25 C
Patiāla
Monday, April 29, 2024

ਪੰਜਾਬੀ ਸਾਹਿਤਕ ਮਿਲਣੀ ਵਿੱਚ ਚੱਲਿਆ ਕਵਿਤਾਵਾਂ ਦਾ ਦੌਰ

Must read


ਲਖਵਿੰਦਰ ਸਿੰਘ ਰਈਆ

ਸਿਡਨੀ: ਆਸਟਰੇਲੀਆ ਵਿੱਚ ਵੱਸਦੇ ਸਾਹਿਤਕ ਰੁਚੀ ਦੇ ਪੰਜਾਬੀਆਂ ਦੀ ਮਹੀਨਾਵਾਰੀ ਸਾਹਿਤਕ ਇਕੱਤਰਤਾ ਗਲੈਨਵੁੱਡ (ਸਿਡਨੀ) ਵਿਖੇ ਸਦਭਾਵਨਾ ਪੂਰਨ ਮਾਹੌਲ ਵਿੱਚ ਹੋਈ। ਇਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਭਰੀ।

ਪ੍ਰੋਫੈਸਰ ਅਵਤਾਰ ਸਿੰਘ ਸੰਘਾ ਨੇ ‘ਸਾਹਿਤ, ਜ਼ਿੰਦਗੀ ਦਾ ਸ਼ੀਸ਼ਾ ਹੁੰਦਾ ਹੈ’ ਵਿਸ਼ੇ ਉਤੇ ਸਾਰਥਿਕ ਉਦਾਹਰਨਾਂ ਦਿੰਦਿਆਂ ਕਵਿਤਾ ਅਤੇ ਵਾਰਤਕ ਦੇ ਅੰਤਰ ਨੂੰ ਬੜੀ ਹੀ ਵਿਦਵਤਾ ਨਾਲ ਸਮਝਾਉਂਦਿਆਂ ਚਾਰਟ ਰਾਹੀਂ ਵਿਸਥਾਰਪੂਰਵਕ ਚਾਨਣਾ ਪਾਇਆ।

ਗੁਰਚਰਨ ਸਿੰਘ ਨੇ ‘ਜਿਸਮ ਕੀ ਰੂਹ ਸੇ ਨਾ ਬਾਤ ਹੂਈ’ ਗ਼ਜ਼ਲ ਰਾਹੀਂ ਮਨੁੱਖ ਵੱਲੋਂ ਖ਼ੁਦ ਦੀ ਪੜਚੋਲ ਕਰਦਿਆਂ ਤਨ ਤੇ ਮਨ ਦੀ ਆਪਸੀ ਇਕਸੁਰਤਾ ਭਰੇ ਸੰਵਾਦ ਰਚਾਉਣ ਤੋਂ ਮੁਨਕਰ ਹੋਣ ਦੀ ਤ੍ਰਾਸਦੀ ਨੂੰ ਪੇਸ਼ ਕੀਤਾ, ‘ਨਾ ਤੋੜੀਂ ਨਾ ਤੋੜੀਂ ਵੇ ਪੁੰਨਣਾ, ਲੜੀਆਂ ਸੁੱਚੇ ਹਾਰ ਦੀਆਂ’ ਨਾਲ ਸੰਤੋਖ ਸਿੰਘ ਅਟਾ ਨੇ ਤਰੰਨੁਮ ਭਰੀ ਆਵਾਜ਼ ਵਿੱਚ ਸੱਚੇ ਸੁੱਚੇ ਪਿਆਰ ਦੀ ਭਾਵੁਕਤਾ ਨੂੰ ਦਰਸਾਇਆ। ‘ਮਾਂ’ ਨੂੰ ਸਮਰਪਿਤ ਕੁਲਦੀਪ ਕੌਰ ਪੂੰਨੀ ਦੇ ਬੋਲ ਮਨ ਨੂੰ ਬੜੇ ਹੀ ਟੁੰਬਣ ਵਾਲੇ ਸਨ। ਗਿਆਨੀ ਸੰਤੋਖ ਸਿੰਘ ਨੇ ਆਪਣੀ ਨਵੀਂ ਪ੍ਰਕਾਸ਼ਿਤ ਪੁਸਤਕ ਦੀਆਂ ਕਾਪੀਆਂ ਭੇਂਟ ਕਰਦਿਆਂ ਅਸਲ ਅਕਾਲੀ ਦਲ ਦੇ ਇਤਿਹਾਸ ਬਾਰੇ ਵਿਚਾਰਨ ਦੀ ਅਪੀਲ ਕੀਤੀ। ਜੁਗਿੰਦਰ ਸਿੰਘ ਨੇ ‘ਜਦ ਜਦ ਬਿਪਤਾ ਹੋਈ ਤਦ ਮਾਂ ਹੋਈ ਸਹਾਈ’ ਨਾਲ ਔਲਾਦ ਲਈ ਮਾਂ ਦੀ ਵਫ਼ਾਦਾਰੀ ਨੂੰ ਸਰੋਤਿਆਂ ਅੱਗੇ ਰੱਖਿਆ। ‘ਮਨ ਦੀ ਸ਼ਾਂਤੀ’ ਲਈ ਦਵਿੰਦਰ ਕੌਰ ਸਰਕਾਰੀਆ ਨੇ ਪਾਖੰਡਵਾਦ ਦੀ ਦੁਨੀਆ ’ਚੋਂ ਨਿਕਲ ਕੇ ਹਕੀਕਤ ਵੱਲ ਮੋੜਾ ਕੱਟਣ ਦੀ ਤਾਕੀਦ ਕਰਦੀ ਕਵਿਤਾ ਪੇਸ਼ ਕੀਤੀ।

ਸ਼ਹੀਦ ਤਾਂ ਗਵਾਹ ਹੁੰਦੇ,

ਰੁੜ੍ਹਦੀ ਇੱਜ਼ਤ ਦੇ ਮਲਾਹ ਹੁੰਦੇ।

ਕੌਣ ਸ਼ਹੀਦ, ਕੌਣ ਗੱਦਾਰ?

ਭਲਿਆ! ਕਾਹਦਾ ਤਕਰਾਰ?

ਉਕਤ ਬੇਬਾਕੀ ਭਰੇ ਬੋਲਾਂ ਰਾਹੀਂ ਲਖਵਿੰਦਰ ਸਿੰਘ ਮਾਨ ਨੇ ‘ਸ਼ਹੀਦ ਬਨਾਮ ਅਤਿਵਾਦੀ’ ਦਾ ਨਿਖੇੜਾ ਕੀਤਾ। ਵਿਸਾਖੀ ਦੀ ਅਸਲੀਅਤ ਦੇ ਫਿੱਕੇ ਪੈ ਰਹੇ ਰੰਗ ਨੂੰ ਗੁਰਦੇਵ ਸਿੰਘ ਸੰਗਰੂਰ ਨੇ ਬੜੀ ਸ਼ਿੱਦਤ ਨਾਲ ਉਭਾਰਿਆ। ਕੁਲਦੀਪ ਸਿੰਘ ਜੌਹਲ ਨੇ ‘ਪੁੱਤਰਾ ਮੁੜ ਕੇ ਘਰ ਨੂੰ ਆ ਜਾ’ ਨਾਲ ਮਾਪਿਆਂ ਤੇ ਬੱਚਿਆਂ ਵਿੱਚ ਪੈਂਦੇ ਵਿਛੋੜੇ ਦੇ ਸੱਲਾਂ ਨੂੰ ਜੱਗ ਜ਼ਾਹਿਰ ਕੀਤਾ।

ਬੀਬੀ ਛਲਿੰਦਰ ਕੌਰ (ਛਿੰਦੀ) ਨੇ ਚਾਹ ਬਾਰੇ ਹਾਸਰਸ ਕਵਿਤਾ ਰਾਹੀਂ ਹਾਸਿਆਂ ਦੀ ਸੰਦਲੀ ਹਵਾ ਦੇ ਬੁੱਲਿਆਂ ਨਾਲ ਫ਼ਿਜ਼ਾ ਵਿੱਚ ਬਹਾਰ ਭਰੀ ਅਤੇ ਤਾਰਾ ਸਿੰਘ ਬਮਰਾਂ ਨੇ ‘ਜੱਗ ਜਿਉਂਦਿਆਂ ਦੇ ਮੇਲੇ ਦੁਨੀਆ ਦੇ ਸੱਜਣਾ’ ਨਾਲ ਆਪਸੀ ਮੇਲ ਮਿਲਾਪ ਭਾਈਚਾਰੇ ਦੀ ਸਾਂਝ ਨੂੰ ਰੂਹੇ ਰਵਾਂ ਕਰਨ ਦਾ ਯਤਨ ਕੀਤਾ। ਇਸ ਤੋਂ ਇਲਾਵਾ ਅਵਤਾਰ ਸਿੰਘ ਖਹਿਰਾ, ਦਰਸ਼ਨ ਸਿੰਘ ਪੰਧੇਰ, ਸੁਰਿੰਦਰ ਸਿੰਘ ਜਗਰਾਉਂ, ਕੈਪਟਨ ਦਲਜੀਤ ਸਿੰਘ ਸੁਧਾਰ, ਗੁਰਦਿਆਲ ਸਿੰਘ ਤੇ ਜੁਗਿੰਦਰ ਸਿੰਘ ਜਗਰਾਉਂ ਆਦਿ ਨੇ ਆਪਣੀਆਂ ਆਪਣੀਆਂ ਭਾਵਨਾਵਾਂ ਨੂੰ ਕਾਵਿ ਰਚਨਾਵਾਂ ਰਾਹੀਂ ਪ੍ਰਗਟਾਉਂਂਦਿਆਂ ਖੂਬ ਰੰਗ ਬੰਨ੍ਹਿਆ।

ਪ੍ਰੋਗਰਾਮ ਨੂੰ ਸਮੇਟਦਿਆਂ ਸੀਨੀਅਰ ਸਿਟੀਜਨ ਦੇ ਡਾਇਰੈਕਟਰ ਹਰਕਮਲਜੀਤ ਸਿੰਘ ਸੈਣੀ ਨੇ ਆਏ ਹੋਏ ਸਭ ਸਾਹਿਤਕਾਰ ਦਾ ਧੰਨਵਾਦ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਛੇਤੀ ਹੀ ਵੱਡੀ ਪੱਧਰੀ ਉਤੇ ਇੱਕ ਨਰੋਆ ਸਾਹਿਤਕ ਪ੍ਰੋਗਰਾਮ ਉਲੀਕਣ ਦਾ ਸੱਦਾ ਦਿੱਤਾ। ਜੋਗਿੰਦਰ ਸਿੰਘ ਸੋਹੀ ਨੇ ਢੁੱਕਵੀਂਆਂ ਟਿਪਣੀਆਂ ਨਾਲ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ।
ਸੰਪਰਕ: 61423191173



News Source link
#ਪਜਬ #ਸਹਤਕ #ਮਲਣ #ਵਚ #ਚਲਆ #ਕਵਤਵ #ਦ #ਦਰ

- Advertisement -

More articles

- Advertisement -

Latest article