦੋਂ ਸੱਤੇ ਨੂੰ ਦੀਪੇ ਦੇ ਦਿਹਾੜੀ ਜਾਣ ਦਾ ਪਤਾ ਲੱਗਿਆ ਤਾਂ ਉਸ ਨੂੰ ਬਹੁਤ ਝਟਕਾ ਲੱਗਿਆ। ਉਸ ਦੀਆਂ ਅੱਖਾਂ ਸਾਹਮਣੇ ਭਾਰਤੀ ਦਾ ਸਿੱਖਿਆ ਸ਼ੇਰਨੀ ਦਾ ਦੁੱਧ ਵਾਲਾ ਭਾਸ਼ਣ ਘੁੰਮਣ ਲੱਗਿਆ, ਪਰ ਉਹ ਬੇਬੱਸ ਹੋਇਆ ਮੰਜੇ ’ਤੇ ਪਿਆ ਸੀ। ਘਰ ਦੇ ਠੰਢੇ ਹੋ ਰਹੇ ਚੁੱਲ੍ਹੇ ਨੇ ਸੱਤੇ ਦੇ ਮੂੰਹ ’ਤੇ ਚੇਪੀ ਲਾ ਦਿੱਤੀ। ਉਹ ਆਸਮਾਨ ਵੱਲ ਅੱਖਾਂ ਚੁੱਕ ਕੇ ਕਹਿਣ ਲੱਗਾ, ‘‘ਚੰਗਾ ਬਈ ਮਾਲਕਾ ਜਿਵੇਂ ਤੇਰੀ ਮਰਜੀ ਐ।’’ ਫਿਰ ਦੀਪਾ ਸ਼ਹਿਰ ਵਿੱਚ ਲੇਬਰ ਚੌਕ ’ਤੇ ਜਾਣ ਲੱਗਿਆ। ਇੱਕ ਮਹੀਨੇ ਬਾਅਦ ਸੱਤੇ ਦੀ ਬਾਂਹ ਦਾ ਪਲੱਸਤਰ ਖੁੱਲ੍ਹ ਗਿਆ। ਉਸ ਨੇ ਦੀਪੇ ਨੂੰ ਸਕੂਲ ਜਾਣ ਲਈ ਕਿਹਾ, ਪਰ ਦੀਪਾ ਕਹਿੰਦਾ, ‘‘ਬਾਪੂ, ਆਪਾਂ ਸ਼ਤੀਰੀਆਂ ਤੇ ਖੜ੍ਹ ਨੂੰ ਬਦਲ ਕੇ ਕਮਰੇ ’ਤੇ ਲੈਂਟਰ ਪਾ ਲੈਂਦੇ ਹਾਂ। ਇਸ ਲਈ ਆਪਾਂ ਦੋਵੇਂ ਦਿਹਾੜੀ ਕਰਦੇ ਹਾਂ।’’ ਸੱਤਾ ਕੁੱਝ ਨਾ ਬੋਲਿਆ। ਹੁਣ ਦੋਵੇਂ ਜਣੇ ਇਕੱਠੇ ਹੀ ਲੇਬਰ ਚੌਕ ’ਤੇ ਜਾਂਦੇ।
ਸੱਤੇ ਨੂੰ ਸਾਹ ਚੜ੍ਹਨ ਲੱਗ ਗਿਆ। ਕੰਮ ਕਰਦਾ ਕਰਦਾ ਵੀ ਉਹ ਬੈਠ ਜਾਂਦਾ। ਨਾਲ ਹੀ ਉਸ ਨੂੰ ਹਲਕੀ ਹਲਕੀ ਖੰਘ ਵੀ ਹੋਣ ਲੱਗ ਗਈ। ਚੜ੍ਹਦੀ ਜਵਾਨੀ ਅਖੀਰ ਢਲਦੇ ਪ੍ਰਛਾਵੇਂ ਵਿੱਚ ਬਦਲ ਜਾਂਦੀ ਹੈ। ਗੁਰਬਤ ਭਰੇ ਵਿਹੜਿਆਂ ’ਚ ਸੂਰਜ ਛੇਤੀ ਛਿਪ ਜਾਂਦਾ ਹੈ ਕਿਉਂਕਿ ਸਰੀਰ ਨੂੰ ਲੰਮਾ ਸਮਾਂ ਨਰੋਆ ਰੱਖਣ ਲਈ ਪੌਸ਼ਟਿਕ ਖਾਣ ਪੀਣ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਮਹਿੰਗਾਈ ਛੜੱਪੇ ਮਾਰ ਮਾਰ ਵਧ ਰਹੀ ਹੈ, ਉਸ ਮੁਕਾਬਲੇ ਮਜ਼ਦੂਰ ਦੀ ਦਿਹਾੜੀ ਵਧਣ ਦੀ ਰਫ਼ਤਾਰ ਕਿਤੇ ਹੌਲ਼ੀ ਹੈ। ਸੱਤੇ ਦੀ ਸਾਰੀ ਉਮਰ ਦਿਹਾੜੀ ਕਰਦੇ ਦੀ ਲੰਘ ਗਈ। ਸਾਰੀ ਉਮਰ ਵਿੱਚ ਉਸ ਨੂੰ ਸਿਰਫ਼ ਦੋ ਸੌ ਰੁਪਏ ਇਨਕਰੀਮੈਂਟ ਲੱਗਿਆ। ਇਨ੍ਹਾਂ ਦੀ ਦਿਹਾੜੀ ਵਧਾਉਣ ਦੀ ਗੱਲ ਹੋਰਾਂ ਨੇ ਤਾਂ ਕੀ ਕਰਨੀ ਹੈ, ਇਹ ਆਪ ਵੀ ਨਹੀਂ ਕਰ ਸਕਦੇ। ਆਪਣਾ ਸਰੀਰ ਵਾਹੀ ਜਾਣਗੇ, ਪਰ ਚੂੰ ਨਹੀਂ ਕਰਦੇ। ਇਨ੍ਹਾਂ ਕੋਲ ਸਿੱਖਿਆ ਨਾ ਹੋਣ ਕਾਰਨ ਇਹ ਸੰਗਠਤ ਵੀ ਨਹੀਂ। ਆਪਣੀ ਉਜਰਤ ਵਧਾਉਣ ਸਮੇਤ ਹੋਰ ਮੰਗਾਂ ਲਾਗੂ ਕਰਾਉਣੀਆਂ ਹਾਲੇ ਇਨ੍ਹਾਂ ਲਈ ਦੂਰ ਦੀ ਕੌਡੀ ਹੈ।
ਸੱਤਾ ਹੁਣ ਕਈ ਦਫ਼ਾ ਲੇਬਰ ਚੌਕ ਤੋਂ ਖਾਲੀ ਹੀ ਮੁੜ ਆਉਂਦਾ। ਧੌਲ਼ੇ ਵਾਲ਼ ਤੇ ਖੁੱਲ੍ਹ ਖੁੱਲ੍ਹ ਕਰਦੇ ਸਰੀਰ ਦੀ ਬੋਲੀ ਕੋਈ ਨਹੀਂ ਲਾਉਂਦਾ। ਉਸ ਦੀ ਸਾਹ ਚੜ੍ਹਨ ਦੀ ਸਮੱਸਿਆ ਦਿਨ-ਬ-ਦਿਨ ਵਧਦੀ ਹੀ ਜਾ ਰਹੀ ਸੀ। ਪਿੰਡ ਦੇ ਡਾਕਟਰ ਤੋਂ ਕਈ ਦਫ਼ਾ ਦਵਾਈ ਲਈ, ਪਰ ਗੱਲ ਨਾ ਬਣੀ। ਜੀਤੋ ਦੇ ਵੀ ਕੁੱਬ ਪੈਣ ਲੱਗ ਗਿਆ। ਸੱਤੇ ਨੇ ਦੀਪੇ ਦਾ ਵਿਆਹ ਕਰ ਲਿਆ। ਸਾਲ ਕੁ ਬਾਅਦ ਦੀਪੇ ਦੇ ਘਰ ਮੁੰਡੇ ਨੇ ਜਨਮ ਲਿਆ। ਇੱਕ ਸਵੇਰ ਦੋਵੇਂ ਪਿਓ ਪੁੱਤ ਲੇਬਰ ਚੌਕ ਵੱਲ ਜਾ ਰਹੇ ਸਨ। ਉਨ੍ਹਾਂ ਕੋਲ ਦੀ ਮੋਹਣਾ ਸਕੂਟਰ ਭਜਾਈ ਹਵਾ ਦੇ ਬੁੱਲੇ ਵਾਂਗੂੰ ਲੰਘ ਗਿਆ। ‘‘ਬਾਪੂ, ਇਹ ਮੋਹਣਾ ਏ। ਪਟਵਾਰੀ ਲੱਗ ਗਿਆ।’’ ਦੀਪਾ ਸਮਝ ਗਿਆ ਸੀ ਕਿ ਬਾਪੂ ਸਕੂਟਰ ਵਾਲੇ ਨੂੰ ਪਛਾਣ ਨਹੀਂ ਸਕਿਆ। ਸੱਤਾ ਕੁਝ ਨਾ ਬੋਲਿਆ, ਪਰ ਭਾਰਤੀ ਦੇ ਸ਼ਬਦ ‘ਸਿੱਖਿਆ ਸ਼ੇਰਨੀ ਦਾ ਦੁੱਧ’ ਉਸ ਦੇ ਜ਼ਿਹਨ ਵਿੱਚ ਅੜ ਗਏ। ਉਸ ਦਿਨ ਦੋਵੇਂ ਇੱਕੋ ਜਗ੍ਹਾ ਦਿਹਾੜੀ ਕਰ ਰਹੇ ਸਨ। ਦੁਪਹਿਰ ਦਾ ਖਾਣਾ ਖਾਣ ਹੀ ਲੱਗੇ ਸੀ, ਸੱਤੇ ਦੀ ਖੰਘ ਵਧਦੀ ਗਈ। ਉਸ ਨੂੰ ਸਾਹ ਨਾ ਆਵੇ। ਉਹ ਭੱਜਦਾ ਫਿਰੇ। ਕਦੇ ਜ਼ਮੀਨ ’ਤੇ ਲਿਟੇ। ਦੀਪਾ ਡਰ ਗਿਆ।
ਮਕਾਨ ਮਾਲਕ ਫਟਾਫਟ ਸੱਤੇ ਨੂੰ ਹਸਪਤਾਲ ਲੈ ਕੇ ਗਿਆ। ਟੈਸਟ ਹੋਏ। ਦਮੇ ਦੀ ਬਿਮਾਰੀ ਦੀ ਪਛਾਣ ਹੋਈ। ਡਾਕਟਰ ਨੇ ਦਵਾਈ ਦੇ ਨਾਲ ਨਾਲ ਸੱਤੇ ਨੂੰ ਮਿੱਟੀ ਧੂੜ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਸੱਤਾ ਹੁਣ ਘਰ ਮੰਜੇ ’ਤੇ ਪਿਆ ਰਹਿੰਦਾ। ਥੋੜ੍ਹਾ ਜਿਹਾ ਤੁਰਨ ’ਤੇ ਵੀ ਉਹਨੂੰ ਸਾਹ ਚੜ੍ਹ ਜਾਂਦਾ। ਦੀਪੇ ਦੀ ਮਾਂ ਉਸ ਨੂੰ ਆਪਣੇ ਗੋਡੇ ਦਾ ਸਹਾਰਾ ਦੇ ਕੇ ਬਿਠਾਉਂਦੀ ਤੇ ਪਿੱਠ ’ਤੇ ਹੱਥ ਫੇਰਦੀ ਰਹਿੰਦੀ। ਉਸ ਦਾ ਸਰੀਰ ਦਿਨ ਪ੍ਰਤੀ ਦਿਨ ਸੁੱਕਦਾ ਜਾ ਰਿਹਾ ਸੀ।
ਇੱਕ ਸ਼ਾਮ ਸੂਰਜ ਛਿਪ ਚੁੱਕਿਆ ਸੀ। ਸੱਤੇ ਨੂੰ ਫਿਰ ਹੁੱਥੂ ਛਿੜ ਪਿਆ। ਘਰ ਦੇ ਤਿੰਨੇ ਮੈਂਬਰ ਉਸ ਦੇ ਦੁਆਲ਼ੇ ਹੋ ਗਏ। ਜੀਤੋ ਤੇ ਗਿੰਦਰ ਪਿੱਠ ’ਤੇ ਹੱਥ ਫੇਰਨ।ਦੀਪਾ ਸਰੋਂ ਦਾ ਤੇਲ ਬਾਪੂ ਦੇ ਪੈਰਾਂ ਦੀਆਂ ਤਲ਼ੀਆਂ ’ਤੇ ਝੱਸੇ। ਸੱਤੇ ਨੂੰ ਆਰਾਮ ਮਿਲਿਆ। ਫਿਰ ਉਹ ਹੌਲ਼ੀ ਆਵਾਜ਼ ਵਿੱਚ ਬੋਲਿਆ, ‘‘ਮੈਂ ਸਾਰੀ ਉਮਰ ਦਿਹਾੜੀ ਕਰੀ। ਇੱਕ ਬੈਠਕ ਮਸੀਂ ਬਣੀਂ ਮੈਥੋਂ। ਛੱਤ ਦੇਖ ਲੋ।’’ ਉਸ ਨੇ ਕੰਬਦੀ ਉਂਗਲ ਨਾਲ ਧੁਆਂਖੀ ਛੱਤ ਵੱਲ ਇਸ਼ਾਰਾ ਕੀਤਾ। ਫਿਰ ਫਟੀਆਂ ਪੁਰਾਣੀਆਂ ਪੱਲੀਆਂ ਲੱਗੀਆਂ ਖਿੜਕੀਆਂ ਵੱਲ। ਫਿਰ ਗੋਹੇ ਨਾਲ ਲਿੱਪੇ ਫਰਸ਼ ਵੱਲ। ਆਪਣੇ ਪੁੱਤ ਤੇ ਨੂੰਹ ਨੂੰ ਕਹਿੰਦਾ, ‘‘ਬੱਚਿਓ, ਦਿਹਾੜੀਆਂ ਕਰਨ ਨਾਲ ਕੁਝ ਨ੍ਹੀਂ ਸੁਧਰਨਾ। ਜਿਵੇਂ ਮਰਜੀ ਕਰਿਓ, ਚਾਹੇ ਦੋ ਰੋਟੀਆਂ ਘੱਟ ਖਾ ਲਿਓ, ਪਰ ਡਿੰਪੀ ਨੂੰ ਵੱਧ ਤੋਂ ਵੱਧ ਪੜ੍ਹਾਇਓ ਤਾਂ ਕਿਤੇ ਜਾ ਕੇ ਆਪਣੇ ਘਰ ਦਾ ਸੁਧਾਰ ਹੋਵੇਗਾ।’’ ਹੌਲ਼ੀ ਹੌਲ਼ੀ ਖੰਘਦੇ ਨੇ ਆਰਾਮ ਕਰਨ ਦਾ ਇਸ਼ਾਰਾ ਕੀਤਾ।
ਸੰਪਰਕ: 62849-20113



News Source link
#ਸ਼ਰਨ #ਦ #ਦਧ

- Advertisement -

More articles

- Advertisement -

Latest article