26.9 C
Patiāla
Monday, May 13, 2024

ਬੋਦੀ ਵਾਲਾ ਤਾਰਾ

Must read


ਡਾ. ਡੀ. ਪੀ. ਸਿੰਘ

ਗਰਮੀਆਂ ਦਾ ਮੌਸਮ ਸੀ। ਉਸ ਰਾਤ ਹਨੇਰੇ ਪਰ ਬੱਦਲੋਂ ਸੱਖਣੇ ਅੰਬਰ ਵਿੱਚ ਟਿਮਟਿਮਾਉਂਦੇ ਤਾਰਿਆਂ ਦੇ ਜਮਘਟ ਅੰਦਰ ਇੱਕ ਬੋਦੀ ਵਾਲਾ ਤਾਰਾ ਅਚਾਨਕ ਨਜ਼ਰ ਆਉਣ ਲੱਗਾ। ਭਿੰਨ ਭਿੰਨ ਸ਼ਹਿਰਾਂ, ਪਿੰਡਾਂ ਤੇ ਦੇਸ਼ਾਂ ਦੇ ਲੋਕ ਇਸ ਅਜਬ ਤਮਾਸ਼ੇ ਨੂੰ ਦੇਖਣ ਲਈ ਅੰਬਰ ਵੱਲ ਝਾਕਣ ਲੱਗ ਪਏ ਸਨ। ਹਰ ਕੋਈ ਹੈਰਾਨ ਤੇ ਪਰੇਸ਼ਾਨ ਸੀ ਕਿ ਕੀ ਇਸ ਤਾਰੇ ਦਾ ਪ੍ਰਗਟ ਹੋਣਾ ਕਿਸੇ ਮੰਦਭਾਗੀ ਘਟਨਾ ਦੇ ਵਾਪਰਨ ਦੀ ਨਿਸ਼ਾਨੀ ਹੈ ਜਾਂ ਕਿਸੇ ਹੋਰ ਦੁਨੀਆ ਤੋਂ ਆਇਆ ਕੋਈ ਤੋਹਫ਼ਾ ਹੈ। ਜਿਵੇਂ ਹੀ ਉਹ ਹੈਰਾਨੀ ਭਰੀਆਂ ਨਜ਼ਰਾਂ ਨਾਲ ਉਸ ਨੂੰ ਵੇਖ ਰਹੇ ਸਨ, ਬੋਦੀ ਵਾਲੇ ਤਾਰੇ ਨੇ ਅਚਾਨਕ ਆਪਣਾ ਰਾਹ ਬਦਲ ਲਿਆ ਤੇ ਉਹ ਸਿੱਧਾ ਧਰਤੀ ਵੱਲ ਆਉਣ ਲੱਗਾ।

ਪੁਲਾੜੀ ਮਾਹਿਰਾਂ ਤੇ ਤਾਰਾ ਵਿਗਿਆਨੀਆਂ ਨੇ ਲੋਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਤਾਰਾ ਧਰਤੀ ਦੇ ਵਾਯੂਮੰਡਲ ਵਿੱਚ ਪਹੁੰਚਦਿਆਂ ਹੀ ਹਵਾਈ ਪਰਤਾਂ ਨਾਲ ਰਗੜ ਕਾਰਨ ਪੈਦਾ ਹੋਈ ਗਰਮੀ ਨਾਲ ਸੜ ਜਾਵੇਗਾ। ਦੂਸਰਾ ਉਸ ਦੇ ਮੌਜੂਦਾ ਰਾਹ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦੇ ਕਿਸੇ ਆਬਾਦੀ ਵਾਲੇ ਖੇਤਰ ਵਿੱਚ ਡਿੱਗਣ ਦੀ ਸੰਭਾਵਨਾ ਵੀ ਘੱਟ ਹੀ ਹੈ। ਪਰ ਸਮੇਂ ਨਾਲ ਉਨ੍ਹਾਂ ਦੀਆਂ ਇਹ ਭਵਿੱਖਬਾਣੀਆਂ ਕੁਝ ਹੱਦ ਤੱਕ ਗਲਤ ਹੀ ਸਾਬਤ ਹੋਈਆਂ। ਬੋਦੀ ਵਾਲਾ ਤਾਰਾ ਲਟ ਲਟ ਕਰਦਾ ਸਮੁੰਦਰ ਵਿੱਚ ਆ ਡਿੱਗਿਆ, ਜਿਸ ਨਾਲ ਸਮੁੰਦਰੀ ਪਾਣੀਆਂ ਵਿੱਚ ਵੱਡੀ ਸੁਨਾਮੀ ਪੈਦਾ ਹੋ ਗਈ। ਸਮੁੰਦਰੀ ਕਿਨਾਰੇ ਉੱਤੇ ਵਸੇ ਅਨੇਕ ਨਗਰ ਇਸ ਦੇ ਮਾਰੂ ਪ੍ਰਭਾਵ ਦਾ ਸ਼ਿਕਾਰ ਬਣ ਗਏ।

ਭਿੰਨ ਭਿੰਨ ਸ਼ਹਿਰਾਂ ਤੋਂ ਖ਼ਬਰਾਂ ਆ ਰਹੀਆਂ ਸਨ। ਕਿਧਰੇ ਹੜ੍ਹ ਕਾਰਨ ਹੋਈ ਤਬਾਹੀ ਦਾ ਜ਼ਿਕਰ ਸੀ ਤੇ ਕਿਧਰੇ ਭੂਚਾਲ ਕਾਰਨ ਮਾਰੇ ਗਏ ਤੇ ਗੁੰਮਸ਼ੁਦਾ ਲੋਕਾਂ ਦਾ ਵਰਣਨ ਸੀ। ਸੁਨਾਮੀ ਨੇ ਸਮੁੰਦਰੀ ਤੱਟ ਨੇੜੇ ਵਸੇ ਕਈ ਸ਼ਹਿਰਾਂ ਨੂੰ ਤਾਂ ਪੂਰੀ ਤਰ੍ਹਾਂ ਹੀ ਤਬਾਹ ਕਰ ਦਿੱਤਾ ਸੀ। ਭੂਚਾਲਾਂ ਕਾਰਨ ਅਨੇਕ ਇਮਾਰਤਾਂ ਢਹਿ ਢੇਰੀ ਹੋ ਗਈਆਂ ਸਨ। ਕਈ ਜੰਗਲੀ ਖੇਤਰਾਂ ਵਿੱਚ ਅੱਗ ਨੇ ਤਬਾਹੀ ਮਚਾ ਰੱਖੀ ਸੀ। ਡਰ ਤੇ ਹਫੜਾ-ਦਫੜੀ ਦਾ ਮਾਹੌਲ ਹਰ ਪਾਸੇ ਫੈਲਿਆ ਨਜ਼ਰ ਆ ਰਿਹਾ ਸੀ। ਲੋਕਾਂ ਦੀ ਬਹੁਤਾਤ ਤਬਾਹੀ ਨਾਲ ਸਿੱਝਣ ਲਈ ਜੱਦੋਜਹਿਦ ਕਰ ਰਹੀ ਸੀ।

ਇਸ ਤਬਾਹੀ ਤੋਂ ਉੱਭਰਨ ਲਈ ਦੁਨੀਆ ਨੂੰ ਕਾਫ਼ੀ ਸਮਾਂ ਲੱਗਿਆ, ਪਰ ਬੋਦੀ ਵਾਲੇ ਤਾਰੇ ਦੇ ਧਰਤੀ ਉੱਤੇ ਆ ਡਿੱਗਣ ਨਾਲ ਧਰਤੀ ਦੇ ਹਾਲਾਤ ਵਿੱਚ ਇੱਕ ਨਵੀਂ ਤਬਦੀਲੀ ਨਜ਼ਰ ਆਉਣ ਲੱਗ ਪਈ ਸੀ। ਇਹ ਤਾਰਾ ਆਪਣੇ ਨਾਲ ਇੱਕ ਰਹੱਸਮਈ ਊਰਜਾ ਸਰੋਤ ਲੈ ਕੇ ਆਇਆ ਸੀ ਜਿਸ ਨੇ ਦੁਨੀਆ ਨੂੰ ਹੌਲੀ ਹੌਲੀ ਬਦਲਣਾ ਸ਼ੁਰੂ ਕਰ ਦਿੱਤਾ ਸੀ।

***

ਬੋਦੀ ਵਾਲੇ ਤਾਰੇ ਦੇ ਧਰਤੀ ਉੱਤੇ ਡਿੱਗਣ ਦੀ ਘਟਨਾ ਨੂੰ ਹੁਣ ਲਗਭਗ ਇੱਕ ਸਾਲ ਹੋ ਚੁੱਕਾ ਸੀ। ਮੈਕਸ ਇੱਕ ਵਿਗਿਆਨੀ ਸੀ ਜੋ ਪਿਛਲੇ ਲੰਮੇ ਅਰਸੇ ਤੋਂ ਬੋਦੀ ਵਾਲੇ ਤਾਰੇ ਤੇ ਉਸ ਦੇ ਪ੍ਰਭਾਵਾਂ ਬਾਰੇ ਖੋਜ ਕਾਰਜਾਂ ਵਿੱਚ ਜੁਟਿਆ ਹੋਇਆ ਸੀ। ਉਸ ਦਿਨ ਮੈਕਸ ਆਪਣੇ ਦੋਸਤਾਂ ਨਾਲ ਕੌਫ਼ੀ ਹਾਊਸ ਵਿੱਚ ਬੈਠਾ ਸੀ। ਕੌਫ਼ੀ ਪੀਂਦਿਆਂ, ਕੈਫੇ ਦੇ ਬਾਹਰ ਦੀ ਚਹਿਲ ਪਹਿਲ ਦੇਖ ਕੇ ਮੈਕਸ ਦੇ ਮਨ ਵਿੱਚ ਵਿਚਾਰਾਂ ਦੀ ਉਥਲ ਪੁਥਲ ਚੱਲ ਰਹੀ ਸੀ। ਉਹ ਸੋਚ ਰਿਹਾ ਸੀ, ‘ਬੋਦੀ ਵਾਲੇ ਤਾਰੇ ਦੇ ਆਉਣ ਤੋਂ ਬਾਅਦ ਸੰਸਾਰ ਕਿੰਨਾ ਬਦਲ ਗਿਆ ਸੀ।’

”ਹੈਰਾਨੀ ਵਾਲੀ ਗੱਲ ਹੈ ਕਿ ਬੋਦੀ ਵਾਲੇ ਤਾਰੇ ਨੂੰ ਧਰਤੀ ਉੱਤੇ ਡਿੱਗਿਆਂ ਇੱਕ ਸਾਲ ਹੋ ਗਿਆ ਹੈ…ਜ਼ਰਾ ਉਸ ਘਟਨਾ ਕਾਰਨ ਦੁਨੀਆ ਅੰਦਰ ਹੁਣ ਤੱਕ ਆਈਆਂ ਤਬਦੀਲੀਆਂ ਤਾਂ ਦੇਖੋ।” ਮੈਕਸ ਦੇ ਬੋਲ ਸਨ।

”ਕਿਹੜੀਆਂ ਤਬਦੀਲੀਆਂ?…ਜ਼ਰਾ ਖੁੱਲ੍ਹ ਕੇ ਦੱਸੋ ਨਾ!” ਉਸ ਦੀ ਦੋਸਤ ਲਿੱਲੀ ਨੇ ਕਿਹਾ।

”ਜ਼ਰਾ ਸੋਚੋ, ਕੀ ਕੋਈ ਅੰਦਾਜ਼ਾ ਵੀ ਲਗਾ ਸਕਦਾ ਸੀ ਕਿ ਬੋਦੀ ਵਾਲਾ ਤਾਰਾ ਆਪਣੇ ਨਾਲ ਊਰਜਾ ਦਾ ਕੋਈ ਨਵਾਂ ਸੋਮਾ ਲੈ ਕੇ ਆਵੇਗਾ ਜੋ ਦੁਨੀਆ ਭਰ ਵਿੱਚ ਵੱਡੀਆਂ ਤਬਦੀਲੀਆਂ ਦਾ ਕਾਰਨ ਬਣ ਜਾਵੇਗਾ?”

”ਨਵਾਂ ਊਰਜਾ ਸੋਮਾ?…ਕੀ ਫ਼ਰਕ ਹੈ ਇਸ ਦਾ ਪਹਿਲਾਂ ਵਾਲੇ ਊਰਜਾ ਸੋਮਿਆਂ ਤੋਂ ਭਲਾਂ?” ਲਿੱਲੀ ਨੇ ਹੈਰਾਨੀ ਭਰੀ ਨਜ਼ਰ ਨਾਲ ਦੇਖਦੇ ਹੋਏ ਕਿਹਾ।

”ਇਹ ਨਵਾਂ ਊਰਜਾ ਸੋਮਾ, ਧਰਤੀ ਉੱਤੇ ਮੌਜੂਦ ਸਾਰੇ ਊਰਜਾ ਸੋਮਿਆਂ ਤੋਂ ਬਿਲਕੁਲ ਹੀ ਵੱਖਰੀ ਕਿਸਮ ਦਾ ਹੈ। ਅਜਿਹਾ ਊਰਜਾ ਸੋਮਾ ਤਾਂ ਅਸੀਂ ਪਹਿਲਾਂ ਕਦੇ ਵੀ ਨਹੀਂ ਦੇਖਿਆ। ਇਹ ਪ੍ਰਦੂਸ਼ਣ ਰਹਿਤ ਤੇ ਕਦੇ ਨਾ ਖ਼ਤਮ ਹੋਣ ਵਾਲਾ ਊਰਜਾ ਸਰੋਤ ਹੈ, ਜੋ ਧਰਤੀ ਦੇ ਕੁਦਰਤੀ ਮਾਹੌਲ ਨੂੰ ਨੁਕਸਾਨ ਵੀ ਨਹੀਂ ਪਹੁੰਚਾਉਂਦਾ।”

”ਪਿਛਲੇ ਅਰਸੇ ਦੌਰਾਨ ਦਵਾਈਆਂ ਦੇ ਖੇਤਰ ਵਿੱਚ ਜੋ ਤਰੱਕੀ ਹੋਈ ਹੈ, ਉਹ ਵੀ ਬਹੁਤ ਸ਼ਾਨਦਾਰ ਹੈ। ਅਜਿਹੀਆਂ ਦਵਾਈਆਂ ਦੀ ਖੋਜ ਕਰ ਲਈ ਗਈ ਹੈ ਜਿਨ੍ਹਾਂ ਨਾਲ ਹੁਣ ਤੱਕ ਲਾਇਲਾਜ ਬਿਮਾਰੀਆਂ ਦਾ ਇਲਾਜ ਕਰਨਾ ਵੀ ਸਹਿਜ ਹੋ ਗਿਆ ਹੈ।” ਡਾ. ਡੇਵਿਡ ਦੇ ਬੋਲ ਸਨ।

”ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਇੰਨੀ ਤਬਾਹਕਾਰੀ ਚੀਜ਼ ਸਾਡੀ ਦੁਨੀਆ ਉੱਤੇ ਇੰਨਾ ਚੰਗਾ ਅਸਰ ਵੀ ਪਾ ਸਕਦੀ ਹੈ, ਯਕੀਨ ਕਰਨਾ ਵੀ ਮੁਸ਼ਕਲ ਲੱਗ ਰਿਹਾ ਹੈ।” ਮੁਸਕਰਾਉਂਦੇ ਹੋਏ ਮੈਕਸ ਬੋਲਿਆ।

ਉਨ੍ਹਾਂ ਦੀਆਂ ਗੱਲਾਂ ਸੁਣ ਕੇ ਨੇੜੇ ਬੈਠੇ ਨੌਜੁਆਨਾਂ ਦੀ ਇੱਕ ਟੋਲੀ ਆਪਣੀ ਉਤਸੁਕਤਾ ਨਾ ਰੋਕ ਸਕੀ ਅਤੇ ਉਹ ਮੈਕਸ ਤੇ ਉਸ ਦੇ ਸਾਥੀਆਂ ਤੋਂ ਹੋਰ ਨਵਾਂ ਕੁਝ ਜਾਣਨ ਲਈ ਉਨ੍ਹਾਂ ਦੇ ਕੋਲ ਆ ਖੜ੍ਹੇ ਹੋਏ।

”ਮੁਆਫ਼ ਕਰਨਾ, ਸਾਡਾ ਅੰਦਾਜ਼ਾ ਹੈ ਕਿ ਤੁਸੀਂ ਵਿਗਿਆਨੀ ਹੋ। ਅਸੀਂ ਤੁਹਾਡੀ ਗੱਲਬਾਤ ਸੁਣ ਕੇ ਉਤਸੁਕ ਹੋ ਗਏ ਹਾਂ ਤੇ ਤੁਹਾਥੋਂ ਤੁਹਾਡੀਆਂ ਖੋਜਾਂ ਬਾਰੇ ਹੋਰ ਜਾਣਨਾ ਚਾਹੁੰਦੇ ਹਾਂ। ਆਸ ਹੈ ਤੁਸੀਂ ਨਿਰਾਸ਼ ਨਹੀਂ ਕਰੋਗੇ।” ਨੌਜਵਾਨਾਂ ਦੀ ਟੋਲੀ ਵਿੱਚੋਂ ਇੱਕ ਉੱਚੇ ਲੰਮੇ ਕੱਦ ਵਾਲੇ ਮੁੰਡੇ ਦੇ ਬੋਲ ਸਨ।

ਮੈਕਸ ਅਤੇ ਉਸ ਦੇ ਸਾਥੀਆਂ ਨੇ ਹਾਮੀ ਭਰਨ ਤੋਂ ਪਹਿਲਾਂ ਨੌਜਵਾਨਾਂ ਦੀ ਟੋਲੀ ਉੱਤੇ ਝਾਤ ਮਾਰੀ।

”ਹਾਂ, ਇਹ ਸਹੀ ਹੈ।” ਮੈਕਸ ਨੇ ਕਿਹਾ।

”ਤੁਸੀਂ ਕੀ ਜਾਣਨਾ ਚਾਹੁੰਦੇ ਹੋ?” ਉਸ ਨੇ ਪੁੱਛਿਆ।

ਨੌਜਵਾਨ ਘਬਰਾਏ ਹੋਏ ਨਜ਼ਰ ਆ ਰਹੇ ਸਨ। ਉਹ ਆਪਣਾ ਸਵਾਲ ਪੁੱਛਣ ਤੋਂ ਹਿਚਕਚਾ ਰਹੇ ਸਨ। ਆਖਰ ਉਹੀ ਮੁੰਡਾ ਬੋਲਿਆ। ”ਅਸੀਂ ਕੁਝ ਅਫ਼ਵਾਹਾਂ ਸੁਣੀਆਂ ਹਨ ਕਿ ਕਈ ਬਹੁਤ ਹੀ ਵਿਸ਼ੇਸ਼ ਗੁਣਾਂ ਵਾਲੇ ਲੋਕ ਦੇਖੇ ਗਏ ਹਨ ਸ਼ਾਇਦ ਫਿਲਮੀ ਸੁਪਰ ਹੀਰੋਜ਼ ਵਰਗੇ। ਕੀ ਇਹ ਸੱਚ ਹੈ?”

ਮੈਕਸ, ਲਿਲੀ ਤੇ ਡੇਵਿਡ ਨੇ ਆਪਸ ਵਿੱਚ ਹੈਰਾਨੀ ਭਰੀ ਨਜ਼ਰ ਨਾਲ ਦੇਖਿਆ, ਜਿਵੇਂ ਕਿ ਉਨ੍ਹਾਂ ਨੂੰ ਅਜਿਹੇ ਸਵਾਲ ਦੀ ਆਸ ਨਹੀਂ ਸੀ। ਸੱਚ ਤਾਂ ਇਹ ਸੀ ਕਿ ਉਨ੍ਹਾਂ ਨੇ ਵੀ ਅਜਿਹੀਆਂ ਅਫ਼ਵਾਹਾਂ ਸੁਣੀਆਂ ਸਨ, ਪਰ ਉਹ ਨਹੀਂ ਸਨ ਜਾਣਦੇ ਕਿ ਇਨ੍ਹਾਂ ਅਫ਼ਵਾਹਾਂ ਵਿੱਚ ਕਿੰਨੀ ਸੱਚਾਈ ਸੀ।

”ਅਸੀਂ ਅਫ਼ਵਾਹਾਂ ਤਾਂ ਸੁਣੀਆਂ ਹਨ।” ਮੈਕਸ ਨੇ ਸਾਵਧਾਨੀ ਨਾਲ ਕਿਹਾ। ”ਪਰ ਸਾਨੂੰ ਨਹੀਂ ਪਤਾ ਕਿ ਉਨ੍ਹਾਂ ਵਿੱਚ ਕੋਈ ਸੱਚਾਈ ਹੈ ਜਾਂ ਨਹੀਂ। ਅਸੀਂ ਬੋਦੀ ਵਾਲੇ ਤਾਰੇ ਦੁਆਰਾ ਲਿਆਂਦੇ ਊਰਜਾ ਸੋਮੇ ਦੇ ਜਾਂਚ ਕਾਰਜਾਂ ਵਿੱਚ ਇੰਨਾ ਰੁੱਝੇ ਰਹੇ ਹਾਂ ਕਿ ਸਾਡੇ ਕੋਲ ਅਜਿਹੀਆਂ ਅਫ਼ਵਾਹਾਂ ਦੀ ਜਾਂਚ ਕਰਨ ਦਾ ਸਮਾਂ ਹੀ ਨਹੀਂ ਸੀ।”

ਨੌਜਵਾਨ ਨੇ ਸਹਿਮਤੀ ਵਿੱਚ ਸਿਰ ਹਿਲਾਇਆ, ਬੇਸ਼ੱਕ ਉਹ ਸ਼ੰਕਾਂ ਨਵਿਰਤੀ ਨਾ ਹੋਣ ਕਾਰਨ ਥੋੜ੍ਹਾ ਨਿਰਾਸ਼ ਤਾਂ ਨਜ਼ਰ ਆਇਆ, ਪਰ ਉਹ ਜਵਾਬ ਸੁਣ ਕੇ ਹੈਰਾਨ ਨਹੀਂ ਸੀ।

”ਧੰਨਵਾਦ।” ਲੰਬੇ ਮੁੰਡੇ ਨੇ ਕਿਹਾ। ”ਅਸੀਂ ਸਿਰਫ਼ ਉਤਸੁਕ ਸੀ ਸੱਚ ਜਾਣਨ ਲਈ।” ਉਸ ਨੇ ਕਿਹਾ ਤੇ ਆਪਣੇ ਦੋਸਤਾਂ ਵੱਲ ਮੁੜ ਆਪਣੀ ਟੋਲੀ ਸਮੇਤ ਉੱਥੋਂ ਚਲਾ ਗਿਆ।

”ਕੀ ਤੈਨੂੰ ਲੱਗਦਾ ਹੈ ਕਿ ਇਨ੍ਹਾਂ ਅਫ਼ਵਾਹਾਂ ਵਿੱਚ ਕੋਈ ਸੱਚਾਈ ਹੈ?” ਜਿਵੇਂ ਹੀ ਮੁੰਡਿਆਂ ਦੀ ਟੋਲੀ ਉੱਥੋਂ ਗਈ ਲਿੱਲੀ ਨੇ ਮੈਕਸ ਨੂੰ ਪੁੱਛਿਆ।

”ਪੱਕਾ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਬੋਦੀ ਵਾਲੇ ਤਾਰੇ ਨਾਲ ਆਏ ਊਰਜਾ ਸੋਮੇ ਨੇ ਲੋਕਾਂ ਉੱਤੇ ਪੱਕੇ ਤੌਰ ਉੱਤੇ ਕੁਝ ਗੈਰ ਮਾਮੂਲੀ ਅਸਰ ਪਾਇਆ ਹੈ।” ਮੈਕਸ ਨੇ ਮੋਢੇ ਹਿਲਾਉਂਦੇ ਹੋਏ ਕਿਹਾ। ”…ਹਾਂ, ਸੱਚ! ਕੁਝ ਅਜਿਹੇ ਮਾਮਲੇ ਵੀ ਰਿਪੋਰਟ ਹੋਏ ਹਨ ਜਿਨ੍ਹਾਂ ਵਿੱਚ ਸੁਪਰ ਪਾਵਰ ਵਾਲੇ, ਬਹੁਤ ਤੇਜ਼ ਦੌੜਾਕ ਅਤੇ ਇੱਥੋਂ ਤੱਕ ਕਿ ਟੈਲੀਪੋਰਟੇਸ਼ਨ ਦੀ ਯੋਗਤਾ ਵਾਲੇ ਲੋਕਾਂ ਦੀ ਵੀ ਦਸ ਪਈ ਹੈ, ਪਰ ਕੀ ਸੁਪਰ ਹੀਰੋਜ਼ ਅਸਲ ਵਿੱਚ ਹੁੰਦੇ ਵੀ ਹਨ, ਯਕੀਨ ਹੀ ਨਹੀਂ ਹੋ ਰਿਹਾ।”

ਲਿੱਲੀ ਸੋਚਾਂ ਵਿੱਚ ਡੁੱਬੀ ਹੋਈ ਸੀ।

”ਸ਼ਾਇਦ ਇਹ ਸੱਚ ਹੀ ਹੋਵੇ, ਜਾਂ ਫਿਰ ਸਿਰਫ਼ ਝੂਠ।” ਬੋਲਦਿਆਂ ਡੇਵਿਡ ਦੁਵਿਧਾ ਵਿੱਚ ਸੀ।

***

ਤਦ ਹੀ ਕੌਫ਼ੀ ਹਾਊਸ ਦੇ ਬਾਹਰ ਹੰਗਾਮੇ ਵਰਗੇ ਹਾਲਾਤ ਪੈਦਾ ਹੋ ਗਏ। ਚੀਕਣ ਅਤੇ ਝੜਪ ਦੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ। ਮੈਕਸ, ਲਿੱਲੀ ਤੇ ਡੇਵਿਡ, ਇਹ ਵੇਖਣ ਲਈ ਕਿ ਬਾਹਰ ਕੀ ਹੋ ਰਿਹਾ ਹੈ, ਤੇਜ਼ੀ ਨਾਲ ਆਪਣੀਆਂ ਸੀਟਾਂ ਤੋਂ ਉੱਠ ਕੌਫ਼ੀ ਹਾਊਸ ਤੋਂ ਬਾਹਰ ਨਿਕਲ ਆਏ। ਉਨ੍ਹਾਂ ਨੇ ਦੇਖਿਆ ਕਿ ਲੋਕਾਂ ਦੀ ਇੱਕ ਟੋਲੀ ਇੱਕ ਆਦਮੀ ਦੇ ਆਲੇ-ਦੁਆਲੇ ਝੁਰਮਟ ਬਣਾਈ ਖੜ੍ਹੀ ਸੀ ਤੇ ਉਹ ਆਦਮੀ ਉਸ ਝੁਰਮਟ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ।

”ਕੀ ਹੋ ਰਿਹਾ ਹੈ?” ਮੈਕਸ ਨੇ ਭੀੜ ਵਿੱਚ ਵੜ ਅੱਗੇ ਵੱਲ ਜਾਣ ਦਾ ਰਸਤਾ ਬਣਾਉਂਦੇ ਹੋਏ ਪੁੱਛਿਆ।

ਜਿਸ ਆਦਮੀ ਨੂੰ ਲੋਕਾਂ ਨੇ ਫੜਿਆ ਹੋਇਆ ਸੀ, ਉਸ ਨੇ ਭੈਅ ਭੀਤ ਨਜ਼ਰਾਂ ਨਾਲ ਮੈਕਸ ਵੱਲ ਦੇਖਿਆ, “ਇਹ ਲੋਕ ਮੈਨੂੰ ਮਾਰ ਦੇਣਗੇ।” ਬਹੁਤ ਹੀ ਦੁਖੀ ਆਵਾਜ਼ ਵਿੱਚ ਉਸ ਦੇ ਮੱਧਮ ਜਿਹੇ ਬੋਲ ਸਨ।

ਮੈਕਸ ਨੇ ਲਿੱਲੀ ਤੇ ਡੇਵਿਡ ਵੱਲ ਦੇਖਿਆ, ਉਨ੍ਹਾਂ ਨੇ ਹਾਲਾਤ ਦੀ ਗੰਭੀਰਤਾ ਸਮਝਦੇ ਹੋਏ ਸਿਰ ਹਿਲਾਇਆ। ਉਨ੍ਹਾਂ ਸਭ ਨੇ ਅਜਿਹੀ ਹਿਫਾਜਤੀ ਗਾਰਡ ਬਾਰੇ ਸੁਣਿਆ ਹੋਇਆ ਸੀ ਜੋ ਸੁਪਰ ਪਾਵਰ ਵਾਲੇ ਵਿਅਕਤੀਆਂ ਉੱਤੇ ਕਾਬੂ ਪਾਉਣ ਲਈ ਬਣਾਈ ਗਈ ਸੀ।

”ਤੁਹਾਨੂੰ ਕਿਸੇ ਵੀ ਵਿਅਕਤੀ ਨੂੰ ਮਾਰਨ ਦਾ ਕੋਈ ਹੱਕ ਨਹੀਂ!” ਲਿੱਲੀ ਨੇ ਅੱਗੇ ਵਧ ਕੇ ਦ੍ਰਿੜਤਾ ਨਾਲ ਕਿਹਾ।

ਹਿਫਾਜਤੀ ਗਾਰਡ ਦੇ ਬੰਦੇ ਮੈਕਸ ਅਤੇ ਲਿੱਲੀ ਵੱਲ ਗੁੱਸੇ ਭਰੀਆਂ ਨਜ਼ਰਾਂ ਨਾਲ ਝਾਕਦੇ ਹੋਏ ਕੁਝ ਬੋਲਣ ਹੀ ਜਾ ਰਹੇ ਸਨ ਕਿ ਅਚਾਨਕ ਅਜਬ ਵਰਤਾਰਾ ਵਾਪਰ ਗਿਆ। ਇਕਦਮ ਤਿੱਖੀ ਰੋਸ਼ਨੀ ਪ੍ਰਗਟ ਹੋ ਗਈ।

ਮੈਕਸ, ਲਿੱਲੀ, ਡੇਵਿਡ ਤੇ ਉੱਥੇ ਖੜ੍ਹੇ ਸਾਰੇ ਲੋਕਾਂ ਦੀਆਂ ਅੱਖਾਂ ਤਾਂ ਲਗਭਗ ਚੁੰਧਿਆ ਹੀ ਗਈਆਂ। ਜਦੋਂ ਕੁਝ ਦੇਰ ਬਾਅਦ ਉਹ ਦੁਬਾਰਾ ਦੇਖਣ ਯੋਗ ਹੋਏ ਤਾਂ ਉਨ੍ਹਾਂ ਦੇਖਿਆ ਕਿ ਜਿਸ ਆਦਮੀ ਨੂੰ ਹਿਫਾਜਤੀ ਗਾਰਡ ਦੇ ਬੰਦੇ ਫੜੀ ਖੜ੍ਹੇ ਸਨ, ਉਹ ਤੇਜ਼ ਰੋਸ਼ਨੀ ਛੱਡ ਰਿਹਾ ਸੀ ਤੇ ਹਿਫਾਜਤੀ ਗਾਰਡ ਦੇ ਬੰਦੇ ਇੱਧਰ ਉੱਧਰ ਡਿੱਗੇ ਪਏ ਸਨ। ਉਨ੍ਹਾਂ ਦੇ ਚਿਹਰਿਆਂ ਉੱਤੇ ਹੈਰਾਨੀ ਅਤੇ ਡਰ ਦੇ ਰਲੇ ਮਿਲੇ ਭਾਵ ਨਜ਼ਰ ਆ ਰਹੇ ਸਨ। ਤਦ ਹੀ ਮੈਕਸ ਤੇ ਲਿੱਲੀ ਨੇ ਦੇਖਿਆ ਕਿ ਉਹ ਆਦਮੀ ਉੱਪਰ ਵੱਲ ਉੱਠ ਹਵਾ ਵਿੱਚ ਤੈਰਨ ਲੱਗ ਪਿਆ ਸੀ ਅਤੇ ਉਸ ਦੇ ਚਾਰੇ ਪਾਸੇ ਚਮਕਦਾਰ ਰੋਸ਼ਨੀ ਨਜ਼ਰ ਆ ਰਹੀ ਸੀ।

ਉਸ ਆਦਮੀ ਨੇ ਮੈਕਸ ਅਤੇ ਲਿਲੀ ਵੱਲ ਧੰਨਵਾਦ ਭਰੀਆਂ ਨਜ਼ਰਾਂ ਨਾਲ ਦੇਖਿਆ, “ਮੇਰੇ ਹੱਕ ਵਿੱਚ ਹਾਮੀ ਭਰਨ ਲਈ ਤੁਹਾਡਾ ਸ਼ੁਕਰੀਆ।” ਦੂਰ ਜਾਣ ਲਈ ਉਡਾਣ ਭਰਨ ਤੋਂ ਪਹਿਲਾਂ ਉਹ ਫੁਸਫੁਸਾਇਆ।

ਜਿਵੇਂ ਹੀ ਮੈਕਸ ਅਤੇ ਲਿੱਲੀ ਨੇ ਮਨੁੱਖ ਨੂੰ ਅੰਬਰ ਵਿੱਚ ਦੂਰ ਤੇ ਹੋਰ ਦੂਰ ਜਾਂਦੇ ਹੋਏ ਦੇਖਿਆ, ਉਹ ਜਾਣ ਚੁੱਕੇ ਸਨ ਕਿ ਬੋਦੀ ਵਾਲੇ ਤਾਰੇ ਦੀ ਆਮਦ ਨੇ ਸਚਮੁਚ ਹੀ ਦੁਨੀਆ ਬਦਲ ਦਿੱਤੀ ਸੀ। ਪਹਿਲਾਂ ਤਾਂ ਬੋਦੀ ਵਾਲੇ ਤਾਰੇ ਨਾਲ ਆਏ ਊਰਜਾ ਸੋਮੇ ਨੇ ਊਰਜਾ ਖੇਤਰ ਵਿੱਚ ਕ੍ਰਾਂਤੀ ਪੈਦਾ ਕਰ ਦਿੱਤੀ ਤੇ ਫਿਰ ਨਵੀਆਂ ਕਿਸਮਾਂ ਦੀਆਂ ਦਵਾਈਆਂ ਪੈਦਾ ਕਰ ਕੇ ਮਨੁੱਖੀ ਇਲਾਜ ਦੇ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਪੈਦਾ ਕਰ ਦਿੱਤੀਆਂ ਤੇ ਆਹ ਹੁਣ ਮਨੁੱਖੀ ਸੁਭਾਅ ਤੇ ਵਿਵਹਾਰ ਵਿੱਚ ਵੀ ਤਬਦੀਲੀ ਪੈਦਾ ਕਰ ਦਿੱਤੀ ਸੀ।

ਇਨ੍ਹਾਂ ਤਬਦੀਲੀਆਂ ਨਾਲ ਨਵੀਆਂ ਮੁਸ਼ਕਲਾਂ ਤੇ ਸ਼ੰਕੇ ਵੀ ਜੁੜੇ ਹੋਏ ਸਨ। ਸੁਪਰ ਪਾਵਰ ਵਾਲੇ ਵਿਅਕਤੀਆਂ ਦਾ ਪੈਦਾ ਹੋ ਜਾਣਾ ਬੋਦੀ ਵਾਲੇ ਤਾਰੇ ਦੇ ਅਨੇਕ ਅਣਜਾਣੇ ਪ੍ਰਭਾਵਾਂ ਵਿੱਚੋਂ ਇੱਕ ਸੀ ਅਤੇ ਇਹ ਵੀ ਸਪੱਸ਼ਟ ਨਹੀਂ ਸੀ ਕਿ ਭਵਿੱਖ ਵਿੱਚ ਕੀ ਹੋਣ ਵਾਲਾ ਹੈ।

ਜਿਵੇਂ ਹੀ ਮੈਕਸ ਅਤੇ ਲਿੱਲੀ ਆਪਣੀ ਪ੍ਰਯੋਗਸ਼ਾਲਾ ਵਿੱਚ ਵਾਪਸ ਆਏ, ਉਹ ਡੂੰਘੀਆਂ ਸੋਚਾਂ ਵਿੱਚ ਗਲਤਾਨ ਸਨ ਕਿਉਂਕਿ ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਬੋਦੀ ਵਾਲੇ ਤਾਰੇ ਦੀ ਊਰਜਾ ਦੁਆਰਾ ਮਨੁੱਖਾਂ ਉੱਤੇ ਪੈਦਾ ਕੀਤੇ ਜਾ ਰਹੇ ਪ੍ਰਭਾਵਾਂ ਬਾਰੇ ਜਾਂਚ ਪੜਤਾਲ ਜਾਰੀ ਰੱਖਣੀ ਹੋਵੇਗੀ। ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਇਹ ਪ੍ਰਭਾਵ ਮਨੁੱਖਤਾ ਲਈ ਚੰਗੇ ਹੋਣਗੇ ਜਾਂ ਮਾੜੇ, ਸਪੱਸ਼ਟ ਹੀ ਸੀ ਕਿ ਕੋਈ ਵੀ ਇਸ ਬਾਰੇ ਭਵਿੱਖਬਾਣੀ ਨਹੀਂ ਸੀ ਕਰ ਸਕਦਾ।
ਈ-ਮੇਲ: drdpsn@hotmail.com



News Source link
#ਬਦ #ਵਲ #ਤਰ

- Advertisement -

More articles

- Advertisement -

Latest article