38.2 C
Patiāla
Friday, May 3, 2024

ਕਰਨਾਟਕ ਚੋਣਾਂ: ਐਗਜ਼ਿਟ ਪੋਲ ਵਿੱਚ ਕਾਂਗਰਸ ਅੱਗੇ

Must read


ਨਵੀਂ ਦਿੱਲੀ/ਬੰਗਲੂਰੂ, 10 ਮਈ

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਾਂ ਦਾ ਕੰਮ ਮੁਕੰਮਲ ਹੋਣ ਮਗਰੋਂ ਚੋਣ ਮੈਦਾਨ ’ਚ ਉੱਤਰੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ    ਦੀ ਕਿਸਮਤ ਈਵੀਐੱਮਜ਼ ’ਚ ਬੰਦ ਹੋ ਗਈ ਤੇ ਇਨ੍ਹਾਂ ਚੋਣਾਂ ਦੇ ਨਤੀਜੇ 13 ਮਈ ਨੂੰ ਆਉਣਗੇ।

ਕਰਨਾਟਕ ਵਿਧਾਨ ਸਭਾ ਲਈ ਵੋਟਾਂ ਪੈਣ ਤੋਂ ਬਾਅਦ ਸਾਹਮਣੇ ਆਏ ਐਗਜ਼ਿਟ ਪੋਲ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਬਣਦਾ ਦਿਖਾਈ ਦੇ ਰਿਹਾ ਹੈ। ਜ਼ਿਆਦਾਤਰ ਏਜੰਸੀਆਂ ਦੇ ਐਗਜ਼ਿਟ ਪੋਲਜ਼ ਵਿੱਚ ਕਾਂਗਰਸ ਨੂੰ ਅੱਗੇ ਦਿਖਾਇਆ ਗਿਆ ਹੈ ਤੇ ਕਈ ਏਜੰਸੀਆਂ ਨੇ ਸੂਬੇ ’ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮਤ ਨਾ ਮਿਲਦਾ ਹੋਣ ਕਾਰਨ ਲਟਕਵੀਂ ਵਿਧਾਨ ਸਭਾ ਬਣਨ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ। ਅਜਿਹੇ ਵਿੱਚ ਸੂਬੇ ਅੰਦਰ ਸਰਕਾਰ ਬਣਾਉਣ ਵਿੱਚ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਦੀ ਅਗਵਾਈ ਹੇਠਲੀ ਜਨਤਾ ਦਲ (ਐੱਸ) ਦੀ ਭੂਮਿਕਾ ਅਹਿਮ ਹੋ ਸਕਦੀ ਹੈ।

ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ 224 ਮੈਂਬਰੀ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟਾਂ ਦਾ ਅਮਲ ਅੱਜ ਅਮਨ ਅਮਾਨ ਨੇਪਰੇ ਚੜ੍ਹ ਗਿਆ ਤੇ ਇਸ ਦੌਰਾਨ ਸ਼ਾਮ ਛੇ ਵਜੇ ਤੱਕ 69.71 ਫੀਸਦ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਅਸਲ ਅੰਕੜੇ ਭਲਕੇ ਜਾਰੀ ਕੀਤੇ ਜਾਣਗੇ। ਚੋਣ ਕਮਿਸ਼ਨ ਅਨੁਸਾਰ ਕਰਨਾਟਕ ਦੇ ਰਾਮਨਗਰ ਹਲਕੇ ’ਚ ਸਭ ਤੋਂ ਵੱਧ 78.22 ਫੀਸਦ ਜਦਕਿ ਬ੍ਰਹਤ ਬੰਗਲੂਰੂ ਮਹਾਨਗਰ ਪਾਲਿਕਾ ’ਚ ਸਭ ਤੋਂ ਘੱਟ 48.63 ਫੀਸਦ ਵੋਟਾਂ ਪਈਆਂ ਹਨ। ਸਾਲ 2018 ਦੀਆਂ ਵਿਧਾਨ ਸਭਾ ਚੋਣਾਂ ’ਚ 72.10 ਫੀਸਦ ਵੋਟਾਂ ਪਈਆਂ ਸਨ। ਕਰਨਾਟਕ ਵਿਧਾਨ ਸਭਾ ਚੋਣਾਂ ਲਈ ਮੁੱਖ ਤੌਰ ’ਤੇ ਹਾਕਮ ਧਿਰ ਭਾਜਪਾ, ਕਾਂਗਰਸ ਤੇ ਜਨਤਾ ਦਲ (ਸੈਕੁਲਰ) ਵਿਚਾਲੇ ਮੁਕਾਬਲਾ ਹੈ।

ਬੰਗਲੂਰੂ ਵਿੱਚ ਬੁੱਧਵਾਰ ਨੂੰ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਵੋਟ ਪਾਉਣ ਤੋਂ ਬਾਅਦ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ ਵੋਟਰ। -ਫੋਟੋ: ਪੀਟੀਆਈ

ਚੋਣ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ, ਮੁੱਖ ਮੰਤਰੀ ਬਸਵਰਾਜ ਬੋਮਈ, ਸਾਬਕਾ ਮੁੱਖ ਮੰਤਰੀਆਂ ਬੀਐੱਸ ਯੇਦੀਯੁਰੱਪਾ ਤੇ ਡੀਵੀ ਸਦਾਨੰਦ (ਦੋਵੇਂ ਭਾਜਪਾ) ਅਤੇ ਸਿੱਧਾਰਮਈਆ ਤੇ ਜਗਦੀਸ਼ ਸ਼ੈਟਾਰ (ਦੋਵੇਂ ਕਾਂਗਰਸ) ਅਤੇ ਆਈਟੀ ਇੰਡਸਟਰੀ ਦੇ ਬਜ਼ੁਰਗ ਐੱਨਆਰ ਨਾਰਾਇਣ ਮੂਰਤੀ ਤੇ ਉਨ੍ਹਾਂ ਦੀ ਪਤਨੀ ਸੁਧਾ ਮੂਰਤੀ ਨੇ ਵੋਟ ਕੇਂਦਰਾਂ ’ਤੇ ਜਾ ਕੇ ਵੋਟ ਪਾਈ। ਇਸ ਦੌਰਾਨ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨ ਵੋਟਰ ਵੀ ਉਤਸ਼ਾਹ ਨਾਲ ਆਪਣੇ ਜਮਹੂਰੀ ਹੱਕ ਵੀ ਵਰਤੋਂ ਕਰਨ ਪੁੱਜੇ। ਵੋਟ ਪਾਉਣ ਮਗਰੋਂ ਮੁੱਖ ਮਤਰੀ ਬਸਵਰਾਜ ਬੋਮਈ ਨੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਰਿਕਾਰਡ ਸੀਟਾਂ ’ਤੇ ਜਿੱਤ ਦਰਜ ਕਰੇਗੀ ਤੇ ਆਰਾਮ ਨਾਲ ਬਹੁਮਤ ਹਾਸਲ ਕਰੇਗੀ। ਇਸੇ ਦੌਰਾਨ ਕਰਨਾਟਕ ’ਚ ਕੁਝ ਥਾਵਾਂ ’ਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ। ਚੋਣ ਕਮਿਸ਼ਨ ਨੇ ਦੱਸਿਆ ਕਿ ਵਿਜੈਪੁਰਾ ਜ਼ਿਲ੍ਹੇ ਦੇ ਮਸਾਬੀਨਾਲਾ ’ਚ ਪਿੰਡਾਂ ਦੇ ਲੋਕਾਂ ਨੇ ਚੋਣ ਅਮਲੇ ਨੂੰ ਵੋਟਿੰਗ ਮਸ਼ੀਨਾਂ ਲਿਜਾਣ ਤੋਂ ਰੋਕਿਆ ਅਤੇ ਅਫਸਰਾਂ ਨਾਲ ਖਿੱਚ ਧੂਹ ਕੀਤੀ ਤੇ ਬੈਲੇਟ ਯੂਨਿਟਾਂ ਨੂੰ ਨੁਕਸਾਨ ਪਹੁੰਚਾਇਆ ਜਿਸ ਮਗਰੋਂ ਪੁਲੀਸ ਨੇ 23 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਤਰ੍ਹਾਂ ਇੱਕ-ਦੋ ਹੋਰ ਥਾਵਾਂ ’ਤੇ ਦੋ ਸਿਆਸੀ ਧੜਿਆਂ ਦੇ ਨੌਜਵਾਨਾਂ ਵਿਚਾਲੇ ਲੜਾਈ ਹੋਈ ਹੈ। -ਪੀਟੀਆਈ

ਕਾਂਗਰਸ ਦੇ ਨੇਤਾ ਤੇ ਵਰਕਰ ‘ਬੱਬਰ ਸ਼ੇਰ’ ਹਨ: ਰਾਹੁਲ

ਬੰਗਲੂਰੂ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ ਲਈ ਸ਼ਾਨਦਾਰ ਮੁਹਿੰਮ ਚਲਾਉਣ ਲਈ ਅੱਜ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ। ਰਾਹੁਲ ਨੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ‘ਬੱਬਰ ਸ਼ੇਰ’ ਦੱਸਿਆ ਅਤੇ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜੋ ਆਪਣੇ ਰੋਸ਼ਨ ਭਵਿੱਖ ਲਈ ਵੋਟਾਂ ਪਾਉਣ ਲਈ ਆਏ ਸਨ। ਵੋਟਾਂ ਦਾ ਕੰਮ ਮੁਕੰਮਲ ਹੋਣ ਮਗਰੋਂ ਉਨ੍ਹਾਂ ਟਵੀਟ ਕੀਤਾ, ‘ਮੈਂ ਸ਼ਾਨਦਾਰ ਤੇ ਲੋਕ ਪੱਖੀ ਮੁਹਿੰਮ ਚੰਗੀ ਤਰ੍ਹਾਂ ਚਲਾਉਣ ਲਈ ਕਾਂਗਰਸ ਦੇ ਬੱਬਰ ਸ਼ੇਰ ਵਰਕਰਾਂ ਤੇ ਆਗੂਆਂ ਦਾ ਸ਼ੁਕਰੀਆ ਕਰਨਾ ਚਾਹੁੰਦਾ ਹਾਂ। ਅਗਾਂਹਵਧੂ ਭਵਿੱਖ ਲਈ ਵੱਡੀ ਗਿਣਤੀ ’ਚ ਵੋਟਾਂ ਪਾਉਣ ਲਈ ਆਏ ਕਰਨਾਟਕ ਦੇ ਲੋਕਾਂ ਦਾ ਧੰਨਵਾਦ।’      –ਪੀਟੀਆਈ

ਜ਼ਿਮਨੀ ਚੋਣਾਂ: ਮੇਘਾਲਿਆ ’ਚ 90 ਫੀਸਦ ਤੋਂ ਵੱਧ ਵੋਟਿੰਗ

ਰਾਮਪੁਰ/ਜਲੰਧਰ: ਉੱਤਰ ਪ੍ਰਦੇਸ਼ ਦੀਆਂ ਦੋ ਅਤੇ ਮੇਘਾਲਿਆ ਤੇ ਉੜੀਸਾ ਦੀ ਇੱਕ-ਇੱਕ ਵਿਧਾਨ ਸਭਾ ਸੀਟ ਅਤੇ ਪੰਜਾਬ ਦੇ ਜਲੰਧਰ ਦੀ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਅੱਜ ਵੋਟਾਂ ਦਾ ਕੰਮ ਮੁਕੰਮਲ ਹੋ ਗਿਆ ਹੈ। ਇਨ੍ਹਾਂ ’ਚੋਂ ਪੂਰਬ-ਉੱਤਰੀ ਰਾਜ ਮੇਘਾਲਿਆ ’ਚ 90 ਫੀਸਦ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ ਹੈ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਲੋਕ ਸਭਾ ਸੀਟ ’ਤੇ 54 ਫੀਸਦ ਜਦਕਿ ਉੱਤਰ ਪ੍ਰਦੇਸ਼ ਦੀ ਸੁਆਰ ਤੇ ਛਾਨਬੇ ਵਿਧਾਨ ਸਭਾ ਸੀਟ ਲਈ ਕ੍ਰਮਵਾਰ 41.78 ਤੇ 39.51 ਫੀਸਦ ਵੋਟਾਂ ਪਈਆਂ ਹਨ। ਦੂਜੇ ਪਾਸੇ ਉੜੀਸਾ ਦੀ ਝਾਰਸੂਗੁੜਾ ਵਿਧਾਨ ਸਭਾ ਸੀਟ ਲਈ 68.12 ਤੇ ਮੇਘਾਲਿਆ ਦੀ ਸੋਹਿਓਂਗ ਵਿਧਾਨ ਸਭਾ ਸੀਟ ਲਈ 91.56 ਫੀਸਦ ਵੋਟਾਂ ਪਈਆਂ ਹਨ। ਉੱਤਰ ਪ੍ਰਦੇਸ਼ ’ਚ ਮੁੱਖ ਮੁਕਾਬਲਾ ਹਾਕਮ ਧਿਰ ਭਾਜਪਾ ਤੇ ਵਿਰੋਧੀ ਧਿਰ ਸਮਾਜਵਾਦੀ ਪਾਰਟੀ ਵਿਚਾਲੇ ਹੈ। ਰਾਮਪੁਰ ਜ਼ਿਲ੍ਹੇ ਦੀ ਸੁਆਰ ਵਿਧਾਨ ਸਭਾ ਸੀਟ ਤੋਂ ਛੇ ਜਦਕਿ ਮਿਰਜ਼ਾਪੁਰ ਜ਼ਿਲ੍ਹੇ ਦੀ ਛਾਨਬੇ ਸੀਟ ਤੋਂ ਕੁੱਲ 14 ਉਮੀਦਵਾਰ ਮੈਦਾਨ ’ਚ ਹਨ। 

ਸੁਆਰ ਸੀਟ ’ਤੇ 41.78 ਫੀਸਦ ਜਦਕਿ ਛਾਨਬੇ ’ਚ 39.51 ਫੀਸਦ ਵੋਟਾਂ ਪਈਆਂ। ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਅਗਵਾਈ ਹੇਠਲੀ ਬਸਪਾ ਨੇ ਇਸ ਉਪ ਚੋਣ ਤੋਂ ਦੂਰੀ ਬਣਾ ਰੱਖੀ ਹੈ ਜਦਕਿ ਕਾਂਗਰਸ ਨੇ ਸਿਰਫ਼ ਛਾਨਬੇ ਸੀਟ ਤੋਂ ਹੀ ਆਪਣਾ ਉਮੀਦਵਾਰ ਮੈਦਾਨ ’ਚ ਉਤਾਰਿਆ ਹੈ। ਉੜੀਸਾ ਦੀ ਝਾਰਸੂਗੁੜਾ ਵਿਧਾਨ ਸਭਾ ਸੀਟ ’ਤੇ ਸ਼ਾਮ ਪੰਜ ਵਜੇ ਤੱਕ 68.12 ਫੀਸਦ ਵੋਟਾਂ ਪਈਆਂ। ਚੋਣ ਅਧਿਕਾਰੀਆਂ ਅਨੁਸਾਰ ਇੱਥੇ ਕੋਈ ਵੀ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ ਤੇ ਚੋਣ ਅਮਲ ਸ਼ਾਂਤੀ ਪੂਰਨ ਢੰਗ ਨਾਲ ਮੁਕੰਮਲ ਹੋਇਆ। ਇਸ ਵਿਧਾਨ ਸਭਾ ਸੀਟ ਲਈ ਕਾਂਗਰਸ, ਭਾਜਪਾ ਤੇ ਬੀਜੇਡੀ ਦੇ ਉਮੀਦਵਾਰ ਮੈਦਾਨ ’ਚ ਹਨ। 

ਇਸੇ ਤਰ੍ਹਾਂ ਮੇਘਾਲਿਆ ਦੇ ਈਸਟ ਖਾਸੀ ਜ਼ਿਲ੍ਹੇ ਦੀ ਸੋਹਿਓਂਗ ਵਿਧਾਨ ਸਭਾ ਸੀਟ ’ਤੇ ਵੀ ਵੋਟਾਂ ਦਾ ਕੰਮ ਸ਼ਾਂਤੀ ਪੂਰਨ ਢੰਗ ਨਾਲ ਨੇਪਰੇ ਚੜ੍ਹ ਗਿਆ। ਇਨ੍ਹਾਂ ਸਾਰੀਆਂ ਜ਼ਿਮਨੀ ਚੋਣਾਂ ਦੇ ਨਤੀਜੇ 13 ਮਈ ਨੂੰ ਆਉਣਗੇ। -ਪੀਟੀਆਈ

ਓਲਡ ਮੈਸੂਰ ਦੇ ਰਾਮਨਗਰ ਵਿੱਚ ਹੋਈ ਸਭ ਤੋਂ ਵਧ ਵੋਟਿੰਗ

ਬੰਗਲੂਰੂ: ਕਰਨਾਟਕ ਵਿਧਾਨ ਸਭਾ ਲਈ ਅੱਜ ਵੋਟਾਂ ਪੈਣ ਦਾ ਕੰਮ ਨੇਪਰੇ ਚੜ੍ਹਨ ਮਗਰੋਂ ਚੋਣ ਅਧਿਕਾਰੀਆਂ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਓਲਡ ਮੈਸੂਰ ਦੇ ਰਾਮਨਗਰ ਵਿੱਚ ਸਭ ਤੋਂ ਵਧ 78.22 ਫੀਸਦੀ ਵੋਟਿੰਗ ਹੋਈ ਹੈ ਜਦੋਂ ਕਿ ਸਭ ਤੋਂ ਘਟ 48.63 ਫੀਸਦ ਵੋਟਿੰਗ ਬ੍ਰਹਤ ਬੰਗਲੂਰੂ ਮਹਾਨਗਰ ਪਾਲਿਕਾ (ਬੀਬੀਐੱਮਪੀ) ਦੇ ਦੱਖਣੀ ਇਲਾਕੇ (ਬੰਗਲੂਰੂ ਸ਼ਹਿਰ ਦੇ ਕੁਝ ਹਿੱਸਿਆਂ) ਵਿੱਚ ਹੋਈ ਹੈ। ਇਸੇ ਦੌਰਾਨ ਮੁੱਖ ਮੰਤਰੀ ਬਸਵਾਰਾਜ ਬੋਮਈ ਨੇ ਐਗਜ਼ਿਟ ਪੋਲਾਂ ਦੇ ਨਤੀਜਿਆਂ ਨੂੰ ਨਕਾਰ ਦਿੱਤਾ ਹੈ ਤੇ ਕਿਹਾ ਕਿ ਸੂਬੇ ਵਿੱਚ ਭਾਜਪਾ ਬਹੁਮਤ ਹਾਸਲ ਕਰੇਗੀ।     



News Source link

- Advertisement -

More articles

- Advertisement -

Latest article