36.9 C
Patiāla
Sunday, April 28, 2024

ਪਰਵਾਸੀ ਕਾਵਿ

Must read


ਗੁਰਦੀਸ਼ ਕੌਰ ਗਰੇਵਾਲ

ਅਬਲਾ ਨਾ ਸਮਝ ਬੈਠੀਂ

ਅਬਲਾ ਨਾ ਸਮਝ ਬੈਠੀਂ!

ਮੈਂ ਤਾਂ ਪਿਤਾ ਦਸਮੇਸ਼ ਦੀ ਹਾਂ ਬੱਚੀ

ਮੈਨੂੰ ਮੋਮ ਦੀ ਗੁੱਡੀ ਨਾ ਜਾਣ ਬੀਬਾ।

ਮੈਨੂੰ ਭੁੱਲ ਕੇ ਅਬਲਾ ਨਾ ਸਮਝ ਬੈਠੀਂ

ਮੇਰੀ ਸ਼ਕਤੀ ਤੋਂ ਹੈਂ ਅਣਜਾਣ ਬੀਬਾ।

ਕਦੇ ਮਾਂ ਗੁਜਰੀ, ਕਦੇ ਬਣੀ ਭਾਨੀ

ਮਾਈ ਭਾਗੋ ਦਾ ਬਣੀ ਕਿਰਦਾਰ ਹਾਂ ਮੈਂ।

ਕਦੇ ਸ਼ਰਨ ਕੌਰ ਬਣ, ਢੋਅ ਲਾਸ਼ਾਂ

ਸ਼ਹੀਦ ਸਿੰਘਾਂ ਦਾ ਕਰਦੀ ਸਸਕਾਰ ਹਾਂ ਮੈਂ।

ਮੇਰਾ ਮਨ ਨੀਵਾਂ ਐਪਰ ਮੱਤ ਉੱਚੀ

ਕਿਹੜੀ ਮੈਂ ਪੜ੍ਹਾਈ ਨਹੀਂ ਪੜ੍ਹ ਸਕਦੀ।

ਲੋੜ ਪਏ ਤਾਂ ਮੋਢੇ ਨਾਲ ਜੋੜ ਮੋਢਾ

ਮੈਂ ਤਾਂ ਜੰਗ ਮੈਦਾਨੇ ਵੀ ਖੜ੍ਹ ਸਕਦੀ।

ਰਹੀ ਯੁੱਗਾਂ ਤੋਂ ਮਮਤਾ ਦੀ ਹਾਂ ਮੂਰਤ

ਜਿਹੜੀ ਘਰ ਸੰਸਾਰ ਵਸਾ ਸਕਦੀ।

ਲੋੜ ਪਏ ਤਾਂ ਸਿੱਖੀ ਤੋਂ ਵਾਰ ਮਮਤਾ

ਟੋਟੇ ਜਿਗਰ ਦੇ ਟੋਟੇ ਕਰਵਾ ਸਕਦੀ।

ਕੀ ਕਰੇਂਗਾ ਮਹਿਲਾਂ ਚੁਬਾਰਿਆਂ ਨੂੰ

ਮੇਰੇ ਬਾਝੋਂ ਇਹ ਘਰ ਮਕਾਨ ਰਹਿਣੈ।

‘ਕੱਲਾ ਨਹੀਂ ਤੂੰ ਦੁਨੀਆ ਵਸਾ ਸਕਦਾ

ਮੇਰੀ ਹੋਂਦ ਦੇ ਨਾਲ ਜਹਾਨ ਰਹਿਣੈ।

ਸਾਂਭ ਰੱਖਿਆ ਘਰ ਪਰਿਵਾਰ ਤੇਰਾ

ਤੇਰੀ ਸ਼ਕਤੀ ਤੇ ਤੇਰਾ ਪਿਆਰ ਹਾਂ ਮੈਂ।

ਮੇਰੇ ਕਾਰਨ ਉਡਾਰੀਆਂ ਲਾਈ ਜਾਵੇਂ

ਤੇਰੇ ਘਰ ਦਾ ਬਣੀ ਸ਼ਿੰਗਾਰ ਹਾਂ ਮੈਂ।

ਮੈਂ ਤਾਂ ਜਨਮ ਦਾਤੀ ਰਾਜੇ ਰਾਣਿਆਂ ਦੀ

ਬਾਬੇ ਨਾਨਕ ਨੇ ਮੈਨੂੰ ਖਿਤਾਬ ਦਿੱਤਾ।

ਤੂੰ ਤਾਂ ਪੈਰ ਦੀ ਜੁੱਤੀ ਹੀ ਸਮਝ ਛੱਡਿਆ

ਮੈਨੂੰ ਪੈਰਾਂ ‘ਚ ਰੋਲ ਜਨਾਬ ਦਿੱਤਾ।

ਭਾਵੇਂ ਸਬਰ ਸੰਤੋਖ ਦੀ ‘ਦੀਸ਼’ ਮੂਰਤ

ਲੇਕਿਨ ਫੁੱਲ ਹੀ ਨਹੀਂ ਫੌਲਾਦ ਹਾਂ ਮੈਂ।

ਲਿਖਿਆ ਪਿੱਠ ‘ਤੇ ਗਿਆ ਇਤਿਹਾਸ ਮੇਰਾ

ਸਾਹਿਬ ਕੌਰ ਦੀ ਨੇਕ ਔਲਾਦ ਹਾਂ ਮੈਂ।

ਸੰਪਰਕ: 98728 60488 (ਕੈਲਗਰੀ, ਕੈਨੇਡਾ)


ਸੁਖਵਿੰਦਰ ਕੌਰ ਸਿੱਧੂ

ਸਿਰ ਮਾਪਿਆਂ ਦਾ

ਸਿਰ ਮਾਪਿਆਂ ਦਾ ਨਾ ਝੁਕਣ ਦੇਵੇ

ਉਸ ਦੇ ਵਰਗਾ ਕੋਈ ਮਹਾਨ ਨਾਹੀਂ।

ਪੱਗ ਰੋਲ ਕੇ ਚੁੰਨੀ ਲੀਰੋ-ਲੀਰ ਕਰਦੇ

ਉਹਦੇ ਜਿਹਾ ਕੋਈ ਸ਼ੈਤਾਨ ਨਾਹੀਂ।

ਹੱਥ ਦੋਸਤੀ ਦਾ ਫੜੇ ਗਰਜ ਥਾਣੀ

ਓਸ ਵਰਗਾ ਕੋਈ ਬੇਈਮਾਨ ਨਾਹੀਂ।

ਸੱਚ ਆਖਿਆ ਖਰੇ ਸਿਆਣਿਆਂ ਨੇ

ਤਲਵਾਰਾਂ ਦੋ ਤੇ ਇੱਕ ਮਿਆਨ ਨਾਹੀਂ।

ਟੱਬਰ ਮੁੱਠੀ ਦੇ ਵਿੱਚ ਨਾ ਰੱਖ ਸਕਦੀ

ਰੰਨ ਹੁੰਦੀ ਉਹ ਕਦੇ ਰਕਾਨ ਨਾਹੀਂ।

ਚੜ੍ਹਦੇ ਸੂਰਜ ਦੀ ਲਾਲੀ ਜੇ ਤਪਤ ਵੰਡੇ

ਹੁੰਦੀ ਛਿਪਦੇ ਦੇ ਮੱਥੇ ਥਕਾਨ ਨਾਹੀਂ।

ਮਰਦ ਸਦਾ ਹੀ ਬਚਨ ‘ਤੇ ਖੜ੍ਹੇ ਰਹਿੰਦੇ

ਚੁੱਲ੍ਹੇ ਚੱਕਵੇਂ ਦੀ ਕੋਈ ਜ਼ੁਬਾਨ ਨਾਹੀਂ।

ਜੀਹਦੀ ਚੋਰਾਂ ਦੇ ਨਾਲ ਸਾਂਝ ਪੈ ਜੇ

ਵਫ਼ਾ ਕਰਦਾ ਉਹ ਦਰਬਾਨ ਨਾਹੀਂ।

ਕੀਤਾ ਕਿਸੇ ਦਾ ਪੈਰਾਂ ਵਿੱਚ ਰੋਲੇ

ਝੰਡੇ ਝੂਲਦੇ ਵਿੱਚ ਜਹਾਨ ਨਾਹੀਂ।

ਗੁਣ ਆਪਣੇ ਸਦਾ ਹੀ ਗਾਈ ਜਾਵੇ

ਸੱਚਾ ਓਸ ਦਾ ਹੁੰਦਾ ਵਿਖਿਆਨ ਨਾਹੀਂ।

ਮਾਇਆ ਹੱਕ ਦੀ ਨੂੰ ਫ਼ਲ ਢੇਰ ਲੱਗਦੇ

ਨਿਹੱਕੀ ਪਚਦੀ ਕਿਸੇ ਨੂੰ ਭਾਨ ਨਾਹੀਂ।

ਗਿਰ ਜਾਂਵਦਾ ਜੋ ਇਖਲਾਕ ਪੱਖੋਂ

ਮੂੰਹ ਲਾਂਵਦਾ ਉਹਨੂੰ ਜਹਾਨ ਨਾਹੀਂ।

ਜਿੰਨਾ ਵੰਡੀਏ ਓਨਾ ਹੀ ਵਧੀ ਜਾਵੇ

ਵੰਡਿਆਂ ਘਟਦਾ ਕਦੇ ਗਿਆਨ ਨਾਹੀਂ।

ਮੰਗੇ ਮੁਆਫ਼ ‘ਤੇ ਕਰੀਂ ਮੁਆਫ਼ ਜਾਵੇ

ਹੈਂਕੜ ਛੱਡਿਆਂ ਘਟਦੀ ਸ਼ਾਨ ਨਾਹੀਂ।

ਕੱਟਾ ਕੀਲੇ ਦੇ ਜ਼ੋਰ ‘ਤੇ ਤੀਂਘੜਦਾ ਹੈ

ਸਮਝੇ ਮੇਰੇ ਜਿਹਾ ਖੱਬੀ ਖਾਨ ਨਾਹੀਂ।

ਧਨੀ ਧਨ ਨਾਲ ਤਖ਼ਤ ਖਰੀਦ ਲੈਂਦੇ

ਮੁੱਲ ਮਿਲਦੀ ਐਪਰ ਜਾਨ ਨਾਹੀਂ।

ਜੋਟੀਦਾਰ ਦੀ ਜੋਟੀ ਪਰਖੀਏ ਨਾ

ਪਿੱਠ ਦੇਵਣੀ ਰੜੇ ਮੈਦਾਨ ਨਾਹੀਂ।

ਗੁਥਲੀ ਗੁਣਾਂ ਦੀ ਭਾਵੇਂ ਸੰਸਾਰ ਆਖੇ

ਰੱਖੀਏ ਮਨ ਦੇ ਵਿੱਚ ਗੁਮਾਨ ਨਾਹੀਂ।

ਹੁਕਮ ਦਾਤੇ ਦੇ ਵਿੱਚ ਰਹੀਂ ਰਾਜ਼ੀ

ਵੱਡਾ ਓਸ ਤੋਂ ਕੋਈ ਹੁਕਮਰਾਨ ਨਾਹੀਂ।

ਸੱਚੇ ਪਾਤਸ਼ਾਹ ਆਪ ਸੁਮੱਤ ਬਖਸ਼ੀਂ

‘ਸਿੱਧੂ’ ਐਨੀ ਵੀ ਤਾਂ ਗੁਣਵਾਨ ਨਾਹੀਂ।

ਸੰਪਰਕ: 778-522-1977 (ਕੈਨੇਡਾ)


ਸੁਰਿੰਦਰ ਗੀਤ

ਪਿੰਡੋਂ

ਉਹ ਅੱਜ ਪਿੰਡੋਂ

ਮੁੜ ਆਇਆ ਹੈ

ਚਾਰ ਕੁ ਇੱਟਾਂ ਘਰ ਦੀਆਂ ਛੱਡ ਕੇ

ਬਾਕੀ ਸਭ ਕੁਝ ਵੇਚ ਆਇਆ ਹੈ

ਪੰਡ ਨੋਟਾਂ ਦੀ

ਕੱਛ ਵਿੱਚ ਲੈ ਕੇ

ਜਦ ਉਹ ਤੁਰਿਆ

ਨੋਟਾਂ ਦਾ ਲਿਸ਼ਕਾਰਾ ਤੱਕ ਕੇ

ਰੋਮ ਰੋਮ ‘ਚੋਂ ਹਾਸਾ ਫੁੱਟਿਆ

ਦੇਸ਼ ਪਰਾਏ

ਝੀਲ ਕਿਨਾਰੇ

ਮਹਿਲ ਵਰਗੇ

ਇੱਕ ਘਰ ਵਿੱਚ ਬਹਿ ਕੇ

ਲਊ ਨਜ਼ਾਰੇ

ਪਰ ਜਦ ਨਿਗਾਹ

ਖੇਤ ‘ਤੇ ਮਾਰੀ

ਬਾਪੂ ਦਾ ਪਰਛਾਵਾਂ ਦਿੱਸਿਆ

ਸਿਖਰ ਦੁਪਹਿਰੇ

ਖਾਲ ਦੀ ਵੱਟ ਕੇ

ਮੋਢੇ ਉੱਤੇ ਕਹੀ ਨੂੰ ਰੱਖ ਕੇ

ਕੁੱਬਾ ਕੁੱਬਾ

ਲੜਖੜਾਉਂਦਾ

ਮੋਟਰ ਵੱਲ ਨੂੰ ਜਾਂਦਾ ਦਿੱਸਿਆ

ਰੂਹ ਬਾਪੂ ਦੀ

ਖੇਤ ‘ਚ ਵਸਦੀ

ਵੱਟਾਂ ਉੱਤੇ ਤੁਰਦੀ ਫਿਰਦੀ

ਫ਼ਸਲਾਂ ਦੇ ਸੰਗ ਗੱਲਾਂ ਕਰਦੀ

ਆਪਣੀ ਵੱਟ ‘ਤੇ

ਦੇਖ ਪਰਾਇਆ

ਝੁਰਦੀ ਜਾਂਦੀ

ਸਣੇ ਉਹ ਰੂਹ ਦੇ

ਖੇਤ ਬਾਪੂ ਦਾ ਵੇਚ ਆਇਆ ਹੈ

ਆਪਣਾ ਹੱਕ ਗਵਾ ਆਇਆ ਹੈ

ਇਹ ਕੀ ਹੋਇਆ

ਸਾਰਾ ਪਿੰਡ ਪਰਾਇਆ ਹੋਇਆ

ਕਾਰ ‘ਚ ਬਹਿ ਕੇ

ਆਪਣੇ ਆਪੇ ਤੋਂ ਉਹ ਚੋਰੀ

ਧਾਹੀਂ ਰੋਇਆ

ਘਰ ਦੀਆਂ ਚਾਰ ਕੁ

ਇੱਟਾਂ ਛੱਡ ਕੇ

ਬਾਕੀ ਸਭ ਕੁਝ ਵੇਚ ਆਇਆ ਹੈ

ਅੱਜ ਉਹ ਪਿੰਡੋਂ ਮੁੜ ਆਇਆ ਹੈ।

ਸੰਪਰਕ: 403-605-3734 (ਕੈਲਗਰੀ)


ਕਰਮਜੀਤ ਕੇਸਰ

ਜ਼ੀਰੋ

ਅੱਜ ਮੈਂ ਜਦ ਬੈਠ ਕੇ

ਸਾਰਾ ਹਿਸਾਬ ਕੀਤਾ

ਸਾਰੇ ਜੋੜ ਘਟਾਓ

ਗੁਣਾ ਤਕਸੀਮ ਕਰਕੇ ਵੇਖੇ

ਤਾਂ ਉੱਤਰ ਜ਼ੀਰੋ ਹੀ ਆਇਆ

ਖੌਰੇ ਕਿੱਥੇ ਭੁੱਲ ਹੋਈ…

ਮੈਂ ਤਾਂ ਹਾਸਿਲ ਵੀ ਲੈ ਲਏ ਸੀ

ਪਰ ਪਤਾ ਨਹੀਂ ਕਿਉਂ…

ਉੱਤਰ ਜ਼ੀਰੋ ਹੀ ਆਇਆ।

ਤੁਸੀਂ ਵੇਖਿਓ ਜ਼ਰਾ ਆਪਣਾ…

ਸੰਪਰਕ:+61 470 213 400 (ਆਸਟਰੇਲੀਆ)


ਤੇਜਸ਼ਦੀਪ ਸਿੰਘ ਅਜਨੌਦਾ

ਛੱਡ ਘਰਾਂ ਨੂੰ

ਛੱਡ ਘਰਾਂ ਨੂੰ ਤੁਰ ਗਏ ਜਿਹੜੇ

ਸੁੰਨੀਆਂ ਛੱਤਾਂ ਸੁੰਨੇ ਵਿਹੜੇ

ਬੇਬੇ ਬਾਪੂ ਕੱਲਮ ‘ਕੱਲੇ

ਨਾ ਕੋਈ ਦਿਸਦਾ ਨੇੜੇ ਤੇੜੇ

ਛੱਡ ਘਰਾਂ ਨੂੰ ਤੁਰ ਗਏ ਜਿਹੜੇ।

ਸਰ ਕਰਨੇ ਸੀ ਸਾਂਝੇ ਪੈਂਡੇ

ਵੱਖ ਹੁਣ ਸਾਡੇ ਵੱਖ ਹੁਣ ਤੇਰੇ

ਚਕਾਚੌਂਧ ਦੇ ਵਾ-ਵਰੋਲੇ

ਨਾ ਵਸ ਤੇਰੇ ਨਾ ਵਸ ਮੇਰੇ

ਛੱਡ ਘਰਾਂ ਨੂੰ ਤੁਰ ਗਏ ਜਿਹੜੇ।

ਬਾਰ ਬਿਗਾਨੇ ਖੁਰਨਾ ਹੁੰਦੈ

ਆਖਰ ਨੂੰ ਬਸ ਝੁਰਨਾ ਹੁੰਦੈ

ਅੱਗ ਦੀ ਲਾਟ ਦੇ ਵਰਗੇ ਸੀ ਜੋ

ਵਸ ਬਰਫ਼ਾਂ ਦੇ ਪੈ ਗਏ ਜਿਹੜੇ

ਛੱਡ ਘਰਾਂ ਨੂੰ ਤੁਰ ਗਏ ਜਿਹੜੇ।

ਬਾਪੂ ਹੁਣ ਕੋਈ ਆਸ ਨ੍ਹੀਂ ਕਰਦਾ

ਤੇਰੇ ਮੁੜਣ ਦੀ ਕਿਆਸ ਨ੍ਹੀਂ ਕਰਦਾ

ਹਿਜ਼ਰਤ ਲਈ ਅਰਦਾਸ ਨ੍ਹੀਂ ਕਰਦਾ

ਮੂੰਹ ਸਮਿਆਂ ਨੇ ਇਕਦਮ ਫੇਰੇ

ਸੁੰਨੀਆਂ ਛੱਤਾਂ ਸੁੰਨੇ ਵਿਹੜੇ

ਛੱਡ ਘਰਾਂ ਨੂੰ ਤੁਰ ਗਏ ਜਿਹੜੇ।

(ਆਸਟਰੇਲੀਆ)


ਜਸਵੰਤ ਗਿੱਲ ਸਮਾਲਸਰ

ਬੋਲੀ

ਆਪਣੀ ਬੋਲੀ ਸਭ ਨੂੰ ਮੁਬਾਰਕ

ਮੈਨੂੰ ਮਾਂ ਬੋਲੀ ਪੰਜਾਬੀ ਪਿਆਰੀ।

ਇਸ ਦੀ ਸਿਫ਼ਤ ਗਾਉਣ ਪੰਜ ਦਰਿਆ

ਮਹਿਮਾ ਉਚਰੇ ਕੁਦਰਤ ਸਾਰੀ।

ਹਰ ਬੋਲੀ ਦੀ ਆਪਣੀ ਮਹਿਮਾ

ਹਰ ਇੱਕ ਨੂੰ ਆਪਣੀ ਬੋਲੀ ਦਾ ਮੋਹ।

ਮੇਰੀ ਮਾਂ ਬੋਲੀ ਪੰਜਾਬੀ ਜੁਗ ਜੁਗ ਜੀਵੇ

ਕੋਈ ਨ੍ਹੀਂ ਸਕਦਾ ਐਰਾ ਗੈਰਾ ਸਾਥੋਂ ਖੋਹ।

ਜੋ ਬੋਲੀ ਹੈ ਨਫ਼ਰਤ ਵੰਡਦੀ

ਉਸ ਦਾ ਟਾਵਾਂ-ਟਾਵਾਂ ਕਰੇ ਸਤਿਕਾਰ।

ਮੇਰੀ ਮਾਂ ਬੋਲੀ ਪੰਜਾਬੀ ਸਭ ਤੋਂ ਸੋਹਣੀ

ਜਿਸ ਦੀ ਝਿੜਕ ‘ਚ ਵੀ ਹੈ ਲੁਕਿਆ ਪਿਆਰ।

ਇਹ ਵਿੱਚ ਪੰਜਾਬ ਦੇ ਜੰਮੀ ਜਾਈ

ਜਾਹ ਵਿਦੇਸ਼ ਉੱਚ ਰੁਤਬਾ ਪਾਇਆ।

ਉਹ ਵੀ ਇਸ ਦਾ ਹੋ ਕੇ ਰਹਿ ਗਿਆ

ਜੋ ਸੀ ਇਸ ਨੂੰ ਮਾਰਨ ਆਇਆ।

ਬੋਲੀ ਵਿੱਚ ਨੇ ਹੱਕ ਤੇ ਮੰਗਾਂ

ਗੂੰਜਣ ਇਨਕਲਾਬ ਦੇ ਨਾਅਰੇ।

ਬੋਲੀ ਵਿੱਚ ਯੋਧੇ ਅਣਖੀ ਸੂਰਮੇ

ਬੋਲੀ ਵਿੱਚ ਅਮਰ ਸ਼ਹੀਦ ਨੇ ਸਾਰੇ।

ਬੋਲੀ ਵਿੱਚ ਲਾਲ ਸਲਾਮ ਹੈ ਸਾਥੀ

ਜਦ ਚੜ੍ਹੇ ਜ਼ੁਲਮ ਦੀ ਤੇਜ਼ ਹਨੇਰੀ।

ਝੰਡੇ ਚੁੱਕ ਸੰਘਰਸ਼ ਹੈ ਵਿੱਢ ਦੇ

ਨਾ ਲਾਉਂਦੇ ਇੱਕ ਪਲ ਦੀ ਵੀ ਦੇਰੀ।

ਗੁਰੂਆਂ ਦੇ ਇਹ ਗੋਦੀ ਖੇਡੀ

ਮੋਢੇ ਚੜ੍ਹਕੇ ਨੱਚੀ ਦਾਮਨ, ਵਾਰਿਸ਼, ਬੁੱਲ੍ਹੇ ਦੇ।

ਉਸ ਦੀਆਂ ਕਸਮਾਂ ਵਾਅਦੇ ਝੂਠੇ ਮੰਨੀ

ਵਿਸ਼ਵਾਸ ਕਰੀਂ ਨਾ ਮਾਂ ਬੋਲੀ ਭੁੱਲੇ ਦੇ।

ਲੱਖ ਹੋਣੀ ਸੋਹਣੀ ਦੁਨੀਆ ਸਾਰੀ

ਮੈਨੂੰ ਤਾਂ ਸੋਹਣਾ ਮੇਰਾ ਵਤਨ ਪੰਜਾਬ।

ਇਸ ਦੀਆਂ ਫ਼ਸਲਾਂ ਵਿੱਚੋਂ ਖੁਸ਼ਬੂ ਆਵੇ

ਇਸ ਦੀ ਮਿੱਟੀ ਘੁਲੇ ਨੇ ਪੰਜ ਆਬ।

ਬੋਲੀ ਵਿੱਚ ਹੀ ਕਿਰਤੀ ਕਿਰਤ ਕਮਾਵੇ

ਬੋਲੀ ਵਿੱਚ ਲੁੱਟੇ ਸ਼ਾਹੂਕਾਰ ਤੇ ਸਰਕਾਰ।

ਨਾ ਕੋਈ ਦੇਸ਼ ਨੂੰ ਛੱਡੇ, ਨਾ ਕਰੇ ਬੋਲੀ ਪਰਾਈ

ਜੇ ਮਿਲੇ ਸਭ ਨੂੰ ਬੋਲੀ ਵਿੱਚ ਰੁਜ਼ਗਾਰ।

ਮਾਂ ਬੋਲੀ ਵੀ ਕਿਉਂ ਚੰਗੀ ਨਾ ਲੱਗੇ

ਕਿਉਂ ਨਾ ਚੰਗੇ ਲੱਗਣ ਇਸ ਦੇ ਬੋਲ।

ਸੁਰ ਤੇ ਤਾਲ ਵਿਗਾੜ ਹੈ ਦਿੰਦਾ

ਅਕਸਰ ਗਲ ਪਾਇਆ ਬੇਗਾਨਾ ਢੋਲ।

ਬੋਲੀ ਵਿੱਚ ਬੋਲੇ ਸੋ ਨਿਹਾਲ ਗੂੰਜਦਾ

ਬੋਲੀ ਵਿੱਚ ਸਤਿ ਸ੍ਰੀ ਅਕਾਲ ਪਿਆਰੇ।

ਮੇਰੀ ਮਾਂ ਬੋਲੀ ਸ਼ਹਿਦ ਤੋਂ ਮਿੱਠੀ

ਮੈਂ ਜਾਵਾਂ ਜਸਵੰਤ ਇਸ ਦੇ ਵਾਰੇ ਵਾਰੇ।

ਸੰਪਰਕ: 97804-51878 (ਸਾਊਦੀ ਅਰਬ)



News Source link
#ਪਰਵਸ #ਕਵ

- Advertisement -

More articles

- Advertisement -

Latest article