31.5 C
Patiāla
Wednesday, May 15, 2024

ਕ੍ਰਿਸ਼ਨ ਭਨੋਟ ਅਤੇ ਰਾਜਵੰਤ ਰਾਜ ਦਾ ਨਾਵਲ ਰਿਲੀਜ਼

Must read


ਟ੍ਰਿਬਿਊਨ ਨਿਊਜ਼ ਸਰਵਿਸ

ਸਰੀ: ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨ ਨਿਊਟਨ ਲਾਇਬ੍ਰੇਰੀ ਵਿੱਚ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਦੇ ਉਸਤਾਦ ਸ਼ਾਇਰ ਕ੍ਰਿਸ਼ਨ ਭਨੋਟ ਦਾ ਗ਼ਜ਼ਲ ਸੰਗ੍ਰਹਿ ‘ਗਹਿਰੇ ਪਾਣੀਆਂ ਵਿੱਚ’ ਅਤੇ ਰਾਜਵੰਤ ਰਾਜ ਦਾ ਨਾਵਲ ‘ਵਰੋਲੇ ਦੀ ਜੂਨ’ ਲੋਕ ਅਰਪਣ ਕੀਤੇ ਗਏ। ਇਨ੍ਹਾਂ ਦੋਹਾਂ ਪੁਸਤਕਾਂ ਉੱਪਰ ਵਿਚਾਰ ਚਰਚਾ ਹੋਈ। ਇਸ ਸਮਾਗਮ ਦੀ ਪ੍ਰਧਾਨਗੀ ਡਾ. ਸਾਧੂ ਸਿੰਘ, ਡਾ. ਪ੍ਰਿਥੀਪਾਲ ਸਿੰਘ ਸੋਹੀ, ਸ਼ਾਇਰ ਕ੍ਰਿਸ਼ਨ ਭਨੋਟ ਅਤੇ ਨਾਵਲਕਾਰ ਰਾਜਵੰਤ ਰਾਜ ਨੇ ਕੀਤੀ।

ਸਮਾਗਮ ਦੇ ਆਗਾਜ਼ ਵਿੱਚ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਸਭਨਾਂ ਨੂੰ ਜੀ ਆਇਆਂ ਕਿਹਾ ਅਤੇ ਗ਼ਜ਼ਲ ਮੰਚ ਦੀ ਸਥਾਪਨਾ, ਇਸ ਦੇ ਕਾਰਜਾਂ ਅਤੇ ਵਿਸ਼ੇਸ਼ ਕਰਕੇ ਮੰਚ ਵੱਲੋਂ ਸ਼ੁਰੂ ਕੀਤੇ ਪੁਸਤਕ-ਪ੍ਰਕਾਸ਼ਨ ਦੇ ਕਾਰਜ ਬਾਰੇ ਜਾਣਕਾਰੀ ਸਾਂਝੀ ਕੀਤੀ। ਕ੍ਰਿਸ਼ਨ ਭਨੋਟ ਦੇ ਗ਼ਜ਼ਲ ਸੰਗ੍ਰਿਹ ‘ਗਹਿਰੇ ਪਾਣੀਆਂ ਵਿੱਚ’ ਉੱਪਰ ਪਹਿਲਾ ਪਰਚਾ ਡਾ. ਕਮਲਜੀਤ ਕੌਰ ਨੇ ਪੜ੍ਹਿਆ ਜਿਸ ਰਾਹੀਂ ਉਨ੍ਹਾਂ ਬੜੇ ਦਿਲਚਸਪ ਲਹਿਜ਼ੇ ਵਿੱਚ ਪੁਸਤਕ ਵਿਚਲੇ ਚੋਣਵੇਂ ਸ਼ਿਅਰ ਪੇਸ਼ ਕਰਦਿਆਂ ਇਸ ਨੂੰ ਪੰਜਾਬੀ ਗ਼ਜ਼ਲ ਵਿੱਚ ਨਿੱਗਰ ਵਾਧਾ ਦੱਸਿਆ।

ਇਸ ਪੁਸਤਕ ’ਤੇ ਦੂਜਾ ਪਰਚਾ ਪੇਸ਼ ਕਰਦਿਆਂ ਹਰਦਮ ਮਾਨ ਨੇ ਕਿਹਾ ਕਿ ਕ੍ਰਿਸ਼ਨ ਭਨੋਟ ਦੀ ਸ਼ਾਇਰੀ ਬੇਹੱਦ ਸਰਲ, ਸਾਦਾ, ਸਪੱਸ਼ਟ, ਸਹਿਜ, ਸੁਭਾਵਿਕ ਅਤੇ ਸੁਹਜ ਨਾਲ ਲਬਰੇਜ਼ ਸ਼ਬਦਾਂ ਦਾ ਗੁਲਦਸਤਾ ਹੈ। ਇਹ ਸ਼ਾਇਰੀ ਉਸ ਲਈ ਰੂਹ ਦੀ ਖੁਰਾਕ ਹੈ ਜੋ ਉਦਾਸੀਆਂ ਦੇ ਮੰਝਧਾਰ ’ਚੋਂ ਪਾਰ ਲੰਘਾਉਣ ਦਾ ਜ਼ਰੀਆ ਹੈ। ਇਹ ਸ਼ਾਇਰੀ ਹੀ ਖੁਸ਼ੀਆਂ ਦੇ ਰਾਹਾਂ ’ਚੋਂ ਗ਼ਮਾਂ ਦੇ ਪਹਾੜਾਂ ਨੂੰ ਹਟਾਉਂਦੀ ਹੈ ਅਤੇ ਸੀਨੇ ਵਿੱਚ ਜ਼ਿੰਦਗੀ ਜਿਉਣ ਦੀ ਰੀਝ ਨੂੰ ਪਰਿਪੱਕ ਕਰਦੀ ਹੈ। ਸ਼ਾਇਰ ਧਰਮ ਮਖੌਟਾਧਾਰੀਆਂ ਦੂਈ ਦਵੈਤ, ਨਫ਼ਰਤ, ਲਾਲਚ ਦੇ ਗੁੰਮਰਾਹਕੁਨ ਪ੍ਰਚਾਰ ਰਾਹੀਂ ਮਨੁੱਖਤਾ ਨੂੰ ਵਰਗਲਾਉਣ ਵਾਲੇ ਪਖੰਡੀਆਂ ਨੂੰ ਸਮਾਜ ਦੇ ਵੱਡੇ ਦੁਸ਼ਮਣ ਮੰਨਦਾ ਹੈ। ਕ੍ਰਿਸ਼ਨ ਭਨੋਟ ਨੇ ਇਸ ਸੰਗ੍ਰਹਿ ਵਿੱਚ ਬਹੁਤ ਖੂਬਸੂਰਤ ਅਲੰਕਾਰਾਂ, ਬਿੰਬਾਂ, ਤਸ਼ਬੀਹਾਂ, ਰੰਗਾਂ ਅਤੇ ਇਸ਼ਾਰਿਆਂ ਰਾਹੀਂ ਗ਼ਜ਼ਲ ਦੀ ਸੂਖਮਤਾ, ਨਜ਼ਾਕਤ, ਸਾਦਗੀ, ਸੋਖੀ, ਤਕਰਾਰ ਅਤੇ ਹੋਰ ਅਨੇਕਾਂ ਅਦਾਵਾਂ ਦਾ ਬਹੁਪੱਖੀ ਨਜ਼ਾਰਾ ਪੇਸ਼ ਕੀਤਾ ਹੈ।

ਰਾਜਵੰਤ ਰਾਜ ਦੇ ਨਾਵਲ ‘ਵਰੋਲੇ ਦੀ ਜੂਨ’ ਉੱਪਰ ਮੁੱਖ ਪਰਚਾ ਡਾ. ਹਰਜੋਤ ਕੌਰ ਖਹਿਰਾ ਨੇ ਪੜ੍ਹਿਆ ਅਤੇ ਉਨ੍ਹਾਂ ਦੇ ਨਾਵਲ ਬਿਰਤਾਂਤ, ਪਾਤਰਾਂ ਦੀ ਮਨੋਦਸ਼ਾ ਅਤੇ ਕਹਾਣੀ ਦਾ ਬਾਖੂਬੀ ਵਿਸ਼ਲੇਸ਼ਣ ਕੀਤਾ। ਉਨ੍ਹਾਂ ਕਿਹਾ ਕਿ ਇਹ ਨਾਵਲ ਕੈਨੇਡਾ ਵਿੱਚ ਮੌਜੂਦਾ ਨਵੀਂ ਪੀੜ੍ਹੀ ਦੀ ਸਮਾਜਿਕ ਅਤੇ ਮਾਨਸਿਕ ਸਥਿਤੀ ਦਾ ਯਥਾਰਥ ਪੇਸ਼ ਕਰਦਾ ਹੈ। ਨਾਵਲ ਦੀ ਸ਼ੈਲੀ ਦਿਲਕਸ਼ ਹੈ ਅਤੇ ਪਾਤਰਾਂ ਦੀ ਬੋਲੀ ਬਹੁਤ ਸੁਭਾਵਿਕ ਹੈ। ਮਾਨਵੀ ਰਿਸ਼ਤਿਆਂ ਪ੍ਰਤੀ ਨਵੀਂ ਪੀੜ੍ਹੀ ਦੀ ਸੋਚ ਅਤੇ ਪਹੁੰਚ ਦਾ ਇਸ ਨਾਵਲ ਵਿੱਚ ਸਹੀ ਚਿਤਰਣ ਕੀਤਾ ਗਿਆ ਹੈ। ਨਾਵਲ ਉੱਪਰ ਦੂਜਾ ਪਰਚਾ ਹਰਚੰਦ ਸਿੰਘ ਬਾਗੜੀ ਨੇ ਪੇਸ਼ ਕਰਦਿਆਂ ਨਾਵਲ ਦੀ ਕਹਾਣੀ ਅਤੇ ਪਾਤਰਾਂ ਨਾਲ ਸੰਖੇਪ ਵਿੱਚ ਜਾਣ ਪਛਾਣ ਕਰਵਾਈ। ਪ੍ਰੀਤ ਮਨਪ੍ਰੀਤ ਨੇ ਕਿਹਾ ਕਿ ਰਾਜਵੰਤ ਰਾਜ ਜਿੱਥੇ ਪੰਜਾਬੀ ਗ਼ਜ਼ਲ ਦਾ ਸੰਜੀਦਾ ਸ਼ਾਇਰ ਹੈ ਉੱਥੇ ਹੀ ਉਸ ਨੇ ਆਪਣੇ ਪਹਿਲੇ ਨਾਵਲ ਨਾਲ ਹੀ ਨਾਵਲ ਖੇਤਰ ਵਿੱਚ ਚਰਚਾ ਛੇੜ ਦਿੱਤੀ ਹੈ ਅਤੇ ਉਸ ਦੇ ਦੂਜੇ ਨਾਵਲ ‘ਵਰੋਲੇ ਦੀ ਜੂਨ’ ਦਾ ਵੀ ਸਾਹਿਤਕ ਹਲਕਿਆਂ ਵਿੱਚ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ।

ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਦੋਹਾਂ ਲੇਖਕਾਂ ਨੂੰ ਮੁਬਾਰਕਬਾਦ ਦਿੰਦਿਆਂ ਰਾਜਵੰਤ ਰਾਜ ਦੇ ਨਾਵਲ ਨੂੰ ਪੰਜਾਬੀ ਨਾਵਲ ਖੇਤਰ ਅਤੇ ਵਿਸ਼ੇਸ਼ ਕਰਕੇ ਕੈਨੇਡੀਅਨ ਪੰਜਾਬੀ ਸਾਹਿਤ ਦੀ ਇੱਕ ਵਧੀਆ ਰਚਨਾ ਦੱਸਿਆ। ਪ੍ਰਿੰਸੀਪਲ ਸੁਰਿੰਦਰਪਾਲ ਕੌਰ ਬਰਾੜ, ਇੰਦਰਜੀਤ ਕੌਰ ਸਿੱਧੂ, ਡਾ. ਸਾਧੂ ਸਿੰਘ, ਇੰਦਰਜੀਤ ਧਾਮੀ, ਭੁਪਿੰਦਰ ਮੱਲ੍ਹੀ, ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਜਸਵੀਰ ਸਿੰਘ ਭਲੂਰੀਆ ਅਤੇ ਨਦੀਮ ਪਰਮਾਰ ਨੇ ਵੀ ਕ੍ਰਿਸ਼ਨ ਭਨੋਟ ਅਤੇ ਰਾਜਵੰਤ ਰਾਜ ਨੂੰ ਉਨ੍ਹਾਂ ਦੀਆਂ ਨਵੀਆਂ ਸਾਹਿਤਕ ਕਿਰਤਾਂ ਲਈ ਮੁਬਾਰਕਬਾਦ ਦਿੱਤੀ। ਅੰਤ ਵਿੱਚ ਕ੍ਰਿਸ਼ਨ ਭਨੋਟ ਅਤੇ ਰਾਜਵੰਤ ਰਾਜ ਨੇ ਸਮਾਗਮ ਵਿੱਚ ਹਾਜ਼ਰ ਹੋਏ ਵਿਦਵਾਨਾਂ, ਸਾਹਿਤਕਾਰਾਂ ਅਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ।

ਮਲਕੀਤ ਸਿੰਘ ਪੁਰੇਵਾਲ ਨਮਿੱਤ ਪਾਠ ਦਾ ਭੋਗ

ਸੰਤੋਖ ਸਿੰਘ ਮੰਡੇਰ

ਪੁਰੇਵਾਲ ਬਲਿਊਬੇਰੀ ਫਾਰਮ-ਪਿਟਮੀਡੋਜ, ਬੀ.ਸੀ. ਕੈਨੇਡਾ ਦੇ ਮਾਲਕ ਤੇ ਪੁਰੇਵਾਲ ਭਰਾਵਾਂ ਚਰਨ ਸਿੰਘ ਪੁਰੇਵਾਲ ਤੇ ਗੁਰਜੀਤ ਸਿੰਘ ਪੁਰੇਵਾਲ ਦੇ ਵੱਡੇ ਭਰਾ ਮਲਕੀਤ ਸਿੰਘ ਪੁਰੇਵਾਲ ਦੀ ਆਤਮਾ ਦੀ ਸ਼ਾਂਤੀ ਲਈ ਸਮੂਹ ਪੁਰੇਵਾਲ ਪਰਿਵਾਰ ਤੇ ਸਾਕ ਸਬੰਧੀਆਂ ਵੱਲੋ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ, ਹਕੀਮਪੁਰ, ਜ਼ਿਲਾ ਭਗਤ ਸਿੰਘ ਨਗਰ ਵਿਖੇ ਅੰਤਿਮ ਅਰਦਾਸ ਨਮਿੱਤ ਪਾਠ ਦੇ ਭੋਗ ਪਾਏ ਗਏ| ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਨਿਹੰਗ ਸਿੰਘ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਰਾਗਾਂ ਵਿੱਚ ਕੀਰਤਨ ਕੀਤਾ ਗਿਆ| ਇਲਾਕੇ ਦੇ ਨਾਮੀ ਅਮਰਦੀਪ ਸਿੰਘ ਸ਼ੇਰਗਿਲ ਮੈ. ਕਾਲਜ, ਮੁਕੰਦਪੁਰ ਦੇ ਸਾਬਕਾ ਪ੍ਰਿੰਸੀਪਲ ਤੇ ਲੇਖਕ ਸ. ਸਰਵਣ ਸਿੰਘ ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮਲਕੀਤ ਸਿੰਘ ਪੁਰੇਵਾਲ ਦੇ ਜੀਵਨ, ਖੇਡ ਪ੍ਰਾਪਤੀਆਂ ਤੇ ਸਫਲ ਬਲਿਊਬੇਰੀ ਕਾਰੋਬਾਰ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪੁਰੇਵਾਲ ਪਰਿਵਾਰ ਤੇ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਤੇ ਹਿੰਮਤ ਪ੍ਰਦਾਨ ਕਰਨ ਦੀ ਅਰਦਾਸ ਕੀਤੀ|

ਪੁਰੇਵਾਲ ਪਰਿਵਾਰ ਨਾਲ ਇਸ ਮੌਕੇ ਪ੍ਰਿੰਸੀਪਲ ਸਰਵਣ ਸਿੰਘ, ਗੁਰਚਰਨ ਸਿੰਘ ਸ਼ੇਰਗਿਲ, ਅਵਤਾਰ ਸਿੰਘ ਸਮਾਧਭਾਈ ਪਰਲਜ਼ ਗਰੁੱਪ, ਪਹਿਲਵਾਨ ਗੁਰਮੇਲ ਸਿੰਘ ਢੇਰੀ ਲੁਧਿਆਣਾ, ਬਹਾਦਰ ਸਿੰਘ ਸ਼ੇਰਗਿਲ ਯੂਕੇ, ਗੁਰਨੇਕ ਸਿੰਘ ਪੁਰੇਵਾਲ ਯੂਕੇ, ਅਵਤਾਰ ਸਿੰਘ ਪੁਰੇਵਾਲ ਸਕਾਟਲੈਂਡ, ਭਾਈ ਕੁਲਤਾਰ ਸਿੰਘ ਪੁਰੇਵਾਲ, ਮਾਸਟਰ ਜੋਗਾ ਸਿੰਘ ਦੋਸਾਂਝ, ਮਿੰਟੂ ਪੁਰੇਵਾਲ, ਨੀਟੂ ਪੁਰੇਵਾਲ ਅਤੇ ਇਲਾਕਾ ਹਕੀਮਪੁਰ-ਜਗਤਪੁਰ-ਮੁਕੰਦਪੁਰ ਦੀ ਸੰਗਤ ਸ਼ਾਮਲ ਹੋਈ| 



News Source link
#ਕਰਸ਼ਨ #ਭਨਟ #ਅਤ #ਰਜਵਤ #ਰਜ #ਦ #ਨਵਲ #ਰਲਜ਼

- Advertisement -

More articles

- Advertisement -

Latest article