23.9 C
Patiāla
Friday, May 3, 2024

ਰਿਸ਼ਤਿਆਂ ਦੀ ਬਾਤ ਪਾਉਂਦਾ ਸੁਰਿੰਦਰ ਗੀਤ ਦਾ ਕਹਾਣੀ ਸੰਗ੍ਰਹਿ ‘ਤੋਹਫ਼ਾ’

Must read


ਪ੍ਰੋ. ਸੁਖਵਿੰਦਰ ਕੰਬੋਜ

ਸੁਰਿੰਦਰ ਗੀਤ ਦਾ ਨਾਮ ਪਰਵਾਸੀ ਪੰਜਾਬੀ ਕਵਿਤਾ ਵਿੱਚ ਤੇ ਸਮੁੱਚੀ ਪੰਜਾਬੀ ਕਵਿਤਾ ਵਿੱਚ ਇੱਕ ਜ਼ਿਕਰਯੋਗ ਨਾਮ ਹੈ। ਉਸ ਦੀਆਂ ਕਵਿਤਾਵਾਂ ਵਿੱਚ ਭਾਰਤ ਤੇ ਕੈਨੇਡਾ ਬਲਕਿ ਪਰਵਾਸ ਦੇ ਮਨੁੱਖੀ ਰਿਸ਼ਤਿਆਂ ਦੇ ਦਵੰਦਾਂ ਨੂੰ ਬਹੁਤ ਸੁਹਿਰਦਤਾ ਨਾਲ ਚਿਤਰਿਆ ਜਾਂਦਾ ਰਿਹਾ ਹੈ। ਉਹਦੀਆਂ ਕਵਿਤਾਵਾਂ ਵਾਂਗ ਹੁਣੇ-ਹੁਣੇ ਆਏ ਉਸ ਦੇ ਪਹਿਲੇ ਕਹਾਣੀ ਸੰਗ੍ਰਹਿ ‘ਤੋਹਫ਼ਾ’ ਨੇ ਮੇਰੀ ਇਸ ਧਾਰਨਾ ਨੂੰ ਹੋਰ ਵੀ ਪਰਿਪੱਕ ਕੀਤਾ ਹੈ ਕਿ ਜੇ ਲੇਖਕ ਚਾਹੇ ਤਾਂ ਉਹ ਇੱਕ ਤੋਂ ਵੱਧ ਵਿਧਾਵਾਂ ਵਿੱਚ ਵੀ ਪ੍ਰਵੀਨਤਾ ਹਾਸਲ ਕਰ ਸਕਦਾ ਹੈ ਬਸ਼ਰਤੇ ਉਸ ਕੋਲ ਇੱਕ ਸਾਫ਼ ਜੀਵਨ ਦ੍ਰਿਸ਼ਟੀ ਤੇ ਮਨੁੱਖੀ ਰਿਸ਼ਤਿਆਂ ਦੇ ਦਵੰਦ ਨੂੰ ਸਮਝਣ ਦੀ ਡੂੰਘੀ ਨੀਝ ਹੋਵੇ। ਸੁਰਿੰਦਰ ਗੀਤ ਆਪਣੀਆਂ ਕਵਿਤਾਵਾਂ ਵਾਂਗ ਆਪਣੀਆਂ ਕਹਾਣੀਆਂ ਵਿੱਚ ਵੀ ਆਪਣੀ ਸਮਾਜਵਾਦੀ ਦ੍ਰਿਸ਼ਟੀ ਤੋਂ ਮਨੁੱਖਤਾ ਦਾ ਭਲਾ ਮੰਗਦੀ ਹੈ। ਉਸ ਕੋਲ ਉਹ ਡੂੰਘੀ ਵਿਚਾਰਧਾਰਾ ਹੈ ਜਿਸ ਨੂੰ ਮੁੱਖ ਰੱਖ ਕੇ ਉਹ ਕਹਾਣੀਆਂ ਵਿਚਲੇ ਰਿਸ਼ਤਿਆਂ ਦਾ ਸਮਤੋਲ ਬਣਾਈ ਰੱਖਦੀ ਹੈ। ਉਸ ਦੀ ਬੁਣਤੀ ਤੇ ਬਣਤਰ ਵਿੱਚ ਇਕਸਾਰਤਾ ਅਤੇ ਲੈਅਬੱਧਤਾ ਹੈ। ਆਪਣੀ ਵਿਚਾਰਧਾਰਾ ਨੂੰ ਉਹ ਕਿਸੇ ’ਤੇ ਥੋਪਦੀ ਨਹੀਂ ਸਗੋਂ ਮਨੁੱਖੀ ਜੀਵਨ ਵਿੱਚੋਂ ਉਸਾਰਦੀ ਤੇ ਰਿਸ਼ਤਿਆਂ ਦੇ ਤਣਾਅ ਨੂੰ ਚਿਤਰਦੀ ਹੈ।

ਆਮ ਤੌਰ ’ਤੇ ਹਰੇਕ ਲੇਖਕ ਇੱਕ ਤੋਂ ਵੱਧ ਵਿਧਾਵਾਂ ਵਿੱਚ ਲਿਖਣ ਦਾ ਯਤਨ ਕਰਦਾ ਹੈ, ਪਰ ਸਫਲਤਾ ਕਿਸੇ-ਕਿਸੇ ਦੇ ਹਿੱਸੇ ਆਉਂਦੀ ਹੈ। ‘ਤੋਹਫ਼ਾ’ ਕਹਾਣੀ ਸੰਗ੍ਰਹਿ ਪੜ੍ਹਦਿਆਂ ਮੈਂ ਜਾਣਿਆ ਕਿ ਉਹ ਸਮਾਜਿਕ ਯਥਾਰਥ ਨੂੰ ਇੱਕ ਵਿੱਥ ’ਤੇ ਖਲੋ ਕੇ ਦੇਖਦੀ ਤੇ ਫਿਰ ਉਸ ਦਾ ਸਾਹਿਤਕ ਚਿੱਤਰ ਚਿਤਰਦੀ ਹੈ। ਸਮਾਜਿਕ ਯਥਾਰਥ ਤੋਂ ਸਾਹਿਤਕ ਯਥਾਰਥ ਚਿਤਰਦੇ-ਚਿਤਰਦੇ ਉਹ ਕਿਤੇ ਵੀ ਆਪਣੀ ਵਿਚਾਰਧਾਰਾ ਨੂੰ ਪਾਤਰਾਂ ’ਤੇ ਥੋਪਦੀ ਨਹੀਂ ਸਗੋਂ ਘਟਨਾਵਾਂ ਤੇ ਕੰਮਾਂ ਕਾਰਾਂ ’ਤੇ ਪਾਤਰ ਦੇ ਵਿਹਾਰਾਂ ਵਿੱਚੋਂ ਵਿਸ਼ੇ ਨੂੰ ਫੜਦੀ ਹੈ। ‘ਤੋਹਫ਼ਾ’ ਕਹਾਣੀ ਸੰਗ੍ਰਹਿ ਵਿੱਚ ਕੁੱਲ ਸਤਾਰਾਂ ਕਹਾਣੀਆਂ ਹਨ ਅਤੇ ਹਰ ਕਹਾਣੀ ਜੀਵਨ ਦੇ ਵੱਖਰੇ-ਵੱਖਰੇ ਮੁੱਲਾਂ ਨੂੰ ਪੇਸ਼ ਕਰਦੀ ਹੈ। ਮੈਨੂੰ ਲੱਗਿਆ ਕਿ ਇਨ੍ਹਾਂ ਕਹਾਣੀਆਂ ਦੇ ਪਾਤਰ ਮੈਨੂੰ ਸਾਡੇ ਆਲੇ ਦੁਆਲੇ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵਾਪਰ ਰਹੇ ਹਨ ਤੇ ਇਸ ਵਿੱਚ ਹੀ ਉਸ ਦੀ ਕਲਾ ਕੋਮਲਤਾ ਸਮਾਈ ਹੋਈ ਹੈ। ਇਨ੍ਹਾਂ ਕਹਾਣੀਆਂ ਦੇ ਪਾਤਰ ਭਾਰਤੀ ਪੰਜਾਬ ਵਿੱਚੋਂ ਪਰਵਾਸ ਕਰਕੇ ਕੈਨੇਡਾ ਆਉਂਦੇ ਹਨ। ਭਾਰਤੀ ਸਮਾਜ ਵਿੱਚ ਅਜੇ ਤੀਕ ਤੇ ਖ਼ਾਸ ਕਰਕੇ ਪੰਜਾਬ ਵਿੱਚ ਸੱਭਿਆਚਾਰ ਦੇ ਨਾਂ ’ਤੇ ਜਗੀਰੂ ਰਹਿੰਦ ਖੂੰਹਦ ਬਚੀ ਹੋਈ ਹੈ। ਕੈਨੇਡਾ, ਕਿਉਂਕਿ ਸਰਮਾਏਦਾਰੀ ਨਿਜ਼ਾਮ ਦਾ ਮੁਲਕ ਹੈ, ਪਰ ਸਾਡੇ ਲੋਕ ਸਮੇਂ ਦੀਆਂ ਪੁਰਾਣੀਆਂ ਬੋਦੀਆਂ ਜੀਵਨ ਕੀਮਤਾਂ ਨੂੰ ਹੀ ਚੁੱਕੀ ਫਿਰਦੇ ਹਨ। ਰਹਿੰਦੇ ਤਾਂ ਉਹ ਵੀ ਵਿਕਸਿਤ ਸਰਮਾਏਦਾਰ ਮੁਲਕ ਵਿੱਚ ਹਨ, ਪਰ ਜੀਵਨ ਕੀਮਤਾਂ ਪਿਛਾਂਹ ਖਿੱਚੂ ਤੇ ਜਗੀਰੂ ਸਮਾਜ ਦੀ ਗਲੀ ਸੜੀ ਸੰਸਕ੍ਰਿਤੀ ਵਾਲੀਆਂ ਹੀ ਹੰਢਾ ਰਹੇ ਹੁੰਦੇ ਹਨ। ਸਾਰੇ ਪਾਤਰ ਚਾਹੁੰਦੇ ਹਨ ਕਿ ਡਾਲਰ ਤਾਂ ਕੈਨੇਡਾ ਦੇ ਕਮਾਏ ਜਾਣ, ਪਰ ਰਹਿਣ ਸਹਿਣ ਤੇ ਜੀਵਨ ਮੁੱਲ ਪੰਜਾਬ ਵਾਲੇ ਹੀ ਰਹਿਣ। ਜੀਵਨ ਦੇ ਇਸੇ ਯਥਾਰਥ ਵਿੱਚੋਂ ਹੀ ਵਿਰੋਧਤਾਵਾਂ ਜਨਮ ਲੈਂਦੀਆਂ ਹਨ।

ਉਸ ਦੀ ਪਹਿਲੀ ਕਹਾਣੀ ‘ਤਾਏ ਕੇ ਚੋਰ ਉਚੱਕੇ ਨਹੀਂ’ ਵਿੱਚ ਉਹ ਮੂਲ ਨਿਵਾਸੀਆਂ (ਜਿਨ੍ਹਾਂ ਨੂੰ ਰੈੱਡ ਇੰਡੀਅਨ ਵੀ ਕਿਹਾ ਜਾਂਦਾ) ਦੇ ਇੱਕ ਪਾਤਰ ਬਾਰੇ ਹੈ। ਆਮ ਤੌਰ ’ਤੇ ਕੈਨੇਡਾ ਦੇ ਮੂਲ ਨਿਵਾਸੀਆਂ ਨੂੰ ਪਰਵਾਸੀ ਭਾਰਤੀ ‘ਤਾਏ ਕੇ’ ਕਹਿੰਦੇ ਹਨ। ਕਾਰਨ ਇਹ ਹੈ ਕਿ ਉਨ੍ਹਾਂ ਦੀਆਂ ਸ਼ਕਲਾਂ ਸੂਰਤਾਂ ਸਾਡੇ ਨਾਲ ਕਾਫ਼ੀ ਮਿਲਦੀਆਂ-ਜੁਲਦੀਆਂ ਹਨ। ਆਮ ਸੁਣਨ ਤੇ ਪੜ੍ਹਨ ਵਿੱਚ ਆਇਆ ਹੈ ਕਿ ਕੈਨੇਡਾ ਦੇ ਮੂਲ ਨਿਵਾਸੀਆਂ ਉੱਪਰ ਪਹਿਲਾਂ ਪਹਿਲ ਆਏ ਗੋਰਿਆਂ ਵੱਲੋਂ ਬੜੇ ਜ਼ੁਲਮ ਕੀਤੇ ਗਏ। ਨਵੀਂ ਵਿੱਦਿਆ ਦੇ ਨਾਮ ’ਤੇ ਉਨ੍ਹਾਂ ਦੇ ਬੱਚਿਆਂ ਨੂੰ ਜ਼ਬਰਦਸਤੀ ਉਨ੍ਹਾਂ ਦੇ ਪਰਿਵਾਰਾਂ ਤੋਂ ਵਿਛੋੜ ਕੇ ਕ੍ਰਿਸਚੀਅਨ ਸਕੂਲਾਂ ਵਿੱਚ ਦਾਖਲ ਕਰਵਾਇਆ ਗਿਆ, ਜਿਸ ਪਰਿਵਾਰ ਨੇ ਵਿਰੋਧ ਕੀਤਾ ਉਨ੍ਹਾਂ ਨੂੰ ਮਾਰਿਆ ਕੁੱਟਿਆ ਜਾਂਦਾ ਰਿਹਾ ਤੇ ਕਈਆਂ ਨੂੰ ਗੋਲੀ ਤੱਕ ਮਾਰੀ ਗਈ। ਇਹ ਸਭ ਕ੍ਰਿਸ਼ਚੈਨਿਟੀ ਤੇ ਚੰਗੀ ਵਿੱਦਿਆ ਦੇ ਨਾਮ ’ਤੇ ਕੀਤਾ ਗਿਆ। ਸਾਡੇ ਇਸ ਕਹਾਣੀ ਵਿਚਲੇ ਪਾਤਰ ਨਾਲ ਵੀ ਇਹੀ ਵਾਪਰਦਾ ਹੈ ਕਿ ਉਸ ਨੂੰ ਤੇ ਉਸ ਦੀ ਭੈਣ ਨੂੰ ਇੱਕ ਦੂਜੇ ਤੋਂ ਵਿੱਛੜਨਾ ਪੈਂਦਾ ਹੈ। ਸਕੂਲ ਵਿੱਚ ਉਹ ਬਹੁਤ ਕੁੱਟ-ਮਾਰ ਦਾ ਸਾਹਮਣਾ ਕਰਦਾ ਹੈ, ਜਿਸ ਕਾਰਨ ਉਹਦੀ ਇੱਕ ਲੱਤ ਖ਼ਰਾਬ ਹੋ ਜਾਂਦੀ ਹੈ। ਲੇਖਿਕਾ ਉਸ ਨਾਲ ਹਮਦਰਦੀ ਦਿਖਾਉਂਦੀ ਹੈ ਤੇ ਗਾਹੇ ਬਗਾਹੇ ਉਸ ਨੂੰ ਪੁਰਾਣੇ ਕੱਪੜੇ ਤੇ ਡਾਲਰ ਵੀ ਦਿੰਦੀ ਹੈ। ਇੱਕ ਵਾਰ ਲੇਖਿਕਾ ਦਾ ਦਸ ਡਾਲਰ ਦਾ ਨੋਟ ਡਿੱਗ ਪੈਂਦਾ ਹੈ ਜਿਸ ਨੂੰ ਉਹ ਵਾਪਸ ਕਰ ਦਿੰਦਾ ਹੈ। ਉੱਥੋਂ ਲੇਖਿਕਾ ਦੇ ਮਨ ਵਿੱਚ ਆਉਂਦਾ ਹੈ ਕਿ ਇਹ ਚੋਰ ਨਹੀਂ ਬਲਕਿ ਹਾਲਤਾਂ ਦੇ ਭੰਨੇ ਹੋਏ ਲੋਕ ਹਨ, ਜਿਨ੍ਹਾਂ ਨੂੰ ਮਨੁੱਖੀ ਹਮਦਰਦੀ ਤੇ ਪਿਆਰ ਦੀ ਲੋੜ ਹੈ। ਪਿਆਰ, ਮੈਂ ਇਸ ਕਰਕੇ ਕਿਹਾ ਹੈ ਕਿ ਤਰਸ ਦੀ ਭਾਵਨਾ ਨਹੀਂ ਸਗੋਂ ਪਿਆਰ ਨਾਲ ਮਨੁੱਖ ਨੂੰ ਮਨੁੱਖ ਸਮਝ ਕੇ ਹੀ ਇਸ ਸਮੱਸਿਆ ਦਾ ਹੱਲ ਲੱਭਿਆ ਜਾ ਸਕਦਾ ਹੈ। ਕੋਈ ਵੀ ਕੌਮ ਨਾ ਤਾਂ ਪੂਰੀ ਚੰਗੀ ਹੁੰਦੀ ਹੈ ਤੇ ਨਾ ਹੀ ਪੂਰੀ ਮੰਦੀ ਹੁੰਦੀ ਹੈ। ਮਨੁੱਖ, ਚੰਗਾ ਹੈ ਜਾਂ ਮਾੜਾ, ਉਸ ਦੇ ਜੀਵਨ ਦੇ ਹਾਲਾਤ ਤੈਅ ਕਰਦੇ ਹਨ। ਮਨੁੱਖਤਾ ਹਰ ਸਮਾਜ ਵਿੱਚ ਹੁੰਦੀ ਹੈ। ਲੋੜ ਕੇਵਲ ਉਸ ਮਨੁੱਖਤਾ ਨੂੰ ਦੇਖਣ ਵਾਲੀ ਨਜ਼ਰ ਵਿੱਚ ਹੁੰਦੀ ਹੈ।

ਇਸ ਕਿਤਾਬ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ, ਪਰ ‘ਗਰਮ ਪਾਣੀ’ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਸ਼ਾਇਦ ਇਸ ਲਈ ਕਿ ਇਹ ਸ਼ੁੱਧ ਮਨੁੱਖੀ ਜਜ਼ਬੇ ਅਤੇ ਅਣਖ ਨਾਲ ਜੀਵਨ ਬਤੀਤ ਕਰਨ ਦੀ ਕਥਾ ਹੈ। ਇਹ ਕਹਾਣੀ ਮਨੁੱਖ ਦੇ ਮੂਲ ਜਜ਼ਬੇ ਨਾਲ ਸਬੰਧਿਤ ਹੈ। ਇਸ ਕਹਾਣੀ ਵਿਚਲੀ ਪਾਤਰ ਸਿੱਟੋ ਜੁਲਾਹਿਆਂ ਦੀ ਕੁੜੀ ਹੈ। ਉਸ ਦੇ ਘਰ ਦੀ ਆਰਥਿਕ ਹਾਲਤ ਹੀਣੇ ਪਰਿਵਾਰ ਦੀ ਤਰ੍ਹਾਂ ਹੈ। ਇਹੀ ਕਾਰਨ ਕਿ ਉਹ ਸਕੂਲ ਜਾਣ ਵੇਲੇ ਨਾ ਨਹਾ ਸਕਦੀ ਹੈ ਤੇ ਨਾ ਨਹੁੰ ਕਟਵਾ ਸਕਦੀ ਹੈ। ਸਿਆਲਾਂ ਵਿੱਚ ਜਦੋਂ ਖਾਂਦੇ ਪੀਂਦੇ ਪਰਿਵਾਰਾਂ ਦੇ ਬੱਚੇ ਨਹਾ ਕੇ ਨਹੁੰ ਕਟਵਾ ਕੇ ਚੰਗੇ ਕੱਪੜੇ ਪਾ ਕੇ ਆਉਂਦੇ ਹਨ ਤਾਂ ਇਹ ਪਾਤਰ ਠੰਢੇ ਪਾਣੀ ਨਾਲ ਨਹਾਉਣ ਤੋਂ ਡਰਦੀ ਬਿਨਾਂ ਨਹਾਤੇ ਹੀ ਸਕੂਲ ਆ ਜਾਂਦੀ ਹੈ। ਮਾਸਟਰ ਤੇ ਬਾਕੀ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਹਨ। ਲੇਖਿਕਾ ਉਸ ਦੀ ਕਲਾਸ ਫੈਲੋ ਹੋਣ ਕਰਕੇ ਪੁੱਛਦੀ ਹੈ ਕਿ ਉਹ ਨਹਾਉਂਦੀ ਕਿਉਂ ਨਹੀਂ। ਉਹ ਕਹਿੰਦੀ ਘਰੇ ਬਾਲਣ ਨਾ ਹੋਣ ਕਰਕੇ ਪਾਣੀ ਗਰਮ ਨਹੀਂ ਮਿਲਦਾ ਤੇ ਠੰਢਾ ਪਾਣੀ ਉਸ ਦੇ ਸਰੀਰ ਤੇ ਹੱਡਾਂ ਨੂੰ ਵੱਢ-ਵੱਢ ਖਾਂਦਾ ਹੈ। ਨਤੀਜੇ ਵਜੋਂ ਉਹ ਮੈਲੀ ਕਚੈਲੀ ਹੀ ਸਕੂਲੇ ਆ ਜਾਂਦੀ ਹੈ। ਸਮਾਂ ਬਦਲਦਾ ਹੈ ਲੇਖਿਕਾ ਦਾ ਵਿਆਹ ਕੈਨੇਡਾ ਵਿੱਚ ਹੋ ਜਾਂਦਾ ਹੈ ਤੇ ਉਹ ਆਪਣੇ ਪਰਿਵਾਰ ਵਿੱਚ ਚੰਗਾ ਜੀਵਨ ਬਿਤਾ ਰਹੀ ਹੈ। ਅਚਾਨਕ ਇੱਕ ਦਿਨ ਉਸ ਦੀ ਮੁਲਾਕਾਤ ਜਿੰਮ ਵਿੱਚ ਇੱਕ ਔਰਤ ਨਾਲ ਹੁੰਦੀ ਹੈ ਜਿਹਦੇ ਬਹੁਤ ਸੁੰਦਰ ਕੱਪੜੇ ਪਾਏ ਹੁੰਦੇ ਹਨ। ਪਹਿਲੀ ਨਜ਼ਰੇ ਲੇਖਿਕਾ ਉਸ ਨੂੰ ਪਹਿਚਾਣ ਨਹੀਂ ਸਕੀ। ਸਿੱਟੇ ਵਜੋਂ ਉਹ ਲੇਖਿਕਾ ਨੂੰ ਕਹਿੰਦੀ ਹੈ ਕਿ ਉਸ ਨੂੰ ਗਰਮ ਪਾਣੀ ਦੇ ਟੱਬ ਵਿੱਚ ਬੈਠਣਾ ਬਹੁਤ ਚੰਗਾ ਲੱਗਦਾ ਹੈ। ਹੌਲੀ ਹੌਲੀ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਉਸ ਦੀ ਜਮਾਤਣ ਸਿੱਟੋ ਹੈ ਜੋ ਨਹਾ ਕੇ ਨਹੀਂ ਆਉਂਦੀ ਸੀ। ਇੱਥੇ ਆ ਕੇ ਲੇਖਿਕਾ ਨੂੰ ਇੱਕ ਝਟਕਾ ਲੱਗਦਾ ਹੈ ਕਿ ਜੀਵਨ ਦੀਆਂ ਛੋਟੀਆਂ-ਛੋਟੀਆਂ ਖ਼ੁਸ਼ੀਆਂ ਕਿਸ ਤਰ੍ਹਾਂ ਗ਼ਰੀਬੀ ਦੀ ਭੇਂਟ ਚੜ੍ਹ ਜਾਂਦੀਆਂ ਹਨ। ਇਹ ਮਨੁੱਖੀ ਜਜ਼ਬੇ ਦੇ ਸੁਹੱਪਣ ਦੀ ਸਿਖਰ ਹੈ ਕਿ ਗ਼ਰੀਬੀ ਕਿਸ ਤਰ੍ਹਾਂ ਬੰਦੇ ਦੇ ਅੰਦਰਲੇ ਚਾਵਾਂ ਨੂੰ ਖ਼ਤਮ ਕਰ ਦਿੰਦੀ ਹੈ। ਅਣਖ ਨਾਲ ਜਿਉਣ ਦੀ ਚਾਹਤ ਵੀ ਖ਼ਤਮ ਕਰ ਦਿੰਦੀ ਹੈ। ਮੈਂ ਕਹਾਣੀ ਪੜ੍ਹ ਕੇ ਅੰਤਾਂ ਦਾ ਉਦਾਸ ਹੋ ਗਿਆ ਤੇ ਮੈਨੂੰ ਮੇਰੇ ਬਚਪਨ ਦੇ ਕਈ ਸਾਥੀ ਯਾਦ ਆਏ ਜੋ ਸਕੂਲ ਨਹਾ ਕੇ ਨਹੀਂ ਆਉਂਦੇ ਸਨ। ਅਸਲ ਵਿੱਚ ਇਹ ਮੂਲ ਮਨੁੱਖੀ ਜਜ਼ਬੇ ਦੇ ਉਦਾਰ ਦੀ ਕਹਾਣੀ ਹੈ। ਇਸੇ ਵਿੱਚ ਹੀ ਇਸ ਕਹਾਣੀ ਦੀ ਖ਼ੂਬਸੂਰਤੀ ਲੁਕੀ ਹੋਈ ਹੈ। ਕੋਈ ਪ੍ਰਚਾਰ ਨਹੀਂ ਕੋਈ ਵਿਚਾਰਧਾਰਕ ਵਿਰੋਧ ਨਹੀਂ। ਠੰਢੇ ਪਾਣੀ ਵਿੱਚ ਗਰਮ ਪਾਣੀ ਨਾਲ ਨਹਾਉਣ ਦੇ ਸੁੱਖ ਨੂੰ ਲੇਖਿਕਾ ਨੇ ਕਿਵੇਂ ਸਰਮਾਏਦਾਰੀ ਢੰਗ ’ਤੇ ਚੋਟ ਕੀਤੀ ਹੈ। ਇਹੀ ਇਸ ਕਹਾਣੀ ਦਾ ਕਮਾਲ ਹੈ।

‘ਤੋਹਫ਼ਾ’ ਕਹਾਣੀ ਵੀ ਲੇਖਿਕਾ ਦੀ ਹੱਡਬੀਤੀ ਹੀ ਹੈ ਕਿ ਕਿਵੇਂ ਰਿਸ਼ਤੇ ਜੀਵਨ ਦੀ ਪਰਿਭਾਸ਼ਾ ਬਦਲ ਦਿੰਦੇ ਹਨ। ਲੇਖਿਕਾ ਦੀ ਦੋਸਤ ਬਲਬੀਰ ਜੋ ਸਿੱਖੀ ਸੰਸਕਾਰਾਂ ਦੇ ਜਗੀਰੂ ਰਿਸ਼ਤਿਆਂ ਦੀ ਕੈਦ ਵਿੱਚ ਹੈ, ਜਦੋਂ ਉਹ ਇੱਕ ਹਿੰਦੂ ਕੁੜੀ ਨੂੰ ਮਿਲਦੀ ਹੈ ਤਾਂ ਉਸ ਦਾ ਮਜ਼ਾਕ ਉਡਾਉਂਦੀ ਹੈ ਤੇ ਅਖੀਰ ਵਿੱਚ ਉਸੇ ਹੀ ਕੁੜੀ ਦੇ ਬੱਚੇ ਨੂੰ ਪਾਲ ਕੇ ਡਾਕਟਰ ਬਣਾਉਂਦੀ ਹੈ। ਲੇਖਿਕਾ ਦੱਸਦੀ ਹੈ ਕਿ ਮਨੁੱਖੀ ਜੀਵਨ ਦੇ ਮੁੱਲ ਹਮੇਸ਼ਾਂ ਬਦਲਦੇ ਰਹਿੰਦੇ ਹਨ। ਜ਼ਿੰਦਗੀ ਦਾ ਯਥਾਰਥ ਕਦੇ ਖੜੋਤ ਅਵਸਥਾ ਵਿੱਚ ਨਹੀਂ ਹੁੰਦਾ। ਇਹੀ ਯਥਾਰਥ ਹਮੇਸ਼ਾਂ ਬਦਲਦਾ ਰਹਿੰਦਾ ਹੈ ਤੇ ਇਹਦੇ ਬਦਲਣ ਨਾਲ ਮਨੁੱਖੀ ਜੀਵਨ ਮੁੱਲ ਤੇ ਜੀਵਨ ਕੀਮਤਾਂ ਵੀ ਬਦਲ ਜਾਂਦੀਆਂ ਹਨ ਤੇ ਉਸ ਦੇ ਨਾਲ ਹੀ ਮਨੁੱਖੀ ਰਿਸ਼ਤੇ ਵੀ ਬਦਲ ਜਾਂਦੇ ਹਨ। ਇਹ ਲਚਕਦਾਰ ਯਥਾਰਥ ਤੇ ਪਲ-ਪਲ ਬਦਲ ਰਹੀ ਜ਼ਿੰਦਗੀ ਦੀ ਕਹਾਣੀ ਹੈ।

‘ਕੈਨੇਡਾ ਦੀ ਟਿਕਟ’ ਇਸ ਸੰਗ੍ਰਹਿ ਦੀ ਇੱਕ ਹੋਰ ਮਹੱਤਵਪੂਰਨ ਕਹਾਣੀ ਹੈ। ਪੰਜਾਬ ਦੇ ਖਾਂਦੇ ਪੀਂਦੇ ਘਰਾਂ ਦੇ ਬੱਚੇ ਜਦ ਕੈਨੇਡਾ ਅੱਪੜਦੇ ਹਨ ਤਾਂ ਪਿੰਡ ਵਿੱਚ ਇੱਕ ਭੱਲ ਬਣਦੀ ਹੈ ਕਿ ਇਹ ਪਰਿਵਾਰ ਤਾਂ ਹੁਣ ਡਾਲਰਾਂ ਵਿੱਚ ਖੇਡੇਗਾ। ਇਸੇ ਜਜ਼ਬੇ ਦੀ ਚਕਾਚੌਂਧ ਦੇ ਮਾਰੇ ਮਨੁੱਖੀ ਸ਼ਖ਼ਸੀਅਤਾਂ ਆਪਣੀਆਂ ਤਵਾਜ਼ਨ ਖੋਹ ਬੈਠਦੀਆਂ ਹਨ। ਜ਼ਿਮੀਂਦਾਰਾਂ ਦੇ ਨੌਕਰ ਚਰਨੇ ਦੀ ਪਤਨੀ ਬੇਹੱਦ ਸੁੰਦਰ ਹੈ। ਉਹਦੀ ਸੁੰਦਰਤਾ ਦੇ ਚਰਚੇ ਸਾਰੇ ਪਿੰਡ ਵਿੱਚ ਹਨ। ਚਰਨਾ ਬਚਿੱਤਰ ਸਿੰਘ ਦੇ ਘਰ ਨੌਕਰ ਹੈ ਤੇ ਬਚਿੱਤਰ ਸਿੰਘ ਵੀ ਰਾਖੀ ਦੀ (ਚਰਨੇ ਦੀ ਪਤਨੀ) ਸੁੰਦਰਤਾ ਦੇਖ ਤੇ ਮੋਹਿਤ ਹੋ ਜਾਂਦਾ ਹੈ। ਬਚਿੱਤਰ ਸਿੰਘ ਦੇ ਬੱਚੇ ਕੈਨੇਡਾ ਵਿੱਚ ਵੱਸ ਗਏ ਹਨ। ਉਹ ਰਾਖੀ ਨੂੰ ਕੈਨੇਡਾ ਦੇ ਸੁਪਨੇ ਦਿਖਾ ਕੇ ਉਸ ਨਾਲ ਨਾਜਾਇਜ਼ ਸਬੰਧ ਬਣਾ ਲੈਂਦਾ ਹੈ। ਜਦੋਂ ਰਾਖੀ ਨੂੰ ਉਹਦੀ ਨੀਅਤ ਦਾ ਪਤਾ ਲੱਗਦਾ ਹੈ ਕਿ ਇਹ ਤਾਂ ਮੈਨੂੰ ਕੈਨੇਡਾ ਨਹੀਂ ਲਿਜਾਏਗਾ ਤਾਂ ਉਹ ਪਾਗਲ ਹੋ ਜਾਂਦੀ ਹੈ। ਲੇਖਿਕਾ ਦੱਸਦੀ ਹੈ ਕਿ ਵਿਦੇਸ਼ ਜਾਣ ਦੀ ਚਾਹਤ ਕਿਵੇਂ ਚੰਗੀ ਭਲੀ ਸਾਵੀ ਪੱਧਰੀ ਮਨੁੱਖੀ ਸ਼ਖ਼ਸੀਅਤ ਦਾ ਘਾਣ ਕਰ ਦਿੰਦੀ ਹੈ। ਇਹੀ ਇਸ ਕਥਾ ਦੀ ਖ਼ੂਬਸੂਰਤੀ ਹੈ।

‘ਧੀ ਦਾ ਕਰਜ਼’ ਕਹਾਣੀ ਪੇਂਡੂ ਰਹਿਤਲ ਦੀ ਕਹਾਣੀ ਹੈ। ਮਿੰਦਰ ਕੁਰ ਨਾਮ ਦੀ ਔਰਤ ਜੋ ਰਿਸ਼ਤੇ ਵਿੱਚ ਲੇਖਿਕਾ ਦੀ ਚਾਚੀ ਲੱਗਦੀ ਹੈ ਪਿੰਡ ਦੇ ਰਿਸ਼ਤੇ ਨਾਤੇ ਪ੍ਰਬੰਧ ਵਿੱਚ ਬੱਝੀ ਹੋਈ ਹੈ। ਗ਼ਰੀਬ ਹੈ, ਪਰ ‘ਧੀ ਦੇ ਪੈਸੇ ਨਹੀਂ ਰੱਖਣੇ’ ਜੀਵਨ ਮੁੱਲ ਨਾਲ ਜੁੜੀ ਹੋਈ ਹੈ। ਮਰਨ ਤੋਂ ਪਹਿਲਾਂ ਉਹ ਲੇਖਿਕਾ ਦੀ ਮਾਂ ਨੂੰ ਕਹਿੰਦੀ ਹੈ ਕਿ ਉਸ ਨੇ ਉਸ ਦੀ ਧੀ ਦੇ ਪੈਸੇ ਦੇਣੇ ਹਨ। ਗ਼ਰੀਬੀ ਕਾਰਨ ਪੈਸੇ ਨਾ ਮੋੜ ਸਕਣ ਦੀ ਲਾਚਾਰੀ ਦੱਸਦੀ ਹੋਈ ਧੀ ਦੀ ਕਰਜ਼ਾਈ ਮਹਿਸੂਸ ਕਰਦੀ ਹੈ। ਰਿਸ਼ਤਾ ਨਾਤਾ ਪ੍ਰਬੰਧ ਵਿੱਚ ਧੀ ਦੇ ਪੈਸੇ ਧੀ ਦੇ ਹੀ ਰਹਿੰਦੇ ਹਨ। ਇਹੋ ਜਿਹੇ ਅਚੇਤ ਸੰਸਕਾਰ ਮਰਨ ਤੀਕ ਜੀਵਨ ਮੁੱਲ ਤੇ ਮਨੁੱਖੀ ਸ਼ਖ਼ਸੀਅਤ ਦਾ ਪਿੱਛਾ ਨਹੀਂ ਛੱਡਦੇ।

‘ਬਦਲਦੇ ਰਿਸ਼ਤੇ’ ਇਸ ਸੰਗ੍ਰਹਿ ਦੀ ਇੱਕ ਹੋਰ ਕਮਾਲ ਦੀ ਕਹਾਣੀ ਹੈ ਕਿ ਕਿਸ ਤਰ੍ਹਾਂ ਜਗੀਰੂ ਜੀਵਨ ਮੁੱਲ ਸਰਮਾਏਦਾਰੀ ਜੀਵਨ ਮੁੱਲਾਂ ਵਿੱਚ ਪੱਛੜ ਜਾਂਦੇ ਹਨ। ਜਦੋਂ ਹਲਾਤ ਦੇ ਠੇਡੇ ਲੱਗਦੇ ਹਨ ਤਾਂ ਪਾਤਰਾਂ ਅੰਦਰੋਂ ਪੁਰਾਣੀ ਅਣਖ ਆਪਣੇ ਆਪ ਅਲੋਪ ਹੋ ਜਾਂਦੀ ਹੈ। ਬਿੱਕਰ ਸਿੰਘ ਜਿਸ ਵਿੱਚ ਜੱਟਵਾਦ ਏਨਾ ਭਾਰੂ ਸੀ ਕਿ ਉਹ ਆਪਣੇ ਸੀਰੀ ਨੂੰ ਬੰਦਾ ਹੀ ਨਹੀਂ ਸੀ ਸਮਝਦਾ। ਬਦਲਦੇ ਹਾਲਤਾਂ ਵਿੱਚ ਕੈਨੇਡਾ ਆਉਣ ’ਤੇ ਉਸੇ ਸੀਰੀ ਦੇ ਮੁੰਡੇ ਦੇ ਬੈਰੀ ਫਾਰਮ ਵਿੱਚ ਕੰਮ ਕਰਦਾ ਹੈ ਤੇ ਆਪਣੇ ਆਪ ਨੂੰ ਲਾਹਨਤਾਂ ਵੀ ਪਾਉਂਦਾ ਹੈ, ਪਰ ਸਮੇਂ ਦਾ ਸੱਚ ਉਹਦੇ ਹੰਕਾਰ ਦਾ ਸ਼ੀਸ਼ਾ ਬੁਰੀ ਤਰ੍ਹਾਂ ਤੋੜ ਦਿੰਦਾ ਹੈ ਤੇ ਉਹਨੂੰ ਆਪਣੇ ਜੀਵਨ ਮੁੱਲ ਬਦਲਣ ਲਈ ਮਜਬੂਰ ਕਰ ਦਿੰਦਾ ਹੈ।

‘ਮੈਂ ਚੰਗੀ ਮਾਂ ਹਾਂ’ ਰਿਸ਼ਤਿਆਂ ਦੇ ਤਵਾਜ਼ਨ ਦੀ ਕਹਾਣੀ ਹੈ ਕਿ ਕਿਵੇਂ ਕੈਨੇਡਾ ਆਉਣ ਤੋਂ ਬਾਅਦ ਪਿੱਛੇ ਰਹਿ ਗਏ ਰਿਸ਼ਤੇਦਾਰ ਸਾਵੀ ਪੱਧਰੀ ਜ਼ਿੰਦਗੀ ਨੂੰ ਡੂੰਘੇ ਖੂਹ ਵਿੱਚ ਸੁੱਟ ਸਕਦੇ ਹਨ, ਪਰ ਮਨੁੱਖੀ ਸ਼ਖ਼ਸੀਅਤ ਹਮੇਸ਼ਾਂ ਬਦਲਦੀ ਰਹਿੰਦੀ ਹੈ। ‘ਬੇਘਰੇ’ ਕਹਾਣੀ ਵਿੱਚ ਵਿਦੇਸ਼ ਜਾਣ ਦੇ ਸੁਪਨੇ ਕਿਸ ਤਰ੍ਹਾਂ ਟੁੱਟਦੇ ਹਨ, ਬਾਰੇ ਚਿਤਰਨ ਕਰਦੀ ਹੈ। ਵਿਦੇਸ਼ ਜਾਣ ਦਾ ਪੰਜਾਬ ਵਿੱਚ ਏਨਾ ਸ਼ੁਦਾਅ ਹੈ ਕਿ ਜੱਟ ਜਿਹਦੇ ਲਈ ਜ਼ਮੀਨ ਹੀ ਸਭ ਕੁਝ ਹੁੰਦੀ ਹੈ ਵੀ ਵੇਚ ਦਿੰਦੇ ਹਨ। ਉਹ ਇਹ ਵੀ ਨਹੀਂ ਦੇਖਦੇ ਕਿ ਅਰਬ ਦੇਸ਼ਾਂ ਵਿੱਚ ਤਾਂ ਬੰਦਾ ਕਦੇ ਪੱਕਾ ਹੋ ਹੀ ਨਹੀਂ ਸਕਦਾ। ਸੋ ਜ਼ਮੀਨ ਵੀ ਗਈ ਤੇ ਰਿਸ਼ਤਿਆਂ ਵਿਚਲਾ ਨਿੱਘ ਵੀ ਗਿਆ ਤੇ ਅਖੀਰ ਆਪ ਬੇਘਰੇ ਹੋ ਜਾਂਦੇ ਹਨ।

‘ਖੇਤ ਦੀ ਨੁੱਕਰ’ ਬੰਦੇ ਦੇ ਅਚੇਤ ਸੰਸਕਾਰਾਂ ਦੀ ਜ਼ਬਰਦਸਤ ਕਹਾਣੀ ਹੈ ਕਿ ਕਿਸ ਕਿਸਮ ਦੇ ਰਿਸ਼ਤੇ ਨਾਤੇ ਪ੍ਰਬੰਧ ਵਿੱਚ ਤੁਹਾਡੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ ਅਤੇ ਸਾਰੀ ਉਮਰ ਤੁਸੀਂ ਉਸ ਰਿਸ਼ਤੇ ਨਾਤੇ ਪ੍ਰਬੰਧ ਤੋਂ ਪਿੱਛਾ ਨਹੀਂ ਛੁਡਾ ਸਕਦੇ। ਬੰਦੇ ਦੇ ਅਚੇਤ ਸੰਸਕਾਰ ਉਹਦਾ ਉਮਰ ਭਰ ਪਿੱਛਾ ਨਹੀਂ ਛੱਡਦੇ। ਕਹਾਣੀ ਸਿਰਫ਼ ਏਨੀ ਹੈ ਕਿ ਇੱਕ ਘਰ ਦੇ ਵਿੱਚੋਂ ਮਾਤਾ ਦਾ ਸੰਸਕਾਰ ਧੀ ਦੇ ਸਹੁਰੇ ਘਰ ਕਰ ਦਿੱਤਾ ਜਾਂਦਾ ਹੈ। ਇਸ ਘਟਨਾ ਵਿੱਚੋਂ ਹੀ ਰਿਸ਼ਤਿਆਂ ਦਾ ਦਵੰਦ ਉੱਭਰਦਾ ਹੈ।

‘ਗੁਨਾਹ’ ਕਹਾਣੀ ਲੇਖਿਕਾ ਦੀ ਹੱਡਬੀਤੀ ਹੈ ਕਿ ਕਿਵੇਂ ਕਿਸੇ ਲੜਕੀ ਦੀ ਮਦਦ ਕਰਦੀ ਹੈ ਅਤੇ ਲੇਖਿਕਾ ਕਰਕੇ ਹੀ ਉਸ ਲੜਕੀ ਦੀ ਨੌਕਰੀ ਜਾਂਦੀ ਰਹਿੰਦੀ ਹੈ। ਲੇਖਿਕਾ ਆਪਣੇ ਆਪ ਨੂੰ ਉਸ ਦਾ ਗੁਨਾਹਗਾਰ ਮਹਿਸੂਸ ਕਰਦੀ ਹੈ ਅਤੇ ਇਹ ਅਚੇਤ ਰੂਪ ਵਿੱਚ ਕੀਤਾ ਗੁਨਾਹ ਉਸ ਨੂੰ ਸਤਾ ਰਿਹਾ ਹੁੰਦਾ ਹੈ। ‘ਦੇਵਤੇ’ ਕਹਾਣੀ ਵਿੱਚ ਬੰਦੇ ਦੁਆਰਾ ਕੀਤੇ ਕਰਮ/ਕੰਮਕਾਰ ਜਾਂ ਅਚਾਰ ਵਿਵਹਾਰ ਮਰਦੇ ਦਮ ਤੱਕ ਬੰਦੇ ਦਾ ਪਿੱਛਾ ਨਹੀਂ ਛੱਡਦੇ। ਇਹ ਕਹਾਣੀ ਇੱਕ ਅਜਿਹੀ ਔਰਤ ਦੀ ਕਹਾਣੀ ਹੈ ਜੋ ਵਿਆਹ ਬਹਾਨੇ ਕੈਨੇਡਾ ਆਉਂਦੀ ਹੈ, ਪਰ ਸਹੁਰਿਆਂ ਦੇ ਜਾਣ ਦੀ ਬਜਾਏ ਆਪਣੀ ਭੂਆ ਦੇ ਆਖੇ ਲੱਗ ਵੈਨਕੂਵਰ ਹੀ ਰਹਿ ਜਾਂਦੀ ਹੈ। ਫਿਰ ਕਈ ਸਾਲਾਂ ਬਾਅਦ ਜਦ ਇਸੇ ਔਰਤ ਦੀ ਧੀ ਯੂਨੀਵਰਸਿਟੀ ਪੜ੍ਹਦੇ ਇੱਕ ਮੁੰਡੇ ਦੇ ਨੇੜੇ ਆਉਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਤਾਂ ਰਿਸ਼ਤੇ ਵਿੱਚ ਭੈਣ ਭਰਾ ਲੱਗਦੇ ਹਨ। ਲੇਖਿਕਾ ਦੱਸਦੀ ਹੈ ਕਿ ਲੋਕਾਂ ’ਚ ਵਿਦੇਸ਼ ਆਉਣ ਦਾ ਝੱਲ ਏਨਾ ਭਾਰੂ ਹੋ ਜਾਂਦਾ ਹੈ ਕਿ ਰਿਸ਼ਤਿਆਂ ਦੀ ਪਵਿੱਤਰਤਾ ਹੀ ਭੁੱਲ ਜਾਂਦੀ ਹੈ। ਇਸ ਦੇ ਉਲਟ ਕੈਨੇਡਾ ਦੇ ਬੱਚਿਆਂ ਵਿੱਚ ਚੰਗੇ ਜੀਵਨ ਮੁੱਲ ਹਨ ਅਤੇ ਇਨ੍ਹਾਂ ਜੀਵਨ ਮੁੱਲਾਂ ਕਰਕੇ ਹੀ ਉਨ੍ਹਾਂ ਦਾ ਜੀਵਨ ਸੱਚ ਦੇ ਨੇੜੇ ਹੈ। ‘ਨਵੀਂ ਜੁੱਤੀ’ ਕਹਾਣੀ ਬੰਦੇ ਦੇ ਕੀਤੇ ਕਰਮ ਤੇ ਉਸ ਦੇ ਪ੍ਰਤੀਕਰਮ ਦੀ ਕਹਾਣੀ ਹੈ। ਮਨੁੱਖ ਰਾਹੀਂ ਕੀਤਾ ਇਹ ਚੰਗਾ ਕੰਮ ਹਮੇਸ਼ਾਂ ਵਧੀਆ ਤੇ ਸ਼ਾਨਦਾਰ ਸਿੱਟੇ ਲੈ ਕੇ ਆਉਂਦਾ ਹੈ। ‘ਕੁਰਬਾਨੀ’ ਕਹਾਣੀ ਪੰਜਾਬੀ ਬੰਦੇ ਦੇ ਲਾਲਚ ਤੇ ਮਨੁੱਖੀ ਰਿਸ਼ਤਿਆਂ ਦੇ ਵਿਗਾੜ ਦੀ ਕਮਾਲ ਦੀ ਕਹਾਣੀ ਹੈ। ਕਮਾਲ ਇਹ ਹੈ ਕਿ ਜਿਨ੍ਹਾਂ ਭੈਣ ਭਰਾਵਾਂ ਲਈ ਉਹ ਲੜਕੀ ਝੂਠ ਬੋਲਦੀ ਹੈ, ਸਹੁਰੇ ਘਰੋਂ ਛਿੱਤਰ ਖਾਂਦੀ ਹੈ, ਉਹੀ ਲੋਕ ਕਹਿੰਦੇ ਨੇ ਇਸ ਨੇ ਕਿਹੜਾ ਸਾਡੇ ਲਈ ਕੋਈ ਜੱਗੋਂ ਤੇਰ੍ਹਵੀਂ ਕੀਤੀ ਹੈ। ਸਾਰੇ ਆਪਣੇ ਭੈਣ ਭਰਾਵਾਂ ਲਈ ਕਰਦੇ ਹਨ। ਅਸਲ ਵਿੱਚ ਸੱਚਾ ਸੁੱਚਾ ਪੰਜਾਬੀ ਬੰਦਾ ਪੰਜਾਬੀ ਰਿਸ਼ਤਾ-ਨਾਤਾ ਪ੍ਰਬੰਧ ਵਿੱਚ ਸੁਖੀ ਰਹਿ ਹੀ ਨਹੀਂ ਸਕਦਾ। ਇਸ ਸੰਗ੍ਰਹਿ ਦੀਆਂ ਬਹੁਤੀਆਂ ਕਹਾਣੀਆਂ ਪਰਵਾਸ ਦੀਆਂ ਸਮੱਸਿਆਵਾਂ ਨਾਲ ਸਬੰਧਿਤ ਹਨ। ‘ਤਿੰਨ ਪੀੜ੍ਹੀਆਂ’ ਕਹਾਣੀ ਪੰਜਾਬ ਵਿਚਲੇ ਅਤਿਵਾਦ ਦੇ ਦੌਰ ਦੀ ਕਹਾਣੀ ਹੈ, ਜਿਸ ਵਿੱਚ ਪੁਲੀਸ ਦੇ ਸਹੀ ਚਰਿੱਤਰ ਨੂੰ ਪੇਸ਼ ਕੀਤਾ ਗਿਆ ਹੈ। ਇਸ ਕਹਾਣੀ ਸੰਗ੍ਰਹਿ ਵਿੱਚ ਪਰਵਾਸ ਦੀਆਂ ਸਮੱਸਿਆਵਾਂ ਦੇ ਨਾਲ-ਨਾਲ ਮੂਲ ਸੁਰ ਪ੍ਰਧਾਨ ਹੈ ਕਿ ਪੈਸਾ ਤੇ ਇਹਦੀ ਹਵਸ ਮਨੁੱਖੀ ਰਿਸ਼ਤੇ ਤੇ ਸ਼ਖ਼ਸੀਅਤ ਨੂੰ ਅੰਦਰੋਂ ਤੋੜ ਦਿੰਦੀ ਹੈ।

ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੁਰਿੰਦਰ ਗੀਤ ਆਪਣੇ ਪਹਿਲੇ ਕਹਾਣੀ ਸੰਗ੍ਰਹਿ ‘ਤੋਹਫਾ’ ਨਾਲ ਹੀ ਚੋਣਵੇਂ ਕਹਾਣੀਕਾਰਾਂ ਵਿੱਚ ਆਪਣਾ ਸਥਾਨ ਨਿਸ਼ਚਤ ਕਰ ਲੈਂਦੀ ਹੈ। ਉਸ ਕੋਲ ਪਾਤਰ ਉਸਾਰੀ ਕਰਨ ਦਾ ਅਨੋਖਾ ਢੰਗ ਹੈ। ਅੱਗੇ ਕੀ ਹੋਇਆ ਦੀ ਲੈ ਉਹ ਕਦੇ ਨਹੀਂ ਟੁੱਟਣ ਦਿੰਦੀ। ਉਹਦੇ ਸਾਰੇ ਪਾਤਰ ਜ਼ਿੰਦਗੀ ਨਾਲ ਸੰਘਰਸ਼ ਕਰਦੇ ਹਨ। ਆਸ਼ਾਵਾਦ ਉਨ੍ਹਾਂ ਦੀ ਟੇਕ ਹੈ। ਉਹਦੇ ਸਿਰਜੇ ਕਈ ਪਾਤਰ ਦੇਰ ਤੀਕ ਚੇਤਿਆਂ ਵਿੱਚ ਵੱਸਣ ਵਾਲੇ ਹਨ। ਉਸ ਕੋਲ ਆਸ਼ਾਵਾਦੀ ਦ੍ਰਿਸ਼ਟੀਕੋਣ ਤੇ ਰਿਸ਼ਤਿਆਂ ਦੇ ਵਿਰੋਧਾਂ ਨੂੰ ਸਮਝਣ ਵਾਲੀ ਨਜ਼ਰ ਤੇ ਨਜ਼ਰੀਆ ਹੈ। ਉਹਦੇ ਪਲਾਟ ਜੀਵਨ ਦੇ ਆਮ ਆਦਮੀਆਂ-ਔਰਤਾਂ ਨਾਲ ਵਾਪਰਨ ਵਾਲੇ ਰੋਜ਼ਮਰਾ ਦੀ ਜ਼ਿੰਦਗੀ ਦੇ ਪਲਾਟ ਹਨ। ਸਮਾਜਿਕ ਯਥਾਰਥ ਦੇ ਵਿਰੋਧਾਂ ਨੂੰ ਸਾਹਿਤਕ ਯਥਾਰਥ ਬਣਾਉਣ ਲਈ ਉਸ ਕੋਲ ਆਲੋਚਨਾਤਮਿਕ ਦ੍ਰਿਸ਼ਟੀ ਹੈ। ਕੁਲ ਮਿਲਾ ਕੇ ਮੈਂ ਪੰਜਾਬੀ ਪਾਠਕਾਂ ਨੂੰ ‘ਤੋਹਫ਼ਾ’ ਕਹਾਣੀ ਸੰਗ੍ਰਹਿ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹਾਂ ਕਿਉਂਕਿ ਇਨ੍ਹਾਂ ਕਹਾਣੀਆਂ ਨਾਲ ਤੁਸੀਂ ਮਨੁੱਖੀ ਰਿਸ਼ਤਿਆਂ ਦੇ ਨਵੇਂ ਆਯਾਮ, ਨਵੇਂ ਦਿਸਹੱਦੇ ਤੇ ਨਵੇਂ ਰਹੱਸ ਦੇਖ ਸਕਦੇ ਹੋ।  



News Source link
#ਰਸ਼ਤਆ #ਦ #ਬਤ #ਪਉਦ #ਸਰਦਰ #ਗਤ #ਦ #ਕਹਣ #ਸਗਰਹ #ਤਹਫ

- Advertisement -

More articles

- Advertisement -

Latest article