24.6 C
Patiāla
Wednesday, May 1, 2024

ਨਾਮਜ਼ਦਗੀਆਂ ਭਰਨ ਨਾਲ ਚੋਣ ਪਿੜ ਮਘਿਆ

Must read


ਨਿੱਜੀ ਪੱਤਰ ਪ੍ਰੇਰਕ

ਜਲੰਧਰ, 18 ਅਪਰੈਲ

ਜਲੰਧਰ ਜ਼ਿਮਨੀ ਚੋਣ ਲਈ ਤਿੰਨ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਿਸ ਤੋਂ ਬਾਅਦ ਚੋਣ ਅਖਾੜਾ ਮਘ ਗਿਆ ਹੈ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਅਤੇ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਸ਼ਾਮਿਲ ਹਨ। ਜ਼ਿਲ੍ਹਾ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੱਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਜਲੰਧਰ ਨੇ ਪਹਿਲਾਂ ਕਾਂਗਰਸ ਤੇ ਫਿਰ ‘ਆਪ’ ਸਰਕਾਰ ਦੌਰਾਨ ਬਹੁਤ ਸੰਤਾਪ ਹੰਢਾਇਆ ਹੈ। ਦੋਵੇਂ ਸਰਕਾਰਾਂ ਕੇਂਦਰੀ ਸਕੀਮਾਂ ਦਾ ਲਾਭ ਲੈਣ ਅਤੇ ਜ਼ਿਲ੍ਹਾ ਹਸਪਤਾਲ ਨੂੰ ਮੈਡੀਕਲ ਕਾਲਜ ਵਿਚ ਤਬਦੀਲ ਕਰਨ ਵਿਚ ਨਾਕਾਮ ਰਹੀਆਂ ਹਨ। ਇਸ ਵੇਲੇ ਸ਼ਹਿਰੀ ਬੁਨਿਆਦੀ ਢਾਂਚਾ ਦਾ ਹਾਲ ਬਹੁਤ ਮਾੜਾ ਹੈ। ਉਹ ਕੱਲ੍ਹ ਹੀ ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਇਕ ਘੰਟਾ ਫਸੇ ਰਹੇ। ਡਾ. ਸੁੱਖੀ ਨੇ ਜ਼ੋਰ ਦੇ ਕੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਵਲੋਂ ਚਲਾਈਆਂ ਸਾਰੀਆਂ ਭਲਾਈ ਸਕੀਮਾਂ ਠੱਪ ਹੋ ਗਈਆਂ ਹਨ। ਆਟਾ ਦਾਲ ਸਕੀਮ ਵਿੱਚ ਹੁਣ ਦਾਲਾਂ ਨਹੀਂ ਦਿੱਤੀਆਂ ਜਾ ਰਹੀਆਂ। ਇਕ ਲੱਖ ਤੋਂ ਜ਼ਿਆਦਾ ਨੀਲੇ ਕਾਰਡ ਕੱਟ ਦਿੱਤੇ ਗਏ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਕੱਲ੍ਹ ‘ਆਪ’ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਵੇਲੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੀ ਨਿਖੇਧੀ ਕੀਤੀ। ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ‘ਆਪ’ ਸਰਕਾਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਵਿਰਾਸਤ ਨੂੰ ਰੋਲ ਰਹੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਜੈਅੰਤੀ ’ਤੇ ਕੋਈ ਸਰਕਾਰੀ ਸਮਾਗਮ ਨਹੀਂ ਕੀਤਾ ਗਿਆ। ਇਸ ਮੌਕੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ, ਨਛੱਤਰਪਾਲ, ਬਲਦੇਵ ਖਹਿਰਾ, ਗੁਰਲਾਲ ਸੈਲਾ, ਬਲਵਿੰਦਰ ਕੁਮਾਰ ਅਤੇ ਐਡਵੋਕੇਟ ਅਰਸ਼ਦੀਪ ਕਲੇਰ ਵੀ ਮੌਜੂਦ ਸਨ।

ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਚੋਣ ਰੈਲੀ

ਜਲੰਧਰ ਵਿਚ ਇੰਦਰ ਇਕਬਾਲ ਸਿੰਘ ਅਟਵਾਲ ਨਾਲ ਇਕਜੁੱਟਤਾ ਪ੍ਰਗਟਾਉਂਦੇ ਹੋਏ ਭਾਜਪਾ ਆਗੂ। -ਫੋਟੋ: ਮਲਕੀਅਤ ਸਿੰਘ

ਨਿੱਜੀ ਪੱਤਰ ਪ੍ਰੇਰਕ

ਜਲੰਧਰ, 18 ਅਪਰੈਲ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ। ਨਾਮਜ਼ਦਗੀ ਭਰਨ ਤੋਂ ਪਹਿਲਾਂ ਜਲੰਧਰ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਉਮੀਦਵਾਰ ਦੇ ਹੱਕ ਵਿਚ ਗਾਂਧੀ ਵਨੀਤਾ ਆਸ਼ਰਮ ਵਿਚ ਚੋਣ ਰੈਲੀ ਕੀਤੀ ਗਈ। ਇਸ ਚੋਣ ਰੈਲੀ ਵਿੱਚ ਭਾਜਪਾ ਪੰਜਾਬ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਰੂਪਾਣੀ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਲੋਕ ਸਭਾ ਉਪ ਚੋਣ ਇੰਚਾਰਜ ਡਾ. ਮਹਿੰਦਰ ਸਿੰਘ, ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਨਾ ਸ਼ਾਮਲ ਹੋਏ। ਅਸ਼ਵਨੀ ਸ਼ਰਮਾ ਨੇ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਜਨਤਾ ਨੂੰ ਝੂਠੇ ਵਾਅਦਿਆਂ ਦੀ ਸਚਾਈ ਪਤਾ ਲੱਗ ਗਈ ਸੀ, ਇਸ ਕਾਰਨ ਹੀ ‘ਆਪ’ ਨੂੰ ਸੰਗਰੂਰ ਲੋਕ ਸਭਾ ਸੀਟ ’ਚ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਇਸ ਸੀਟ ਨੂੰ ਵੱਡੇ ਫਰਕ ਨਾਲ ਜਿੱਤੇਗੀ। ਇਸੇ ਦੌਰਾਨ ਸੁਨੀਲ ਜਾਖੜ ਨੇ ਕਿਹਾ ਕਿ ‘ਆਪ’ ਦੇ ਪੰਜਾਬ ਵਿੱਚ 92 ਵਿਧਾਇਕ ਹਨ ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਦਾ ਸੰਗਰੂਰ ਲੋਕ ਸਭਾ ਸੀਟ ਹਾਰ ਜਾਣਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੂੰ ਜਲੰਧਰ ਵਿੱਚ ਚੋਣ ਲੜਨ ਲਈ ਵੀ ਕੋਈ ਚਿਹਰਾ ਨਹੀਂ ਲੱਭਾ ਤਾਂ ਹੀ ‘ਆਪ’ ਨੂੰ ਇੱਕ ਕਾਂਗਰਸੀ ਨੂੰ ਆਪਣਾ ਉਮੀਦਵਾਰ ਬਣਾਉਣਾ ਪਿਆ ਹੈ। ਇੰਦਰ ਇਕਬਾਲ ਸਿੰਘ ਅਟਵਾਲ ਨੇ ਜਲੰਧਰ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਜ਼ਿਲ੍ਹੇ ਦੇ ਲੋਕਾਂ ਦੀ ਆਵਾਜ਼ ਲੋਕ ਸਭਾ ਵਿੱਚ ਬੁਲੰਦ ਕਰਨਗੇ।

11 ਨਾਮਜ਼ਦਗੀਆਂ ਹੋਈਆਂ ਦਾਖਲ

ਜਲੰਧਰ (ਪੱਤਰ ਪ੍ਰੇਰਕ): ਲੋਕ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਲਈ ਅੱਜ 11 ਨਾਮਜ਼ਦਗੀਆਂ ਦਾਖਲ ਹੋਈਆਂ ਜਿਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਦਕਿ ਆਮ ਆਦਮੀ ਪਾਰਟੀ ਦੇ ਸੁਸ਼ੀਲ ਕੁਮਾਰ ਅਤੇ ਸੁਨੀਤਾ ਵਲੋਂ ਬੀਤੇ ਦਿਨ ਫਾਰਮ ਜਮ੍ਹਾਂ ਕਰਵਾਏ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਭਾਜਪਾ ਵਲੋਂ ਇੰਦਰ ਇਕਬਾਲ ਸਿੰਘ, ਅਕਾਲੀ-ਬਸਪਾ ਗੱਠਜੋੜ ਵਲੋਂ ਡਾ. ਸੁਖਵਿੰਦਰ ਕੁਮਾਰ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਗੁਰਜੰਟ ਸਿੰਘ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਗੁਲਸ਼ਨ ਕੁਮਾਰ, ਮਨਜੀਤ ਸਿੰਘ, ਤੀਰਥ ਸਿੰਘ, ਰੋਹਿਤ ਕੁਮਾਰ ਆਦਿ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ।





News Source link

- Advertisement -

More articles

- Advertisement -

Latest article