25 C
Patiāla
Monday, April 29, 2024

ਸਾਹਿਤਕ ਦਰਬਾਰ ਵਿੱਚ ਚੱਲਿਆਂ ਰਚਨਾਵਾਂ ਦਾ ਦੌਰ

Must read


ਸਿਡਨੀ: ਆਸਟਰੇਲੀਅਨ ਸਿੱਖ ਐਸੋਸੀਏਸ਼ਨ ਦੀ ਰਹਿਨੁਮਾਈ ਹੇਠ ਸਥਾਨਕ ਗੁਰਦੁਆਰਾ ਗਲੈਨਵੁੱਡ ਸਾਹਿਬ ਸਿਡਨੀ ਦੇ ਸੀਨੀਅਰ ਸਿਟੀਜ਼ਨਜ਼ ਵਿੰਗ ਵੱਲੋਂ ਸਾਹਿਤਕ ਦਰਬਾਰ ਲਗਾਇਆ ਗਿਆ। ਇਸ ਦੀ ਪ੍ਰਧਾਨਗੀ ਡਾਇਰੈਕਟਰ ਸੀਨੀਅਰ ਸਿਟੀਜ਼ਨਜ਼ ਹਰਕਮਲਜੀਤ ਸਿੰਘ ਸੈਣੀ ਨੇ ਕੀਤੀ।

ਸਾਹਿਤਕ ਦਰਬਾਰ ਦੇ ਆਰੰਭ ਵਿੱਚ ਜੁਗਿੰਦਰ ਸਿੰਘ ਸੋਹੀ ਨੇ ਸਮਾਗਮ ਦੇ ਮੁੱਖ ਮੰਤਵ ਬਾਰੇ ਦੱਸਿਆ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਗੀਤ, ਕਵਿਤਾਵਾਂ, ਗਿਆਨ ਭਰਪੂਰ ਲੇਖ ਸੁਣਨ- ਸੁਣਾਉਣ ਤੋਂ ਇਲਾਵਾ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਅਤੇ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨਾ ਵੀ ਇਸ ਦਾ ਉਦੇਸ਼ ਹੈ। ਇਸ ਪ੍ਰੋਗਰਾਮ ਦੇ ਸਾਹਿਤਕ ਦੌਰ ਦੀ ਸ਼ੁਰੂਆਤ ਕਰਦਿਆਂ ਸੰਤੋਖ ਸਿੰਘ ਅਟਾ ਨੇ ‘ਯਾਰ ਹੁੰਦਾ ਹੈ ਯਾਰ ਦੁਨੀਆ ਵਾਲਿਓ, ਤੂੰਬੀ ਦੀ ਹੁੰਦੇ ਨੇ ਤਾਰ ਦੁਨੀਆ ਵਾਲਿਓ’ ਤੇ ਕੁਲਦੀਪ ਸਿੰਘ ਜੌਹਲ ਨੇ:

ਤੂੰ ਪਾਕਿ ਖ਼ੁਦਾ ਦੇ ਨਾਂ ਵਰਗਾ

ਮੇਰੇ ਪਿੰਡ ਨੂੰ ਜਾਂਦੇ ਰਾਹ ਵਰਗਾ

ਉਹਨੂੰ ਭੁੱਲੀਏ ਵੀ ਤਾਂ ਕਿਵੇਂ ਭੁੱਲੀਏ

ਜੋ ਆਉਂਦੇ ਜਾਂਦੇ, ਸਾਹ ਵਰਗਾ।

ਗਾ ਕੇ ਯਾਰ ਬੇਲੀਆਂ ਨਾਲ ਬਹਾਰਾਂ ਦੀ ਛਹਿਬਰ ਲਾ ਦਿੱਤੀ। ਰਾਜਿੰਦਰ ਕੌਰ ਨੇ ਛੋਟੇ ਸਾਹਿਬਜ਼ਾਦਿਆਂ ਬਾਰੇ ਤਰੰਨੁਮ ਭਰੀ ਆਵਾਜ਼ ਵਿੱਚ ਗੀਤ, ‘ਅਸੀਂ ਮੌਤ ਫ਼ਰਿਸ਼ਤੇ ਨੂੰ, ਅੰਮੀਏ, ਅਸੀਂ ਯਾਰ ਬਣਾਕੇ ਆਏ ਹਾਂ’ ਸੁਣਾ ਕੇ ਸਾਕਾ ਸਰਹਿੰਦ ਦੇ ਗੌਰਵਮਈ ਇਤਿਹਾਸ ਦੀ ਯਾਦ ਤਾਜ਼ਾ ਕਰਵਾ ਦਿੱਤੀ।

ਦਰਸ਼ਨ ਸਿੰਘ ਪੰਧੇਰ ਨੇ ‘ਐ ਬਹਾਰੇ ਬਾਗ਼, ਦੁਨੀਆ ਚੰਦ ਰੋਜ਼’, ਗੁਰਦਿਆਲ ਸਿੰਘ ਨੇ ‘ਜਬ ਘਰ ਸੇ ਬਾਹਰ ਨਿਕਲ ਪੜੇ, ਫਿਰ ਅਪਨਾ ਕਿਆ ਬੇਗਾਨਾ ਕਿਆ’ ਤੇ ਨਰਿੰਦਰ ਸਿੰਘ ਨੇ ‘ਪਰ ਹੈ ਉਹ ਮਿੱਟੀ ਵਾਕਫ਼, ਹਰ ਇੱਕ ਪੈੜਾਂ ਦੀ’ ਨਾਲ ਭਰਾਤਰੀ ਭਾਵ ਦਾ ਰੰਗ ਬਿਖੇਰਿਆ।

ਰੇਡੀਓ/ਟੈਲੀਵਿਜ਼ਨ ਦੀ ਕਲਾਕਾਰਾ ਰੇਸ਼ਮ ਕੌਰ (ਜੰਮੂ ਕਸ਼ਮੀਰ) ਨੇ ਕਿਹਾ ਕਿ ਇਸ ਸਾਹਿਤਕ ਦਰਬਾਰ ਰੂਪੀ ਦਰੱਖਤ ਨਾਲ ਜੁੜ ਕੇ ਉਸ ਦੇ ਅੰਦਰਲੀ ਕਲਾਕਾਰੀ ਰੂਪੀ ਟਾਹਣੀ ਵਿੱਚ ਫਿਰ ਤੋਂ ਪੁੰਗਾਰਾ ਫੁੱਟ ਪਿਆ ਹੈ। ਫਿਰ ਉਸ ਨੇ ਤਰੁੰਨਮ ਵਿੱਚ ਗੀਤ ਗਾਇਆ:

ਹਰ ਵੇਲੇ ਰੱਬਾ, ਤੇਰੇ ਨਾਂ ਦੀ ਮਾਲਾ ਫੇਰਦੀ।

ਆਸ ਲੈ ਕੇ ਬੈਠੀ ਤੇਰੇ, ਸੱਜਰੇ ਸਵੇਰ ਦੀ।

ਐਡਵੋਕੇਟ ਅਵਤਾਰ ਸਿੰਘ ਖਹਿਰਾ ਜਗਰਾਉਂ ਨੇ ‘ਠੁੱਡੇ ਵੱਜਦੇ ਫ਼ਸਲਾਂ ਨੂੰ, ਰੁਲਦੀ ਮੰਡੀਆਂ ਵਿੱਚ ਕਿਰਸਾਨੀ’ ਨਾਲ ਕਿਸਾਨ ਦੀ ਅਸਲ ਤਸਵੀਰ ਦਾ ਸੱਚ ਸਾਹਮਣੇ ਲਿਆਂਦਾ। ਜੁਗਿੰਦਰ ਸਿੰਘ ਸੋਹੀ ਨੇ ਮੱਖਣ ਬਰਾੜ ਦੀ ਕਵਿਤਾ: ‘ਦਾਦੇ ਨੇ ਖੜ੍ਹਾ ਲਿਆ, ਪੋਤੇ ਨੂੰ ਬਾਹੋਂ ਫੜਕੇ। ਗੱਲ ਸੁਣ ਪੁੱਤ ਮੇਰੀ, ਕੰਨ ਕਰਕੇ’ ਰਾਹੀਂ ਨਵੀਂ ਪੀੜ੍ਹੀ ਦੀ ਵਿਰਾਸਤੀ ਖਾਣ-ਪੀਣ ਨਾਲ ਜਾਣ ਪਛਾਣ ਕਰਵਾਈ। ਬਿਮਲਾ ਜੈਨ ਨੇ ‘ਨਾ ਕਰ ਮੇਰੀ ਮੇਰੀ ਬੰਦਿਆਂ, ਦੁਨੀਆ ਰਾਖ ਦੀ ਢੇਰੀ ਬੰਦਿਆ’ ਨਾਲ ਮਾਇਆ ਦੇ ਅੰਨ੍ਹੇ ਲਾਲਚ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ। ਰਾਜਿੰਦਰ ਕੌਰ ਨੇ ‘ਕੰਘੀ ਵਾਹਵਾਂ ਤੇ ਦੁੱਖਣ ਮੇਰੇ ਵਾਲ ਨੀਂ ਮਾਏ, ਮੈਂ ਤਾਂ ਹੋ ਗਈ ਹਾਂ ਹਾਲੋਂ ਬੇਹਾਲ ਨੀਂ ਮਾਏ’ ਰਾਹੀਂ ਮਾਂ ਧੀ ਦੇ ਡੂੰਘੇ ਜਜ਼ਬਾਤਾਂ ਦੀ ਸਾਂਝ ਦੀ ਤਰਜ਼ਮਾਨੀ ਕੀਤੀ। ਨਰਿੰਦਰ ਸਿੰਘ ਨੇ ‘ਸਾਰੀ ਧਰਤ ਡਿੱਠੀ, ਸਾਰਾ ਗਗਨ ਡਿੱਠਾ, ਡਿੱਠਾ ਦਰ ਨਾ ਤੇਰੀ ਦਰਗਾਹ ਵਰਗਾ’ ਨਾਲ ਆਪਣੀ ਆਸਥਾ ਪ੍ਰਗਟਾਈ। ਹਰਕਮਲਜੀਤ ਸਿੰਘ ਸੈਣੀ ਵੱਲੋਂ ‘ਮੈਂ ਵੀ ਕੇਹਾ ਰੁੱਖ ਚੰਦਰਾ, ਜੀਹਨੂੰ ਖਾ ਗਈਆਂ ਉਹਦੀਆਂ ਛਾਵਾਂ’ ਰਾਹੀਂ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕੀਤਾ।

ਅੰਗਰੇਜ਼ੀ ਦੇ ਸਕਾਲਰ ਅਤੇ ‘ਪੰਜਾਬ ਹੈਰਾਲਡ’ ਦੇ ਐਡੀਟਰ ਪ੍ਰੋਫੈਸਰ ਅਵਤਾਰ ਸਿੰਘ ਸੰਘਾ ਨੇ ਆਸਟਰੇਲੀਆ ਦੇ ਵੀਹ ਡਾਲਰ ਦੇ ਨੋਟ ਉਤੇ ਛਪੀ ਡਾਕਟਰ ਜੌਹਨ ਫਲਿਨ ਫੋਟੋ ਬਾਰੇ ਇਤਿਹਾਸਕ ਜਾਣਕਾਰੀ ਦਿੱਤੀ। ਇਸ ਦੌਰਾਨ ਹਰਿੰਦਰ ਸਿੰਘ ਹੈਰੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।

ਆਖਰ ਵਿੱਚ ਪ੍ਰੋਢ ਸਾਹਿਤਕਾਰ ਗਿਆਨੀ ਸੰਤੋਖ ਸਿੰਘ ਤੇ ਕੋਆਰਡੀਨੇਟਰ ਕੁਲਦੀਪ ਕੌਰ ਪੂਨੀ ਨੇ ਸਾਹਿਤਕ ਦਰਬਾਰ ਵਿੱਚ ਹਾਜ਼ਰੀ ਭਰਨ ਲਈ ਸਭ ਦਾ ਧੰਨਵਾਦ ਕੀਤਾ। ਇਸ ਸਾਹਿਤਕ ਦਰਬਾਰ ਵਿੱਚ ਭਗਵੰਤ ਕੌਰ ਜੌਹਲ, ਕਮਲਜੀਤ ਕੌਰ, ਹਰਜੀਤ ਕੌਰ, ਦਰਸ਼ਨ ਕੌਰ, ਜਸਮਿੰਦਰ ਪਾਲ ਕੌਰ, ਸ਼ਲਿੰਦਰ ਕੌਰ ਬੈਂਸ, ਤਰਲੋਚਨ ਸਿੰਘ ਅਤੇ ਕੁਲਦੀਪ ਸਿੰਘ ਆਦਿ ਵੀ ਹਾਜ਼ਰ ਸਨ।



News Source link
#ਸਹਤਕ #ਦਰਬਰ #ਵਚ #ਚਲਆ #ਰਚਨਵ #ਦ #ਦਰ

- Advertisement -

More articles

- Advertisement -

Latest article