33.2 C
Patiāla
Saturday, May 18, 2024

ਕੱਚੇ ਅਧਿਆਪਕਾਂ ਦਾ ਸੰਘਰਸ਼: ਇੰਦਰਜੀਤ ਸਿੰਘ 8 ਦਿਨ ਤੋਂ ਟੈਂਕੀ ’ਤੇ ਅਤੇ ਸਰਕਾਰ ਨੂੰ ਪੋਲ ਖੋਲ੍ਹ ਮਾਰਚ ਦੀ ਚਿਤਾਵਨੀ

Must read


ਗੁਰਦੀਪ ਸਿੰਘ ਲਾਲੀ

ਸੰਗਰੂਰ, 20 ਜੂਨ

8736 ਕੱਚੇ ਮੁਲਾਜ਼ਮ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਕੱਚੇ ਅਧਿਆਪਕਾਂ ਤੇ ਕਰਮਚਾਰੀਆਂ ਵਲੋਂ ਸੇਵਾਵਾਂ ਰੈਗੂਲਰ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਿਹਾਇਸ਼ ਵਾਲੀ ਕਲੋਨੀ ਨੇੜਲੇ ਪਿੰਡ ਖੁਰਾਣਾ ਦੀ ਪਾਣੀ ਵਾਲੀ ਟੈਂਕੀ ਉਪਰ ਅਤੇ ਹੇਠਾਂ ਸੰਘਰਸ਼ ਜਾਰੀ ਹੈ। ਕੱਚੇ ਅਧਿਆਪਕਾਂ ’ਚੋਂ ਇੰਦਰਜੀਤ ਸਿੰਘ ਮਾਨਸਾ ਜਿਥੇ ਅੱਠਵੇਂ ਦਿਨ ਵੀ ਟੈਂਕੀ ਉਪਰ ਡਟਿਆ ਰਿਹਾ ਉਥੇ ਟੈਂਕੀ ਹੇਠਾਂ ਕੱਚੇ ਅਧਿਆਪਕਾਂ ਦਾ ਪੱਕਾ ਮੋਰਚਾ ਵੀ ਲਗਾਤਾਰ ਜਾਰੀ ਹੈ। ਸੰਘਰਸ਼ਸ਼ੀਲ ਕੱਚੇ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇ 22 ਜੂਨ ਦੀ ਕੈਬਨਿਟ ਸਬ ਕਮੇਟੀ ਨਾਲ ਹੋਣ ਵਾਲੀ ਮੀਟਿੰਗ ਵਿਚ ਮੰਗਾਂ ਦਾ ਕੋਈ ਪੁਖ਼ਤਾ ਹੱਲ ਨਾ ਹੋਇਆ ਤਾਂ ਸੰਗਰੂਰ, ਦਿੜਬਾ, ਬਰਨਾਲਾ ਅਤੇ ਆਨੰਦਪੁਰ ਸਾਹਿਬ ਹਲਕਿਆਂ ਦੇ ਪਿੰਡਾਂ ਵਿਚ ਭਰਾਤਰੀ ਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਵੱਖ-ਵੱਖ ਵ੍ਹੀਕਲਾਂ ’ਤੇ ਮਾਰਚ ਕਰਕੇ ਪੱਕੇ ਕਰਨ ਦੇ ਫ਼ੋਕੇ ਡਰਾਮੇ ਦੀ ਪੋਲ ਖੋਲ੍ਹੀ ਜਾਵੇਗੀ।

ਅੱਠਵੇਂ ਦਿਨ ਪੱਕੇ ਮੋਰਚੇ ’ਚ ਮੁਹਾਲੀ ਜ਼ਿਲ੍ਹੇ ਦੇ ਅਧਿਆਪਕਾਂ ਵਲੋਂ ਸ਼ਮੂਲੀਅਤ ਕੀਤੀ। ਯੂਨੀਅਨ ਦੇ ਸੂਬਾ ਆਗੂ ਜਗਦੀਪ ਸਿੰਘ ਮੁਹਾਲੀ, ਸੁਖਜਿੰਦਰ ਦਾਖਾ, ਗੁਰਿੰਦਰ ਸੋਹੀ ਅਤੇ ਵਿਕਾਸ ਵਡੇਰਾ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਸਾਲ ਦੌਰਾਨ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਬਾਰੇ ਵਾਰ ਵਾਰ ਐਲਾਨ ਕਰਦੀ ਆ ਰਹੀ ਹੈ। ਇਥੋਂ ਤੱਕ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦੇ ਇਸ਼ਤਿਹਾਰ ਬੋਰਡ ਪੰਜਾਬ ਤੋਂ ਇਲਾਵਾ ਵੱਖ-ਵੱਖ ਰਾਜਾਂ ਵਿਚ ਲਗਾਏ ਗਏ ਹਨ, ਜਦੋਂ ਕਿ ਹਕੀਕਤ ਵਿਚ ਹਾਲੇ ਤੱਕ ਕੱਚੇ ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਇੰਦਰਜੀਤ ਸਿੰਘ ਮਾਨਸਾ ਪਿਛਲੇ ਅੱਠ ਦਿਨਾਂ ਤੋਂ ਗਰਮੀ ਦੇ ਬਾਵਜੂਦ ਟੈਂਕੀ ਉਪਰ ਡਟਿਆ ਹੋਇਆ ਹੈ, ਜਦੋਂ ਕਿ ਟੈਂਕੀ ਹੇਠਾਂ ਅਧਿਆਪਕਾਂ ਦਾ ਧਰਨਾ ਜਾਰੀ ਹੈ ਪਰ ਸਰਕਾਰ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸਿੱਖਿਆ ਪ੍ਰੋਵਾਈਡਰ, ਆਈਈਵੀ, ਆਈਈਆਰਟੀ ਅਤੇ ਸਮੂਹ ਦਫ਼ਤਰੀ ਕਰਮਚਾਰੀਆਂ ਨੂੰ 10 ਸਾਲਾ ਪਾਲਿਸੀ ਤਹਿਤ ਰੈਗੂਲਰ ਆਰਡਰ ਦਿੱਤੇ ਜਾਣ। ਜ਼ਿਲ੍ਹਾ ਪ੍ਰਸ਼ਾਸਨ ਵਲੋਂ 22 ਜੂਨ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਤੈਅ ਕਰਵਾਈ ਗਈ ਹੈ, ਜੇ ਮੀਟਿੰਗ ’ਚ ਮਸਲਾ ਹੱਲ ਨਾ ਹੋਇਆ ਤਾਂ ਭਰਾਤਰੀ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਸੰਗਰੂਰ, ਦਿੜਬਾ, ਬਰਨਾਲਾ ਅਤੇ ਆਨੰਦਪੁਰ ਸਾਹਿਬ ਹਲਕਿਆਂ ਦੇ ਪਿੰਡਾਂ ਵਿਚ ਮਾਰਚ ਕੀਤੇ ਜਾਣਗੇ ਅਤੇ ਸਰਕਾਰ ਦੇ ਪੱਕੇ ਕਰਨ ਦੇ ਫ਼ੋਕੇ ਡਰਾਮੇ ਦੀ ਪੋਲ ਖੋਲ੍ਹੀ ਜਾਵੇਗੀ ਅਤੇ ਧੋਖਾਧੜੀ ਦਾ ਪਰਦਾਫਾਸ਼ ਕੀਤਾ ਜਾਵੇਗਾ। ਇਸਤੋਂ ਇਲਾਵਾ ਪੰਜਾਬ ਅਤੇ ਪੰਜਾਬ ਤੋਂ ਬਾਹਰ ਵੱਡੇ ਪੱਧਰ ’ਤੇ ਗੁਪਤ ਐਕਸ਼ਨ ਕੀਤੇ ਜਾਣਗੇ। ਇਸ ਮੌਕੇ ਜਗਮੋਹਨ ਸਿੰਘ ਮੁਹਾਲੀ, ਸੁਖਵੀਰ ਸਿੰਘ, ਪਵਨ ਕੁਮਾਰ, ਅਵਤਾਰ ਸਿੰਘ ਮੁਹਾਲੀ, ਲਖਵੀਰ ਸਿੰਘ, ਸੰਦੀਪ ਕੌਰ, ਹਰਵਿੰਦਰ ਕੌਰ, ਨੀਤੂ ਸਠਿਆਲ, ਨਿਰਮਲ ਸਿੰਘ ਕਲੌਦੀ, ਬਲਵਿੰਦਰ ਸਿੰਘ ਅਤੇ ਅਵਤਾਰ ਸਿੰਘ ਮੌਜੂਦ ਸਨ।





News Source link

- Advertisement -

More articles

- Advertisement -

Latest article