41.1 C
Patiāla
Sunday, May 5, 2024

ਠਹਿਰੇ ਹੋਏ ਸਮੇਂ ਵਾਲਾ ਗ੍ਰਹਿ

Must read


ਡਾ. ਡੀ. ਪੀ. ਸਿੰਘ

ਬਹੁਤ ਪੁਰਾਣੀ ਗੱਲ ਨਹੀਂ। ਬ੍ਰਹਿਮੰਡ ਦੇ ਇੱਕ ਖੂੰਜੇ ਇੱਕ ਅਜਬ ਗ੍ਰਹਿ ਮੌਜੂਦ ਸੀ ਜਿਸ ਦਾ ਨਾਮ ਸੀ ਅਚਲ ਗ੍ਰਹਿ। ਕਿਸੇ ਰਹੱਸਮਈ ਕਾਰਨ ਕਰਕੇ ਇੱਥੇ ਸਮਾਂ ਠਹਿਰ ਗਿਆ ਸੀ। ਪਹਿਲਾਂ ਪਹਿਲ ਤਾਂ ਅਚਲ ਗ੍ਰਹਿ ਸਾਡੀ ਧਰਤੀ ਵਾਂਗ ਹੀ ਜੀਵਨ ਦੀ ਚਹਿਲ ਪਹਿਲ ਨਾਲ ਭਰਪੂਰ ਸੀ, ਪਰ ਫਿਰ ਅਚਾਨਕ ਕੁਝ ਅਜਿਹਾ ਵਾਪਰ ਗਿਆ ਕਿ ਇਸ ਗ੍ਰਹਿ ਵਿਖੇ ਸਮੇਂ ਦੀ ਹਰਕਤ ਬੰਦ ਹੋ ਗਈ। ਫਲਸਰੂਪ ਗ੍ਰਹਿ ਵਿਖੇ ਅਜਬ ਹਾਲਾਤ ਪੈਦਾ ਹੋ ਗਏ ਸਨ। ਗ੍ਰਹਿ ਦਾ ਸੂਰਜ ਅੱਧ-ਅਸਮਾਨ ਵਿੱਚ ਟੰਗਿਆ ਨਜ਼ਰ ਆ ਰਿਹਾ ਸੀ। ਇੱਥੋਂ ਦੀ ਦੁਨੀਆ ਵਿਖੇ ਸਦੀਵੀ ਦੁਪਹਿਰ ਦੇ ਹਾਲਾਤ ਬਣੇ ਹੋਏ ਸਨ। ਅੰਬਰ ਵਿੱਚ ਵੰਨ-ਸੁਵੰਨੇ ਆਕਾਰਾਂ ਤੇ ਸ਼ਕਲਾਂ ਵਾਲੇ ਬੱਦਲ ਬੇਹਰਕਤ ਟਿਕੇ ਹੋਏ ਦਿਸ ਰਹੇ ਸਨ। ਹਵਾ ਦਾ ਸ਼ਾਂਤ ਸਮੁੰਦਰ ਹਰ ਪਾਸੇ ਬੇਆਵਾਜ਼ ਫੈਲਿਆ ਹੋਇਆ ਸੀ। ਹਵਾ ਦਾ ਵਹਾਅ ਰੁਕ ਚੁੱਕਾ ਸੀ ਜਿਸ ਕਾਰਨ ਗ੍ਰਹਿ ਦੇ ਸਾਗਰਾਂ ਦੀਆਂ ਲਹਿਰਾਂ ਨੱਚਣਾ ਟੱਪਣਾ ਭੁੱਲ ਚੁੱਕੀਆਂ ਸਨ। ਇੱਥੋਂ ਦੇ ਮਹਾਂਦੀਪ ਬਰਫ਼ ਦੀ ਇੱਕ ਮੋਟੀ ਪਰਤ ਵਿੱਚ ਢਕੇ ਹੋਏ ਸਨ। ਬਰਫ਼ ਦਾ ਪਿਘਲਣਾ ਪੁਰਾਣੇ ਵਕਤ ਦੀ ਗੱਲ ਬਣ ਗਿਆ ਸੀ।

ਰੁੱਖਾਂ ਨਾਲ ਲੱਗੇ ਫ਼ਲ ਵਧਣ ਫੁੱਲਣ ਤੋਂ ਮੁਨਕਰ ਸਨ। ਕਿਉਂ ਜੋ ਸਮੇਂ ਦੇ ਰੁਕਣ ਦਾ ਵਰਤਾਰਾ ਬਸੰਤ ਰੁੱਤ ਵਿੱਚ ਵਾਪਰਿਆ ਸੀ। ਸਭ ਪਾਸੇ ਫੁੱਲ ਤਾਂ ਖਿੜ੍ਹੇ ਹੋਏ ਸਨ। ਹਰੇ ਭਰੇ ਰੁੱਖ ਤੇ ਪੌਦੇ ਵੀ ਮੌਜੂਦ ਸਨ, ਪਰ ਸਮੇਂ ਨਾਲ ਨਾ ਉਨ੍ਹਾਂ ਦਾ ਰੰਗ ਬਦਲਦਾ ਸੀ ਤੇ ਨਾ ਹੀ ਉਹ ਪੱਤਝੜ ਦਾ ਸ਼ਿਕਾਰ ਹੁੰਦੇ ਸਨ। ਸਮੁੰਦਰਾਂ ਦਾ ਪਾਣੀ ਵਾਸ਼ਪ ਬਣਨ ਤੋਂ ਇਨਕਾਰੀ ਸੀ, ਨਤੀਜੇ ਵਜੋਂ ਬਰਸਾਤੀ ਹਵਾਵਾਂ ਦਾ ਦੌਰ ਬੰਦ ਹੋ ਗਿਆ ਸੀ। ਹੁਣ ਬਾਰਸ਼ ਨਹੀਂ ਸੀ ਪੈਂਦੀ ਤੇ ਨਦੀਆਂ, ਨਾਲਿਆਂ ਤੇ ਦਰਿਆਵਾਂ ਦਾ ਪਾਣੀ ਵਹਿਣ ਦਾ ਸੁਭਾਅ ਗੁਆ ਚੁੱਕਾ ਸੀ। ਗ੍ਰਹਿ ਵਿਖੇ ਪਿਛਲੇ ਕਾਫ਼ੀ ਅਰਸੇ ਤੋਂ ਨਾ ਤਾਂ ਕਿਸੇ ਦੀ ਮੌਤ ਹੀ ਹੋਈ ਸੀ ਤੇ ਨਾ ਹੀ ਕੋਈ ਨਵਾਂ ਜਨਮ।

ਕੋਈ ਨਹੀਂ ਜਾਣਦਾ ਸੀ ਕਿ ਇਸ ਅਜੀਬ ਵਰਤਾਰੇ ਦਾ ਕੀ ਕਾਰਨ ਸੀ। ਕੁਝ ਕੁ ਗ੍ਰਹਿ ਵਾਸੀਆਂ ਦਾ ਵਿਚਾਰ ਸੀ ਕਿ ਕਿਸੇ ਸ਼ਕਤੀਸ਼ਾਲੀ ਜਾਦੂਗਰ ਨੇ ਆਪਣੀ ਜਾਦੂਈ ਤਾਕਤ ਨਾਲ ਸਮੇਂ ਨੂੰ ਕੈਦ ਕਰ ਲਿਆ ਹੈ, ਪਰ ਕੁਝ ਹੋਰ ਲੋਕਾਂ ਦਾ ਮੰਨਣਾ ਸੀ ਕਿ ਅਜਿਹਾ ਵਾਪਰਨਾ ਉਨ੍ਹਾਂ ਦੇ ਦੇਵਤਿਆਂ ਦੀ ਨਾਰਾਜ਼ਗੀ ਦਾ ਨਤੀਜਾ ਸੀ। ਗੱਲ ਕੀ ਜਿੰਨੇ ਮੂੰਹ ਓਨੀਆਂ ਗੱਲਾਂ। ਕਾਰਨ ਕੁਝ ਵੀ ਹੋਵੇ, ਸੱਚ ਤਾਂ ਇਹ ਸੀ ਕਿ ਅਚਲ ਗ੍ਰਹਿ ਦੇ ਵਾਸੀ ਸਮੇਂ ਦੇ ਠਹਿਰਾਉ ਦਾ ਸ਼ਿਕਾਰ ਬਣ ਚੁੱਕੇ ਸਨ। ਉਹ ਅਜਿਹੇ ਹਾਲਾਤ ਨੂੰ ਬਦਲਣ ਤੋਂ ਅਸਮਰੱਥ ਸਨ।

ਅਚਲ ਗ੍ਰਹਿ ਦੇ ਲੋਕ ਇੰਨੇ ਲੰਬੇ ਸਮੇਂ ਤੋਂ ਸਮੇਂ ਦੇ ਠਹਿਰਾਉ ਦਾ ਸ਼ਿਕਾਰ ਸਨ ਕਿ ਉਹ ਸਮੇਂ ਬਾਰੇ ਆਪਣੀ ਸਮਝ ਹੀ ਗੁਆ ਚੁੱਕੇ ਸਨ। ਉਹ ਆਪਣੇ ਰੋਜ਼ਾਨਾ ਜੀਵਨ ਦੌਰਾਨ ਉਹੀ ਰੁਟੀਨ ਦੁਬਾਰਾ ਕਰਦੇ ਰਹਿੰਦੇ ਸਨ। ਸਮੇਂ ਦੇ ਠਹਿਰਾਉ ਕਾਰਨ ਉਨ੍ਹਾਂ ਦੀ ਉਮਰ ਵੀ ਠਹਿਰ ਗਈ ਸੀ। ਨਾ ਤਾਂ ਬੱਚੇ ਵੱਡੇ ਹੋ ਰਹੇ ਸਨ ਤੇ ਨਾ ਹੀ ਜਵਾਨ ਬੁੱਢਾਪੇ ਵੱਲ ਵਧ ਰਹੇ ਸਨ। ਜਿੱਧਰ ਵੀ ਨਜ਼ਰ ਮਾਰੋ, ਪੌਦੇ ਤੇ ਰੁੱਖ ਵੀ ਬਿਨਾਂ ਕਿਸੇ ਵਾਧੇ ਦੇ ਅਹਿੱਲ ਖੜ੍ਹੇ ਦੇਖੇ ਜਾ ਸਕਦੇ ਸਨ। ਜਾਨਵਰ ਵੀ ਵਧਣਾ ਫੁੱਲਣਾ ਭੁੱਲ ਚੁੱਕੇ ਸਨ। ਨਿਰੰਤਰ ਦਿਨ ਵਾਲੇ ਇਸ ਗ੍ਰਹਿ ਵਿਖੇ ਰਾਤ ਆਪਣੀ ਹੋਂਦ ਗੁਆ ਚੁੱਕੀ ਸੀ। ਗ੍ਰਹਿ ਵਾਸੀਆਂ ਕੋਲ ਸਮੇਂ ਦੇ ਬੀਤਣ ਬਾਰੇ ਕੋਈ ਸੰਕਲਪ ਹੀ ਨਹੀਂ ਸੀ ਅਤੇ ਉਨ੍ਹਾਂ ਲਈ ਹਰ ਦਿਨ ਹੀ ਹਮੇਸ਼ਾਂ ਵਾਂਗ ਇੱਕੋ ਜਿਹਾ ਹੀ ਸੀ।

ਤਬਦੀਲੀ ਦੀ ਘਾਟ ਦੇ ਬਾਵਜੂਦ ਅਚਲ ਗ੍ਰਹਿ ਵਿਖੇ ਜੀਵਨ ਪੂਰੀ ਤਰ੍ਹਾਂ ਮੁਸ਼ਕਲਾਂ ਤੋਂ ਮੁਕਤ ਨਹੀਂ ਸੀ। ਲੋਕਾਂ ਨੂੰ ਤਾਜ਼ੇ ਭੋਜਨ ਜਾਂ ਵਗਦੇ ਪਾਣੀ ਤੋਂ ਬਿਨਾਂ ਸੰਸਾਰ ਵਿੱਚ ਜਿਉਂਦੇ ਰਹਿਣ ਲਈ ਨਵੇਂ ਢੰਗ ਲੱਭਣ ਦੀ ਅਹਿਮ ਲੋੜ ਪੈ ਗਈ ਸੀ। ਉਨ੍ਹਾਂ ਨੇ ਲੱਕੜ ਤੇ ਇੱਟ ਦੀ ਥਾਂ ਬਰਫ਼ ਦੀਆਂ ਸਿੱਲਾਂ ਅਤੇ ਪੱਥਰ ਤੋਂ ਘਰ ਅਤੇ ਸ਼ਹਿਰ ਬਣਾਉਣੇ ਸਿੱਖ ਲਏ। ਉਨ੍ਹਾਂ ਨਵੀਂ ਕਿਸਮ ਦੇ ਔਜ਼ਾਰ ਅਤੇ ਤਕਨਾਲੋਜੀਆਂ ਦੀ ਖੋਜ ਕਰ ਲਈ ਜੋ ਬਦਲੇ ਹੋਏ ਕਠੋਰ ਹਾਲਤਾਂ ਦਾ ਸਾਹਮਣਾ ਕਰ ਸਕਣ।

ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਅਚਲ ਗ੍ਰਹਿ ਦੇ ਲੋਕਾਂ ਨੇ ਸਮੇਂ ਦੇ ਠਹਿਰਾਉ ਵਾਲੀ ਜ਼ਿੰਦਗੀ ਨੂੰ ਹੀ ਜੀਵਨ ਦੀ ਹਕੀਕਤ ਵਜੋਂ ਸਵੀਕਾਰ ਕਰ ਲਿਆ। ਉਨ੍ਹਾਂ ਨੇ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਜ਼ਿੰਦਗੀ ਦੀ ਖੁਸ਼ੀ ਤੇ ਮੰਤਵ ਲੱਭ ਲਏ। ਉਨ੍ਹਾਂ ਨੇ ਜੀਵਨ ਦੇ ਸਾਧਾਰਨ ਵਰਤਾਰਿਆਂ ਵਿੱਚ ਜਿਵੇਂ ਕਿ ਅਜ਼ੀਜ਼ਾਂ ਨਾਲ ਸਮਾਂ ਬਿਤਾਉਣਾ ਅਤੇ ਠਹਿਰੇ ਹੋਏ ਸੰਸਾਰ ਦੀ ਸੁੰਦਰਤਾ ਦਾ ਆਨੰਦ ਲੈਣ ਵਿੱਚ ਖੁਸ਼ੀ ਪ੍ਰਾਪਤੀ ਨੂੰ ਤਰਜੀਹ ਦੇਣਾ ਸਿੱਖ ਲਿਆ। ਉਨ੍ਹਾਂ ਨੇ ਆਪਣੇ ਗ੍ਰਹਿ ਨਾਲ ਇੱਕ ਸਨੇਹਪੂਰਨ ਰਿਸ਼ਤਾ ਕਾਇਮ ਕਰ ਲਿਆ ਤੇ ਉਹ ਮਹਿਸੂਸ ਕਰਨ ਲੱਗ ਪਏ ਕਿ ਉਹ ਇਸ ਗ੍ਰਹਿ ਦਾ ਹੀ ਇੱਕ ਹਿੱਸਾ ਸਨ।

ਬਾਹਰਲੀ ਦੁਨੀਆ ਅਨੁਸਾਰ ਬਹੁਤ ਅਰਸਾ ਬੀਤਣ ਦੇ ਬਾਵਜੂਦ ਅਚਲ ਗ੍ਰਹਿ ਦੀ ਠਹਿਰੀ ਹੋਈ ਦੁਨੀਆ ਅਜੇ ਵੀ ਬਦਲੀ ਨਹੀਂ ਸੀ। ਬੀਤ ਚੁੱਕੇ ਸਮੇਂ ਦੇ ਇੱਕ ਠਹਿਰੇ ਹੋਏ ਸਮਾਰਕ ਵਾਂਗ ਇਹ ਗ੍ਰਹਿ ਪੁਲਾੜ ਵਿੱਚ ਤੈਰ ਰਿਹਾ ਸੀ। ਅਚਲ ਗ੍ਰਹਿ ਦੇ ਲੋਕਾਂ ਨੇ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਣ ਕਾਰਨ ਕਦੇ ਵੀ ਇਹ ਮਹਿਸੂਸ ਨਾ ਕੀਤਾ ਕਿ ਉਹ ਸਮੇਂ ਦੇ ਠਹਿਰਾਉ ਦਾ ਸ਼ਿਕਾਰ ਹੋ ਚੁੱਕੇ ਸਨ। ਇਸ ਤਰ੍ਹਾਂ ਅਚਲ ਗ੍ਰਹਿ ਇੱਕ ਸ਼ਾਂਤ ਤੇ ਕੁਦਰਤੀ ਹਰਕਤ ਤੋਂ ਮੁਕਤ ਦੁਨੀਆ ਬਣ ਚੁੱਕਾ ਸੀ। ਹੌਲੀ ਹੌਲੀ ਇਸ ਗ੍ਰਹਿ ਦੀ ਕਥਾ ਨੇ ਸਮੇਂ ਦੇ ਵਹਾਉ ਨਾਲ ਖਿਲਵਾੜ ਕਾਰਨ ਪੈਦਾ ਹੋਏ ਹਾਲਾਤ ਦੀ ਦੰਤਕਥਾ ਜਾਂ ਮਿਥਿਹਾਸਕ ਕਹਾਣੀ ਦਾ ਰੂਪ ਧਾਰ ਲਿਆ, ਪਰ ਜਿਹੜੇ ਲੋਕ ਇਸ ਧਰਤੀ ਉੱਤੇ ਰਹਿੰਦੇ ਸਨ, ਉਨ੍ਹਾਂ ਲਈ ਇਹ ਸਿਰਫ਼ ਉਨ੍ਹਾਂ ਦਾ ਘਰ ਸੀ, ਇੱਕ ਠਹਿਰੀ ਹੋਈ ਦੁਨੀਆ ਜਿਸ ਨੂੰ ਉਨ੍ਹਾਂ ਨੇ ਆਪਣਾ ਕਹਿਣਾ ਸਿੱਖ ਲਿਆ ਸੀ।

ਜਿਵੇਂ-ਜਿਵੇਂ ਹੋਰ ਦੁਨੀਆ ਅਨੁਸਾਰ ਸਾਲਾਂ ਦਾ ਅਰਸਾ ਸਦੀਆਂ ਵਿੱਚ ਬਦਲ ਗਿਆ, ਕੁਝ ਲੋਕਾਂ ਵਿੱਚ ਕੁਝ ਹੋਰ ਤੇ ਕੁਝ ਨਵਾਂ ਦੇਖਣ ਤੇ ਜਾਣਨ ਦੀ ਉਮੰਗ ਜਾਗ ਪਈ। ਉਹ ਤਬਦੀਲੀ, ਵਿਕਾਸ ਤੇ ਕੁਝ ਨਵਾਂ ਅਨੁਭਵ ਕਰਨ ਦੀ ਲਾਲਸਾ ਕਰਨ ਲੱਗ ਪਏ। ਉਹ ਸੋਚਣ ਲੱਗੇ ਪਏ ਕਿ ਉਸ ਦੁਨੀਆ ਵਿੱਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਿੱਥੇ ਸਮੇਂ ਦਾ ਵਹਾਅ ਨਿਰੰਤਰ ਚੱਲਦਾ ਹੈ, ਜਿੱਥੇ ਰੁੱਤਾਂ ਬਦਲਦੀਆਂ ਹਨ ਅਤੇ ਸੂਰਜ ਚੜ੍ਹਦਾ ਅਤੇ ਡੁੱਬਦਾ ਹੈ।

ਕਈ ਸਦੀਆਂ ਤੋਂ ਅਚਲ ਗ੍ਰਹਿ ਸਮੇਂ ਦੇ ਠਹਿਰਾਉ ਦਾ ਸ਼ਿਕਾਰ ਸੀ, ਪਰ ਅਚਾਨਕ ਇੱਕ ਦਿਨ ਕੁਝ ਸਾਹਸੀ ਪੁਲਾੜ ਯਾਤਰੀਆਂ ਦੀ ਇੱਕ ਟੋਲੀ ਇਸ ਗ੍ਰਹਿ ਉੱਤੇ ਆ ਉਤਰੀ। ਉਹ ਇੱਕ ਦੂਰ-ਦੁਰਾਡੇ ਦੀ ਦੁਨੀਆ ਤੋਂ ਆਏ ਸਨ। ਉਹ ਕਿਸੇ ਵੱਡੇ ਖਜ਼ਾਨੇ ਦੀ ਖੋਜ ਕਰਦੇ ਹੋਏ ਇੱਥੇ ਪਹੁੰਚੇ ਸਨ ਕਿਉਂਕਿ ਉਨ੍ਹਾਂ ਦੀ ਧਾਰਨਾ ਸੀ ਕਿ ਅਚਲ ਗ੍ਰਹਿ ਵਿਖੇ ਇਹ ਖਜ਼ਾਨਾ ਛੁਪਿਆ ਹੋਇਆ ਸੀ। ਜਦੋਂ ਉਹ ਸਮੇਂ ਦੇ ਠਹਿਰਾਉ ਵਾਲੇ ਸੰਸਾਰ ਵਿਖੇ ਪੁੱਜੇ ਤਾਂ ਉਹ ਇਹ ਜਾਣ ਕੇ ਹੈਰਾਨ ਰਹਿ ਗਏ ਕਿ ਇੱਥੇ ਸਮੇਂ ਦੀ ਹਰਕਤ ਰੁਕ ਚੁੱਕੀ ਸੀ।

ਪਹਿਲਾਂ ਪਹਿਲ ਤਾਂ ਉਨ੍ਹਾਂ ਸਾਹਸੀ ਖੋਜੀਆਂ ਨੇ ਇਸ ਸਮੇਂ ਦੇ ਠਹਿਰਾਉ ਵਾਲੇ ਸੰਸਾਰ ਦੀ ਜਾਂਚ ਕਰਨ ਲਈ ਖੂਬ ਉਤਸ਼ਾਹ ਦਿਖਾਇਆ, ਪਰ ਜਲਦੀ ਹੀ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਕਿ ਉਹ ਅਚਲ ਗ੍ਰਹਿ ਦੇ ਵਾਸੀਆਂ ਵਾਂਗ ਹੀ ਸਮੇਂ ਦੇ ਠਹਿਰਾਉ ਦਾ ਸ਼ਿਕਾਰ ਬਣ ਚੁੱਕੇ ਹਨ। ਉਨ੍ਹਾਂ ਨੇ ਗ੍ਰਹਿ ਦੇ ਹਾਲਾਤ ਨੂੰ ਬਦਲਣ ਦਾ ਹਰ ਸੰਭਵ ਯਤਨ ਕੀਤਾ, ਪਰ ਕੋਈ ਵੀ ਹੀਲਾ ਰਾਸ ਨਹੀਂ ਸੀ ਆ ਰਿਹਾ। ਉਨ੍ਹਾਂ ਦੇਖਿਆ ਕਿ ਕਈ ਗ੍ਰਹਿ ਵਾਸੀਆਂ ਨੇ ਵੀ ਸਮੇਂ ਦੇ ਪ੍ਰਵਾਹ ਨੂੰ ਚਾਲੂ ਕਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸਾਂ ਕੀਤੀਆਂ। ਜਿਨ੍ਹਾਂ ਵਿੱਚ ਜਾਦੂ-ਮੰਤਰਾਂ ਦੀ ਵਰਤੋਂ, ਅਜੀਬੋ ਗਰੀਬ ਧਾਰਮਿਕ ਰਸਮਾਂ ਤੇ ਬਲੀ ਦੇਣ ਦੀ ਰਸਮ ਆਦਿ ਸ਼ਾਮਲ ਸਨ, ਪਰ ਕੋਈ ਵੀ ਕੋਸ਼ਿਸ਼ ਸਫਲ ਨਹੀਂ ਸੀ ਹੋਈ।

ਜਿਸ ਖ਼ਜ਼ਾਨੇ ਦੀ ਖੋਜ ਵਿੱਚ ਉਹ ਇਸ ਗ੍ਰਹਿ ਵਿਖੇ ਪੁੱਜੇ ਸਨ, ਉਸ ਦਾ ਵੀ ਕੁਝ ਥਹੁ ਪਤਾ ਨਹੀਂ ਸੀ ਲੱਗ ਰਿਹਾ। ਪੁਲਾੜ ਯਾਤਰੀਆਂ ਦੇ ਪੁਲਾੜੀ ਵਾਹਨ ਦੇ ਸਮਾਂ-ਆਧਾਰਿਤ ਸਾਰੇ ਯੰਤਰ ਵੀ ਰੁਕ ਚੁੱਕੇ ਸਨ। ਜਿਸ ਕਾਰਨ ਵਾਪਸ ਆਪਣੇ ਗ੍ਰਹਿ ਮੁੜਨ ਦਾ ਕੋਈ ਰਾਹ ਨਜ਼ਰ ਨਹੀਂ ਸੀ ਆ ਰਿਹਾ। ਇਸ ਸਭ ਦਾ ਇੱਕੋ ਇੱਕ ਹੱਲ ਜਾਪ ਰਿਹਾ ਸੀ ਸਮੇਂ ਦੇ ਠਹਿਰਾਉ ਦਾ ਖਾਤਮਾ। ਹਰ ਕੋਈ ਆਪਣੀ ਅਕਲ ਦੇ ਘੋੜੇ ਦੋੜਾ ਰਿਹਾ ਸੀ। ਪਰ ਸਮੱਸਿਆ ਦਾ ਹੱਲ ਨਜ਼ਰ ਨਹੀਂ ਸੀ ਆ ਰਿਹਾ। ਇਸੇ ਉਲਝਣ ਵਿੱਚ ਪਤਾ ਨਹੀਂ ਕਿੰਨਾ ਕੁ ਅਰਸਾ ਗੁਜ਼ਰ ਗਿਆ।

ਇੱਕ ਦਿਨ ਲੀਨਾ ਨਾਂ ਦੀ ਇੱਕ ਮੁਟਿਆਰ ਨੂੰ ਵਿਚਾਰ ਆਇਆ। ਪਿਛਲੇ ਲੰਮੇ ਅਰਸੇ ਤੋਂ ਉਹ ਅਚਲ ਗ੍ਰਹਿ ਦੇ ਪ੍ਰਾਚੀਨ ਗ੍ਰੰਥਾਂ ਦਾ ਅਧਿਐਨ ਕਰ ਰਹੀ ਸੀ। ਉਹ ਅਜਿਹੇ ਸੁਰਾਗ ਦੀ ਖੋਜ ਕਰ ਰਹੀ ਸੀ ਜੋ ਉਨ੍ਹਾਂ ਨੂੰ ਇਸ ਗ੍ਰਹਿ ਵਿਖੇ ਮੌਜੂਦ ਸਮੇਂ ਦੇ ਠਹਿਰਾਉ ਨੂੰ ਤੋੜਨ ਵਿੱਚ ਮਦਦ ਕਰ ਸਕੇ। ਉਸ ਨੂੰ ਯਕੀਨ ਸੀ ਕਿ ਸਮੇਂ ਦੇ ਵਹਾਉ ਦੀ ਰੁਕਾਵਟ ਨੂੰ ਦੂਰ ਕਰਨ ਦਾ ਜ਼ਰੂਰ ਕੋਈ ਢੰਗ ਹੈ ਜਿਸ ਨੂੰ ਹਟਾ ਕੇ ਸਮੇਂ ਦੇ ਕੁਦਰਤੀ ਪ੍ਰਵਾਹ ਨੂੰ ਬਹਾਲ ਕੀਤਾ ਜਾ ਸਕਦਾ ਹੈ। ਲੀਨਾ ਨੇ ਆਪਣੇ ਖਿਆਲ ਨਾਲ ਸਹਿਮਤ ਸਾਥੀਆਂ ਦੀ ਇੱਕ ਟੋਲੀ ਬਣਾ ਲਈ। ਉਹ ਸਾਰੇ ਅਚਲ ਗ੍ਰਹਿ ਵਿਖੇ ਸਮੇਂ ਦੇ ਪ੍ਰਵਾਹ ਵਿੱਚ ਆਈ ਰੁਕਾਵਟ ਦਾ ਪਤਾ ਕਰਨ ਲਈ ਇਕਜੁੱਟ ਹੋ ਖੋਜ ਕਰਨ ਲੱਗ ਪਏ। ਉਨ੍ਹਾਂ ਨੇ ਪੂਰੇ ਗ੍ਰਹਿ ਦੀ ਯਾਤਰਾ ਕੀਤੀ। ਪ੍ਰਾਚੀਨ ਖੰਡਰਾਂ ਦੀ ਪੜਤਾਲ ਕੀਤੀ ਅਤੇ ਪ੍ਰਾਚੀਨ ਲਿਖਤਾਂ ਨੂੰ ਸਮਝਣ ਦੇ ਯਤਨ ਕੀਤੇ ਤਾਂ ਜੋ ਕੋਈ ਅਜਿਹਾ ਸੁਰਾਗ ਲੱਭ ਸਕਣ ਜੋ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਲੈ ਜਾਵੇ।

***

ਬਾਹਰੀ ਦੁਨੀਆ ਅਨੁਸਾਰ ਸਾਲ ਬੀਤਦੇ ਗਏ। ਖੋਜੀ ਟੋਲੀ ਦੇ ਮੈਂਬਰ ਆਪਣੀ ਖੋਜ ਵਿੱਚ ਲਗਾਤਾਰ ਜੁਟੇ ਰਹਿਣ ਦੇ ਬਾਵਜੂਦ ਸਫਲਤਾ ਨਹੀਂ ਸੀ ਪਾ ਸਕੇ, ਪਰ ਉਨ੍ਹਾਂ ਹਾਰ ਨਾ ਮੰਨੀ। ਅੰਤ ਵਿੱਚ ਕਈ ਦਹਾਕਿਆਂ ਦੀ ਖੋਜ ਤੋਂ ਬਾਅਦ, ਉਨ੍ਹਾਂ ਨੂੰ ਉਹ ਸੁਰਾਗ ਮਿਲ ਹੀ ਗਿਆ ਜੋ ਉਹ ਲੱਭ ਰਹੇ ਸਨ। ਇਹ ਇੱਕ ਸ਼ਕਤੀਸ਼ਾਲੀ ਖਾਸ ਯੰਤਰ ਦਾ ਨਕਸ਼ਾ ਸੀ ਜੋ ਅਚਲ ਗ੍ਰਹਿ ਵਿਖੇ ਸਮੇਂ ਦੇ ਠਹਿਰਾਉ ਦੀ ਸਥਿਤੀ ਨੂੰ ਤੋੜ ਕੇ ਇਸ ਦੇ ਕੁਦਰਤੀ ਪ੍ਰਵਾਹ ਨੂੰ ਬਹਾਲ ਕਰ ਸਕਦਾ ਸੀ।

ਲੀਨਾ ਅਤੇ ਉਸ ਦੇ ਸਾਥੀਆਂ ਨੇ ਅਚਲ ਗ੍ਰਹਿ ਦੇ ਲੋਕਾਂ ਨਾਲ ਆਪਣੀ ਖੋਜ ਦੇ ਨਤੀਜੇ ਸਾਂਝੇ ਕਰਨ ਲਈ ਜਨਤਕ ਸਭਾ ਬੁਲਾ ਲਈ। ਬਹੁਤ ਸਾਰੇ ਗ੍ਰਹਿ ਵਾਸੀ ਇਸ ਸਭਾ ਵਿੱਚ ਸ਼ਾਮਲ ਹੋਏ। ਅਨੇਕ ਲੋਕ ਇਸ ਖੋਜ ਨਤੀਜਿਆਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੇ ਸਨ। ਪਰ ਲੀਨਾ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਇਸ ਖੋਜ ਕਾਰਜ ਦੇ ਨਤੀਜੇ ਉਨ੍ਹਾਂ ਸਭ ਲਈ ਲਾਭਦਾਇਕ ਸੰਭਾਵਨਾਵਾਂ ਸਮੋਈ ਬੈਠੇ ਹਨ। ਉਨ੍ਹਾਂ ਮੌਜੂਦਾ ਹਾਲਾਤ ਵਿੱਚੋਂ ਨਿਕਲਣ ਲਈ ਲੋੜੀਂਦੀ ਕੋਸ਼ਿਸ਼ ਕਰਨ ਲਈ ਸਭ ਦੇ ਸਹਿਯੋਗ ਦੀ ਮੰਗ ਕੀਤੀ। ਲੰਮੀ ਵਿਚਾਰ ਚਰਚਾ ਤੋਂ ਬਾਅਦ ਗ੍ਰਹਿ ਵਾਸੀ ਸੰਭਾਵੀ ਯੰਤਰ ਬਣਾਉਣ ਲਈ ਲੋੜੀਂਦੀ ਸਹਾਇਤਾ ਦੇਣ ਲਈ ਤਿਆਰ ਹੋ ਗਏ।

ਬਾਹਰੀ ਦੁਨੀਆ ਦੇ ਸਮੇਂ ਅਨੁਸਾਰ ਅਗਲੇ ਕੁਝ ਕੁ ਸਾਲਾਂ ਦੌਰਾਨ ਲੀਨਾ ਤੇ ਉਸ ਦੇ ਸਾਥੀਆਂ ਨੇ ਗ੍ਰਹਿ ਵਾਸੀਆਂ ਦੇ ਸਹਿਯੋਗ ਨਾਲ ਉਸ ਯੰਤਰ ਦਾ ਨਿਰਮਾਣ ਕਰ ਲਿਆ। ਜਿਵੇਂ ਹੀ ਉਨ੍ਹਾਂ ਇਸ ਯੰਤਰ ਨੂੰ ਕਿਰਿਆਸ਼ੀਲ ਕੀਤਾ, ਗ੍ਰਹਿ ਦਾ ਹਵਾਈ ਗਿਲਾਫ਼ ਹਰਕਤ ਵਿੱਚ ਆ ਗਿਆ। ਕਈ ਹਜ਼ਾਰ ਸਾਲ ਬਾਅਦ ਅਚਲ ਗ੍ਰਹਿ ਉੱਤੇ ਅਜਿਹਾ ਪਹਿਲੀ ਵਾਰ ਵਾਪਰ ਰਿਹਾ ਸੀ। ਗ੍ਰਹਿ ਦੇ ਸੂਰਜ ਦੀ ਨਿੱਘੀ ਰੌਸ਼ਨੀ ਗ੍ਰਹਿਵਾਸੀਆਂ ਨੂੰ ਨਵਾਂ ਸੁਨੇਹਾ ਦਿੰਦੀ ਜਾਪ ਰਹੀ ਸੀ। ਲੋਕ ਹੈਰਾਨ ਹੋ ਕੇ ਦੇਖ ਰਹੇ ਸਨ ਕਿ ਉਨ੍ਹਾਂ ਦੇ ਆਲੇ ਦੁਆਲੇ ਦੀ ਦੁਨੀਆ ਬਦਲ ਗਈ ਸੀ। ਬੱਦਲ ਆਸਮਾਨ ਵਿੱਚ ਹੌਲੀ ਹੌਲੀ ਚੱਲਣ ਲੱਗ ਪਏ ਸਨ। ਸੂਰਜ ਦੀ ਤਪਸ਼ ਨਾਲ ਬਰਫ਼ ਪਿਘਲਣ ਲੱਗ ਪਈ। ਬਹੁਤ ਸਾਰੇ ਫੁੱਲ ਮੁਰਝਾ ਕੇ ਗਿਰਨ ਲੱਗ ਪਏ, ਪਰ ਖੁਸ਼ੀ ਦੀ ਗੱਲ ਸੀ ਕਿ ਨਵੇਂ ਫੁੱਲ ਖਿੜਣਾ ਸ਼ੁਰੂ ਕਰ ਰਹੇ ਸਨ। ਫ਼ਲਾਂ ਦਾ ਪੱਕਣਾ ਸ਼ੁਰੂ ਹੋ ਗਿਆ ਸੀ। ਬਰਫ਼ ਦੇ ਪਿਘਲਣ ਨਾਲ ਨਦੀਆਂ, ਨਾਲੇ ਤੇ ਦਰਿਆ ਇੱਕ ਵਾਰ ਫਿਰ ਵਹਿਣ ਲੱਗ ਪਏ ਸਨ। ਪੌਦਿਆਂ ਨੇ ਨਵੀਆਂ ਕਰੂੰਬਲਾਂ ਕੱਢਣੀਆਂ ਸ਼ੁਰੂ ਕਰ ਲਈਆਂ ਸਨ ਤੇ ਰੁੱਖਾਂ ਦੇ ਨਵੇਂ ਪੱਤੇ ਨਜ਼ਰ ਆਉਣ ਲੱਗ ਪਏ ਸਨ। ਰੁੱਖਾਂ ਦੇ ਪੁਰਾਣੇ ਪੱਤੇ ਰੰਗ ਬਦਲਦੇ ਹੋਏ, ਹਵਾਂ ਸੰਗ ਅਠਖੇਲੀਆਂ ਕਰਦੇ ਗ੍ਰਹਿ ਦੀ ਧਰਤੀ ਨੂੰ ਚੁੰਮਣ ਵੱਲ ਵਧ ਰਹੇ ਸਨ। ਨਵਜੰਮੇ ਬੱਚਿਆਂ ਦੀਆਂ ਕਿਲਕਾਰੀਆਂ ਨੇ ਮਾਹੌਲ ਨੂੰ ਨਵਾਂਪਣ ਬਖ਼ਸ਼ ਦਿੱਤਾ ਸੀ। ਗ੍ਰਹਿਵਾਸੀਆਂ ਨੇ ਸਦੀਆਂ ਬਾਅਦ ਪਹਿਲੀ ਵਾਰ ਜੀਵਨ ਦੀ ਨਵੀਂ ਸਵੇਰ ਨੂੰ ‘ਜੀ ਆਇਆਂ’ ਆਖਿਆ ਸੀ।

ਅਚਲ ਗ੍ਰਹਿ ਵਿੱਚ ਜ਼ਿੰਦਗੀ ਫਿਰ ਹਰਕਤਨੁਮਾ ਹੋ ਗਈ ਸੀ। ਚਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ। ਖੁਸ਼ੀਆਂ ਰੱਤੇ ਲੋਕ ਜਸ਼ਨ ਮਨਾ ਕੇ ਸਮੇਂ ਦੇ ਪ੍ਰਵਾਹ ਦੇ ਮੁੜ ਸ਼ੁਰੂ ਹੋਣ ਦਾ ਸਵਾਗਤ ਕਰ ਰਹੇ ਸਨ। ਬੇਸ਼ੱਕ ਉਹ ਜਾਣਦੇ ਸਨ ਕਿ ਉਨ੍ਹਾਂ ਦੀ ਜ਼ਿੰਦਗੀ ਕਦੇ ਵੀ ਪਹਿਲਾਂ ਵਰਗੀ ਨਹੀਂ ਹੋਵੇਗੀ, ਪਰ ਉਹ ਭਵਿੱਖ ਦੀ ਬੁੱਕਲ ਵਿੱਚ ਲੁਕੀਆਂ ਨਵੀਆਂ ਖੁਸ਼ੀਆਂ ਨੂੰ ‘ਜੀ ਆਇਆਂ’ ਕਹਿਣ ਲਈ ਤਤਪਰ ਸਨ।

ਲੀਨਾ ਅਤੇ ਉਸ ਦੀ ਟੋਲੀ ਜਿਨ੍ਹਾਂ ਨੇ ਅਚਲ ਗ੍ਰਹਿ ਵਿਖੇ ਠਹਿਰੇ ਹੋਏ ਸਮੇਂ ਦਾ ਪ੍ਰਵਾਹ ਦੁਬਾਰਾ ਸ਼ੁਰੂ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਸੀ, ਦਾ ਖੂਬ ਸਨਮਾਨ ਕੀਤਾ ਗਿਆ। ਬੇਸ਼ੱਕ ਗ੍ਰਹਿ ਵਾਸੀ ਸਮੇਂ ਦੇ ਨਿਰੰਤਰ ਪ੍ਰਵਾਹ ਵਾਲੇ ਸੰਸਾਰ ਵਿੱਚ ਜੀਵਨ ਦਾ ਆਨੰਦ ਮਾਣ ਸਕਣ ਦੇ ਮੌਕੇ ਲਈ ਸ਼ੁਕਰਗੁਜ਼ਾਰ ਸਨ, ਪਰ ਉਹ ਜਾਣਦੇ ਸਨ ਕਿ ਸਮੇਂ ਦੇ ਠਹਿਰਾਉ ਵਾਲੇ ਗ੍ਰਹਿ ਨਾਲ ਹਮੇਸ਼ਾਂ ਉਨ੍ਹਾਂ ਦਾ ਇੱਕ ਖ਼ਾਸ ਰਿਸ਼ਤਾ ਰਹੇਗਾ ਕਿਉਂਕਿ ਉਹ ਲੰਬੇ ਸਮੇਂ ਤੋਂ ਉਨ੍ਹਾਂ ਦਾ ਘਰ ਸੀ।

ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਅਚਲ ਗ੍ਰਹਿ ਬਦਲਦਾ ਅਤੇ ਵਿਕਸਤ ਹੁੰਦਾ ਰਿਹਾ। ਅਨੇਕ ਮੌਸਮ ਆਏ ਅਤੇ ਚਲੇ ਗਏ। ਗ੍ਰਹਿ ਨੂੰ ਨਵਾਂ ਜੀਵਨ ਅਤੇ ਵਿਕਾਸ ਪ੍ਰਾਪਤ ਹੋਇਆ। ਸਮੇਂ ਨਾਲ ਲੋਕਾਂ ਨੇ ਨਵੀਆਂ ਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਢਾਲ ਲਿਆ। ਉਨ੍ਹਾਂ ਨੇ ਖੇਤੀ ਕਰਨੀ ਅਤੇ ਮੱਛੀਆਂ ਪਾਲਣੀਆਂ ਸਿੱਖ ਲਈਆਂ। ਉਨ੍ਹਾਂ ਨੇ ਉਨ੍ਹਾਂ ਤਰੀਕਿਆਂ ਨਾਲ ਸ਼ਿਕਾਰ ਕਰਨਾ ਸਿੱਖ ਲਿਆ ਜੋ ਉਹ ਪਹਿਲਾਂ ਕਦੇ ਨਹੀਂ ਸਨ ਕਰ ਸਕੇ।

ਲੀਨਾ ਅਤੇ ਉਸ ਦੇ ਸਾਥੀਆਂ ਨੂੰ ਇਸ ਨਵੀਂ ਦੁਨੀਆ ਦੇ ਲੋਕਾਂ ਨੇ ਆਪਣਾ ਆਗੂ ਚੁਣ ਲਿਆ। ਆਪਣੇ ਗਿਆਨ ਅਤੇ ਤਜਰਬੇ ਦੀ ਵਰਤੋਂ ਨਾਲ ਉਹ ਗ੍ਰਹਿ ਵਾਸੀਆਂ ਦੀ ਅਗਵਾਈ ਕਰਦੇ ਰਹੇ। ਆਪਣੇ ਪੁਲਾੜੀ ਗਿਆਨ ਤੇ ਤਜਰਬੇ ਦੀ ਬਦੌਲਤ ਉਨ੍ਹਾਂ ਨੇ ਸਥਾਨਕ ਵਾਸੀਆਂ ਲਈ ਹੋਰ ਗ੍ਰਹਿਆਂ ਨਾਲ ਨਵੇਂ ਭਾਈਚਾਰਕ ਅਤੇ ਵਪਾਰਕ ਸਬੰਧ ਸਥਾਪਿਤ ਕਰਨ ਵਿੱਚ ਮਦਦ ਕੀਤੀ।

ਬੇਸ਼ੱਕ ਉਨ੍ਹਾਂ ਨੇ ਇਸ ਨਵੀਂ ਦੁਨੀਆ ਦੀ ਆਜ਼ਾਦੀ ਅਤੇ ਭਰਪੂਰਤਾ ਦਾ ਆਨੰਦ ਮਾਣਿਆ, ਪਰ ਲੀਨਾ ਅਤੇ ਉਸ ਦੇ ਸਾਥੀ ਕਦੇ ਵੀ ਉਹ ਸਬਕ ਨਹੀਂ ਭੁੱਲੇ ਜੋ ਉਨ੍ਹਾਂ ਨੇ ਅਚਲ ਗ੍ਰਹਿ ਵਿਖੇ ਸਿੱਖੇ। ਉਹ ਜਾਣਦੇ ਸਨ ਕਿ ਜ਼ਿੰਦਗੀ ਅਨਮੋਲ ਹੈ ਅਤੇ ਹਰ ਪਲ ਕੀਮਤੀ ਤੋਹਫ਼ਾ ਹੈ। ਉਹ ਹਮੇਸ਼ਾਂ ਨਿਮਰ ਅਤੇ ਸ਼ੁਕਰਗੁਜ਼ਾਰ ਰਹੇ। ਉਹ ਗ੍ਰਹਿ ਵਿਖੇ ਸਮੇਂ ਦੇ ਠਹਿਰਾਉ ਵਾਲੇ ਹਾਲਾਤ ਨੂੰ ਕਦੇ ਨਾ ਭੁੱਲੇ, ਕਿਉਂ ਜੋ ਉਨ੍ਹਾਂ ਕਾਫ਼ੀ ਲੰਬੇ ਸਮੇਂ ਤੱਕ ਅਜਿਹੇ ਹਾਲਾਤ ਵਿੱਚ ਜੀਵਨ ਬਸਰ ਕੀਤਾ ਸੀ।

ਜਿਵੇਂ-ਜਿਵੇਂ ਸਾਲ ਬੀਤਦੇ ਗਏ, ਅਚਲ ਗ੍ਰਹਿ ਜੀਵਨ ਅਤੇ ਸੰਭਾਵਨਾਵਾਂ ਨਾਲ ਭਰਪੂਰ ਇੱਕ ਸਪੰਨ ਸੰਸਾਰ ਬਣ ਗਿਆ। ਉਹ ਲੋਕ ਕੁਦਰਤ ਦੇ ਨਾਲ ਸੁਮੇਲਤਾ ਵਾਲਾ ਜੀਵਨ ਜਿਊਂਦੇ, ਆਪਣੇ ਗ੍ਰਹਿ ਦੇ ਵਾਤਾਵਰਨ ਪ੍ਰਣਾਲੀ ਦੇ ਨਾਜ਼ੁਕ ਸੰਤੁਲਨ ਨੂੰ ਸੁਰੱਖਿਅਤ ਰੱਖਣ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਰਹੇ। ਉਨ੍ਹਾਂ ਨੇ ਸਮੇਂ ਦੇ ਪ੍ਰਵਾਹ ਨਾਲ ਵਾਪਰ ਰਹੇ ਜੀਵਨ ਦੀ ਪੈਦਾਇਸ਼ ਅਤੇ ਮੌਤ ਦੇ ਵਰਤਾਰਿਆਂ ਨੂੰ ਸਮਝਦੇ ਹੋਏ ਹਰ ਹਾਲਤ ਵਿੱਚ ਖੁਸ਼ ਰਹਿਣਾ ਸਿੱਖ ਲਿਆ ਅਤੇ ਵੰਨ-ਸੁਵੰਨੀਆਂ ਖੁਸ਼ੀਆਂ ਦਾ ਆਧਾਰ ਸਮੇਂ ਦੀ ਕਦਰ ਕਰਨਾ ਉਨ੍ਹਾਂ ਦੇ ਜੀਵਨ ਢੰਗ ਦਾ ਅੰਗ ਬਣ ਗਿਆ।
ਈ-ਮੇਲ: email : drdpsn@hotmail.com



News Source link
#ਠਹਰ #ਹਏ #ਸਮ #ਵਲ #ਗਰਹ

- Advertisement -

More articles

- Advertisement -

Latest article