35.2 C
Patiāla
Sunday, May 12, 2024

ਹੈਲੋ ਇੰਡੀਅਨ

Must read


ਸੁਰਿੰਦਰ ਸਿੰਘ ਰਾਏ

“ਸੁਰਿੰਦਰ ਭਾਅ ਜੀ, ਤੁਸੀਂ ਅਜੇ ਇਸ ਮੁਲਕ ਵਿੱਚ ਨਵੇਂ ਆਏ ਓ। ਤੁਹਾਨੂੰ ਇੱਥੋਂ ਦੇ ਸਿਸਟਮ ਬਾਰੇ ਜ਼ਿਆਦਾ ਨਹੀਂ ਪਤਾ। ਕੱਲ੍ਹ ਤੁਸੀਂ ਮੇਰੇ ਨਾਲ ਚੱਲਿਓ। ਮੈਂ ਤੁਹਾਨੂੰ ਮੋਟੀ-ਮੋਟੀ ਜਾਣਕਾਰੀ ਦੇ ਦੇਵਾਂਗਾ। ਫਿਰ ਤੁਸੀਂ ਆਪੇ ਘੁੰਮਣ ਫਿਰਨ ਸਿਟੀ ਵੱਲ ਚਲੇ ਗਏ ਤੇ ਸ਼ਾਮ ਨੂੰ ਵਾਪਸ ਮੁੜ ਆਏ।” ਮੇਰੇ ਆਸਟਰੇਲੀਆ ਪਹੁੰਚਣ ਦੇ ਕੁਝ ਦਿਨਾਂ ਬਾਅਦ ਮੇਰੇ ਦੋਸਤ ਨੇ ਮੈਨੂੰ ਆਖਿਆ।

“ਕੁਲਵੀਰ, ਇੱਕ ਦਿਨ ਵਿੱਚ ਮੈਨੂੰ ਕੀ ਪਤਾ ਲੱਗੇਗਾ? ਮੈਲਬੌਰਨ ਤਾਂ ਬਹੁਤ ਵੱਡਾ ਸ਼ਹਿਰ ਏ।” ਮੈਂ ਉਸ ਨੂੰ ਜਵਾਬ ਦਿੱਤਾ।

“ਭਾਅ ਜੀ, ਮੈਂ ਤਾਂ ਵੀਕਐੰਂਡ ’ਤੇ ਹੀ ਕਦੇ-ਕਦੇ ਟੈਮ ਕੱਢ ਸਕਦੈਂ। ਸੱਤੇ ਦਿਨ ਕੰਮ ਕਰੀ ਦੈ। ਮਕਾਨਾਂ ਦੀਆਂ ਕਿਸ਼ਤਾਂ ਵੀ ਦੇਣੀਆਂ ਨੇ ਭਰਾਵਾ।” ਕੁਲਵੀਰ ਮਜਬੂਰੀ ਵਿੱਚ ਬੋਲਿਆ। ਉਸ ਦੀ ਮਜਬੂਰੀ ਵੇਖ, ਮੈਂ ਵੀ ਉਸ ’ਤੇ ਜ਼ਿਆਦਾ ਜ਼ੋਰ ਨਾ ਪਾਇਆ। ਉਸ ਨੇ ਇੱਕ ਦਿਨ ਮੇਰੇ ਨਾਲ ਜਾ ਕੇ ਮੈਨੂੰ ਸ਼ਹਿਰ ਦੀਆਂ ਕਈ ਥਾਵਾਂ ਵਿਖਾ ਦਿੱਤੀਆਂ ਤੇ ਇੱਥੋਂ ਦੇ ਟਰਾਂਸਪੋਰਟ ਸਿਸਟਮ ਬਾਰੇ ਜਾਣਕਾਰੀ ਦੇ ਦਿੱਤੀ।

“ਭਾਅ ਜੀ, ਮੈਂ ਤੁਹਾਨੂੰ ਟਰੇਨਾਂ ਤੇ ਬੱਸਾਂ ਦੀਆਂ ਟਿਕਟਾਂ ਬਾਰੇ ਅੱਜ ਚੰਗੀ ਤਰ੍ਹਾਂ ਸਮਝਾ ਦਿੱਤਾ ਏ। ਹੁਣ ਤੁਸੀਂ ਇਕੱਲੇ ਸ਼ਹਿਰ ਜਾ ਸਕਦੇ ਓ?”

ਰਾਤ ਵਕਤ ਘਰ ਪਹੁੰਚ ਕੇ ਕੁਲਵੀਰ ਨੇ ਮੈਨੂੰ ਆਖਿਆ। ਮੈਂ ਅਜੇ ਇੱਥੋਂ ਦੇ ਲੋਕਾਂ ਦੀ ਬੋਲੀ ਤੋਂ ਅਣਜਾਣ ਹੋਣ ਕਾਰਨ ਇਕੱਲਾ ਬਾਹਰ ਜਾਣ ਤੋਂ ਝਿਜਕ ਰਿਹਾ ਸਾਂ। ਮੈਂ ਜੱਕੋ-ਤੱਕੀ ਜਿਹੀ ਵਿੱਚ ਉਸ ਵੱਲ ਤੱਕਿਆ।

“ਭਾਅ ਜੀ, ਤੁਸੀਂ ਘਬਰਾਉਂਦੇ ਕਿਉਂ ਹੋ। ਸਭ ਟੱਕਰਾਂ ਮਾਰ-ਮਾਰ ਕੇ ਈ ਉਡਾਰੂ ਬਣਦੇ ਨੇ। ਘੁੰਮੀ ਜਾਓ, ਗੁਆਚੀ ਜਾਓ ਤੇ ਲੱਭੀ ਜਾਓ। ਜ਼ਿੰਦਗੀ ਦਾ ਇਹ ਮੋਟਾ ਜਿਹਾ ਤਾਂ ਫਾਰਮੂਲਾ ਐ। ਨਾਲੇ ਤੁਸੀਂ ਤਾਂ ਪੜ੍ਹੇ ਲਿਖੇ ਬੰਦੇ ਹੋ।” ਮੈਨੂੰ ਜੱਕੋ-ਤੱਕੀ ਵਿੱਚ ਪਏ ਵੇਖ ਕੁਲਵੀਰ ਨੇ ਮੈਨੂੰ ਆਖਿਆ। ਉਸ ਦੇ ਇੰਜ ਆਖਣ ’ਤੇ ਮੇਰਾ ਮਨ ਵੀ ਤਕੜਾ ਹੋ ਗਿਆ। ਦੂਸਰੇ ਦਿਨ ਮੈਂ ਟਰੇਨ-ਸਟੇਸ਼ਨ ਤੋਂ ਟਰੇਨ ਫੜੀ ਤੇ ਸਿਟੀ ਵੱਲ ਨੂੰ ਟਰੇਨ ਚੜ੍ਹ ਗਿਆ। ਸਿਟੀ ਪਹੁੰਚ ਕੇ ਤਿੰਨ-ਚਾਰ ਘੰਟੇ ਵਿੱਚ ਹੀ ਮੈਂ ਸੈਂਟਰਲ ਮੈਲਬੌਰਨ ਦੀ ’ਕੱਲੀ-’ਕੱਲੀ ਸਟਰੀਟ ਗਾਹ ਮਾਰੀ।

ਦੁਪਹਿਰ ਤੋਂ ਬਾਅਦ ਆਸਮਾਨ ’ਤੇ ਹਲਕੀ ਬੱਦਲਵਾਈ ਛਾ ਗਈ ਸੀ। ਬੱਦਲਾਂ ਵਿੱਚੋਂ ਕਦੇ-ਕਦੇ ਸੂਰਜ ਲੁਕਵੀਂ ਜਿਹੀ ਝਾਤੀ ਮਾਰ ਲੈਂਦਾ ਸੀ, ਜਿਵੇਂ ਬਾਹਰ ਨਿਕਲਣ ਤੋਂ ਸ਼ਰਮਾਉਂਦਾ ਹੋਵੇ। ਮੈਂ ਮੈਲਬੌਰਨ ਸੈਂਟਰਲ ਸਿਟੀ ਵਿਖੇ ਆਪਣੇ ਧਿਆਨ ਵਿੱਚ ਅਲਮਸਤ ਸੁੱਤੇ-ਸਿੱਧ ਟੁਰਿਆ ਜਾ ਰਿਹਾ ਸੀ। ਕਾਰਾਂ, ਬੱਸਾਂ ਤੇ ਟਰੈਮਾਂ ਦੀ ਲਗਾਤਾਰ ਧੀਮੀ-ਧੀਮੀ ਖੱਚ-ਖੱਚ ਭਾਵੇਂ ਮੇਰੇ ਧਿਆਨ ਵਿੱਚ ਵਿਘਨ ਬਣ ਰਹੀ ਸੀ, ਪਰ ਫਿਰ ਵੀ ਨਵੇਂ-ਨਵੇਂ ਦ੍ਰਿਸ਼, ਨਵੀਆਂ-ਨਵੀਆਂ ਵੱਖੋ-ਵੱਖਰੀਆਂ ਨਸਲਾਂ ਦੇ ਲੋਕ ਤੇ ਖੁੱਲ੍ਹਾ-ਡੁੱਲ੍ਹਾ ਸਮਾਜਿਕ ਜੀਵਨ ਮੇਰੀ ਸੋਚ ਨੂੰ ਕੁਝ ਨਵਾਂ ਸਿੱਖਣ ਲਈ ਮਜਬੂਰ ਕਰ ਰਹੇ ਸਨ। ਜਿਉਂ-ਜਿਉਂ ਦੁਪਹਿਰ ਢਲ ਰਹੀ ਸੀ, ਲੋਕ ਕੰਮਾਂ-ਕਾਰਾਂ ਤੋਂ ਵਿਹਲੇ ਹੋ ਕੇ ਰੈਸਟੋਰੈਂਟਾਂ, ਪੱਬਾਂ ਅਤੇ ਨਾਈਟ ਕਲੱਬਾਂ ਨੂੰ ਜਾ ਰਹੇ ਸਨ। ਨਾਈਟ ਕਲੱਬਾਂ ’ਤੇ ਭੀੜ ਦੀਆਂ ਲਾਈਨਾਂ ਲੰਮੀਆਂ ਹੋਈ ਜਾ ਰਹੀਆਂ ਸਨ। ਸ਼ੁੱਕਰਵਾਰ ਦੀ ਇਹ ਸ਼ਾਮ ਚਕਾਚੌਂਧ ਕਰਨ ਵਾਲੀਆਂ ਰੌਸ਼ਨੀਆਂ ਦੀ ਵਲਗਣ ਵਿੱਚ ਆਪਣਾ ਖ਼ੂਬ ਰੰਗ ਵਿਖਾ ਰਹੀ ਸੀ। ਸਭ ਲੋਕ ਆਪੋ ਆਪਣੇ ਮਨੋਰੰਜਨ ਵਿੱਚ ਇਵੇਂ ਵਿਅਸਤ ਸਨ, ਜਿਵੇਂ ਉਨ੍ਹਾਂ ਦਾ ਬਾਕੀ ਦੁਨੀਆ ਨਾਲ ਕੋਈ ਸਰੋਕਾਰ ਹੀ ਨਾ ਹੋਵੇ।

ਮੈਂ ਵੀ ਮੇਲੇ ਦੀ ਭੀੜ ਵਿੱਚ ਗੁਆਚੇ ਹੋਇਆਂ ਵਾਂਗ ਆਪਣੇ ਆਪ ਵਿੱਚ ਗੁਆਚਿਆ ਹੋਇਆ ਰਵਾਂ-ਰਵੀਂ ਫਲੰਡਰ ਸਟਰੀਟ ਟਰੇਨ ਸਟੇਸ਼ਨ ਵੱਲ ਟੁਰਿਆ ਜਾ ਰਿਹਾ ਸੀ। “ਹੈਲੋ ਇੰਡੀਅਨ, ਹਊ ਆਰ ਯੂ?” ਦੀ ਅਚਨਚੇਤ ਜ਼ੋਰਦਾਰ ਆਵਾਜ਼ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ। ਮੈਂ ਪਿਛਾਂਹ ਪਰਤ ਕੇ ਵੇਖਿਆ। ਚਾਰ-ਪੰਜ ਮਰਦ ਤੇ ਇਸਤਰੀਆਂ ਸੜਕ ਦੇ ਦੂਸਰੇ ਪਾਸੇ ਮੈਨੂੰ ਵੇਖ ਕੇ ਰੁਕੇ ਅਤੇ ਫਿਰ ਟੁਰ ਪਏ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਬਾਂਹ ਹਿਲਾਉਂਦਾ ਹੋਇਆ ਉੱਚੀ-ਉੱਚੀ ਆਖੀ ਜਾ ਰਿਹਾ ਸੀ, “ਹੈਲੋ ਇੰਡੀਅਨ, ਹਊ ਆਰ ਯੂ, ਹਊ ਆਰ ਯੂ?” ਮੈਂ ਵੀ ਬਾਂਹ ਹਿਲਾ ਕੇ ਹੈਲੋ-ਹੈਲੋ, ਬਾਇ-ਬਾਇ ਕਰਦੇ ਹੋਏ ਹੈਰਾਨੀ ਵਿੱਚ ਉਸ ਨੂੰ ਭਰਵਾਂ ਰਿਸਪੌਂਸ ਦਿੱਤਾ। ਫਿਰ ਉਹ ਬਾਂਹ ਹਿਲਾਉਂਦਾ ਹੋਇਆ ਭਾਵੁਕਤਾ ਵਿੱਚ ਹੀ ਦੌੜ ਕੇ ਆਪਣੇ ਦੂਜੇ ਸਾਥੀਆਂ ਨਾਲ ਜਾ ਰਲਿਆ। ਪਰ ਉਹ ਤੇਜ਼-ਤੇਜ਼ ਤੁਰਦਾ ਵੀ ਦੂਰ ਤੱਕ ਪਿਛਾਂਹ ਮੁੜ-ਮੁੜ ਮੇਰੇ ਵੱਲ ਵੇਖਦਾ ਹੋਇਆ, ਹੈਲੋ-ਹੈਲੋ, ਬਾਇ-ਬਾਇ ਕਰਦਾ ਰਿਹਾ। ਪਹਿਲਾਂ ਤਾਂ ਮੈਂ ਸਮਝਿਆ ਕਿ ਸ਼ਾਇਦ ਇਹ ਕੋਈ ਮੇਰਾ ਵਾਕਿਫ਼ਕਾਰ ਹੋਵੇ। ਦੂਸਰੇ ਬਿੰਦ ਹੀ ਖਿਆਲ ਆਇਆ ਕਿ ਜੇ ਕੋਈ ਵਾਕਿਫ਼ਕਾਰ ਹੁੰਦਾ ਤਾਂ ਖੜ੍ਹ ਕੇ ਮਿਲ ਕੇ ਜਾਂਦਾ। ਇਹ ਕੀ ਸ਼ਿਸ਼ਟਾਚਾਰ ਹੋਇਆ ਕਿ ਨਾਲੇ ਟੁਰੀ ਜਾਣਾ ਤੇ ਨਾਲੇ ਹੈਲੋ-ਹੈਲੋ ਕਰੀ ਜਾਣਾ। ਉਹ ਤਾਂ ਰੁਕਿਆ ਤੱਕ ਨਹੀਂ ਏ, ਟੁਰਦਾ-ਟੁਰਦਾ ਹੀ ਬਾਂਹ ਹਿਲਾਉਂਦਾ ਰਿਹਾ, ਜਿਵੇਂ ਫਾਰਮੈਲਟੀ ਜਿਹੀ ਕਰਦਾ ਹੋਵੇ। ਫਿਰ ਸੋਚਿਆ, ਹੋ ਸਕਦਾ ਕਿਸੇ ਦੇ ਘਰ ਪਾਰਟੀ ’ਤੇ ਮਿਲਿਆ ਹੋਵੇ ਜਾਂ ਉਨ੍ਹਾਂ ਨੂੰ ਭੁਲੇਖਾ ਲੱਗ ਗਿਆ ਹੋਵੇ। ਵੇਖਣ ਪਰਖਣ ਨੂੰ ਉਹ ਸ੍ਰੀਲੰਕਨ ਲੱਗਦੇ ਸਨ, ਸਾਊਥ ਇੰਡੀਅਨ ਜਾਂ ਬੰਗਲਾਦੇਸ਼ੀ ਵੀ ਹੋ ਸਕਦੇ ਸਨ, ਪਰ ਫਿਰ ਵੀ ਇਸ ਘਟਨਾ ਨੇ ਮੇਰੇ ਮਨ ’ਤੇ ਗਹਿਰਾ ਪ੍ਰਭਾਵ ਪਾ ਦਿੱਤਾ। ਉਨ੍ਹਾਂ ਦੇ ਅਜਿਹੇ ਭਾਵੁਕ ਵਿਵਹਾਰ ਤੋਂ ਮੈਂ ਹੈਰਾਨ ਸਾਂ। ਆਸਟਰੇਲੀਆ ਆਉਣ ਤੋਂ ਬਾਅਦ ਦੇ ਸਭ ਦਿਨਾਂ ’ਤੇ ਮੈਂ ਬਾਰੀਕੀ ਨਾਲ ਆਪਣੀ ਨਜ਼ਰ ਦੌੜਾਈ, ਪਰ ਉਹ ਲੋਕ ਮੇਰੀ ਸੋਚ ਦੀ ਪਕੜ ਵਿੱਚ ਨਹੀਂ ਸੀ ਆ ਰਹੇ। ਟਰੇਨ ਵਿੱਚ ਬੈਠਾ ਵੀ ਮੈਂ ਇਹੀ ਸੋਚੀ ਜਾ ਰਿਹਾ ਸਾਂ। ਅੱਧੇ ਕੁ ਘੰਟੇ ਦੇ ਸਫ਼ਰ ਬਾਅਦ ਮੇਰਾ ਸਟੇਸ਼ਨ ਆ ਗਿਆ ਸੀ। ਮੈਂ ਟਰੇਨ ਤੋਂ ਉਤਰਿਆ ਤੇ ਵਾਹੋ-ਦਾਹੀ ਆਪਣੇ ਘਰ ਵਾਲੀ ਸਟਰੀਟ ਪੈ ਗਿਆ।

“ਕੈਨ ਯੂ ਹੈਲਪ ਮੀ ਪਲੀਜ਼?” ਸਟਰੀਟ ’ਤੇ ਤੁਰੇ ਜਾਂਦਿਆਂ ਮੈਨੂੰ ਸੜਕ ਦੇ ਦੂਜੇ ਪਾਸੇ ਤੋਂ ਇੱਕ ਆਵਾਜ਼ ਆਈ। ਮੈਂ ਰੁਕ ਗਿਆ। ਇੱਕ ਬਜ਼ੁਰਗ ਔਰਤ ਰਾਤ ਦੇ ਹਨੇਰੇ ਵਿੱਚ ਆਪਣਾ ਰਾਹ ਭੁੱਲ ਗਈ ਸੀ, ਜਿਵੇਂ ਉਹ ਗ਼ਲਤ ਸਟੇਸ਼ਨ ’ਤੇ ਉਤਰ ਗਈ ਹੋਵੇ। ਮੈਨੂੰ ਉਸ ਦੀ ਇੰਗਲਿਸ਼ ਵਿੱਚ ਦੱਸੀ ਲੰਬੀ-ਚੌੜੀ ਗੱਲ ਤਾਂ ਭਾਵੇਂ ਨਹੀਂ ਸੀ ਸਮਝ ਲੱਗ ਰਹੀ, ਪਰ ਮੈਂ ਉਸ ਦਾ ਵਿਚਲਾ ਅਰਥ ਸਮਝ ਗਿਆ ਸਾਂ। ਮੈਂ ਇੱਥੇ ਨਵਾਂ-ਨਵਾਂ ਆਇਆ ਹੋਣ ਕਾਰਨ ਉਸ ਦੀ ਸਹਾਇਤਾ ਕਰਨ ਦੇ ਅਸਮਰੱਥ ਸਾਂ, ਕਿਉਂਕਿ ਮੇਰੇ ਵੀ ਆਪਣੀ ਸਟਰੀਟ ਤੋਂ ਇੱਧਰ-ਉੱਧਰ ਹੋਣ ਨਾਲ ਮੈਂ ਵੀ ਰਸਤਾ ਭੁੱਲ ਸਕਦਾ ਸੀ। ਪਰ ਮੈਂ ਉਸ ਦੀ ਮਜਬੂਰੀ ਸਮਝਦਾ ਸੀ, ਇਸ ਲਈ ਮੈਂ ਉਸ ਦੀ ਮਾਨਸਿਕ ਸਹਾਇਤਾ ਵਜੋਂ ਉਸ ਨਾਲ ਉੱਥੇ ਖੜ੍ਹਾ ਰਿਹਾ। ਸਾਨੂੰ ਦੋਵਾਂ ਨੂੰ ਪਰੇਸ਼ਾਨ ਹੋਏ ਖੜ੍ਹੇ ਵੇਖ ਦੋ ਨੌਜੁਆਨ ਕੁੜੀਆਂ ਨੇ ਸਾਡੇ ਕੋਲ ਆ ਆਪਣੀ ਕਾਰ ਦੀ ਬਰੇਕ ਲਾਈ। “ਯੂ ਨੀਡ ਸਮ ਹੈਲਪ?” ਕਾਰ ਦੀ ਖਿੜਕੀ ਦਾ ਸ਼ੀਸ਼ਾ ਹੇਠਾਂ ਕਰਕੇ ਦੋਹਾਂ ’ਚੋਂ ਇੱਕ ਨੇ ਪੁੱਛਿਆ। ਉਸ ਬਜ਼ੁਰਗ ਇਸਤਰੀ ਨੇ ਉਸ ਨੂੰ ਆਪਣੇ ਗੁਆਚ ਜਾਣ ਦੀ ਸਾਰੀ ਗੱਲ ਇੰਗਲਿਸ਼ ਵਿੱਚ ਸਮਝਾ ਦਿੱਤੀ। ਉਸ ਦਾ ਅਤਾ-ਪਤਾ ਪੁੱਛਣ ਤੋਂ ਬਾਅਦ ਫਿਰ ਉਹ ਉਸ ਨੂੰ ਕਾਰ ਵਿੱਚ ਉਸ ਦੇ ਘਰ ਛੱਡ ਕੇ ਆਈਆਂ। ਇਸ ਤੋਂ ਬਾਅਦ ਹੀ ਉਹ ਆਪਣੇ ਘਰ ਪਰਤੀਆਂ ਹੋਣਗੀਆਂ। ਇਸ ਕੰਮ ਵਿੱਚ ਉਨ੍ਹਾਂ ਦਾ ਸਮਾਂ ਵੀ ਬਰਬਾਦ ਹੋਇਆ ਅਤੇ ਖ਼ਰਚਾ ਵੀ ਵਧੇਰੇ ਹੋਇਆ ਹੋਵੇਗਾ। ਪਰ ਮੈਂ ਉਨ੍ਹਾਂ ਲੜਕੀਆਂ ਦੀ ਫਰਾਖਦਿਲੀ ਵੇਖ ਕੇ ਹੈਰਾਨ ਰਹਿ ਗਿਆ।

“ਕੁਲਵੀਰ, ਯਾਰ ਤੇਰਾ ਦੇਸ਼ ਤਾਂ ਰਹਿਣ ਲਈ ਬਹੁਤ ਵਧੀਆ ਏ।” ਸਿਟੀ ਤੋਂ ਘੁੰਮ-ਫਿਰ ਕੇ ਘਰ ਜਾਂਦਿਆਂ ਮੈਂ ਸਭ ਤੋਂ ਪਹਿਲਾਂ ਆਪਣੇ ਦੋਸਤ ਨੂੰ ਇਹੀ ਗੱਲ ਆਖੀ।

“ਭਾਅ ਜੀ, ਥੋਨੂੰ ਇੱਥੋਂ ਦੀ ਕਿਹੜੀ ਗੱਲ ਪਸੰਦ ਆਈ?” ਉਸ ਨੇ ਬੜੀ ਉਤਸੁਕਤਾ ਨਾਲ ਪੁੱਛਿਆ।

“ਵੇਖੇ ਨਾ! ਇੱਥੋਂ ਦਾ ਟਰਾਂਸਪੋਰਟ ਸਿਸਟਮ ਕਿੰਨਾ ਵਧੀਆ ਐ। ਇੱਕ ਦਿਨ ਵਿੱਚ ਜਿੰਨਾ ਮਰਜ਼ੀ ਘੁੰਮ-ਫਿਰ ਲਓ। ਬਸ ਇੱਕੋ ਕਿਰਾਇਆ ਲੱਗਦਾ ਐ। ਇੰਡੀਆ ਵਿੱਚ ਤਾਂ ਬੰਦੇ ਨੂੰ ਬੱਸਾਂ-ਟਰੇਨਾਂ ਦਾ ਕਿਰਾਇਆ ਈ ਮਾਰ ਲੈਂਦਾ ਐ।” ਮੈਂ ਆਖਿਆ।

“ਭਾਅ ਜੀ, ਹੋਰ ਕੀ ਵਧੀਆ ਲੱਗਿਆ?” ਉਸ ਨੇ ਫਿਰ ਪੁੱਛਿਆ।

“ਕੁਲਵੀਰ, ਇੱਥੋਂ ਦੇ ਲੋਕ ਬੜੇ ਮਿਲਣਸਾਰ ਨੇ। ਬੜੇ ਹੱਸ ਕੇ ਬੋਲਦੇ ਨੇ। ਉਨ੍ਹਾਂ ਦਾ ਖੁੱਲ੍ਹਾ-ਡੁੱਲ੍ਹਾ ਮੋਹ ਭਰਿਆ ਵਿਵਹਾਰ ਬੰਦੇ ਦੀ ਰੂਹ ਨੂੰ ਖੇੜਾ ਦਿੰਦਾ ਏ। ਮੈਂ ਤੁਹਾਨੂੰ ਅੱਜ ਦੀ ਆਪਣੇ ਨਾਲ ਵਾਪਰੀ ਇੱਕ ਘਟਨਾ ਸੁਣਾਉਨੈਂ।” ਮੇਰੇ ਇੰਜ ਆਖਣ ’ਤੇ ਉਹ ਮੇਰੀ ਗੱਲ ਨੂੰ ਹੋਰ ਧਿਆਨ ਨਾਲ ਸੁਣਨ ਲੱਗਾ। “ਮੈਂ ਅੱਜ ਸ਼ਹਿਰ ਵਿੱਚ ਤੁਰਿਆ ਜਾਂਦਾ ਸੀ। ਕੁਝ ਲੋਕ ਮੈਨੂੰ ਵੇਖ ਉੱਚੀ-ਉੱਚੀ ਆਖਣ ਲੱਗ ਪਏ, ‘ਹੈਲੋ ਇੰਡੀਅਨ, ਹਊ ਆਰ ਯੂ? ਹਊ ਆਰ ਯੂ?’ ਮੈਂ ਤਾਂ ਉਨ੍ਹਾਂ ਦਾ ਪਿਆਰ ਵੇਖ ਕੇ ਹੀ ਹੈਰਾਨ ਰਹਿ ਗਿਆ। ਉਹ ਮੈਨੂੰ ਇਵੇਂ ਆਵਾਜ਼ਾਂ ਮਾਰ ਰਹੇ ਸਨ, ਜਿਵੇਂ ਮੈਂ ਉਨ੍ਹਾਂ ਦਾ ਕੋਈ ਖ਼ਾਸ ਰਿਸ਼ਤੇਦਾਰ ਹੋਵਾਂ।”

“ਭਾਅ ਜੀ, ਕੋਈ ਸ਼ਰਾਬੀ ਤਾਂ ਨਹੀਂ ਸਨ?” ਮੇਰੀ ਗੱਲ ਸੁਣ ਕੇ ਕੁਲਵੀਰ ਬੋਲਿਆ।

“ਨਹੀਂ ਨਹੀਂ ਕੁਲਵੀਰ, ਉਹ ਤਾਂ ਬੰਦੇ ਈ ਬਹੁਤ ਅੱਛੇ ਸੀ। ਐਵੇਂ ਥੋੜ੍ਹੇ ਕਿਸੇ ਨੂੰ ਊਂਈ ਸ਼ਰਾਬੀ ਆਖ ਦੇਣਾ ਐਂ। ਚਲੋ ਜੇ ਸ਼ਰਾਬੀ ਵੀ ਹੋਣ, ਗੱਲ ਤਾਂ ਉਨ੍ਹਾਂ ਦੇ ਪਿਆਰ ਭਰੇ ਮੋਹ ਦੀ ਏ।” ਮੈਂ ਝੱਟ ਜਵਾਬ ਦਿੱਤਾ।

“ਭਾਅ ਜੀ, ਕਦੇ-ਕਦੇ ਚੰਗੇ ਬੰਦੇ ਵੀ ਮਿਲ ਜਾਂਦੇ ਨੇ। ਸਾਡੇ ਮੁਲਕ ਵਿੱਚ ਕਿਹੜੇ ਚੰਗੇ ਬੰਦਿਆਂ ਦੀ ਘਾਟ ਐ।” ਕੁਲਵੀਰ ਨੇ ਲਾਪਰਵਾਹੀ ਜਿਹੀ ਵਿੱਚ ਜਵਾਬ ਮੋੜਿਆ।

“ਨਹੀਂ ਕੁਲਵੀਰ, ਆਪਣੇ ਲੋਕ ਐਨੇ ਹੈਲਪਫੁੱਲ ਨ੍ਹੀਂ ਐਂ। ਤੁਸੀਂ ਤਾਂ ਐਵੇਂ ਮੇਰੀ ਗੱਲ ਨੂੰ ਹਲਕੇ ਵਿੱਚ ਲਈ ਜਾਂਦੇ ਓ।”

“ਭਾਅ ਜੀ, ਤੁਸੀਂ ਅਜੇ ਨਵੇਂ-ਨਵੇਂ ਆਏ ਹੋ, ਤਾਂ ਤੁਹਾਨੂੰ ਲੱਗਦੈ। ਸਾਡੇ ਲੋਕ ਵੀ ਬਥੇਰੇ ਹੈਲਪਫੁੱਲ ਨੇ। ਐਵੇਂ ਆਪਣੇ ਮੁਲਕ ਨੂੰ ਨ੍ਹੀਂ ਭੰਡੀਦਾ।” ਕੁਲਵੀਰ ਨੇ ਆਖਿਆ।

“ਕੁਲਵੀਰ, ਮੈਂ ਭੰਡਦਾ ਨ੍ਹੀਂ ਆਂ। ਮੈਂ ਤਾਂ ਜੋ ਵੇਖਿਆ, ਉਹ ਦੱਸਦੈਂ। ਇੱਕ ਗੱਲ ਥੋਨੂੰ ਮੈਂ ਹੋਰ ਦੱਸਦਾਂ। ਜਦੋਂ ਅੱਜ ਮੈਂ ਟਰੇਨ ਉਤਰ ਕੇ ਘਰ ਆਉਂਦਾ ਸੀ, ਤਾਂ ਇੱਕ ਬੁੱਢੀ ਗ਼ਲਤ ਸਟੇਸ਼ਨ ’ਤੇ ਉਤਰ ਕੇ ਰਸਤਾ ਭੁੱਲ ਗਈ। ਜਦੋਂ ਦੋ ਕੁੜੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਉਸ ਨੂੰ ਆਪਣੀ ਕਾਰ ਵਿੱਚ ਉਸ ਦੇ ਘਰ ਛੱਡਣ ਗਈਆਂ। ਸਾਡੇ ਮੁਲਕ ਵਿੱਚ ਇੱਦਾਂ ਕੌਣ ਕਰਦੈ। ਉੱਥੇ ਤਾਂ ਐਕਸੀਡੈਂਟ ਹੋਣ ’ਤੇ ਵੀ ਕੋਈ ਨ੍ਹੀਂ ਕੋਲ ਖੜ੍ਹਦਾ।”

“ਭਾਅ ਜੀ, ਤੁਸੀਂ ਤਾਂ ਇਨ੍ਹਾਂ ਲੋਕਾਂ ’ਤੇ ਬਾਹਲਾ ਈ ਲੱਟੂ ਹੋ ਗਏ ਲੱਗਦੇ ਹੋ। ਕਿਤੇ ਤੁਹਾਡਾ ਵੀ ਮਨ ਤਾਂ ਨਹੀਂ ਇੱਥੇ ਰਹਿਣ ਲਈ ਬੇਈਮਾਨ ਹੋ ਗਿਆ?” ਮੇਰੇ ਮੂੰਹੋਂ ਇੱਥੋਂ ਦੇ ਲੋਕਾਂ ਦੀਆਂ ਲੋੜੋਂ ਵੱਧ ਤਾਰੀਫ਼ਾਂ ਸੁਣ ਕੇ ਕੁਲਵੀਰ ਹੱਸਦਿਆਂ ਬੋਲਿਆ।

“ਕੁਲਵੀਰ, ਕੀ ਮੈਂ ਇੱਥੋਂ ਦੀ ਰੈਜ਼ੀਡੈਂਸੀ ਲੈ ਸਕਦੈਂ?” ਉਸ ਦੀ ਗੱਲ ਬੋਚਦਿਆਂ ਮੈਂ ਝੱਟ ਆਖਿਆ।

“ਭਾਅ ਜੀ, ਤੁਸੀਂ ਐਨੀ ਅੱਛੀ ਸਰਕਾਰੀ ਜੌਬ ਕਰਦੇ ਹੋ। ਤੁਹਾਨੂੰ ਇੱਥੇ ਰਹਿਣ ਦਾ ਕੀ ਫ਼ਾਇਦਾ? ਅਸੀਂ ਤਾਂ ਬਾਹਰ ਧੱਕੇ ਖਾ ਈ ਰਹੇ ਆਂ। ਤੁਸੀਂ ਜ਼ਰੂਰ ਖਾਣੇ ਨੇ।” ਮੇਰੀ ਗੱਲ ਸੁਣਦੇ ਹੀ ਕੁਲਵੀਰ ਬੋਲਿਆ।

ਮੈਂ ਕੁਲਵੀਰ ਦੀ ਇਸ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਮੈਂ ਅੰਦਰੋ-ਅੰਦਰ ਇੱਥੇ ਰਹਿਣ ਲਈ ਆਪਣਾ ਮਨ ਬਣਾਉਣ ਲੱਗ ਪਿਆ।

ਇੱਕ ਦਿਨ ਮੈਂ ਟਰੇਨ-ਸਟੇਸ਼ਨ ਜਾਣ ਲਈ ਆਪਣੇ ਘਰੋਂ ਬਾਹਰ ਨਿਕਲਿਆ। ਮੈਨੂੰ ਵੇਖ ਕੇ ਇੱਕ ਗੋਰੀ ਲੜਕੀ ਮੇਰੇ ਕੋਲ ਨੱਸੀ-ਨੱਸੀ ਆਈ ਤੇ ਕਾਹਲੀ-ਕਾਹਲੀ ਆਖਿਆ, “ਹੈਵ ਯੂ ਸੀਨ ਐਨੀ ਕੈਟ ਅਰਾਊਂਡ ਦਿਸ ਏਰੀਆ?” ਮੇਰੇ ਨਾਂਹ ਆਖਣ ’ਤੇ ਉਹ ਦੌੜਦੀ ਹੋਈ ਅੱਗੇ ਲੰਘ ਗਈ। ਉਹ ਨੌਜੁਆਨ ਲੜਕੀ, ਜਿਸ ਦੀ ਘਰੇਲੂ ਪਾਲਤੂ ਬਿੱਲੀ ਕਿਤੇ ਘਰ ਤੋਂ ਲਾਪਤਾ ਹੋ ਗਈ ਸੀ, ਰੋਣਹਾਕੀ ਹੋਈ ਉਸ ਨੂੰ ਲੱਭਦੀ ਇੱਧਰ-ਉੱਧਰ ਇਵੇਂ ਭੱਜੀ ਫਿਰ ਰਹੀ ਸੀ, ਜਿਵੇਂ ਉਸ ਦਾ ਆਪਣਾ ਜੁਆਕ ਗੁਆਚ ਗਿਆ ਹੋਵੇ। ਦੂਸਰੇ ਦਿਨ ਜਦੋਂ ਸਵੇਰੇ ਉੱਠ ਕੇ ਮੈਂ ਵੇਖਿਆ ਤਾਂ ਉਸ ਖੇਤਰ ਦੀਆਂ ਗਲੀਆਂ ਵਿੱਚ ਬਿੱਲੀ ਦੇ ਗੁੰਮ ਹੋਣ ਬਾਰੇ ਬਹੁਤ ਸਾਰੇ ਇਸ਼ਤਿਹਾਰ ਲੱਗੇ ਹੋਏ ਸਨ ਅਤੇ ਟੈਲੀਫੋਨ ’ਤੇ ਪਤਾ ਦੇਣ ਵਾਲੇ ਨੂੰ ਡਾਲਰਾਂ ਵਿੱਚ ਵੱਡਾ ਸਾਰਾ ਇਨਾਮ ਰੱਖਿਆ ਹੋਇਆ ਸੀ। ਇਨ੍ਹਾਂ ਲੋਕਾਂ ਦਾ ਜਾਨਵਰਾਂ ਪ੍ਰਤੀ ਇੰਨਾ ਮੋਹ ਵੇਖ ਕੇ ਮੈਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ।

ਮੈਨੂੰ ਆਸਟਰੇਲੀਆ ਆਏ ਮਹੀਨਾ ਕੁ ਹੋ ਗਿਆ ਸੀ। ਮੈਂ ਸਵੇਰੇ ਸਵੇਰੇ ਘਰੋਂ ਨਿਕਲ ਜਾਂਦਾ ਤੇ ਰਾਤ ਸਮੇਂ ਮੁੜਦਾ। ਹਰ ਰੋਜ਼ ਵਿਹਲਾ ਘੁੰਮ-ਘੁੰਮ ਕੇ ਮੈਂ ਅੱਕ ਚੁੱਕਾ ਸੀ। ਇੰਡੀਆ ਤੋਂ ਲਿਆਂਦਾ ਜੇਬ੍ਹ ਖ਼ਰਚ ਵੀ ਆਖ਼ਰੀ ਸਾਹਾਂ ’ਤੇ ਸੀ। ਮੈਂ ਆਪਣਾ ਖ਼ਰਚਾ-ਵਰਚਾ ਕੱਢਣ ਲਈ ਕੁਝ ਕੰਮ ਭਾਲਣ ਦੀ ਤਰਕੀਬ ਸੋਚਣ ਲੱਗਾ।

“ਕੁਲਵੀਰ, ਮੇਰੇ ਕੋਲ ਇੱਥੇ ਰਹਿਣ ਲਈ ਅਜੇ ਦੋ ਮਹੀਨੇ ਬਾਕੀ ਬਚਦੇ ਨੇ। ਇੱਕ ਡਿਓੜ ਮਹੀਨਾ ਤੁਸੀਂ ਮੇਰੇ ਲਈ ਕਿਸੇ ਕੰਮ ਦਾ ਜੁਗਾੜ ਕਰ ਸਕਦੇ ਹੋ? ਆਪਣਾ ਜੇਬ੍ਹ ਖ਼ਰਚਾ ਤਾਂ ਕੱਢੀਏ।” ਇੱਕ ਦਿਨ ਮੈਂ ਕੁਲਵੀਰ ਨਾਲ ਕੰਮ ਸਬੰਧੀ ਗੱਲ ਕੀਤੀ।

“ਹਾਂ, ਬਿਲਕੁਲ ਮੈਂ ਕਰ ਦਊਂ, ਤੁਹਾਡੇ ਲਈ ਕਿਸੇ ਕੰਮ ਦਾ ਪ੍ਰਬੰਧ। ਨਾਲੇ ਤੁਹਾਨੂੰ ਪਤਾ ਲੱਗੂ, ਐਧਰ ਡਾਲਰ ਕਿੱਦਾਂ ਕਮਾ ਹੁੰਦੇ ਆ।” ਉਸ ਨੇ ਝੱਟ ਆਖਿਆ।

“ਕੁਲਵੀਰ, ਕਿਸੇ ਰੈਸਟੋਰੈਂਟ ’ਤੇ ਕੰਮ ਮਿਲ ਜਾਊ?” ਮੈਂ ਪੁੱਛਿਆ।

“ਭਾਅ ਜੀ, ਰੈਸਟੋਰੈਂਟ ਵਾਲਾ ਤਾਂ ਮੇਰਾ ਕੋਈ ਵਾਕਿਫ਼ ਨਹੀਂ ਏ। ਸ਼ਹਿਰ ਤੋਂ ਦੂਰ ਇੱਕ ਫਾਰਮ ਹਾਊਸ ਐ। ਉੱਥੇ ਅੰਗੂਰ ਤੋੜਨ ਦਾ ਕੰਮ ਚੱਲਦੈ। ਨਾਲੇ ਅੰਗੂਰ ਤੋੜੀ ਜਾਇਓ, ਨਾਲੇ ਖਾਈ ਜਾਇਓ।” ਉਸ ਨੇ ਮੈਨੂੰ ਮਸ਼ਕਰੀ ਜਿਹੀ ਵਿੱਚ ਆਖਿਆ।

ਦੂਸਰੇ ਦਿਨ ਹੀ ਉਹ ਮੈਨੂੰ ਇੱਕ ਫਾਰਮ ਹਾਊਸ ’ਤੇ ਛੱਡ ਆਇਆ। ਸਵੇਰ ਤੋਂ ਕੰਮ ਸ਼ੁਰੂ ਕਰ ਲੈਣਾ ਤੇ ਸ਼ਾਮ ਨੂੰ ਫਾਰਮ ਹਾਊਸ ’ਤੇ ਹੀ ਥੱਕ-ਟੁੱਟ ਕੇ ਸੌਂ ਜਾਣਾ। ਕਈ ਦਿਨ ਇਵੇਂ ਹੀ ਕੰਮ ਚੱਲਦਾ ਰਿਹਾ।

“ਭਾਅ ਜੀ, ਕਿਵੇਂ ਲੱਗਿਆ ਕੰਮ?” ਤਿੰਨ ਕੁ ਹਫ਼ਤੇ ਬਾਅਦ ਉਚੇਚੇ ਤੌਰ ’ਤੇ ਫਾਰਮ ਵਿੱਚ ਮਿਲਣ ਗਏ ਕੁਲਵੀਰ ਨੇ ਮੈਨੂੰ ਪੁੱਛਿਆ।

“ਕੁਲਵੀਰ, ਅਹਿ ਤੇਰੇ ਸਾਹਮਣੇ ਈ ਏ।” ਅੰਗੂਰਾਂ ਦੇ ਰਸ ਨਾਲ ਗਹਿਗੱਚ ਹੋਏ ਕੱਪੜੇ ਪਹਿਨੀਂ ਮੈਂ ਆਖਿਆ।

“ਕਿੱਦਾਂ? ਰਹਿਣਾਂ ਇੱਥੇ ਜਾਂ ਇੰਡੀਆ ਵਾਪਸ ਜਾਣਾ?” ਉਸ ਨੇ ਹੱਸਦਿਆਂ ਹੱਸਦਿਆਂ ਮੈਨੂੰ ਛੇੜਿਆ।

“ਕੁਲਵੀਰ, ਮੇਰਾ ਹਫ਼ਤਾ ਕੁ ਹੋਰ ਲੱਗ ਜਾਵੇ। ਮੇਰਾ ਆਉਣ-ਜਾਣ ਦਾ ਕਿਰਾਇਆ ਤੇ ਜੇਬ੍ਹ ਖ਼ਰਚ ਨਿਕਲ ਆਉਣਾ ਏਂ। ਇੰਨੇ ਪੈਸੇ ਤਾਂ ਇੰਡੀਆ ਵਿੱਚ ਸਾਲ ਵਿੱਚ ਨ੍ਹੀਂ ਬਚਦੇ।” ਮੈਂ ਖ਼ੁਸ਼ ਹੁੰਦਿਆਂ ਉਸ ਦੇ ਮਜ਼ਾਕ ਦਾ ਜਵਾਬ ਦਿੱਤਾ।

“ਇਹਦਾ ਮਤਲਬ, ਤੂੰ ਇੱਥੇ ਰਹਿਣਾ ਚਾਹੁੰਨੈਂ?” ਉਸ ਨੇ ਆਖਿਆ।

“ਕੁਲਵੀਰ, ਬਿਲਕੁਲ। ਹੁਣ ਤਾਂ ਇੱਥੇ ਰਹਿਣ ਲਈ ਮੈਂ ਆਪਣਾ ਕੇਸ ਅਪਲਾਈ ਕਰ ਹੀ ਦੇਣਾ ਏ।” ਮੈਂ ਉਸ ਨੂੰ ਬਿਨਾਂ ਝਿਜਕ ਆਪਣਾ ਦੋ-ਟੁੱਕ ਫ਼ੈਸਲਾ ਸੁਣਾ ਦਿੱਤਾ। ਕੁਲਵੀਰ ਮੇਰੇ ਇਸ ਫ਼ੈਸਲੇ ਤੋਂ ਬੜਾ ਹੈਰਾਨ ਸੀ।

ਸਮਾਂ ਪੁਲਾਂਘਾਂ ਪੁੱਟਦਾ ਗਿਆ। ਪਰ ‘ਹੈਲੋ ਇੰਡੀਅਨ, ਹਊ ਆਰ ਯੂ, ਹਊ ਆਰ ਯੂ?’ ਦੀ ਵਾਪਰੀ ਘਟਨਾ ਮੇਰੇ ਅਚੇਤ ਮਨ ਵਿੱਚ ਕਦੇ-ਕਦੇ ਚੱਕਰ ਕੱਟਦੀ ਰਹਿੰਦੀ। ਆਪਣੀ ਸੋਚ ’ਤੇ ਵਧੇਰੇ ਜ਼ੋਰ ਪਾਉਣ ’ਤੇ ਵੀ ਮੈਨੂੰ ਉਸ ਵਿਅਕਤੀ ਨਾਲ ਜਾਣ-ਪਛਾਣ ਅਤੇ ਸਬੰਧਾਂ ਬਾਰੇ ਕੋਈ ਗੱਲ ਯਾਦ ਨਹੀਂ ਸੀ ਆ ਰਹੀ। ਹੁਣ ਮੇਰੇ ਕੋਲ ਜੇਬ੍ਹ ਖ਼ਰਚਾ ਵੀ ਦੁਬਾਰਾ ਬਣ ਗਿਆ ਸੀ। ਅਜੇ ਵੀਜ਼ਾ ਵੀ ਮਹੀਨੇ ਕੁ ਦਾ ਬਾਕੀ ਸੀ। ਮੈਂ ਹਰ ਰੋਜ਼ ਪਹਿਲਾਂ ਵਾਂਗ ਹੀ ਸਵੇਰੇ ਹੀ ਆਪਣੇ ਘਰ ਦੇ ਨਜ਼ਦੀਕ ਥਾਮਸਟਾਊਨ ਟਰੇਨ ਸਟੇਸ਼ਨ ਤੋਂ ਸਿਟੀ ਜਾਣ ਵਾਲੀ ਟਰੇਨ ਫੜ ਲੈਂਦਾ ਅਤੇ ਦੇਰ ਰਾਤ ਗਈ ਘਰ ਮੁੜਦਾ। ਨਿੱਤ-ਰੋਜ਼ ਇੱਧਰ-ਉੱਧਰ ਘੁੰਮਦਾ-ਘੁਮਾਉਂਦਾ ਕੁਝ ਨਾ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ।

“ਕੁਲਵੀਰ, ਤੂੰ ਤਾਂ ਐਵੇਂ ਈ ਇਸ ਮੁਲਕ ਦੀ ਨੁਕਤਾਚੀਨੀ ਕਰਦਾ ਰਹਿੰਨੈ। ਮੈਂ ਤਾਂ ਕਈ ਵੇਰ ਇੱਥੋਂ ਦੀਆਂ ਕਈ ਗੱਲਾਂ ਵੇਖ-ਵੇਖ ਹੈਰਾਨ ਈ ਬੜਾ ਹੁੰਨੈ।” ਇੱਕ ਦਿਨ ਵੀਕ-ਐਂਡ ’ਤੇ ਘਰ ਬੈਠਿਆਂ ਮੈਂ ਕੁਲਵੀਰ ਨਾਲ ਫਿਰ ਗੱਲ ਸ਼ੁਰੂ ਕੀਤੀ।

“ਭਾਅ ਜੀ, ਬਾਹਰੀ ਤੌਰ ’ਤੇ ਈ ਚੰਗਾ-ਚੰਗਾ ਲੱਗਦੈ। ਵਿੱਚੋਂ ਕੁਝ ਨਹੀਂ ਐ।” ਕੁਲਵੀਰ ਨੇ ਮੇਰੀ ਗੱਲ ਸੁਣਦੇ ਹੀ ਫਿਰ ਨਾਂਹ-ਪੱਖੀ ਹੁੰਗਾਰਾ ਹੀ ਦਿੱਤਾ।

“ਕੁਲਵੀਰ, ਇੱਥੋਂ ਦੇ ਲੋਕ ਤਾਂ ਜਾਨਵਰਾਂ ਨੂੰ ਵੀ ਬੜਾ ਪਿਆਰ ਕਰਦੇ ਨੇ, ਬੰਦਿਆਂ ਨੂੰ ਤਾਂ ਕਰਨਾ ਈ ਏਂ। ਤੂੰ ਤਾਂ ਊਂਈ ਨਿੰਦਿਆ ਕਰਦਾ ਰਹਿੰਨਾ। ਮੈਂ ਅੱਖੀਂ ਵੇਖਿਐ, ਇੱਕ ਦਿਨ ਇੱਕ ਕੁੜੀ ਆਪਣੀ ਪਾਲਤੂ ਬਿੱਲੀ ਨੂੰ ਇਉਂ ਲੱਭਦੀ ਫਿਰਦੀ ਸੀ, ਜਿਵੇਂ ਉਸ ਦਾ ਕੋਈ ਘਰ ਦਾ ਮੈਂਬਰ ਗੁੰਮ ਗਿਆ ਹੋਵੇ। ਇਹ ਕਿੰਨੀ ਵੱਡੀ ਇਨਸਾਨੀਅਤ ਦੀ ਗੱਲ ਏ। ਐਵੇਂ ਈ ਕਿਸੇ ਦਾ ਵਿਰੋਧ ਕਰੀ ਜਾਣਾ ਕੋਈ ਚੰਗੀ ਗੱਲ ਥੋੜ੍ਹੇ ਐ।” ਕੁਲਵੀਰ ਦਾ ਨਾਂਹ-ਪੱਖੀ ਵਤੀਰਾ ਵੇਖ ਕੇ ਮੈਂ ਥੋੜ੍ਹਾ ਜਿਹਾ ਰੰਜ ਜਤਾਉਂਦਿਆਂ ਆਖਿਆ। ਮੇਰੀ ਇਹ ਗੱਲ ਸੁਣ ਕੇ ਕੁਲਵੀਰ ਚੁੱਪ ਕਰ ਗਿਆ। ਇੰਨੇ ਨੂੰ ਨਿਰਮਲ ਚਾਹ ਲੈ ਕੇ ਆ ਗਈ। ਭਰਜਾਈ ਨੇ ਆਉਂਦਿਆਂ ਹੀ ਆਪਣਾ ਕੋਈ ਹੋਰ ਟੌਪਿਕ ਛੇੜ ਲਿਆ।

“ਭਾਈ ਸਾਬ੍ਹ, ਆਪ ਇੰਡੀਆ ਸੇ ਹੈਂ?” ਇੱਕ ਦਿਨ ਸਿਟੀ ਘੁੰਮਦਿਆਂ ਮੈਂ ਦੋ ਇੰਡੀਅਨ ਦਿੱਖ ਵਾਲੇ ਵਿਅਕਤੀਆਂ ਨੂੰ ਅੰਦਾਜ਼ੇ ਨਾਲ ਹੀ ਪੁੱਛਿਆ।

“ਹਾਂ,” ਉਨ੍ਹਾਂ ਵਿੱਚੋਂ ਇੱਕ ਨੇ ਆਖਿਆ। ਮੇਰਾ ਅਨੁਮਾਨ ਠੀਕ ਸਿੱਧ ਹੋਇਆ।

“ਕੌਨ ਸਾ ਸਟੇਟ ਹੈ ਆਪਕਾ?” ਮੈਂ ਅੱਗੇ ਗੱਲ ਤੋਰੀ।

“ਜੀ, ਯੂ.ਪੀ. ਸੇ ਹੂੰ।”

“ਆਪ ਯਹਾਂ ਪਰ ਕਿਤਨੇ ਸਮੇਂ ਸੇ ਰਹਿਤੇ ਹੈਂ?” ਮੈਂ ਪੁੱਛਿਆ।

“ਜੀ, ਦਸ ਸਾਲ ਸੇ।”

“ਆਪ ਕੈਸੇ ਆਏ ਥੇ?”

“ਜੀ, ਮੈਂ ਤੋ ਇੰਡੀਆ ਮੇਂ ਇੰਜੀਨੀਅਰ ਥਾ। ਪੱਕੇ ਤੌਰ ਪਰ ਹੀ ਯਹਾਂ ਪੇ ਆਇਆ ਥਾ। ਜੋ ਮੇਰਾ ਭਾਈ ਹੈ, ਯੇਹ ਯਹਾਂ ਪੇ ਟੂਰਿਸਟ ਆਇਆ ਥਾ। ਮੈਂ ਇਸ ਕਾ ਭੀ ਰੈਜ਼ੀਡੈਂਸੀ ਕੇ ਲੀਏ ਕੇਸ ਅਪਲਾਈ ਕਰ ਦੀਆ ਹੈ।”

“ਯੇਹ ਯਹਾਂ ਪੇ ਪੱਕਾ ਹੋ ਜਾਏਗਾ?” ਮੈਂ ਸਰਸਰੀ ਜਿਹੇ ਪੁੱਛਿਆ।

“ਜੀ, ਸਭੀ ਲੋਕ ਪੱਕੇ ਹੋ ਈ ਜਾਤੇ ਹੈਂ। ਕੁਛ ਸਮਾਂ ਤੋ ਲਗਤਾ ਹੀ ਹੈ।” ਉਸ ਨੇ ਆਖਿਆ। “ਆਪ ਯਹਾਂ ਪੇ ਕਿਆ ਕਰਤੇ ਹੈਂ?” ਫਿਰ ਉਸ ਨੇ ਮੈਨੂੰ ਪੁੱਛਿਆ।

“ਜੀ, ਮੈਂ ਭੀ ਟੂਰਿਸਟ ਹੀ ਆਇਆ ਹੂੰ।” ਮੈਂ ਜਵਾਬ ਦਿੱਤਾ।

“ਆਪ ਵਾਪਸ ਜਾਏਂਗੇ ਯਾ ਯਹਾਂ ਪੇ ਹੀ ਰਹੇਂਗੇ?”

“ਜੀ ਸੋਚ ਰਹਾ ਹੂੰ।” ਮੈਂ ਆਖਿਆ।

“ਸੋਚਨਾ ਕਿਆ ਹੈ। ਯਹਾਂ ਪੇ ਹੀ ਰੁਕ ਜਾਓ। ਬਹੁਤ ਸੇ ਪੰਜਾਬੀ ਲੋਕ ਰਫਿਊਜ਼ੀ ਆਧਾਰ ਪੇ ਯਹਾਂ ਪੱਕੇ ਹੋ ਰਹੇ ਹੈਂ। ਪੰਜਾਬ ਮੇਂ ਗਰਮ ਹਵਾਏਂ ਚੱਲ ਰਹੀ ਹੈਂ ਨਾ।” ਉਸ ਨੇ ਆਖਿਆ।

ਉਸ ਦੀ ਇਹ ਗੱਲ ਸੁਣ ਕੇ ਮੇਰੇ ਮਨ ਨੂੰ ਤਸੱਲੀ ਜਿਹੀ ਹੋਈ। ਮੈਂ ਵੀ ਇੱਥੇ ਰਹਿ ਕੇ ਰਫਿਊਜ਼ੀ ਆਧਾਰ ’ਤੇ ਕੇਸ ਅਪਲਾਈ ਕਰਨ ਲਈ ਪੱਕਾ ਨਿਸ਼ਚਾ ਕਰ ਲਿਆ। ਮੈਨੂੰ ਹੁਣ ਕੁਲਵੀਰ ’ਤੇ ਬੜਾ ਗੁੱਸਾ ਆ ਰਿਹਾ ਸੀ, ਜੋ ਨਾਂਹ-ਪੱਖੀ ਗੱਲਾਂ ਕਰ ਕੇ ਮੇਰੇ ਮਨ ਨੂੰ ਤੋੜ ਦਿੰਦਾ ਸੀ।

“ਭਾਅ ਜੀ, ਤੁਸੀਂ ਘਰ ’ਕੱਲਿਆਂ ਨੇ ਕੀ ਕਰਨਾ ਏਂ। ਸਾਡੇ ਨਾਲ ਈ ਸਕੂਲ ਚੱਲੋ। ਅੱਜ ਅਸੀਂ ਨਵਦੀਪ ਨੂੰ ਸੱਤਵੀਂ ਜਮਾਤ ਵਿੱਚ ਦਾਖਲ ਕਰਾਉਣਾ ਏ।” ਇੱਕ ਦਿਨ ਕੁਲਵੀਰ ਨੇ ਮੈਨੂੰ ਆਖਿਆ। ਉਸ ਦੀ ਇਹ ਗੱਲ ਸੁਣ ਕੇ ਮੈਂ ਵੀ ਝੱਟ ਹੀ ਹਾਂ ਕਰ ਦਿੱਤੀ। ਸਕੂਲ ਪਹੁੰਚ ਕੇ ਮੈਂ, ਕੁਲਵੀਰ ਅਤੇ ਉਸ ਦੀ ਪਤਨੀ ਨਿਰਮਲ ਦਫ਼ਤਰ ਵਿੱਚ ਪਏ ਸੋਫ਼ੇ ’ਤੇ ਬੈਠ ਗਏ। ਪ੍ਰਿੰਸੀਪਲ ਵੀ ਆਪਣੀ ਕੁਰਸੀ ਤੋਂ ਉੱਠ ਕੇ ਸਾਡੇ ਸਾਰਿਆਂ ਨਾਲ ਹੱਥ ਮਿਲਾ ਕੇ ਉਸ ਸੋਫ਼ੇ ’ਤੇ ਹੀ ਬੈਠ ਗਿਆ। ਸੋਫ਼ੇ ’ਤੇ ਬੈਠਣ ਲਈ ਹੋਰ ਜਗ੍ਹਾ ਨਾ ਹੋਣ ਕਾਰਨ ਨਵਦੀਪ ਖੜ੍ਹਾ ਰਿਹਾ।

“ਨਵਦੀਪ, ਯੂ ਕੈਨ ਟੇਕ ਦੈਟ ਚੇਅਰ।” ਨਵਦੀਪ ਨੂੰ ਖੜ੍ਹਾ ਵੇਖ ਪ੍ਰਿੰਸੀਪਲ ਝੱਟ ਬੋਲਿਆ। ਮੈਂ ਉਸ ਵੇਲੇ ਇਹ ਵੇਖ ਕੇ ਹੈਰਾਨ ਰਹਿ ਗਿਆ, ਜਦੋਂ ਪ੍ਰਿੰਸੀਪਲ ਨੇ ਨਵਦੀਪ ਨੂੰ ਆਪਣੀ ਹੀ ਕੁਰਸੀ ਖਿੱਚ ਕੇ ਬੈਠਣ ਲਈ ਆਖ ਦਿੱਤਾ। ਇਹ ਘਟਨਾ ਵੇਖਣ ਤੋਂ ਬਾਅਦ ਮੇਰੀ ਇੱਥੋਂ ਦੇ ਐਜੂਕੇਸ਼ਨ ਸਿਸਟਮ ਬਾਰੇ ਜਾਣਨ ਦੀ ਇੱਛਾ ਹੋਰ ਤੀਬਰ ਹੋ ਗਈ।

“ਕੁਲਵੀਰ, ਪ੍ਰਿੰਸੀਪਲ ਨੇ ਆਪਣੀ ਹੀ ਚੇਅਰ ਨਵਦੀਪ ਨੂੰ ਬੈਠਣ ਲਈ ਦੇ ਦਿੱਤੀ ਸੀ, ਇਹ ਕਿਉਂ?” ਵਾਪਸ ਮੁੜਦੇ ਵਕਤ ਮੈਂ ਕੁਲਵੀਰ ਨੂੰ ਗੰਭੀਰਤਾ ਨਾਲ ਪੁੱਛਿਆ।

“ਭਾਅ ਜੀ, ਇਸ ਮੁਲਕ ਵਿੱਚ ਕੁਰਸੀ ਸਟੇਟਸ ਵਾਲੀ ਕੋਈ ਗੱਲ ਨਹੀਂ ਏ। ਹਰ ਇੱਕ ਦਾ ਆਪਣਾ ਇੰਡੀਪੈਂਡੈਂਟ ਸਟੇਟਸ ਏ। ਕਿਸੇ ਦਾ ਸਟੇਟਸ ਕੁਰਸੀ ਨਾਲ ਨਹੀਂ ਬੰਨ੍ਹਿਆ ਹੋਇਆ।” ਕੁਲਵੀਰ ਨੇ ਇਕਦਮ ਜਵਾਬ ਦਿੱਤਾ।

“ਕੁਲਵੀਰ, ਮੇਰਾ ਮਤਲਬ ਕਿਸੇ ਕਲਾਸ ਫੋਰ ਵਗੈਰਾ ਤੋਂ ਹੋਰ ਕੁਰਸੀ ਮੰਗਾ ਲੈਂਦੇ?”

“ਭਾਅ ਜੀ, ਇੱਥੇ ਕਿਸੇ ਵੀ ਦਫ਼ਤਰ ਵਿੱਚ ਕੋਈ ਕਲਾਸ ਫੋਰ ਕਰਮਚਾਰੀ ਨਹੀਂ ਹਨ। ਸਭ ਆਪੋ-ਆਪਣੀ ਜੌਬ ਕਰਦੇ ਨੇ। ਕਲੀਨਰ ਦੀ ਆਪਣੀ ਜੌਬ ਏ, ਟੀਚਰਜ਼ ਦੀ ਆਪਣੀ ਤੇ ਪ੍ਰਿੰਸੀਪਲ ਦੀ ਆਪਣੀ।”

“ਕੁਲਵੀਰ, ਪਰ ਸਾਡਾ ਸਿਸਟਮ ਤਾਂ ਇਸ ਦੇ ਬਿਲਕੁਲ ਉਲਟ ਏ।” ਮੈਂ ਹੈਰਾਨੀ ਵਿੱਚ ਆਖਿਆ।

“ਭਾਅ ਜੀ, ਤੁਸੀਂ ਆਪਣੇ ਸਿਸਟਮ ਦੇ ਮਾਰੋ ਗੋਲੀ। ਤਾਂ ਹੀ ਤਾਂ ਅਸੀਂ ਇਨ੍ਹਾਂ ਦੇਸ਼ਾਂ ਵਿੱਚ ਧੱਕੇ ਖਾਂਦੇ ਫਿਰਦੇ ਆਂ।” ਕੁਲਵੀਰ ਥੋੜ੍ਹਾ ਜਿਹਾ ਕੁੜੱਤਣ ਵਿੱਚ ਬੋਲਿਆ।

“ਕੁਲਵੀਰ, ਨਵਦੀਪ ਨੂੰ ਦਾਖਲ ਕਰਾਉਣ ਵਕਤ ਇਨ੍ਹਾਂ ਕੋਈ ਜਾਤ-ਪਾਤ ਵਗੈਰਾ ਵੀ ਨਹੀਂ ਪੁੱਛੀ?” ਵਧੇਰੇ ਜਾਣਕਾਰੀ ਲੈਣ ਲਈ ਮੈਂ ਗੱਲ ਅੱਗੇ ਤੋਰੀ।

“ਜਾਤਾਂ-ਪਾਤਾਂ ਦੀ ਗੱਲ ਨ੍ਹੀਂ ਇਨ੍ਹਾਂ ਦੇਸ਼ਾਂ ਵਿੱਚ ਚੱਲਦੀ। ਇੱਥੇ ਤਾਂ ਬੱਚੇ ਦਾ ਸਰਟੀਫਿਕੇਟ ਵੇਖਿਆ ਜਾਂਦਾ ਏ ਜਾਂ ਐਡਰੈੱਸ ਵਗੈਰਾ। ਹੋਰ ਕੁਝ ਨਹੀਂ।”

ਜਾਤਾਂ-ਪਾਤਾਂ ਦੇ ਝੰਜਟਾਂ ਤੋਂ ਮੁਕਤ ਸਿਸਟਮ ਦੀ ਗੱਲ ਸੁਣ ਕੇ ਮੈਂ ਹੋਰ ਵੀ ਅਚੰਭੇ ਵਿੱਚ ਸਾਂ। ‘ਇਹ ਕਿੰਨਾ ਚੰਗਾ ਸਮਾਜ ਏ’ ਮੈਂ ਮਨੋਂ-ਮਨੀਂ ਸੋਚ ਰਿਹਾ ਸਾਂ।

“ਭਾਅ ਜੀ, ਇੱਥੇ ਹਰ ਇੱਕ ਦੀ ਪ੍ਰਾਈਵੇਟ ਲਾਈਫ ਏ। ਬਿਨਾਂ ਸਹਿਮਤੀ ਤੋਂ ਅਸੀਂ ਕਿਸੇ ਦਾ ਫੋਨ ਨੰਬਰ ਵੀ ਨਹੀਂ ਲੈ ਸਕਦੇ।” ਮੈਨੂੰ ਸੋਚੀਂ ਪਿਆ ਵੇਖ ਕੁਲਵੀਰ ਨੇ ਆਪ ਹੀ ਮੈਨੂੰ ਦੱਸਿਆ। ਮੈਨੂੰ ਕੁਲਵੀਰ ਦੀਆਂ ਇਹ ਗੱਲਾਂ ਬਹੁਤ ਚੰਗੀਆਂ ਲੱਗ ਰਹੀਆਂ ਸਨ। ਉਸ ਦੀਆਂ ਗੱਲਾਂ ਸੁਣ ਕੇ ਮੇਰਾ ਮਨ ਇਸ ਦੇਸ਼ ਵਿੱਚ ਰਹਿਣ ਲਈ ਹੋਰ ਪਕੇਰਾ ਹੋਈ ਜਾ ਰਿਹਾ ਸੀ।

“ਕੁਲਵੀਰ, ਫਿਰ ਤੇ ਇਹ ਸਿਸਟਮ ਬਹੁਤ ਵਧੀਆ ਏ।” ਮੈਥੋਂ ਸੁੱਤੇ-ਸਿੱਧ ਹੀ ਇਸ ਸਿਸਟਮ ਦੀ ਭਰਵੀਂ ਤਾਰੀਫ਼ ਹੋ ਗਈ।

“ਭਾਅ ਜੀ, ਤੁਹਾਨੂੰ ਮੈਂ ਆਪਣੀ ਇੱਕ ਹੋਰ ਹੱਡਬੀਤੀ ਸੁਣਾਨੈਂ। ਜਦੋਂ ਮੈਂ ਇੱਥੇ ਨਵਾਂ-ਨਵਾਂ ਆਇਆ ਸੀ, ਤਾਂ ਮੈਂ ਇੱਕ ਫਾਰਮ ਵਿੱਚ ਕੰਮ ਕਰਦਾ ਸੀ। ਇੱਕ ਦਿਨ ਮੈਂ ਫਾਰਮ ਮਾਲਕ ਨੂੰ ‘ਸਰ, ਗੁੱਡ ਮੌਰਨਿੰਗ’ ਆਖ ਦਿੱਤਾ। ਮੇਰੇ ਇੰਜ ਮੌਰਨਿੰਗ ਵਿਸ਼ ਕਰਨ ਨਾਲ ਉਹ ਮੇਰੇ ਕੰਨੀਂ ਕੈੜਾ-ਕੈੜਾ ਜਿਹਾ ਝਾਕਣ ਲੱਗ ਪਿਆ। ਮੈਂ ਡਰ ਗਿਆ। ਫਿਰ ਉਹ ਤੁਰੰਤ ਬੋਲਿਆ, ‘ਆਈ ਐਮ ਨਾਟ ਸਰ। ਆਈ ਐਮ ਮਿਸਟਰ ਜੌਰਜ’।”

“ਕੁਲਵੀਰ, ਉਸ ਨੇ ‘ਸਰ’ ਅਖਵਾਉਣਾ ਕਿਉਂ ਪਸੰਦ ਨਹੀਂ ਕੀਤਾ?” ਮੈਂ ਪੁੱਛਿਆ।

“ਭਾਅ ਜੀ, ਮੇਰਾ ਕਹਿਣ ਦਾ ਮਤਲਬ ਗੋਰੇ ‘ਸਰ’ ਅਖਵਾਉਣ ਨੂੰ ਵੀ ਚੰਗਾ ਨਹੀਂ ਸਮਝਦੇ। ਸ਼ਾਇਦ ਇਹ ਲੋਕ ਇਸ ਸ਼ਬਦ ਨੂੰ ਸੁਪਰਮੈਨ ਹੋਣ ਦੀ ਭਾਵਨਾ ਵਾਲਾ ਜਾਂ ਅਧੀਨਗੀ ਦਾ ਪ੍ਰਤੀਕ ਸਮਝਦੇ ਹੋਣ।” ਸਾਡੇ ਗੱਲਾਂ-ਬਾਤਾਂ ਵਿੱਚ ਰੁੱਝੇ ਹੀ ਘਰ ਆ ਗਿਆ ਸੀ। ਕੁਲਵੀਰ ਦੀਆਂ ਇਨ੍ਹਾਂ ਗੱਲਾਂ ਨੇ ਮੇਰੇ ਮਨ ’ਤੇ ਗਹਿਰਾ ਪ੍ਰਭਾਵ ਛੱਡ ਦਿੱਤਾ ਸੀ।

“ਵੀਰ ਜੀ, ਤੁਸੀਂ ਤਾਂ ਇੱਥੋਂ ਦੇ ਸਿਸਟਮ ਬਾਰੇ ਇਉਂ ਪਤਾ ਕਰ ਰਹੇ ਓ, ਜਿਵੇਂ ਪੱਤਰਕਾਰ ਬਣਨਾ ਹੁੰਦੈ।” ਕਾਰ ਤੋਂ ਹੇਠਾਂ ਉਤਰਦੇ ਵਕਤ ਭਰਜਾਈ ਨੇ ਮੈਨੂੰ ਮਸ਼ਕਰੀ ਕਰਦਿਆਂ ਆਖਿਆ।

ਪਾਰਦਰਸ਼ੀ ਸਿਸਟਮ ਡਾਲਰਾਂ ਦੀ ਚਮਕ-ਦਮਕ ਤੇ ਲੋਕਾਂ ਦੇ ਰਹਿਣ-ਸਹਿਣ ਦਾ ਸਟੈਂਡਰਡ ਵੇਖ ਕੇ ਮੇਰੇ ਦਿਲ ਵਿੱਚ ਵੀ ਇੱਥੇ ਰਹਿ ਕੇ ਪੱਕੇ ਹੋਣ ਦੀ ਕਸ਼ਿਸ਼ ਹੋਰ ਤੇਜ਼ ਹੋ ਗਈ। ਮੈਂ ਮਨੋਂ-ਮਨੀਂ ਫ਼ੈਸਲਾ ਕਰ ਲਿਆ ਕਿ ਪੱਕੀ ਸਟੇਅ ਲੈਣ ਲਈ ਜਲਦੀ ਕੇਸ ਅਪਲਾਈ ਕਰ ਦਿੱਤਾ ਜਾਵੇ। ਪਰ ਕਦੇ-ਕਦੇ ਆਪਣੀ ਜਨਮ ਭੋਇੰ, ਮਾਂ-ਬੋਲੀ, ਸੱਭਿਆਚਾਰ ਤੇ ਆਪਣੇ ਲੋਕਾਂ ’ਚ ਘੁਲ-ਮਿਲ ਜਾਣ ਲਈ ਮਨ ਉਚਾਟ ਹੋ ਜਾਂਦਾ। ਪਰ ਫਿਰ ਸੋਚਦਾ ਕਿ ਇੱਕ ਵਧੀਆ ਮੌਕਾ ਮਿਲਿਆ ਏ, ਇਸ ਨੂੰ ਅਜਾਈਂ ਨਹੀਂ ਗੁਆਉਣਾ ਚਾਹੀਦਾ। ਜ਼ਿੰਦਗੀ ’ਚ ਮੌਕੇ ਵਾਰ-ਵਾਰ ਨਹੀਂ ਮਿਲਦੇ। ਕੇਸ ਅਪਲਾਈ ਕਰ ਦੇਣਾ ਚਾਹੀਦਾ ਏ। ਤਿੰਨ-ਚਾਰ ਸਾਲਾਂ ’ਚ ਪੱਕਾ ਹੋ ਹੀ ਜਾਵਾਂਗਾ।

“ਕੁਲਵੀਰ, ਤੂੰ ਮੇਰੇ ਨਾਲ ਕੱਲ੍ਹ ਇਮੀਗ੍ਰੇਸ਼ਨ ਜੰਟ ਕੋਲ ਜਾ ਸਕਦੈਂ?” ਆਪਣਾ ਮਨ ਪੱਕਾ ਕਰਕੇ ਇੱਕ ਸ਼ਾਮ ਮੈਂ ਕੁਲਵੀਰ ਨੂੰ ਆਖਿਆ।

“ਭਾਅ ਜੀ, ਉੱਥੇ ਕੀ ਕਰਨੈ?” ਉਸ ਨੇ ਝੱਬਦੇ ਪੁੱਛਿਆ।

“ਮੈਂ ਰਫਿਊਜ਼ੀ ਆਧਾਰ ’ਤੇ ਪੱਕਾ ਹੋਣ ਲਈ ਆਪਣਾ ਕੇਸ ਅਪਲਾਈ ਕਰਨੈਂ।”

“ਅੱਛਾ, ਹੁਣ ਤੁਸੀਂ ਇੱਥੇ ਰਹਿਣ ਦਾ ਆਪਣਾ ਪੱਕਾ ਫ਼ੈਸਲਾ ਕਰ ਲਿਆ ਏ। ਡੋਲੋਗੇ ਤਾਂ ਨਹੀਂ?” ਮੇਰੀ ਗੱਲ ਸੁਣਦੇ ਹੀ ਕੁਲਵੀਰ ਬੋਲਿਆ।

“ਨਹੀਂ ਕੁਲਵੀਰ, ਹੁਣ ਮੇਰਾ ਮਨ ਪੱਕਾ ਏ।”

“ਇਮੀਗ੍ਰੇਸ਼ਨ ਏਜੰਟ ਕੋਲ ਜਾਣ ਲਈ ਦੋ ਤਿੰਨ ਹਜ਼ਾਰ ਡਾਲਰ ਫੀਸ ਲਈ ਵੀ ਚਾਹੀਦੇ ਨੇ। ਤੇਰੇ ਕੋਲ ਹੈ ਜਾਂ ਮੈਂ ਪ੍ਰਬੰਧ ਕਰਾਂ?” ਉਸ ਨੇ ਆਖਿਆ।

“ਕੁਲਵੀਰ, ਕੁਝ ਪੈਸੇ ਮੇਰੇ ਕੋਲ ਹਨ। ਜੋ ਘਟਣਗੇ ਉਹ ਤੁਸੀਂ ਦੇ ਦਿਓ। ਮੈਂ ਕੰਮ ਕਰਕੇ ਤੁਹਾਨੂੰ ਵਾਪਸ ਕਰ ਦੇਵਾਂਗਾ।”

“ਚਲੋ ਕੋਈ ਨਹੀਂ, ਪੈਸਿਆਂ ਦਾ ਪ੍ਰਬੰਧ ਤਾਂ ਹੋ ਜਾਊ। ਤੁਹਾਡਾ ਮਨ ਪੱਕਾ ਏ? ਮੈਂ ਤਾਂ ਇਹ ਗੱਲ ਵੇਖਣੀ ਚਾਹੁੰਨੈ। ਇਸੇ ਕਰਕੇ ਮੈਂ ਤੁਹਾਡੀ ਨੁਕਤਾਚੀਨੀ ਕਰਕੇ ਤੁਹਾਨੂੰ ਵਾਰ-ਵਾਰ ਟੋਹ ਰਿਹਾ ਸੀ।” ਕੁਲਵੀਰ ਨੇ ਆਖਿਆ।

“ਨਹੀਂ ਕੁਲਵੀਰ, ਹੁਣ ਇਹ ਮੇਰਾ ਪੱਕਾ ਫ਼ੈਸਲਾ ਏ। ਮੀਂਹ ਜਾਵੇ, ਹਨੇਰੀ ਜਾਵੇ।” ਮੈਂ ਦੋ-ਟੁੱਕ ਗੱਲ ਮੁਕਾ ਦਿੱਤੀ। ਮੈਂ ਤੇ ਕੁਲਵੀਰ ਨੇ ਦੂਸਰੇ ਦਿਨ ਬੁੱਧਵਾਰ ਵਾਲੇ ਦਿਨ ਇਮੀਗ੍ਰੇਸ਼ਨ ਏਜੰਟ ਕੋਲ ਜਾਣ ਦਾ ਫ਼ੈਸਲਾ ਕਰ ਲਿਆ।

“ਭਾਅ ਜੀ, ਅਹਿ ਤੁਹਾਡੀ ਇੰਡੀਆ ਤੋਂ ਬਲਜੀਤ ਦੀ ਚਿੱਠੀ ਆਈ ਏ।” ਦੂਸਰੇ ਦਿਨ ਇਮੀਗ੍ਰੇਸ਼ਨ ਏਜੰਟ ਕੋਲ ਜਾਣ ਤੋਂ ਪਹਿਲਾਂ ਇੰਜ ਆਖਦਿਆਂ ਕੁਲਵੀਰ ਨੇ ਮੈਨੂੰ ਇੱਕ ਚਿੱਠੀ ਫੜਾਈ। ਇੰਡੀਆ ਤੋਂ ਮੇਰੀ ਪਤਨੀ ਬਲਜੀਤ ਦੀ ਚਿੱਠੀ ਸੀ। ਮੈਂ ਮੋਟੀ-ਮੋਟੀ ਚਿੱਠੀ ਪੜ੍ਹਨੀ ਸ਼ੁਰੂ ਕੀਤੀ।

“ਇੱਕ ਦਿਨ ਬੇਟਾ ਰਾਜਬੀਰ ਸਕੂਲ ਤੋਂ ਘਰ ਆਇਆ ਤਾਂ ਘਰ ਦੇ ਗੇਟ ਅੰਦਰ ਵੜਦਾ ਹੀ ਆਪਣੀ ਵੱਡੀ ਭੈਣ ਗੁਰਲੀਨ ਨੂੰ ਕਹਿੰਦਾ, ‘ਦੀਦੀ, ਆਹ ਵੇਖ, ਫ਼ਰਸ਼ ਉੱਤੇ ਡੈਡੀ ਦੀਆਂ ਪੈੜਾਂ।’ ਫਿਰ ਦੋਵੇਂ ਬੱਚੇ ਉਤਸੁਕਤਾ ਨਾਲ ਪੈੜਾਂ ਵੱਲ ਵੇਖਣ ਲੱਗ ਪਏ ਤੇ ਉਸ ਰਾਤ ਦੋਵਾਂ ਨੇ ਚੰਗੀ ਤਰ੍ਹਾਂ ਖਾਣਾ ਵੀ ਨਹੀਂ ਖਾਧਾ।”

ਚਿੱਠੀ ਵਿੱਚ ਲਿਖੀ ਇਹ ਘਟਨਾ ਪੜ੍ਹ ਕੇ ਮੇਰਾ ਮਨ ਉਚਾਟ ਹੋ ਗਿਆ। ਉਹ ਪੈੜਾਂ ਤਾਂ ਸ਼ਾਇਦ ਮੇਰੇ ਪਿਤਾ ਜੀ ਦੀਆਂ ਸਨ, ਜਾਂ ਘਰ ਦੇ ਕਿਸੇ ਹੋਰ ਮੈਂਬਰ ਦੀਆਂ, ਪਰ ਤਿੰਨ-ਚਾਰ ਸਾਲ ਦੇ ਬੱਚੇ ਨੂੰ ਕੀ ਪਤਾ ਕਿ ਡੈਡੀ ਕਿੱਥੇ ਏ? ਉਹ ਤਾਂ ਪੈੜਾਂ ਦੇ ਚਿੰਨ੍ਹਾਂ ਤੋਂ ਮੇਰੇ ਘਰ ਵਿੱਚ ਹੋਣ ਦਾ ਅੰਦਾਜ਼ਾ ਲਗਾ ਰਿਹਾ ਹੋਵੇਗਾ। ਉਸ ਨੂੰ ਤਾਂ ਮੇਰੀ ਘਰ ਤੋਂ ਗ਼ੈਰਹਾਜ਼ਰੀ ਦਾ ਅਚੰਭਾ ਸੀ। ਉਹ ਇਨ੍ਹਾਂ ਪੈੜਾਂ ਤੋਂ ਭੁਲੇਖੇ ਵਿੱਚ ਮੋਹ ਤੇ ਅਪਣੱਤ ਭਰੀ ਸੰਤੁਸ਼ਟੀ ਭਾਲ ਰਿਹਾ ਹੋਵੇਗਾ। ਉਸ ਨੂੰ ਮੇਰੇ ਘਰ ਵਿੱਚ ਹੋਣ ਦੀ ਤਸੱਲੀ ਹੋਈ ਹੋਵੇਗੀ। ਘਰ ਵਿੱਚ ਮੈਨੂੰ ਨਾ ਵੇਖ ਕੇ ਉਹ ਨਿਰਾਸ਼ ਵੀ ਹੋਇਆ ਹੋਵੇਗਾ। ਇਹ ਸੋਚਦਿਆਂ ਮੇਰਾ ਮਨ ਵਲਵਲਿਆਂ ਦੇ ਵਹਿਣ ਵਿੱਚ ਵਹਿ ਤੁਰਿਆ। ਮੈਂ ਜਜ਼ਬਾਤੀ ਹੋ ਗਿਆ। ਆਪਣੇ ਆਪ ’ਤੇ ਕਾਬੂ ਨਾ ਰੱਖ ਸਕਿਆ। ਲੰਮਾ ਸਮਾਂ ਜਜ਼ਬਾਤਾਂ ’ਚ ਗੁਆਚਿਆ ਦੁਨੀਆ ਤੋਂ ਬੇਖ਼ਬਰ ਮੋਹ ਦੀਆਂ ਤੰਦਾਂ ’ਚ ਉਲਝਿਆ ਆਪਣੇ ਆਪ ਨੂੰ ਕਾਬੂ ਕਰਦਾ ਰਿਹਾ। ਬਿਗਾਨੀ ਧਰਤੀ ਤੇ ਬਿਗਾਨੇ ਲੋਕਾਂ ’ਚ ਇਹ ਖਿੱਚ ਹੋਰ ਵੀ ਤੀਬਰਤਾ ਨਾਲ ਪੈਦਾ ਹੁੰਦੀ ਏ। ਮੇਰੀ ਸੋਚ ਪਰਤੀ। “ਹੈਲੋ ਇੰਡੀਅਨ, ਹਊ ਆਰ ਯੂ, ਹਊ ਆਰ ਯੂ?” ਦੇ ਬੋਲੇ ਸ਼ਬਦਾਂ ਤੋਂ ਹੁਣ ਮੈਨੂੰ ਅਸਲੀ ਚਿਹਰੇ ਦੀ ਪਛਾਣ ਹੋ ਗਈ ਸੀ। ਉਹ ਵਿਅਕਤੀ ਜੋ ਸ੍ਰੀਲੰਕਨ, ਬੰਗਲਾਦੇਸ਼ੀ ਜਾਂ ਸਾਊਥ ਇੰਡੀਅਨ ਸੀ, ਇੱਕੋ ਖ਼ਿੱਤੇ ਦੇ ਜਾਂ ਗੁਆਂਢੀ ਦੇਸ਼ ਹੋਣ ਕਾਰਨ ਸ਼ਾਇਦ ਮੇਰੇ ਵਿੱਚੋਂ ਮੋਹ ਤੇ ਅਪਣੱਤ ਦੀ ਕੋਈ ਚਿਣਗ ਭਾਲ ਰਿਹਾ ਸੀ। ਉਹ ਵੀ ਸ਼ਾਇਦ ਮੇਰੇ ਵਾਂਗ ਹੀ ਉਪਭਾਵੁਕ ਹੋ ਗਿਆ ਸੀ। ਉਹ ਵੀ ਆਪਣੇ ਆਪ ’ਤੇ ਕਾਬੂ ਨਹੀਂ ਸੀ ਰੱਖ ਸਕਿਆ।

ਮੇਰਾ ਵੀਜ਼ਾ ਖ਼ਤਮ ਹੋਣ ਨੂੰ ਤਿੰਨ-ਚਾਰ ਕੁ ਦਿਨ ਬਾਕੀ ਬਚਦੇ ਸਨ। ਚਿੱਠੀ ਵਿੱਚ ਲਿਖੀ ਇਸ ਘਟਨਾ ਨੇ ਮੇਰੇ ਸਾਰੇ ਫ਼ੈਸਲੇ ਹੀ ਬਦਲ ਕੇ ਰੱਖ ਦਿੱਤੇ। ਮੈਂ ਇੰਡੀਆ ਵਾਪਸ ਜਾਣ ਦਾ ਪੱਕਾ ਨਿਸ਼ਚਾ ਕਰ ਲਿਆ। ਮੈਂ ਝਟ-ਪਟ ਟਿਕਟ ਕਨਫਰਮ ਕਰਾਈ ਤੇ ਵਾਪਸ ਇੰਡੀਆ ਜਾਣ ਲਈ ਜਹਾਜ਼ ਵਿੱਚ ਸਵਾਰ ਹੋ ਗਿਆ। ਪਿਆਰੇ ਵਤਨਾਂ ਦੀ ਮਿੱਟੀ ਵੱਲ ਉਡਾਰੀ ਭਰ ਰਹੇ ਜਹਾਜ਼ ਦੀ ਘਰੜ-ਘਰੜ ਅਤੇ “ਹੈਲੋ ਇੰਡੀਅਨ, ਹਊ ਆਰ ਯੂ, ਹਊ ਆਰ ਯੂ?” ਦੀ ਆਵਾਜ਼ ਮੇਰੇ ਕੰਨਾਂ ਵਿੱਚ ਇੱਕੋ ਜਿਹੀ ਗੂੰਜ ਰਹੀ ਸੀ।



News Source link
#ਹਲ #ਇਡਅਨ

- Advertisement -

More articles

- Advertisement -

Latest article