34.2 C
Patiāla
Friday, May 17, 2024

ਹਿੰਦ-ਪ੍ਰਸ਼ਾਂਤ ਖਿੱਤੇ ਦੀ ਸਫ਼ਲਤਾ ਤੇ ਸੁਰੱਖਿਆ ਪੂਰੀ ਦੁਨੀਆ ਲਈ ਅਹਿਮ: ਮੋਦੀ

Must read


ਹੀਰੋਸ਼ੀਮਾ, 20 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਹਿੰਦ-ਪ੍ਰਸ਼ਾਂਤ ਖ਼ਿੱਤਾ ਆਲਮੀ ਵਪਾਰ, ਕਾਢਾਂ ਅਤੇ ਵਿਕਾਸ ਦਾ ‘ਇੰਜਣ’ ਹੈ ਅਤੇ ਇਸ ਦੀ ਸਫ਼ਲਤਾ ਤੇ ਸੁਰੱਖਿਆ ਪੂਰੀ ਦੁਨੀਆ ਲਈ ਅਹਿਮ ਹੈ। ਇਥੇ ਕੁਆਡ ਸਿਖਰ ਸੰਮੇਲਨ ਦਾ ਆਗਾਜ਼ ਕਰਦਿਆਂ ਮੋਦੀ ਨੇ ਕਿਹਾ ਕਿ ਕੁਆਡ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਦੇ ਅਹਿਮ ਮੰਚ ਵਜੋਂ ਉਭਰਿਆ ਹੈ। ਉਨ੍ਹਾਂ ਕਿਹਾ ਕਿ ਕੁਆਡ ਗੱਠਜੋੜ ਉਸਾਰੂ ਏਜੰਡੇ ਅਤੇ ਲੋਕਤੰਤਰੀ ਸਿਧਾਂਤਾਂ ਦੇ ਆਧਾਰ ’ਤੇ ਅਗਾਂਹ ਵਧ ਰਿਹਾ ਹੈ। ਮੀਟਿੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਜਪਾਨੀ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਅਤੇ ਆਸਟਰੇਲੀਅਨ ਹਮਰੁਤਬਾ ਐਂਥਨੀ ਅਲਬਨੀਜ਼ ਵੀ ਹਾਜ਼ਰ ਸਨ। 

ਕੁਆਡ ਆਗੂਆਂ ਨੇ ਯੂਕਰੇਨ ਜੰਗ ਦਾ ਹੱਲ ਵਾਰਤਾ ਅਤੇ ਕੂਟਨੀਤਕ ਢੰਗ ਨਾਲ ਕੱਢਣ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਇਹ ਜੰਗ ਦਾ ਯੁੱਗ ਨਹੀਂ ਹੈ। ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਟੈਂਡ ਨਾਲ ਮੇਲ ਖਾਂਦਾ ਹੈ। ਕੁਆਡ ਸਿਖਰ ਸੰਮੇਲਨ ਤੋਂ ਬਾਅਦ ਆਗੂਆਂ ਨੇ ਸਾਂਝਾ ਬਿਆਨ ਵੀ ਜਾਰੀ ਕੀਤਾ ਜਿਸ ’ਚ ਯੂਕਰੇਨ ਜੰਗ, ਪੂਰਬੀ ਤੇ ਦੱਖਣੀ ਚੀਨ ਸਾਗਰਾਂ ਅਤੇ ਹਿੰਦ-ਪ੍ਰਸ਼ਾਤ ਖ਼ਿੱਤੇ ਲਈ ਆਪੋ ਆਪਣੇ ਨਜ਼ਰੀਏ ਦਾ ਜ਼ਿਕਰ ਕੀਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਚਾਰਟਰ ਦੇ ਸਿਧਾਂਤਾਂ ਤਹਿਤ ਵਿਵਾਦਾਂ ਦੇ ਸ਼ਾਂਤਮਈ ਅਤੇ ਕੌਮਾਂਤਰੀ ਕਾਨੂੰਨ ਮੁਤਾਬਕ ਹੱਲ ’ਤੇ ਜ਼ੋਰ ਦਿੰਦੇ ਹਨ। ਬਿਆਨ ’ਚ ਜੰਗ ਕਾਰਨ ਆਲਮੀ ਆਰਥਿਕ ਪ੍ਰਣਾਲੀ, ਭੋਜਨ, ਈਂਧਣ ਅਤੇ ਊਰਜਾ ਸੁਰੱਖਿਆ ’ਤੇ ਪੈ ਰਹੇ ਅਸਰ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ। 

ਸ੍ਰੀ ਮੋਦੀ ਨੇ ਕਿਹਾ ਕਿ ਸਾਂਝੀਆਂ ਕੋਸ਼ਿਸ਼ਾਂ ਸਦਕਾ ਹਿੰਦ-ਪ੍ਰਸ਼ਾਤ ਖ਼ਿੱਤੇ ਨੂੰ ਮੁਕਤ, ਖੁੱਲ੍ਹਾ ਅਤੇ ਵਿਆਪਕ ਬਣਾਉਣ ਦੇ ਨਜ਼ਰੀਏ ਨਾਲ ਵਿਹਾਰਕ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਹਿੰਦ-ਪ੍ਰਸ਼ਾਂਤ ਖ਼ਿੱਤਾ ਆਲਮੀ ਵਪਾਰ, ਕਾਢਾਂ ਅਤੇ ਵਿਕਾਸ ਦਾ ਇੰਜਣ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਆਡ ਮਨੁੱਖ ਦੀ ਭਲਾਈ, ਸ਼ਾਂਤੀ ਅਤੇ ਖੁਸ਼ਹਾਲੀ ਲਈ ਕੰਮ ਕਰਨਾ ਜਾਰੀ ਰੱਖੇਗਾ। ਕੁਆਡ ਸਿਖਰ ਸੰਮੇਲਨ 24 ਮਈ ਤੋਂ ਸਿਡਨੀ ’ਚ ਹੋਣਾ ਸੀ ਪਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਆਪਣਾ ਆਸਟਰੇਲੀਆ ਦੌਰਾ ਮੁਲਤਵੀ ਕੀਤੇ ਜਾਣ ਕਰਕੇ ਹੀਰੋਸ਼ੀਮਾ ’ਚ ਕੁਆਡ ਮੁਲਕਾਂ ਦੇ ਆਗੂ ਮੀਟਿੰਗ ਕਰ ਰਹੇ ਹਨ। -ਪੀਟੀਆਈ  

ਮੋਦੀ ਨੇ ਹੀਰੋਸ਼ੀਮਾ ’ਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਪਰਦਾ ਹਟਾਇਆ

ਮਹਾਤਮਾ ਗਾਂਧੀ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਨਰਿੰਦਰ ਮੋਦੀ। -ਫੋਟੋ: ਰਾਇਟਰਜ਼

ਹੀਰੋਸ਼ੀਮਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨ ਦੇ ਸ਼ਹਿਰ ਹੀਰੋਸ਼ੀਮਾ ’ਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਪਰਦਾ ਹਟਾਇਆ। ਹੀਰੋਸ਼ੀਮਾ ’ਤੇ 6 ਅਗਸਤ, 1945 ਨੂੰ ਅਮਰੀਕਾ ਨੇ ਪਹਿਲਾ ਪਰਮਾਣੂ ਹਮਲਾ ਕੀਤਾ ਸੀ ਜਿਸ ਨਾਲ ਪੂਰਾ ਸ਼ਹਿਰ ਤਬਾਹ ਹੋ ਗਿਆ ਸੀ ਅਤੇ 1,40,000 ਲੋਕ ਮਾਰੇ ਗਏ ਸਨ। ਸ਼ਾਂਤੀ ਅਤੇ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਦੇ ਬੁੱਤ ਲਈ ਇਹ ਥਾਂ ਇਕਜੁੱਟਤਾ ਦਿਖਾਉਣ ਲਈ ਚੁਣੀ ਗਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਗਾਂਧੀਵਾਦੀ ਵਿਚਾਰਧਾਰਾ ਲੱਖਾਂ-ਕਰੋੜਾਂ ਲੋਕਾਂ ਨੂੰ ਬਲ ਦਿੰਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਦੀ ਨੇ ਕਿਹਾ ਕਿ ਅੱਜ ਵੀ ਜਦੋਂ ਹੀਰੋਸ਼ੀਮਾ ਦਾ ਨਾਮ ਲਿਆ ਜਾਂਦਾ ਹੈ ਤਾਂ ਦੁਨੀਆ ਡਰ ਜਾਂਦੀ ਹੈ। ਮਹਾਤਮਾ ਗਾਂਧੀ ਦਾ ਇਹ ਬੁੱਤ ਭਾਰਤ ਵੱਲੋਂ ਹੀਰੋਸ਼ੀਮਾ ਨੂੰ ਦੋਸਤੀ ਅਤੇ ਸਦਭਾਵਨਾ ਦੇ ਪ੍ਰਤੀਕ ਵਜੋਂ ਤੋਹਫ਼ੇ ’ਚ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਬੁੱਤ ਉਸ ਸ਼ਹਿਰ ਨੂੰ ਸੱਚੀ ਸ਼ਰਧਾਂਜਲੀ ਹੈ ਜੋ ਸ਼ਾਂਤੀ ਲਈ ਮਨੁੱਖਤਾ ਦਾ ਪ੍ਰਤੀਕ ਹੈ। 42 ਇੰਚ ਉੱਚਾ ਕਾਂਸੇ ਦਾ ਬੁੱਤ ਪਦਮ ਭੂਸ਼ਨ ਰਾਮ ਵਾਨਜੀ ਸੂਤਾਰ ਨੇ ਤਿਆਰ ਕੀਤਾ ਹੈ। ਇਹ ਬੁੱਤ ਮੋਟੋਯਾਸੂ ਦਰਿਆ ਨੇੜੇ ਸਥਾਪਿਤ ਕੀਤਾ ਗਿਆ ਹੈ ਅਤੇ ਇਹ ‘ਏ-ਬੰਬ ਗੁੰਬਦ’ ਕੋਲ ਮੌਜੂਦ ਹੈ ਜਿਥੇ ਹਜ਼ਾਰਾਂ ਲੋਕ ਰੋਜ਼ਾਨਾ ਆਉਂਦੇ ਹਨ। ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਮੋਦੀ ਨੇ ਬੁੱਤ ਲਾਉਣ ਲਈ ਸ਼ਹਿਰ ਦੇ ਮੇਅਰ ਅਤੇ ਜਪਾਨੀ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜਾਣ ਕੇ ਖੁਸ਼ੀ ਹੋਈ ਕਿ ਜਪਾਨੀ ਪ੍ਰਧਾਨ ਮੰਤਰੀ ਨੂੰ ਤੋਹਫ਼ੇ ’ਚ ਦਿੱਤਾ ਗਿਆ ਬੋਧੀ ਰੁਖ ਹੀਰੋਸ਼ੀਮਾ ’ਚ ਲਾਇਆ ਗਿਆ ਹੈ ਤਾਂ ਜੋ ਲੋਕ ਸ਼ਾਂਤੀ ਦੀ ਅਹਿਮੀਅਤ ਨੂੰ ਸਮਝ ਸਕਣ। -ਪੀਟੀਆਈ  





News Source link

- Advertisement -

More articles

- Advertisement -

Latest article