30.2 C
Patiāla
Wednesday, May 15, 2024

ਕਿਸਾਨ ਵੱਲੋਂ ਵੱਟਾਂ ’ਤੇ ਕਣਕ ਬੀਜ ਕੇ ਨਵਾਂ ਤਜਰਬਾ

Must read


ਕਰਮਜੀਤ ਸਿੰਘ ਚਿੱਲਾ

ਬਨੂੜ, 23 ਫਰਵਰੀ

ਇੱਥੋਂ ਨੇੜਲੇ ਪਿੰਡ ਖੇੜਾ ਦੇ ਨੰਬਰਦਾਰ ਅਤੇ ਅਗਾਂਹਵਧੂ ਕਿਸਾਨ ਅਸ਼ੋਕ ਕੁਮਾਰ ਨੇ ਆਪਣੇ ਖੇਤ ਵਿੱਚ ਵੱਟਾਂ ਉੱਤੇ ਕਣਕ ਦੀ ਬਿਜਾਈ ਕਰ ਕੇ ਨਵਾਂ ਤਜਰਬਾ ਕੀਤਾ ਹੈ। ਢਾਈ ਮਹੀਨੇ ਪਹਿਲਾਂ ਬੀਜੀ ਗਈ ਇਹ ਕਣਕ ਹੁਣ ਨਿਸਰਨੀ ਸ਼ੁਰੂ ਹੋ ਗਈ ਹੈ ਅਤੇ ਮਾਰਚ ਦੇ ਅਖੀਰ ਤੱਕ ਇਹ ਪੱਕ ਜਾਵੇਗੀ।

ਅਸ਼ੋਕ ਕੁਮਾਰ ਨੇ ਵੱਟਾਂ ਉੱਤੇ ਬੀਜੀ ਕਣਕ ਦਿਖਾਂਦਿਆਂ ਦੱਸਿਆ ਕਿ ਉਸ ਨੇ 11 ਏਕੜ ਦੇ ਕਰੀਬ ਜ਼ਮੀਨ ਵਿੱਚ ਇਹ ਤਜਰਬਾ ਪਹਿਲੀ ਵਾਰ ਕੀਤਾ ਹੈ। ਉਸ ਨੇ ਦੱਸਿਆ ਕਿ ਖੇਤ ਵਿੱਚ ਪਹਿਲਾਂ ਮਸ਼ੀਨ ਰਾਹੀਂ 42 ਇੰਚ ਚੌੜੇ ਬੈੱਡ ਬਣਾਏ ਗਏ। ਇਸ ਮਗਰੋਂ ਮਜ਼ਦੂਰਾਂ ਕੋਲੋਂ ਹੱਥਾਂ ਨਾਲ ਜਿੱਗ-ਜੈਗ ਤਕਨੀਕ ਰਾਹੀਂ ਕਣਕ ਦਾ ਬੀਜ ਲਗਵਾਇਆ ਗਿਆ।

ਕਿਸਾਨ ਨੇ ਦੱਸਿਆ ਕਿ ਏਕੜ ਵਿੱਚ ਔਸਤ 40 ਕਿੱਲੋ ਕਣਕ ਦਾ ਬੀਜ ਪੈਂਦਾ ਹੈ ਪਰ ਇਸ ਤਕਨੀਕ ਰਾਹੀਂ ਇੱਕ ਏਕੜ ਵਿੱਚ ਸਿਰਫ਼ ਸੱਤ ਕਿੱਲੋ ਬੀਜ ਲੱਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਏਕੜ ਤਿੰਨ-ਚਾਰ ਥੈਲੇ ਯੂਰੀਆ ਦੀ ਥਾਂ ਉਨ੍ਹਾਂ ਸਿਰਫ਼ ਇੱਕ ਤੋਂ ਡੇਢ ਥੈਲਾ ਯੂਰੀਆ ਪਾਇਆ ਹੈ ਅਤੇ ਗੁੱਲੀ-ਡੰਡੇ ਦੀ ਰੋਕਥਾਮ ਲਈ ਸਪਰੇਅ ਤੋਂ ਬਿਨਾਂ ਹੋਰ ਕੋਈ ਸਪਰੇਅ ਨਹੀਂ ਕੀਤੀ ਹੈ।

ਉਸ ਨੇ ਦੱਸਿਆ ਕਿ ਇਸ ਤਕਨੀਕ ਨਾਲ ਬੀਜੀ ਕਣਕ ਨੂੰ ਪਾਣੀ ਦੇਣਾ ਸੌਖਾ ਹੈ। ਪਾਣੀ ਦੇਣ ਮਗਰੋਂ ਤੇਜ਼ ਹਵਾ ਚੱਲਣ ਦੀ ਸੂਰਤ ਵਿੱਚ ਇਸ ਦੇ ਡਿੱਗਣ ਦਾ ਕੋਈ ਖਤਰਾ ਨਹੀਂ ਹੈ। ਕਿਸਾਨ ਨੇ ਕਿਹਾ ਕਿ ਬੂਟਿਆਂ ਵਿਚਲੀ ਵਿੱਥ ਕਾਰਨ ਹਵਾ ਲੰਘਦੀ ਰਹਿੰਦੀ ਹੈ, ਜਿਸ ਨਾਲ ਕਣਕ ਪੀਲੀ ਨਹੀਂ ਹੁੰਦੀ ਤੇ ਹੋਰ ਬਿਮਾਰੀਆਂ ਦੀ ਵੀ ਗੁੰਜਾਇਸ਼ ਘੱਟ ਹੈ। ਦੂਜੇ ਤਰੀਕੇ ਨਾਲ ਬੀਜੀ ਹੋਈ ਕਣਕ ਦੇ ਮੁਕਾਬਲੇ ਵੱਟਾਂ ਉੱਤੇ ਬੀਜੀ ਹੋਈ ਕਣਕ ਦਾ ਪੱਤਾ ਅਤੇ ਬੂਟਾ ਜ਼ਿਆਦਾ ਵਧਿਆ ਹੈ। ਉਸ ਨੇ ਦੱਸਿਆ ਕਿ 5 ਨਵੰਬਰ ਦੀ ਬੀਜੀ ਹੋਈ ਇਹ ਕਣਕ ਨਿਸਰ ਰਹੀ ਹੈ ਤੇ ਇਸ ਦੀਆਂ ਬੱਲਾਂ ਵੀ ਦੂਜੀ ਕਣਕ ਨਾਲੋਂ ਵੱਡੀਆਂ ਹਨ ਅਤੇ ਦਾਣਾ ਵੀ ਮੋਟਾ ਰਹਿਣ ਦੀ ਸੰਭਾਵਨਾ ਹੈ।

ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਤਕਨੀਕ ਰਾਹੀਂ ਦਸ ਮਜ਼ਦੂਰ ਪ੍ਰਤੀ ਦਿਨ ਇੱਕ ਏਕੜ ਕਣਕ ਦਾ ਬੀਜ ਲਗਾ ਦਿੰਦੇ ਹਨ, ਜਿਸ ਉੱਤੇ ਤਿੰਨ ਹਜ਼ਾਰ ਰੁਪਏ ਖਰਚਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਕਣਕ ਨੂੰ ਪਾਣੀ ਦੀ ਮਾਰ ਵੀ ਨਹੀਂ ਪੈਂਦੀ, ਇਸ ਵਿੱਚੋਂ ਤੂੜੀ ਵੀ ਵੱਧ ਨਿਕਲੇਗੀ ਅਤੇ ਕੰਬਾਈਨ ਨਾਲ ਇਸ ਕਣਕ ਨੂੰ ਕੱਟਣਾ ਵੀ ਸੌਖਾ ਹੋਵੇਗਾ।





News Source link

- Advertisement -

More articles

- Advertisement -

Latest article