41.2 C
Patiāla
Tuesday, May 14, 2024

ਦਸਤਾਰ ਦਿਵਸ ਮੌਕੇ ਦਸਤਾਰ ਦੀ ਮਹਿਮਾ ਦਾ ਗੁਣਗਾਨ

Must read


ਮਨਦੀਪ ਸਿੰਘ ਪੂਨੀਆਂ

ਨੌਰਵੇ: ਦਸਤਾਰ ਸਿੱਖ ਧਰਮ ਦੀ ਆਨ, ਬਾਨ ਅਤੇ ਸ਼ਾਨ ਦੀ ਪ੍ਰਤੀਕ ਹੈ। ਇਸ ਦਸਤਾਰ ਨੂੰ ਪਾਉਣ ਲਈ ਅਤੇ ਬਚਾਉਣ ਦੇ ਲਈ ਲੱਖਾਂ ਕੁਰਬਾਨੀਆਂ ਦੇਣੀਆਂ ਪਈਆਂ। ਅੱਜ ਵੀ ਇਹ ਸਿਲਸਿਲਾ ਕਿਸੇ ਨਾ ਕਿਸੇ ਤਰ੍ਹਾਂ ਜਾਰੀ ਹੈ। ਦਸਤਾਰ ਦਾ ਦਿਹਾੜਾ ਹਰ ਸਾਲ 13 ਅਪਰੈਲ ਨੂੰ ਸਿੱਖ ਕੌਮ ਵੱਲੋਂ ਪੂਰੀ ਦੁਨੀਆ ਵਿੱਚ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ।

ਯੂਰਪ ਦੇ ਦੇਸ਼ ਨੌਰਵੇ ਵਿੱਚ ਦਸਤਾਰ ਦਿਵਸ ਜਾਂ ਵਿਸਾਖੀ ਦੇ ਦਿਹਾੜੇ ਵਿੱਚ ਬੜੀ ਵਿਲੱਖਣਤਾ ਹੈ। ਇਹ ਬਹੁਤ ਹੀ ਸਾਦਾ ਅਤੇ ਸੁਨੇਹਾ ਭਰਭੂਰ ਹੈ। ਹਰ ਸਾਲ ਅਪਰੈਲ ਦੇ ਮਹੀਨੇ ਵਿੱਚ ਵਿਸਾਖੀ ਦੇ ਨਜ਼ਦੀਕ ਜੋ ਵੀ ਹਫ਼ਤੇ ਦਾ ਆਖ਼ਰੀ ਦਿਨ ਹੁੰਦਾ ਹੈ, ਉਸ ਦਿਨ ਇੱਥੇ ਦਸਤਾਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦਾ ਸਾਰਾ ਪ੍ਰਬੰਧ ਨੌਰਵੇ ਦੇ ਤਿੰਨਾਂ ਹੀ ਗੁਰੂ ਘਰਾਂ ਗੁਰੂ ਘਰ ਓਸਲੋ, ਦਰਾਮਨ ਅਤੇ ਬਰਗਨ ਵੱਲੋਂ ਸਾਂਝੇ ਤੌਰ ’ਤੇ ਕੀਤਾ ਜਾਂਦਾ ਹੈ ਜਿਸ ਵਿੱਚ ਇੱਥੋਂ ਦੀ ਨੌਜਵਾਨ ਸਿੱਖ ਸੰਸਥਾ ਦਾ ਵੱਡਾ ਯੋਗਦਾਨ ਹੁੰਦਾ ਹੈ। ਇਹ ਸੰਸਥਾ ਇੱਥੋਂ ਦੇ ਹੀ ਜਨਮੇ ਬੱਚਿਆਂ ਦੁਆਰਾ ਬਣਾਈ ਗਈ ਹੈ ਜੋ ਸਮੇਂ ਸਮੇਂ ਉੱਪਰ ਸਾਰਾ ਸਾਲ ਹੋਰ ਵੀ ਗਤੀਵਿਧੀਆਂ ਕਰਦੇ ਰਹਿੰਦੇ ਹਨ। ਇਸ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਬੰਧਨ ਜਾਂ ਰੋਕ ਨਹੀਂ ਕਿ ਕੋਈ ਹੋਰ ਇਸ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਹ ਸੰਸਥਾ ਦੇ ਦੁਆਰ ਸਭਨਾਂ ਲਈ ਖੁੱਲ੍ਹੇ ਹਨ।

Caption

ਜੇਕਰ ਦਸਤਾਰ ਦਿਵਸ ਜਾਂ ਵਿਸਾਖੀ ਦਿਹਾੜੇ ਦੀ ਸਾਦਗੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਿੱਖ ਸੰਗਤ ਵੱਲੋਂ ਸ਼ਹਿਰ ਦੀ ਮੁੱਖ ਰੋਡ ਉੱਪਰ ਇੱਕ ਮਾਰਚ ਦੀ ਤਰ੍ਹਾਂ ਫੇਰੀ ਪਾਈ ਜਾਂਦੀ ਹੈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਸਾਹਿਬ ਨਹੀਂ ਹੁੰਦੀ, ਬਲਕਿ ਬਿਲਕੁਲ ਸਾਦੇ ਢੰਗ ਨਾਲ ਇਹ ਮਾਰਚ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਸ਼ਹਿਰ ਦੇ ਵਿਚਕਾਰ ਖੁੱਲ੍ਹੀ ਜਗਾ ਉੱਪਰ ਲੱਗੀਆਂ ਸਟੇਜਾਂ ਦੇ ਕੋਲ ਰੁਕਦਾ ਹੈ। ਜਿੱਥੇ ਸੰਗਤ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਹੁੰਦਾ ਹੈ ਅਤੇ ਪਤਵੰਤੇ ਸੱਜਣ ਆਪਣੇ ਵਿਚਾਰ ਸਾਂਝੇ ਕਰਦੇ ਹਨ।

ਜਦੋਂ ਦਸਤਾਰ ਦੀ ਗੱਲ ਆਉਂਦੀ ਹੈ ਤਾਂ ਨੌਰਵੇ ਦੀ ਸਿੱਖਾਂ ਦੀ ਆਪਣੀ ‘ਓਸਲੋ ਟਰਬਨ’ ਵੀ ਹੈ ਜਿਸ ਨੂੰ ਖ਼ਾਸ ਤੌਰ ’ਤੇ ਡਿਜ਼ਾਈਨ ਕੀਤਾ ਗਿਆ ਹੈ। ਇਹ ਡਿਜ਼ਾਈਨ ਨੌਰਵੇ ਦੇ ਸਭ ਤੋਂ ਮਹਿੰਗੇ ਬ੍ਰੈਂਡ ‘ਹੌਲਜਵਾਇਲਰ’ ਵੱਲੋਂ ਕੀਤਾ ਗਿਆ ਹੈ ਜੋ ਕਿ ਨੌਰਵੇ ਦੇ ਰਾਜ ਪਰਿਵਾਰ ਲਈ ਹਰ ਤਰ੍ਹਾਂ ਦੀ ਡਿਜ਼ਾਇਨਿੰਗ ਦਾ ਕੰਮ ਕਰਦਾ ਹੈ। ਓਸਲੋ ਟਰਬਨ ਹਰ ਸਾਲ ਕਿਸੇ ਇੱਕ ਵਿਅਕਤੀ ਵਿਸ਼ੇਸ਼ ਨੂੰ ਦਿੱਤੀ ਜਾਂਦੀ ਹੈ ਜਿਸ ਨੇ ਕਿਸੇ ਖੇਤਰ ਵਿੱਚ ਖ਼ਾਸ ਪ੍ਰਾਪਤੀ ਕੀਤੀ ਹੋਵੇ। ਪੰਜਾਬ ਦੇ ਨਾਮਵਾਰ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਦਸਤਾਰ ਨੂੰ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਕਰ ਚੁੱਕੇ ਹਨ। ਇਹ ਦਸਤਾਰ ਉਨ੍ਹਾਂ ਨੂੰ ‘ਹੌਲਜਵਾਇਲਰ’ ਵੱਲੋਂ ਖ਼ੁਦ ਭਾਰਤ ਆ ਕੇ ਦਿੱਤੀ ਗਈ ਸੀ।

ਇਸ ਸਾਲ ਨੌਰਵੇ ਵਿੱਚ 14ਵਾਂ ਦਸਤਾਰ ਦਿਵਸ ਮਨਾਇਆ ਗਿਆ ਜਿਸ ਵਿੱਚ ਹਮੇਸ਼ਾਂ ਦੀ ਤਰ੍ਹਾਂ ਨੌਰਵੇ ਤੋਂ ਇਲਾਵਾ ਸਵੀਡਨ ਅਤੇ ਡੈਨਮਾਰਕ ਤੋਂ ਵੀ ਸੰਗਤ ਨੇ ਸ਼ਮੂਲੀਅਤ ਕੀਤੀ। ਖ਼ਰਾਬ ਮੌਸਮ ਹੋਣ ਦੇ ਬਾਵਜੂਦ ਸਿੱਖ ਸੰਗਤ ਨੇ ਵੱਧ ਚੜ੍ਹ ਕੇ ਸ਼ਿਰਕਤ ਕੀਤੀ ਜਿਸ ਦੌਰਾਨ ਗੁਰੂ ਕੇ ਲੰਗਰ ਵਰਤਾਏ ਗਏ, ਹਜ਼ਾਰਾਂ ਲੋਕਾਂ ਨੂੰ ਦਸਤਾਰਾਂ ਬੰਨ੍ਹੀਆਂ ਗਈਆਂ ਅਤੇ ਦਸਤਾਰ ਵਿਰਸੇ ਤੋਂ ਜਾਣੂ ਕਰਵਾਇਆ ਗਿਆ।

ਸੰਪਰਕ: +46319763

ਮੈਨੀਟੋਬਾ ਵਿਧਾਨ ਸਭਾ ’ਚ ਵੀ ਮਨਾਇਆ ‘ਦਸਤਾਰ ਦਿਵਸ’

ਸੁਰਿੰਦਰ ਮਾਵੀ

ਵਿਨੀਪੈਗ: ਮੈਨੀਟੋਬਾ ਦੀ ਅਸੈਂਬਲੀ ਵਿੱਚ ਸਿੱਖ ਵਿਰਾਸਤੀ ਮਹੀਨਾ ਮਨਾਉਂਦਿਆਂ ਇੱਕ ਸਮਾਗਮ ਕੀਤਾ ਗਿਆ। ਇਸ ਤਹਿਤ ਟਰਬਨ ਡੇਅ ਐਕਟ ਪਾਸ ਕਰਨ ਤੋਂ ਬਾਅਦ ਐੱਨਡੀਪੀ ਨੇ ਪਹਿਲਾ ਦਸਤਾਰ ਦਿਵਸ ਮਨਾਇਆ। ਕੈਨੇਡਾ ਵਿੱਚ ਸਿੱਖ ਹੈਰੀਟੇਜ ਮੰਥ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਓਂਟਾਰੀਓ ਪ੍ਰੋਵਿੰਸ ਵਿੱਚ ਹੋਈ ਸੀ।

ਕੈਨੇਡੀਅਨ ਸਰਕਾਰ ਵੱਲੋਂ 30 ਅਪਰੈਲ 2019 ਨੂੰ ਅਪਰੈਲ ਸਿੱਖ ਹੈਰੀਟੇਜ ਮੰਥ ਵਜੋਂ ਮਾਨਤਾ ਦਿੱਤੀ ਗਈ ਜਦੋਂ ਕਿ ਹਾਊਸ ਆਫ ਕਾਮਨਜ਼ ਵਿੱਚ ਇਸ ਬਾਰੇ ਇੱਕ ਮਤਾ ਪਾਸ ਹੋ ਗਿਆ ਸੀ। ਅਪਰੈਲ ਮਹੀਨੇ ਦੀ ਸਿੱਖ ਧਰਮ ਵਿੱਚ ਖ਼ਾਸ ਮਹੱਤਤਾ ਹੈ। 13 ਅਪਰੈਲ 1699 ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਸਿੱਖ ਇਤਿਹਾਸ ਵਿੱਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਬੀਤੇ ਸਾਲ ਵਿਨੀਪੈਗ ਤੋਂ ਪੰਜਾਬੀ ਮੂਲ ਦੇ ਐੱਮਐੱਲਏ ਦਿਲਜੀਤ ਬਰਾੜ ਵੱਲੋਂ ਦਸਤਾਰ ਦਿਵਸ ਮਨਾਉਣ ਬਾਬਤ ਬਿੱਲ ਲਿਆਂਦਾ ਗਿਆ ਸੀ ਜੋ ਕਿ ਪਾਸ ਹੋ ਗਿਆ ਸੀ।

ਇਸ ਮੌਕੇ ਦਿਲਜੀਤ ਬਰਾੜ ਨੇ ਕਿਹਾ ਦਸਤਾਰ ਲਿੰਗ ਸਮਾਨਤਾ ਦਾ ਪ੍ਰਤੀਕ ਹੈ। ‘ਦਸਤਾਰ ਦਿਵਸ’ ਤਹਿਤ ਦਸਤਾਰ ਦੀ ਮਹੱਤਤਾ ਨੂੰ ਸਾਂਝਾ ਕਰਨ ਦਾ ਇੱਕ ਸ਼ਾਨਦਾਰ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਇਹ ਸਤਿਕਾਰ, ਵਿਸ਼ਵਾਸ, ਦਲੇਰੀ ਅਤੇ ਮਨੁੱਖੀ ਬਰਾਬਰੀ ਦੀ ਨਿਸ਼ਾਨੀ ਹੈ। ਮੈਂ ਅੱਜ ਸਿੱਖ ਭਾਈਚਾਰੇ ਅਤੇ ਸਾਰੇ ਮਨੀਟੋਬਾ ਵਾਸੀਆਂ ਨਾਲ ਜਸ਼ਨ ਮਨਾਉਣ ਲਈ ਉਤਸ਼ਾਹਿਤ ਹਾਂ। ਮੈਂ ਹਰ ਉਸ ਵਿਅਕਤੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਜਸ਼ਨ ਲਈ ਸਾਡੇ ਨਾਲ ਸ਼ਾਮਲ ਹੋਇਆ। ਵਿਧਾਨ ਸਭਾ ਵਿੱਚ ਹੋਏ ਸਮਾਗਮ ਵਿੱਚ ਬੱਚਿਆਂ ਦੁਆਰਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਸਿੱਖ ਅਤੇ ਪੰਜਾਬੀ ਵਿਰਾਸਤ ਦਾ ਇੱਕ ਕਲਾ ਪ੍ਰਦਰਸ਼ਨ ਕੀਤਾ ਗਿਆ। ਔਰਤਾਂ ਨੇ ਆਪਣੀਆਂ ਦਸਤਾਰਾਂ ਮਾਣ ਅਤੇ ਸਨਮਾਨ ਨਾਲ ਸਜਾਈਆਂ। ਸਿੱਖ ਇਤਿਹਾਸ ਵਿੱਚ ਪਗੜੀਧਾਰੀ ਔਰਤਾਂ ਨੇ ਨਿਆਂ ਲਈ ਲੜਾਈਆਂ ਲੜੀਆਂ ਅਤੇ ਉਹ ਸਾਡੇ ਸਮਾਜ ਵਿੱਚ ਬਰਾਬਰੀ ਬਰਕਰਾਰ ਰੱਖਣ ਲਈ ਕਈ ਤਰੀਕਿਆਂ ਨਾਲ ਲਗਾਤਾਰ ਹਿੱਸਾ ਲੈਂਦੀਆਂ ਹਨ। ਇਸੇ ਤਰ੍ਹਾਂ ਵਿਨੀਪੈਗ ਦੇ ਰੈੱਡ ਰਿਵਰ ਕਾਲਜ ਵਿੱਚ ਦਸਤਾਰਬੰਦੀ ਦਾ ਸਮਾਗਮ ਕਰਵਾਇਆ ਗਿਆ।

ਵਿਨੀਪੈੱਗ ਦੇ ਸਿਟੀ ਹਾਲ ’ਚ ਵੈਸਾਖੀ ਦੇ ਪਵਿੱਤਰ ਦਿਹਾੜੇ ’ਤੇ ਸਿੱਖ ਪੰਥ ਦੇ ਨਿਸ਼ਾਨ ਸਾਹਿਬ ਝੁਲਾਏ ਗਏ। ਵਿਨੀਪੈੱਗ ਸਿਟੀ ਕੌਂਸਲ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਤੋਂ ਇਲਾਵਾ ਮੇਅਰ ਸਕੌਟ ਗਲਿੰਗਮ, ਸਿਟੀ ਕੌਂਸਲਰ ਦੇਵੀ ਸ਼ਰਮਾ, ਵਿਧਾਇਕ ਮਿੰਟੂ ਸੰਧੂ, ਵਿਧਾਇਕ ਓਬੀ ਖਾਨ, ਵਿਧਾਇਕਾ ਮਲਾਇਆ ਮਾਰਸੀਲੀਨੋ, ਖਾਲਸਾ ਏਡ ਤੋਂ ਵਰਿੰਦਰ ਕੌਰ ਘੁੰਮਣ, ਸਿੱਖ ਸੁਸਾਇਟੀ ਆਫ ਮੈਨੀਟੋਬਾ ਦੀ ਪ੍ਰਧਾਨ ਰਾਜ ਕੌਰ ਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਉਪਰੰਤ ਨਿਸ਼ਾਨ ਸਾਹਿਬ ਝੁਲਾਉਣ ਦੀ ਰਸਮ ਅਦਾ ਕੀਤੀ ਗਈ।



News Source link
#ਦਸਤਰ #ਦਵਸ #ਮਕ #ਦਸਤਰ #ਦ #ਮਹਮ #ਦ #ਗਣਗਨ

- Advertisement -

More articles

- Advertisement -

Latest article