35.2 C
Patiāla
Tuesday, April 30, 2024

ਰਾਖ ਦੇ ਢੇਰਾਂ ਤੋਂ ਉੱਡ ਰਹੀ ਧੂੜ ਤੋਂ ਲੋਕਾਂ ਵਿੱਚ ਸਹਿਮ

Must read


ਬਲਵਿੰੰਦਰ ਰੈਤ

ਨੂਰਪੁਰ ਬੇਦੀ, 4 ਮਈ

ਨੂਰਪੁਰ ਬੇਦੀ ਤੋਂ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੀ ਮੁੱਖ ਸੜਕ ’ਤੇ ਪੈਂਦੇ ਸਤਲੁਜ ਦਰਿਆ ਉੱਤੇ ਬਣੇ ਸੰਤ ਮਹਿੰਦਰ ਸਿੰਘ ਹਰਖੋਵਾਲ ਪੁਲ ਨਜ਼ਦੀਕ ਪਿੰਡ ਸੈਦਪੁਰ ਦੀ ਹੱਦ ਵਿੱਚ ਖੁੱਲ੍ਹੇ ਡਸਟ (ਕੋਲੇ ਦੀ ਰਾਖ) ਦੇ ਤਿੰਨ ਡੰਪਾਂ ਤੋਂ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡੰਪਾਂ ਤੋਂ ਉੱਡ ਰਹੀ ਡਸਟ ਦੀ ਧੂੜ ਤੋਂ ਪਿੰਡ ਸੈਦਪੁਰ, ਸੰਗਤਪੁਰ ਅਤੇ ਥਾਣਾ ਦੇ ਲੋਕ ਪ੍ਰੇਸ਼ਾਨ ਹਨ। ਇਸੇ ਦੌਰਾਨ ਡੂੰਮੇਵਾਲ ਵਿੱਚ ਵੀ ਮੁੜ ਡੰਪ ਲੱਗਣ ਦੀ ਸੂਚਨਾ ਹੈ।

ਜਾਣਕਾਰੀ ਅਨੁਸਾਰ ਇਹ ਧੂੜ ਸਾਹ ਰਾਹੀਂ ਲੋਕਾਂ ਦੇ ਅੰਦਰ ਜਾ ਰਹੀ ਹੈ ਜਿਸ ਕਾਰਨ ਕੈਂਸਰ ਵਰਗੀ ਭਿਆਨਕ ਬਿਮਾਰੀ ਲੱਗਣ ਦਾ ਖਦਸ਼ਾ ਹੈ। ਇਸ ਕਾਰਨ ਇਨ੍ਹਾਂ ਪਿੰਡਾਂ ਦੇ ਬਾਸ਼ਿੰਦਿਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਡਸਟ ਤੇ ਡੰਪ ਪਿੰਡ ਡੂਮੇਵਾਲ ਅਤੇ ਭਨੂਹਾਂ ਵਿੱਚ ਵੀ ਲੱਗੇ ਸਨ। ਲੋਕ ਜਦੋਂ ਡਸਟ ਦੀ ਧੂੜ ਕਾਰਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋਣ ਲੱਗੇ ਤਾਂ ਉਨ੍ਹਾਂ ਪਿੰਡਾਂ ਦੇ ਲੋਕਾਂ ਨੇ ਸੰਘਰਸ਼ ਕਰ ਕੇ ਇਨ੍ਹਾਂ ਡੰਪਾਂ ਨੂੰ ਉੱਥੋਂ ਹਟਵਾਇਆ ਸੀ। ਪਰ ਹੁਣ ਸੈਦਪੁਰ ਵਿੱਚ ਠੇਕੇਦਾਰ ਵੱਲੋਂ ਦੋ ਡਸਟ ਡੰਪ ਖੋਲ੍ਹੇ ਗਏ ਹਨ।

ਡੰਪਾਂ ਤੋਂ ਤੰਗ ਸੈਦਪੁਰ, ਸੰਗਤਪੁਰ ਅਤੇ ਥਾਣਾ ਪਿੰਡਾਂ ਦੇ ਲੋਕਾਂ ਨੇ ਠੇਕੇਦਾਰ ਵਿਰੁੱਧ ਸੰਘਰਸ਼ ਵਿੱਢਣ ਲਈ ਮੀਟਿੰਗਾਂ ਕਰਨ ਦਾ ਐਲਾਨ ਕੀਤਾ ਹੈ। ਲੋਕਾਂ ਨੇ ਕਿਹਾ ਕਿ ਇਸ ਦੀ ਸੰਘਰਸ਼ ਦੀ ਰੂਪ-ਰੇਖਾ ਜਲਦੀ ਤਿਆਰ ਕੀਤੀ ਜਾਵੇਗੀ ਜਿਸ ਮਗਰੋਂ ਠੇਕੇਦਾਰ ਵਿਰੁੱਧ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਦੂਜੇ ਪਾਸੇ, ਡਸਟ ਡੰਪ ਦੇ ਠੇਕੇਦਾਰ ਗੁਰਚੇਤ ਸਿੰਘ ਬੱਸੀ ਨੇ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਇੱਕ ਸਾਜ਼ਿਸ਼ ਤਹਿਤ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧੂੜ ਉੱਡਣ ਤੋਂ ਰੋਕਣ ਲਈ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ।

ਲੋਕਾਂ ਨੇ ‘ਆਪ’ ਵਿਧਾਇਕ ਦਿਨੇਸ਼ ਚੱਢਾ ਤੋਂ ਮੰਗ ਕੀਤੀ ਹੈ ਕਿ ਉਹ ਖ਼ੁਦ ਦਖ਼ਲ ਦੇ ਕੇ ਇਨ੍ਹਾਂ ਡੰਪਾਂ ਨੂੰ ਇੱਥੋਂ ਹਟਾਉਣ ਤਾਂ ਜੋ ਲੋਕਾਂ ਨੂੰ ਬਿਮਾਰੀ ਤੋਂ ਬਚਾਇਆ ਜਾ ਸਕੇ।





News Source link

- Advertisement -

More articles

- Advertisement -

Latest article