31.4 C
Patiāla
Sunday, May 12, 2024

ਤਿਤਲੀ ਦੀ ਆਤਮਕਥਾ

Must read


ਡਾ. ਡੀ.ਪੀ. ਸਿੰਘ

ਮੇਰਾ ਨਾਮ ਆਭਾ ਹੈ ਤੇ ਮੈਂ ਇੱਕ ਤਿਤਲੀ ਹਾਂ। ਮੇਰਾ ਜਨਮ, ਬਸੰਤ ਰੁੱਤ ਦੇ ਸ਼ੁਰੂ ਵਿੱਚ, ਇੱਕ ਪੌਦੇ ਦੇ ਹਰੇ ਪੱਤੇ ਹੇਠਾਂ ਚਿਪਕੇ ਬਹੁਤ ਹੀ ਛੋਟੇ ਜਿਹੇ ਅੰਡੇ ਵਿੱਚੋਂ ਹੋਇਆ। ਜਨਮ ਸਮੇਂ ਮੈਂ ਛੋਟੀ ਜਿਹੀ ਝੁਰੜੀਆਂ ਭਰੀ ਸੁੰਡੀ ਸਾਂ ਜੋ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਸੁੰਡੀਆਂ (ਲਾਰਵਿਆਂ) ਨਾਲ ਘਿਰੀ ਹੋਈ ਸੀ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਇਹ ਸਾਰੀਆਂ ਸੁੰਡੀਆਂ ਇੱਕ ਦੂਜੇ ਤੋਂ ਦੂਰ ਜਾਣ ਦੀ ਕੋਸ਼ਿਸ਼ ਵਿੱਚ ਸਨ।

ਪਹਿਲਾਂ-ਪਹਿਲਾਂ, ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਹੋ ਕੀ ਰਿਹਾ ਹੈ। ਹੋਰਨਾਂ ਨੂੰ ਦੇਖਦਿਆਂ ਮੈਂ ਵੀ ਉਨ੍ਹਾਂ ਵਾਂਗ ਹੀ ਹਰੇ ਰੰਗ ਵਾਲੇ ਖੁੱਲ੍ਹੇ ਪੱਧਰੇ ਮੈਦਾਨ ਵੱਲ ਚੱਲ ਪਈ। ਦਰਅਸਲ, ਇਹ ਖੁੱਲ੍ਹਾ ਪੱਧਰਾ ਹਰਾ ਮੈਦਾਨ ਉਸੇ ਪੱਤੇ ਦਾ ਹਿੱਸਾ ਸੀ ਜਿਸ ਉੱਤੇ ਮੇਰਾ ਜਨਮ ਹੋਇਆ ਸੀ। ਹੋਰਨਾਂ ਦੀ ਦੇਖਾ-ਦੇਖੀ ਮੈਂ ਇਸ ਹਰੇ ਪੱਤੇ ਨੂੰ ਖਾਣਾ ਸ਼ੁਰੂ ਕਰ ਦਿੱਤਾ। ਵਾਹ ਕੀ ਖ਼ੂਬ ਸੁਆਦ ਸੀ ਇਸ ਦਾ। ਉਹ ਸੁਆਦ ਅੱਜ ਵੀ ਮੈਨੂੰ ਯਾਦ ਹੈ।

ਆਪਣੇ ਜੀਵਨ ਦੇ ਸ਼ੁਰੂ ਦੇ ਦਿਨਾਂ ਵਿੱਚ ਮੈਂ ਉਸ ਪੌਦੇ ਦੇ ਪੱਤਿਆਂ ਉਪਰ ਹੌਲੀ ਹੌਲੀ ਰੀਂਗਦੀ ਹੋਈ ਉਨ੍ਹਾਂ ਨੂੰ ਖਾਂਦੀ ਰਹਿੰਦੀ ਸਾਂ। ਜਿਵੇਂ ਮੈਂ ਥੋੜ੍ਹੀ ਵੱਡੀ ਹੋਈ, ਨਵੇਂ ਨਵੇਂ ਖਾਜੇ ਦੀ ਭਾਲ ਵਿੱਚ ਮੈਂ ਹੌਲੀ ਹੌਲੀ ਹੋਰ ਪੌਦਿਆਂ ਉੱਤੇ ਵੀ ਫੇਰੀ ਮਾਰਨੀ ਸ਼ੁਰੂ ਕਰ ਲਈ। ਹਰੇ ਹਰੇੇ ਪੱਤੇ ਖਾ ਖਾ ਕੇ ਮੈਂ ਹਰ ਰੋਜ਼ ਵੱਡੀ ਤੇ ਹੋਰ ਵੱਡੀ ਹੁੰਦੀ ਜਾ ਰਹੀ ਸਾਂ। ਫਿਰ ਇੱਕ ਦਿਨ ਇੱਕ ਅਜਬ ਘਟਨਾ ਵਾਪਰ ਗਈ। ਉਸ ਦਿਨ ਮੈਂ ਇੱਕ ਪੌਦੇ ਦੇ ਚੌੜੇ ਪੱਤੇ ਉੱਤੇ ਘੁੰਮ ਰਹੀ ਸਾਂ ਤਾਂ ਅਚਾਨਕ ਮੇਰੇ ਮਨ ਵਿੱਚ ਕੋਕੂਨ ਬਣਾਉਣ ਦਾ ਸ਼ੌਕ ਉਮੜ ਆਇਆ ਅਤੇ ਖ਼ੁਦ ਨੂੰ ਉਸ ਵਿੱਚ ਬੰਦ ਕਰਨ ਦੀ ਅਜੀਬ ਇੱਛਾ ਪੈਦਾ ਹੋ ਗਈ।

ਉਸ ਦਿਨ ਮੈਂ ਕੁਝ ਨਾ ਖਾਧਾ ਅਤੇ ਉਸ ਪੌਦੇ ਦੇ ਪੱਤੇ ਨਾਲ ਚਿਪਕ ਕੇ ਉਲਟਾ ਲਟਕ ਗਈ। ਤਦ ਮੈਂ ਘੁੰਮ ਘੁੰਮ ਕੇ ਇੱਕ ਦਿਨ ਵਿੱਚ ਹੀ ਇੱਕ ਰੇਸ਼ਮੀ ਕੋਕੂਨ ਬਣਾ ਲਿਆ। ਅਗਲੇ ਕਈ ਦਿਨਾਂ ਤੱਕ ਮੈਂ ਖ਼ੁਦ ਨੂੰ ਕੋਕੂਨ ਦੇ ਅੰਦਰ ਛੁਪਾਈ ਰੱਖਿਆ। ਕੋਕੂਨ ਅੰਦਰ ਮੇਰੇ ਵਿੱਚ ਇੱਕ ਅਜੀਬ ਤਬਦੀਲੀ ਵਾਪਰੀ। ਮੇਰਾ ਸਰੀਰ ਚਮਤਕਾਰੀ ਢੰਗ ਨਾਲ ਬਦਲ ਗਿਆ। ਮੇਰੀਆਂ ਲੱਤਾਂ ਖੰਭਾਂ ਵਿੱਚ ਬਦਲ ਗਈਆਂ। ਲਗਭਗ ਪੰਦਰਾਂ ਕੁ ਦਿਨਾਂ ਬਾਅਦ ਜਦ ਮੈਂ ਕੋਕੂਨ ਵਿੱਚੋਂ ਬਾਹਰ ਆਈ ਤਾਂ ਮੈਂ ਇੱਕ ਸੁੰਦਰ, ਪਰ ਨਾਜ਼ੁਕ ਤਿਤਲੀ ਬਣ ਚੁੱਕੀ ਸਾਂ।

ਮੈਨੂੰ ਆਪਣੇ ਖ਼ੂਬਸੂਰਤ ਨਵੇਂ ਖੰਭਾਂ ਦਾ ਪਹਿਲਾ ਪਹਿਲਾ ਅਹਿਸਾਸ ਅੱਜ ਵੀ ਯਾਦ ਹੈ। ਬੇਸ਼ੱਕ ਉਹ ਨਾਜ਼ੁਕ ਤੇ ਕਮਜ਼ੋਰ ਸਨ, ਪਰ ਸੂਰਜ ਦੀ ਰੌਸ਼ਨੀ ਵਿੱਚ ਉਹ ਖ਼ੂਬ ਡਲ੍ਹਕਾਂ ਮਾਰਦੇ ਸਨ। ਪਹਿਲਾਂ-ਪਹਿਲਾਂ ਤਾਂ ਮੈਨੂੰ ਹਵਾ ਵਿੱਚ ਉੱਡਣ ਤੋਂ ਡਰ ਲੱਗਦਾ ਸੀ, ਪਰ ਕੁਝ ਸਮੇਂ ਬਾਅਦ ਮੈਂ ਇਸ ਡਰ ਉੱਤੇ ਕਾਬੂ ਪਾ ਲਿਆ। ਜਲਦੀ ਹੀ ਮੈਨੂੰ ਹਵਾ ਵਿੱਚ ਉੱਡਣਾ ਚੰਗਾ ਚੰਗਾ ਲੱਗਣ ਲੱਗਿਆ।

ਇੱਕ ਤਿਤਲੀ ਦੇ ਰੂਪ ਵਿੱਚ, ਮੈਂ ਉਹ ਚੀਜ਼ਾਂ ਦੇਖੀਆਂ ਅਤੇ ਅਨੁਭਵ ਕੀਤੀਆਂ ਹਨ ਜਿਨ੍ਹਾਂ ਦੀ ਮੈਂ ਇੱਕ ਸੁੰਡੀ ਵਜੋਂ ਕਦੇ ਕਲਪਨਾ ਵੀ ਨਹੀਂ ਕਰ ਸਕਦੀ ਸਾਂ। ਮੈਂ ਪਹਾੜਾਂ ਅਤੇ ਵਾਦੀਆਂ ਉੱਤੇ ਉਡਾਰੀਆਂ ਭਰੀਆਂ, ਬਾਗ਼ਾਂ ਤੇ ਬਗੀਚਿਆਂ ਵਿੱਚੋਂ ਲੰਘੀ ਅਤੇ ਇਸ ਮਨਮੋਹਕ ਸੰਸਾਰ ਨੂੰ ਅਣਗਿਣਤ ਰੂਪਾਂ ਵਿੱਚ ਦੇਖਿਆ ਤੇ ਜਾਣਿਆ। ਮੈਂ ਫੁੱਲਾਂ ਦਾ ਮਿੱਠਾ ਰਸ ਪੀਤਾ ਅਤੇ ਆਪਣੇ ਨਾਜ਼ੁਕ ਖੰਭਾਂ ਉੱਤੇ ਹਵਾ ਦੀ ਕੋਮਲ ਛੋਹ ਮਹਿਸੂਸ ਕੀਤੀ। ਮੈਂ ਆਪਣੇ ਚੌਗਿਰਦੇ ਦੀ ਦੁਨੀਆਂ ਵਿੱਚ ਵਾਪਰਦੇ ਅਨੇਕ ਚਮਤਕਾਰੀ ਬਦਲਾਅ ਵੀ ਦੇਖੇ। ਜਿਨ੍ਹਾਂ ਫੁੱਲਾਂ ਅਤੇ ਪੌਦਿਆਂ ਨੂੰ ਮੈਂ ਸੁੰਡੀ ਦੇ ਰੂਪ ਵਿੱਚ ਖਾਧਾ ਸੀ, ਸਮੇਂ ਦੇ ਬੀਤਣ ਨਾਲ ਉਹ ਫਿਰ ਨਵੇਂ ਨਰੋਏੇ ਹੋ ਗਏ। ਮੌਸਮਾਂ ਦੇ ਬਦਲਣ ਨਾਲ ਉਹ ਬਿਲਕੁਲ ਹੀ ਨਵੇਂ ਰੰਗਾਂ ਵਿੱਚ ਰੰਗੇ ਗਏ।

ਤਿਤਲੀ ਦੇ ਰੂਪ ਵਿੱਚ ਆਪਣਾ ਜੀਵਨ ਸਫ਼ਰ ਜਾਰੀ ਰੱਖਦਿਆਂ ਮੈਂ ਜਾਣ ਗਈ ਕਿ ਮੇਰੇ ਖੰਭ ਸਿਰਫ਼ ਉਡਾਣ ਲਈ ਹੀ ਨਹੀਂ ਸਨ ਸਗੋਂ ਹੋਰਨਾਂ ਨੂੰ ਸੁਨੇਹੇ ਦੇਣ-ਲੈਣ ਲਈ ਵੀ ਸਨ। ਮੈਂ ਹੋਰ ਤਿਤਲੀਆਂ ਨੂੰ ਸੁਨੇਹੇ ਭੇਜਣ, ਸਹੇਲੀਆਂ ਦਾ ਧਿਆਨ ਖਿੱਚਣ ਅਤੇ ਖ਼ਤਰਿਆਂ ਦੀ ਸੂਚਨਾ ਦੇਣ ਲਈ ਆਪਣੇ ਖੰਭਾਂ ਦੇ ਰੰਗਾਂ ਅਤੇ ਡਿਜ਼ਾਈਨਾਂ ਦੀ ਵਰਤੋਂ ਕਰਨੀ ਵੀ ਸਿੱਖ ਲਈ। ਇਨ੍ਹਾਂ ਖੰਭਾਂ ਦੀ ਖ਼ੂਬਸੂਰਤੀ ਨੇ ਮੈਨੂੰ ਮੇਰੇ ਜੀਵਨ ਸਾਥੀ ਅਰੋਨ (ਨਰ ਤਿਤਲੀ) ਨਾਲ ਮਿਲਾਇਆ ਤੇ ਸਮੇਂ ਨਾਲ ਮੈਨੂੰ ਮਾਂ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ।

ਇੱਕ ਤਿੱਤਲੀ ਦੇ ਰੂਪ ਵਿੱਚ ਜੀਵਨ ਹਮੇਸ਼ਾ ਆਸਾਨ ਨਹੀਂ ਹੁੰਦਾ। ਆਪਣੇ ਜੀਵਨ ਸਫ਼ਰ ਦੌਰਾਨ ਮੈਨੂੰ ਬਹੁਤ ਵਾਰ ਔਖੇ ਹਾਲਾਤ ਦਾ ਸਾਹਮਣਾ ਵੀ ਕਰਨਾ ਪਿਆ। ਇੱਕ ਦਿਨ ਮੈਂ ਅਚਾਨਕ ਮੀਂਹ ਦੀ ਵਾਛੜ ਵਿੱਚ ਫਸ ਗਈ। ਮੋਟੀਆਂ ਮੋਟੀਆਂ ਬੂੰਦਾਂ ਨੇ ਮੇਰੇ ਖੰਭਾਂ ਨੂੰ ਭਾਰੀ ਬਣਾ ਦਿੱਤਾ ਅਤੇ ਉੱਡਣਾ ਮੁਸ਼ਕਿਲ ਹੋ ਗਿਆ, ਪਰ ਮੈਂ ਜਾਨ ਬਚਾਉਣ ਲਈ ਹਵਾ ਦੀਆਂ ਲਹਿਰਾਂ ਦੀ ਮਦਦ ਨਾਲ ਸਹੀ ਠਾਹਰ ਲੱਭ ਹੀ ਲਈ।

ਇੱਕ ਹੋਰ ਮੌਕੇ ਉੱਤੇ ਤਿੱਖੀ ਚੁੰਝ ਤੇ ਡਰਾਉਣੀਆਂ ਅੱਖਾਂ ਵਾਲਾ ਇੱਕ ਦੈਂਤ (ਪੰਛੀ) ਮੇਰੇ ਪਿੱਛੇ ਹੀ ਪੈ ਗਿਆ। ਉਹ ਮੈਨੂੰ ਝਪਟ ਕੇ ਖਾ ਜਾਣਾ ਚਾਹੁੰਦਾ ਸੀ, ਠੀਕ ਉਵੇਂ ਜਿਵੇਂ ਉਸ ਨੇ ਮੇਰੇ ਕੁਝ ਹੋਰ ਸਾਥੀਆਂ ਨਾਲ ਕੀਤਾ ਸੀ। ਪਰ ਮੈਂ ਖ਼ਤਰੇ ਸਾਹਮਣੇ ਹੌਸਲਾ ਨਹੀਂ ਹਾਰਿਆ ਅਤੇ ਉਸ ਦੇ ਹਮਲੇ ਤੋਂ ਬਚਣ ਲਈ ਮੈਂ ਆਪਣੇ ਖੰਭਾਂ ਦੀ ਤੇਜ਼ੀ ਨਾਲ ਵਰਤੋਂ ਕਰਦੀ ਉਦੋਂ ਤਕ ਉੱਡਦੀ ਰਹੀ ਜਦ ਤਕ ਉਸ ਡਰਾਉਣੇ ਦੈਂਤ ਦੀ ਪਹੁੰਚ ਤੋਂ ਬਾਹਰ ਨਾ ਚਲੀ ਗਈ।

ਚੁਣੌਤੀਆਂ ਅਤੇ ਖ਼ਤਰਿਆਂ ਦੇ ਬਾਵਜੂਦ ਮੈਂ ਆਪਣੀ ਜ਼ਿੰਦਗੀ ਵਿੱਚ ਸੁੰਦਰਤਾ ਦੀ ਹੋਂਦ ਅਤੇ ਆਨੰਦ ਮਹਿਸੂਸ ਕੀਤਾ। ਮੈਂ ਰੰਗ-ਬਿਰੰਗੇ ਫੁੱਲਾਂ ਨਾਲ ਭਰਪੂਰ ਜੰਗਲ-ਬੇਲਿਆਂ ਵਿੱਚ ਉਡਾਰੀ ਦਾ ਆਨੰਦ ਮਾਣਿਆ, ਅੰਮ੍ਰਿਤ ਵਰਗਾ ਮਿੱਠਾ ਸ਼ਹਿਦ ਪੀਤਾ ਅਤੇ ਸੂਰਜ ਦੀ ਨਿੱਘੀ ਧੁੱਪ ਵਿੱਚ ਮਸਤੀ ਕੀਤੀ। ਮੈਂ ਆਪਣੇ ਖੰਭਾਂ ਦੇ ਦੁਰਲੱਭ ਤੋਹਫ਼ੇ ਲਈ ਕੁਦਰਤ ਦੀ ਸ਼ੁਕਰਗੁਜ਼ਾਰ ਰਹੀ ਹਾਂ ਕਿਉਂਕਿ ਇਨ੍ਹਾਂ ਦੀ ਬਦੌਲਤ ਹੀ ਮੈਂ ਸੰਸਾਰ ਦੇ ਅਦਭੁੱਤ ਕ੍ਰਿਸ਼ਮਿਆਂ ਨੂੰ ਦੇਖ ਅਤੇ ਉਨ੍ਹਾਂ ਦਾ ਆਨੰਦ ਮਾਣ ਸਕੀ।

ਆਪਣੀਆਂ ਉਡਾਣਾਂ ਦੌਰਾਨ ਮੈਂ ਅਨੇਕ ਜੀਵਾਂ ਨੂੰ ਮਿਲੀ ਤੇ ਇਹ ਜਾਣਿਆ ਕਿ ਹਰ ਜੀਵ ਦੀ ਆਪਣੀ ਹੀ ਵਿਲੱਖਣ ਕਹਾਣੀ ਹੈ। ਮੈਂ ਕੀੜੀਆਂ ਨੂੰ ਮਿਲਜੁਲ ਕੇ ਕੰਮ ਕਰਦਿਆਂ, ਸ਼ਹਿਦ ਦੀਆਂ ਮੱਖੀਆਂ ਨੂੰ ਸ਼ਹਿਦ ਇਕੱਠਾ ਕਰਦਿਆਂ ਅਤੇ ਗਲਹਿਰੀਆਂ ਨੂੰ ਰੁੱਖਾਂ ਉੱਤੇ ਲੁਕਣਮੀਟੀ ਖੇਡਦਿਆਂ ਦੇਖਿਆ। ਹੋਰ ਜੀਵਾਂ ਨਾਲ ਮੇਲ-ਮਿਲਾਪ ਤੋਂ ਮੈਨੂੰ ਪਤਾ ਲੱਗਾ ਕਿ ਸੰਸਾਰ ਵਿੱਚ ਹੋਰ ਵੀ ਬਹੁਤ ਕੁਝ ਹੈ ਜੋ ਮੈਨੂੰ ਜਾਣਨ ਦੀ ਲੋੜ ਹੈ। ਹਰ ਜੀਵ ਹੀ ਜ਼ਿੰਦਗੀ ਦੇ ਸਫ਼ਰ ਦੌਰਾਨ ਸੰਘਰਸ਼ ਵਿੱਚੋਂ ਲੰਘਦਾ ਹੋਇਆ ਵਿਲੱਖਣ ਪ੍ਰਾਪਤੀਆਂ ਕਰਦਾ ਹੈ ਅਤੇ ਚੌਗਿਰਦੇ ਦੇ ਸੰਸਾਰ ਬਾਰੇ ਹਰ ਕਿਸੇ ਦਾ ਆਪਣਾ ਹੀ ਖ਼ਾਸ ਨਜ਼ਰੀਆ ਹੁੰਦਾ ਹੈ।

ਮੈਂ ਅਨੁਭਵ ਕੀਤਾ ਕਿ ਜਿਊਂਦੇ ਰਹਿਣ ਲਈ ਅਨੇਕ ਔਕੜਾਂ ਦਾ ਸਹਾਮਣਾ ਕਰਨਾ ਜ਼ਰੂਰੀ ਹੁੰਦਾ ਹੈ। ਤੂਫ਼ਾਨਾਂ ਤੇ ਮਾਰ-ਖੋਰੇ ਜੀਵਾਂ ਤੋਂ ਖ਼ੁਦ ਨੂੰ ਬਚਾਉਣਾ ਬਹੁਤ ਅਹਿਮ ਹੁੰਦਾ ਹੈ। ਮੇਰੀਆਂ ਕਈ ਸਹੇਲੀਆਂ, ਮੇਰੀਆਂ ਅੱਖਾਂ ਸਾਹਮਣੇ ਹੀ ਅਜਿਹੇ ਖ਼ਤਰਿਆਂ ਦਾ ਸ਼ਿਕਾਰ ਬਣ ਗਈਆਂ, ਪਰ ਅਫ਼ਸੋਸ ਮੈਂ ਉਨ੍ਹਾਂ ਨੂੰ ਬਚਾਉਣ ਵਿੱਚ ਸਫ਼ਲ ਨਾ ਹੋ ਸਕੀ। ਮੁਸੀਬਤਾਂ ਦੇ ਟਾਕਰੇ ਦੌਰਾਨ ਮੈਂ ਇੱਕ ਅਦੁੱਤੀ ਮੁਹਾਰਤ ਮਹਿਸੂਸ ਕੀਤੀ। ਮੈਂ ਜਾਣਿਆ ਤੇ ਸਿੱਖਿਆ ਕਿ ਮੁਸ਼ਕਿਲਾਂ ਸਮੇਂ ਆਪਣੇ ਆਪ ਨੂੰ ਹਾਲਾਤ ਦਾ ਟਾਕਰਾ ਕਰਨ ਲਈ ਕਿਵੇਂ ਤਿਆਰ ਕਰਨਾ ਹੈ।

ਮੈਂ ਅਕਸਰ ਆਪਣੀ ਹੋਂਦ ਦੇ ਮੰਤਵ ਬਾਰੇ ਜਾਣਨ ਲਈ ਉਤਸਕ ਰਹੀ ਹਾਂ। ਕਈ ਸਵਾਲ ਜਿਵੇਂ: ਕੀ ਸਿਰਫ਼ ਭੋਜਨ ਦੀ ਭਾਲ ਕਰਨਾ ਅਤੇ ਖ਼ਤਰੇ ਤੋਂ ਬਚਣਾ ਹੀ ਮੇਰੀ ਜ਼ਿੰਦਗੀ ਦਾ ਮੰਤਵ ਹੈ? ਜਾਂ ਕੀ ਕੋਈ ਹੋਰ ਵੱਡਾ ਮਕਸਦ ਹੈ ਜੋ ਮੈਂ ਪੂਰਾ ਕਰਨਾ ਹੈ? ਮੇਰੀ ਜ਼ਿੰਦਗੀ ਦਾ ਆਖ਼ਰ ਉਦੇਸ਼ ਹੈ ਕੀ, ਅਤੇ ਵਿਸ਼ਾਲ ਸੰਸਾਰ ਵਿੱਚ ਮੇਰੀ ਭੂਮਿਕਾ ਦਾ ਕੀ ਮਹੱਤਵ ਹੈ? ਅਜਿਹੇ ਖ਼ਿਆਲ ਮੇਰੇ ਮਨ ਉੱਤੇ ਅਕਸਰ ਛਾਏ ਰਹਿੰਦੇ ਸਨ।

ਇੱਕ ਦਿਨ ਜਦੋਂ ਮੈਂ ਇੱਕ ਫੁੱਲ ’ਤੇ ਬੈਠੀ, ਅਜਿਹੀਆਂ ਸੋਚਾਂ ਵਿੱਚ ਡੁੱਬੀ ਹੋਈ ਸਾਂ ਤਾਂ ਮੇਰੀ ਸਹੇਲੀ ਲਿੱਲੀ (ਤਿਤਲੀ) ਮੇਰੇ ਕੋਲ ਆਈ।

‘‘ਆਭਾ!’’ ਉਸ ਨੇ ਆਪਣੇ ਖੰਭ ਹਿਲਾਉਂਦਿਆਂ ਕਿਹਾ। ‘‘ਕਿਹੜੇ ਖ਼ਿਆਲਾਂ ਵਿੱਚ ਡੁੱਬੀ ਹੋਈ ਏਂ?’’ ਉਸ ਪੁੱਛਿਆ।

‘‘ਮੈਂ ਸੋਚ ਰਹੀ ਸਾਂ ਕਿ ਸਾਡੀ ਜ਼ਿੰਦਗੀ ਦਾ ਕੀ ਮਕਸਦ ਹੈ?’’ ਮੈਂ ਜਵਾਬ ਦਿੱਤਾ। ‘‘ਭਲਾ ਤੇਰੇ ਖ਼ਿਆਲ ਅਨੁਸਾਰ ਇਹ ਹੈ ਕੀ?’’

ਲਿੱਲੀ ਪਲ ਕੁ ਲਈ ਚੁੱਪ ਰਹੀ, ਜਿਵੇਂ ਉਹ ਸਹੀ ਜਵਾਬ ਸੋਚ ਰਹੀ ਹੋਵੇ। ਫਿਰ ਬੋਲੀ, ‘‘ਤੇਰਾ ਸਵਾਲ ਤਾਂ ਠੀਕ ਹੈ। ਇਕ ਤਿਤਲੀ ਵਜੋਂ, ਮੈਂ ਸੋਚਦੀ ਹਾਂ ਕਿ ਸਾਡਾ ਮਕਸਦ ਫੁੱਲਾਂ ਨੂੰ ਪਰਾਗਿਤ (pollinate) ਕਰ ਉਨ੍ਹਾਂ ਦੀ ਨਸਲ ਵਿੱਚ ਵਾਧਾ ਕਰਨਾ ਹੈ ਅਤੇ ਇੰਝ ਕੁਦਰਤ ਦੀ ਸੁੰਦਰਤਾ ਦੇ ਵਾਧੇ ਵਿੱਚ ਆਪਣਾ ਹਿੱਸਾ ਪਾਉਣਾ ਹੈ। ਇਸ ਦੇ ਨਾਲ ਨਾਲ ਸਾਡੇ ਜੀਵਨ ਦਾ ਇੱਕ ਹੋਰ ਮੰਤਵ ਆਲੇ-ਦੁਆਲੇ ਦੀ ਖ਼ੂਬਸੂਰਤ ਦੁਨੀਆਂ ਦਾ ਆਨੰਦ ਮਾਣਨਾ ਵੀ ਹੈ।’’

‘‘ਪਰ ਇਹ ਸਾਰਾ ਕੁਝ ਕਰ ਸਕਣਾ ਕਿਵੇਂ ਸੰਭਵ ਹੈ?’’ ਉਸ ਦਾ ਜਵਾਬ ਸੁਣ ਕੇ ਮੈਂ ਥੋੜ੍ਹੀ ਉਲਝਣ ਮਹਿਸੂਸ ਕਰ ਰਹੀ ਸਾਂ।

‘‘ਮੌਜੂਦਾ ਪਲ ਵਿੱਚ ਸੁਚੇਤ ਰਹਿ ਕੇ,’’ ਲਿੱਲੀ ਦਾ ਜਵਾਬ ਸੀ। ‘‘ਜ਼ਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ ਦਾ ਆਨੰਦ ਮਾਣਦਿਆਂ ਜਿਵੇਂ ਫੁੱਲਾਂ ’ਚੋਂ ਸ਼ਹਿਦ ਦਾ ਸੁਆਦ ਚੱਖਦਿਆਂ ਜਾਂ ਆਪਣੇ ਪਿਆਰੇ ਖੰਭਾਂ ’ਤੇ ਸੂਰਜ ਦੀ ਮੱਠੀ ਮੱਠੀ ਧੁੱਪ ਦਾ ਨਿੱਘ ਮਾਣਦਿਆਂ। ਹਵਾ ’ਚ ਉਡਾਰੀਆਂ ਭਰਦੇ ਹੋਏ, ਅਤੇ ਹੋਰਾਂ ਨਾਲ ਮੇਲ ਮਿਲਾਪ ਰਾਹੀਂ ਪਿਆਰ ਭਰੇ ਰਿਸ਼ਤੇ ਬਣਾ ਕੇ।’’

ਜਿਉਂ-ਜਿਉਂ ਮੈਂ ਉਸ ਦੀਆਂ ਗੱਲਾਂ ਸੁਣਦੀ ਗਈ, ਮੈਂ ਇੱਕ ਅੰਦਰੂਨੀ ਸ਼ਾਂਤੀ ਮਹਿਸੂਸ ਕੀਤੀ। ਸ਼ਾਇਦ ਜ਼ਿੰਦਗੀ ਦਾ ਮੰਤਵ ਕੋਈ ਵਿਲੱਖਣ ਤੇ ਅਸਾਧਾਰਣ ਮੰਜ਼ਿਲ ਨਹੀਂ ਸੀ ਸਗੋਂ ਇਹ ਤਾਂ ਕੁਝ ਅਜਿਹਾ ਸੀ ਜੋ ਅਸੀਂ ਆਪਣੀ ਹੋਂਦ ਦੇ ਸਾਧਾਰਨ ਪਲਾਂ ਵਿੱਚ ਵੀ ਕਰ ਸਕਦੇ ਹਾਂ।

‘‘ਬਿਲਕੁਲ ਸਹੀ।’’ ਮੈਂ ਸਹਿਮਤੀ ਦੇ ਅੰਦਾਜ਼ ਵਿੱਚ ਆਪਣੇ ਖੰਭਾਂ ਨੂੰ ਹਿਲਾਉਂਦਿਆਂ ਕਿਹਾ, ‘‘ਤੇਰੀ ਚੰਗੀ ਸਲਾਹ ਲਈ ਧੰਨਵਾਦ।’’

‘‘ਹੂੰ!’’ ਲਿੱਲੀ ਨੇ ਮੁਸਕਰਾਉਂਦੇ ਹੋਏ ਕਿਹਾ ਅਤੇ ਇਸ ਦੇ ਨਾਲ ਹੀ ਉਹ ਹਵਾ ਵਿੱਚ ਉਡਾਰੀ ਮਾਰ ਗਈ। ਉਸ ਦੀਆਂ ਗੱਲਾਂ ਨੇ ਮੈਨੂੰ ਸਪਸ਼ਟਤਾ ਅਤੇ ਮੰਤਵ ਦੀ ਇੱਕ ਨਵੀਂ ਭਾਵਨਾ ਨਾਲ ਭਰ ਦਿੱਤਾ ਸੀ।

ਮੈਂ ਆਪਣੇ ਹੋਰ ਸਾਥੀਆਂ ਤੋਂ ਵੀ ਬਹੁਤ ਕੁਝ ਸਿੱਖਿਆ। ਇਸੇ ਕਾਰਨ ਮੈਂ ਜ਼ਿੰਦਗੀ ਵਿੱਚ ਖ਼ੁਸ਼ੀ ਅਤੇ ਉਤਸੁਕਤਾ ਦਾ ਪੱਲਾ ਕਦੇ ਵੀ ਨਹੀਂ ਛੱਡਿਆ। ਮੈਂ ਚੌਗਿਰਦੇ ਦੀ ਸੁੰਦਰਤਾ, ਫੁੱਲਾਂ ਦੇ ਖ਼ੂਬਸੂਰਤ ਰੰਗਾਂ, ਰੁਮਕਦੀ ਹਵਾ ਵਿੱਚ ਪੱਤਿਆਂ ਦੀ ਸਰਸਰਾਹਟ ਤੇ ਉੱਡਦੇ ਪੰਛੀਆਂ ਦੀ ਚਹਿਲ-ਪਹਿਲ ਵਿੱਚ ਖ਼ੁਸ਼ੀ ਤੇ ਆਨੰਦ ਮਾਣਨਾ ਸਿੱਖ ਲਿਆ।

ਸਭ ਤੋਂ ਵੱਧ ਖ਼ੁਸ਼ੀ ਤਾਂ ਮੈਨੂੰ ਉਨ੍ਹਾਂ ਰਿਸ਼ਤਿਆਂ ਵਿੱਚੋਂ ਮਿਲੀ ਜੋ ਮੈਂ ਹੋਰ ਜੀਵਾਂ ਨਾਲ ਬਣਾਏ। ਹਮਦਰਦੀ ਤੇ ਦਿਆਲਤਾ ਭਰਪੂਰ ਪਲਾਂ ਨੇ ਮੈਨੂੰ ਅੰਦਰੂਨੀ ਸ਼ਾਂਤੀ ਬਖ਼ਸ਼ੀ। ਭਾਵੇਂ ਮੈਂ ਕਿਸੇ ਤਿਤਲੀ ਨੂੰ ਖ਼ਤਰੇ ਤੋਂ ਸਾਵਧਾਨ ਕਰ ਰਹੀ ਸਾਂ, ਜਾਂ ਕਿਸੇ ਫੁੱਲ ਦਾ ਪਰਾਗਣ ਕਰਨ ਦੇ ਕੰਮ ਵਿੱਚ ਰੁੱਝੀ ਸਾਂ, ਮੈਂ ਜਾਣਿਆ ਕਿ ਮੈਂ ਤੇ ਮੇਰੇ ਸਾਥੀਆਂ ਦੇ ਛੋਟੇ-ਛੋਟੇ ਕੰਮਾਂ ਦਾ ਵੀ ਦੁਨੀਆਂ ਵਿੱਚ ਬਹੁਤ ਮਹੱਤਵ ਹੈ। ਇੰਝ ਜ਼ਿੰਦਗੀ ਦੇ ਸਫ਼ਰ ਦੌਰਾਨ ਮੈਂ ਜਾਣ ਲਿਆ ਕਿ ਜ਼ਿੰਦਗੀ ਦਾ ਮੰਤਵ ਕੋਈ ਖ਼ਾਸ ਮੰਜ਼ਿਲ ਪ੍ਰਾਪਤੀ ਨਹੀਂ ਹੈ ਸਗੋਂ ਇਹ ਤਾਂ ਛੋਟੇ, ਸਾਧਾਰਨ ਪਲਾਂ ਦਾ ਸਮੂਹ ਹੈ। ਫਿਰ ਜਿਉਂ ਹੀ ਬਸੰਤ ਦਾ ਮੌਸਮ ਬਦਲ ਕੇ ਗਰਮੀ ਦੀ ਰੁੱਤ ਆਈ, ਚੌਗਿਰਦੇ ਦੀ ਸੁੰਦਰਤਾ ਤੇ ਬਦਲਾਅ ਦਾ ਆਨੰਦ ਉਠਾਉਂਦੇ ਹੋਏ ਅਤੇ ਦੂਜਿਆਂ ਨਾਲ ਬਣਾਏ ਪ੍ਰੇਮ ਭਰਪੂਰ ਰਿਸ਼ਤਿਆਂ ਦੀ ਪਾਲਣਾ ਕਰਨ ਵਿੱਚ ਹੀ ਮੈਂ ਜ਼ਿੰਦਗੀ ਦੀ ਸੰਤੁਸ਼ਟੀ ਪਾ ਲਈ।

ਸਮੇਂ ਦਾ ਵੀ ਅਜਬ ਗੁਣ ਹੈ, ਇਹ ਕਦੇ ਰੁਕਦਾ ਨਹੀਂ। ਹੁਣ ਜਿਉਂ ਜਿਉਂ ਗਰਮੀ ਦਾ ਮੌਸਮ ਖ਼ਾਤਮੇ ਵੱਲ ਜਾ ਰਿਹਾ ਹੈ, ਮੇਰੇ ਅੰਗਾਂ ਵਿੱਚ ਸਥਿਲਤਾ ਮਹਿਸੂਸ ਹੋਣ ਲੱਗ ਪਈ ਹੈ। ਹਰ ਪਲ ਥਕਾਵਟ ਦਾ ਅਹਿਸਾਸ ਛਾਇਆ ਰਹਿੰਦਾ ਹੈ। ਮੇਰੇ ਖੰਭ ਵੀ ਹੁਣ ਮੈਨੂੰ ਓਨੀ ਦੂਰ ਜਾਂ ਓਨੀ ਤੇਜ਼ੀ ਨਾਲ ਨਹੀਂ ਲੈ ਜਾ ਸਕਦੇ ਜਿੰਨਾ ਪਹਿਲਾਂ ਲੈ ਜਾਂਦੇ ਸਨ। ਲੱਗਦਾ ਹੈ ਮੇਰਾ ਸਰੀਰ ਕਮਜ਼ੋਰ ਅਤੇ ਸੁਸਤ ਹੋ ਰਿਹਾ ਹੈ।

ਅੱਜ ਇੱਕ ਰੁੱਖ ਦੀ ਟਹਿਣੀ ’ਤੇ ਬੈਠੀ ਮੈਂ ਆਪਣੇ ਜੀਵਨ ਉੱਤੇ ਪਿਛਲਝਾਤ ਮਾਰ ਰਹੀ ਹਾਂ। ਮੈਂ ਜਾਣਦੀ ਹਾਂ ਕਿ ਮੇਰੀ ਜ਼ਿੰਦਗੀ ਆਪਣੇ ਆਖ਼ਰੀ ਪੜਾਅ ਉੱਤੇ ਹੈ, ਜਲਦੀ ਹੀ ਮੈਂ ਬੁੱਢੀ ਹੋ, ਮਰ ਜਾਵਾਂਗੀ। ਪਰ ਇਸ ਪਲ ਸੂਰਜ ਦੀ ਹਲਕੀ ਹਲਕੀ ਰੌਸ਼ਨੀ ਵਿੱਚ ਅਤੇ ਚੌਗਿਰਦੇ ਦੀ ਦੁਨੀਆ ਦੀ ਸੁੰਦਰਤਾ ਦਾ ਆਨੰਦ ਲੈਂਦੀ ਹੋਈ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਮੇਰੇ ਲਈ ਜ਼ਿੰਦਗੀ ਦਾ ਇਹੋ ਸੱਚ ਹੀ ਅਸਲ ਮਹੱਤਵ ਵਾਲਾ ਹੈ।

ਮੈਂ ਖ਼ੁਸ਼ ਹਾਂ ਕਿ ਮੈਂ ਉੱਦਮ ਭਰਪੂਰ ਅਤੇ ਅਦਭੁੱਤ ਜੀਵਨ ਬਤੀਤ ਕੀਤਾ ਹੈ, ਅਤੇ ਮੈਂ ਇਹ ਵੀ ਜਾਣਦੀ ਹਾਂ ਕਿ ਮੇਰੀ ਵਿਰਾਸਤ ਮੇਰੀ ਅਗਲੀ ਪੀੜ੍ਹੀ ਦੁਆਰਾ ਕਾਇਮ ਰਹੇਗੀ। ਮੈਂ ਸ਼ੁਕਰਗੁਜ਼ਾਰ ਹਾਂ ਚੌਗਿਰਦੇ ਦੇ ਸੰਸਾਰ ਦੀ, ਜਿਸ ਦੀ ਸੁੰਦਰਤਾ ਤੇ ਬਦਲਾਅ ਨੇ ਮੈਨੂੰ ਅਨੇਕ ਖ਼ੁਸ਼ੀਆਂ ਬਖ਼ਸ਼ੀਆਂ। ਮੈਂ ਇਸ ਸੱਚ ਦੀ ਬਦੌਲਤ ਸੰਤੁਸ਼ਟ ਵੀ ਹਾਂ ਕਿ ਮੇਰੇ ਵਰਗੇ ਛੋਟੇ ਜੀਵ ਵੀ ਸੰਸਾਰ ਉੱਤੇ ਇੱਕ ਅਹਿਮ ਅਤੇ ਸਥਾਈ ਪ੍ਰਭਾਵ ਛੱਡ ਸਕਦੇ ਹਨ।

ਈ-ਮੇਲ: drdpsn@hotmail.com



News Source link
#ਤਤਲ #ਦ #ਆਤਮਕਥ

- Advertisement -

More articles

- Advertisement -

Latest article